image caption:

ਵਿਰਾਸਤ-ਏ-ਖਾਲਸਾ ਬਣਿਆ ਏਸ਼ੀਆ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ

'ਏਸ਼ੀਆ ਬੁੱਕ ਆਫ ਰਿਕਾਰਡਜ਼ ਵਿਚ ਨਾਮ ਹੋਇਆ ਦਰਜ
ਚੰਡੀਗੜ,- ਸ੍ਰੀ ਅਨੰਦਪੁਰ ਸਾਹਿਬ ਦੀ ਮੁਕੱਦਮ ਧਰਤੀ 'ਤੇ ਬਣਿਆ ਦੁਨੀਆਂ ਦਾ ਵਿਲੱਖਣ ਅਜਾਇਬ ਘਰ 'ਵਿਰਾਸਤ-ਏ-ਖਾਲਸਾ' ਏਸ਼ੀਆ ਵਿਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ ਬਣ ਗਿਆ ਹੈ ਤੇ ਇਸਦਾ ਨਾਮ 'ਏਸ਼ੀਆ ਬੁੱਕ ਆਫ ਰਿਕਾਰਡਜ਼' ਵਿਚ ਦਰਜ ਹੋ ਗਿਆ ਹੈ। ਹੁਣ ਤੱਕ ਇਕ ਕਰੋੜ ਤੋਂ ਵੱਧ ਸੈਲਾਨੀ ਵਿਰਾਸਤ ਏ ਖ਼ਾਲਸਾ ਦੇ ਦਰਸ਼ਨ ਕਰ ਚੁੱਕੇ ਹਨ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਏਸ਼ੀਆ ਬੁੱਕ ਆਫ ਰਿਕਰਾਡਜ਼ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਮੁੱਚੇ ਏਸ਼ੀਆ ਵਿੱਚ ਵਿਰਾਸਤ-ਏ-ਖਾਲਸਾ ਇਕਲੌਤਾ ਅਜਾਇਬ ਘਰ ਹੈ ਜਿੱਥੇ ਇੱਕ ਦਿਨ ਵਿੱਚ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ। ਦੱਸ ਦੇਈਏ ਕਿ ਵਿਰਾਸਤ-ਏ-ਖਾਲਸਾ ਵਿਖੇ ਇਸ ਸਾਲ 20 ਮਾਰਚ ਨੂੰ 20569 ਸੈਲਾਨੀ ਪਹੁੰਚੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਸਲ 'ਚ ਇਸ ਸਾਲ ਵਿੱਚ ਇਹ ਵਿਰਾਸਤ-ਏ-ਖਾਲਸਾ ਵੱਲੋਂ ਬਣਾਇਆ ਗਿਆ ਤੀਸਰਾ ਰਿਕਾਰਡ ਹੈ ਜੋ ਕਿ 'ਲਿਮਕਾ ਬੁੱਕ ਆਫ ਰਿਕਾਰਡਜ਼ ਦੇ ਫਰਵਰੀ 2019 ਅੰਕ' ਅਤੇ 'ਇੰਡੀਆ ਬੁੱਕ ਆਫ ਰਿਕਾਰਡਜ਼ ਦੇ 2020 ਅੰਕ' ਤੋਂ ਬਾਅਦ ਦਰਜ ਕੀਤਾ ਗਿਆ ਹੈ।