image caption:

ਨਾਜਾਇਜ਼ ਢੰਗ ਨਾਲ ਨੌਕਰੀ ਤੋਂ ਕੱਢਣ 'ਤੇ ਭਾਰਤੀ ਰੈਸਤਰਾਂ ਨੂੰ ਭਾਰੀ ਜੁਰਮਾਨਾ

ਆਕਲੈਂਡ : ਵਨਾਕਾ (ਸਾਊਥ ਆਈਲੈਂਡ) ਵਿਖੇ ਇਕ ਭਾਰਤੀ ਰੈਸਤਰਾਂ 'ਸਪਾਈਸ ਰੂਮ' ਨੂੰ ਆਪਣੇ ਕਾਮੇ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਨੌਕਰੀ ਤੋਂ ਹਟਾਉਣ ਕਰਕੇ 86,600 ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਰੈਸਤਰਾਂ ਦਾ ਇਹ ਰਸੋਈਆ 15 ਹਫ਼ਤਿਆਂ ਦੀ ਛੁੱਟੀ ਲੈ ਕੇ ਭਾਰਤ ਗਿਆ ਸੀ ਅਤੇ ਮਾਲਕਾਂ ਨੇ ਮਗਰੋਂ ਇਮੀਗ੍ਰੇਸ਼ਨ ਨੂੰ ਇਹ ਕਹਿ ਦਿੱਤਾ ਕਿ ਉਸਨੇ ਕਿਹਾ ਹੈ ਕਿ ਉਹ ਵਾਪਸ ਨਹੀਂ ਆ ਰਿਹਾ। ਰਸੋਈਆ ਰਾਮੇਸ਼ ਨਾਥ ਜਦੋਂ ਵਾਪਸ ਨਿਊਜ਼ੀਲੈਂਡ ਆਉਣ ਲਈ ਜਹਾਜ਼ ਫੜ੍ਹਨ ਲੱਗਾ ਤਾਂ ਪਤਾ ਲੱਗਾ ਕਿ ਉਸਦਾ ਵੀਜ਼ਾ ਤਾਂ ਕੈਂਸਲ ਹੋ ਚੁੱਕਾ ਹੈ। ਰਾਮੇਸ਼ ਨਾਥ ਨੇ ਸਤੰਬਰ 2016 ਤੋਂ ਅਪ੍ਰੈਲ 2018 ਤੱਕ ਇੱਥੇ ਕੰਮ ਕੀਤਾ ਸੀ। ਰੈਸਤਰਾਂ ਦੇ ਸ਼ੇਅਰ ਹੋਲਡਰ ਅਭਿਸ਼ੇਖ ਸਕਲਾਨੀ ਨੇ ਇਸ ਕਾਮੇ ਦੀ ਛੁੱਟੀ ਮਨਜ਼ੂਰ ਕੀਤੀ ਸੀ। ਹਾਂਗਕਾਂਗ ਵਿਖੇ ਇਸ ਰਸੋਈਏ ਨੂੰ ਰੋਕ ਲਿਆ ਗਿਆ ਸੀ। ਇਸ ਕਾਮੇ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਹ 60 ਘੰਟੇ ਕੰਮ ਕਰਦਾ ਸੀ ਪਰ 30 ਘੰਟੇ ਦੇ ਹੀ ਪੈਸੇ ਦਿੱਤੇ ਗਏ। ਇੰਪਲਾਇਮੈਂਟ ਅਥਾਰਟੀ ਨੇ ਹੁਣ ਸਪਾਈਸ ਰੂਮ ਨੂੰ 54,238 ਡਾਲਰ ਰਾਮੇਸ਼ ਨਾਥ ਨੂੰ ਬਣਦੀ ਤਨਖ਼ਾਹ ਭੁਗਤਾਨ ਕਰਨ ਵਾਸਤੇ ਕਿਹਾ ਹੈ ਜਦ ਕਿ 22,000 ਡਾਲਰ ਹੋਰ ਮੁਆਵਜ਼ਾ ਦੇਣ ਲਈ ਕਿਹਾ ਹੈ। ਇਸ ਤੋਂ ਇਲਾਵਾ 10,424 ਡਾਲਰ ਹੋਰ ਭਰਪਾਈ ਕਰਨ ਵਾਸਤੇ ਕਿਹਾ ਹੈ।