image caption:

ਫਿਲਮ ਜੱਟ ਜੁਗਾੜੀ ਦੇ ਡਾਇਰੈਕਟਰ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ

ਅੰਮਿ੍ਤਸਰ : 12 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਜੱਟ ਜੁਗਾੜੀ' 'ਚ ਭਗਵਾਨ ਸ਼ਿਵ ਜੀ ਦੇ ਕੀਤੇ ਗਏ ਅਪਮਾਨ ਦੇ ਰੋਸ ਵੱਜੋਂ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ, ਜੈ ਗੋਪਾਲ ਲਾਲੀ, ਹਰਦੀਪ ਸ਼ਰਮਾ ਨੇ ਫਿਲਮ ਦੇ ਡਾਇਰੈਕਟਰ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਗੱਲਬਾਤ ਦੌਰਾਨ ਸੁਧੀਰ ਸੂਰੀ, ਜੈ ਗੋਪਾਲ ਲਾਲੀ ਨੇ ਕਿਹਾ ਕਿ 'ਜੱਟ ਜੁਗਾੜੀ' ਫਿਲਮ 'ਚ ਭਗਵਾਨ ਸ਼ਿਵ ਜੀ ਦਾ ਅਪਮਾਨ ਕੀਤੇ ਜਾਣ ਦੇ ਨਾਲ ਪੂਰੇ ਹਿੰਦੂ ਸਮਾਜ ਦੇ ਲੋਕਾਂ 'ਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਡਾਇਰੈਕਟਰ ਤੇ ਫਿਲਮ 'ਚ ਕੰਮ ਕਰਨ ਵਾਲੇ ਕਲਾਕਾਰਾਂ ਖ਼ਿਲਾਫ਼ ਵੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਇਸ ਫਿਲਮ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ 'ਚ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਹਿੰਦੂ ਦੇਵੀ-ਦੇਵਤਿਆਂ ਦਾ ਕੀਤਾ ਜਾ ਰਿਹਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਲਮ ਨੂੰ ਕਿਸੇ ਵੀ ਸਿਨੇਮਾ ਘਰ ਨੇ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿਨੇਮਾ ਘਰ ਦੀ ਤੋੜ-ਭੰਨ ਦੀ ਸਾਰੀ ਜ਼ਿੰਮੇਵਾਰੀ ਸਿਨੇਮਾ ਘਰ ਦੇ ਮਾਲਕ ਤੇ ਪ੍ਰਸ਼ਾਸਨ ਦੀ ਹੋਵੇਗੀ।