image caption:

ਬ੍ਰਿਟੇਨ ਵਿੱਚ 39 ਲਾਸ਼ਾਂ ਮਿਲਣ ਦੇ ਕੇਸ ਵਿੱਚ 8 ਹੋਰ ਗ੍ਰਿਫ਼ਤਾਰ

ਹਨੋਈ,- ਬ੍ਰਿਟੇਨ ਪੁੱਜੇ ਇਕ ਰੈਫਰਿਜਰੇਟਿਡ ਟਰੱਕ ਕੰਟੇਨਰ ਵਿਚੋਂ 39 ਲਾਸ਼ਾਂ ਮਿਲਣ ਦੇ ਕੇਸ ਵਿਚ ਵੀਅਤਨਾਮ ਵਿਚ ਹੋਰ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਮਹੀਨੇ ਕੰਟੇਨਰ ਤੋਂ ਮਿਲੀਆਂ ਇਨ੍ਹਾਂ ਲਾਸ਼ਾਂ ਦੀ ਪਛਾਣ ਵੀਅਤਨਾਮੀ ਨਾਗਰਿਕਾਂ ਵਜੋਂ ਕੀਤੀ ਗਈ ਸੀ।
ਵੀਅਤਨਾਮ ਦੀ ਪੁਲਿਸ ਨੇ ਕਿਹਾ ਕਿ ਮਨੁੱਖੀ ਸਮੱਗਲਿੰਗ ਦੇ ਦੋਸ਼ ਵਿਚ ਐਤਵਾਰ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬ੍ਰਿਟੇਨ ਦੀ ਪੁਲਿਸ ਨੇ ਬੀਤੇ ਸ਼ੁੱਕਰਵਾਰ ਕਿਹਾ ਸੀ ਕਿ ਕੰਟੇਨਰ ਵਿਚ ਮ੍ਰਿਤਕ ਮਿਲੇ ਲੋਕ ਵੀਅਤਨਾਮੀ ਸਨ। ਪਹਿਲਾਂ ਉਨ੍ਹਾਂ ਨੂੰ ਚੀਨੀ ਨਾਗਰਿਕ ਦੱਸਿਆ ਗਿਆ ਸੀ, ਪ੍ਰੰਤੂ ਜਦੋਂ ਪੀੜਤ ਵੀਅਤਨਾਮੀ ਪਰਿਵਾਰਾਂ ਨੇ ਆਪਣਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ ਤਾਂ ਇਹ ਮਾਮਲਾ ਖੁੱਲ੍ਹ ਗਿਆ। ਬ੍ਰਿਟੇਨ ਦੀ ਪੁਲਿਸ ਨੇ 23 ਅਕਤੂਬਰ ਨੂੰ ਮੱਧ ਲੰਡਨ ਤੋਂ ਕਰੀਬ 32 ਕਿਲੋਮੀਟਰ ਦੂਰ ਗ੍ਰੇਜ ਉਦਯੋਗਿਕ ਖੇਤਰ ਵਿਚ ਪੁੱਜੇ ਇਕ ਟਰੱਕ ਕੰਟੇਨਰ ਤੋਂ 39 ਲਾਸ਼ਾਂ ਬਰਾਮਦ ਕੀਤੀਆਂ ਸਨ। ਇਸ ਬਾਰੇ ਉੱਤਰੀ ਆਇਰਲੈਂਡ ਦੇ ਟਰੱਕ ਡਰਾਈਵਰ ਮੌਰਿਸ ਰਾਬਿਨਸਨ (25) ਨੂੰ ਹੱਤਿਆ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਤੇ ਇਸ ਪਿੱਛੋਂ ਬੀਤੇ ਸ਼ੁੱਕਰਵਾਰ ਉੱਤਰੀ ਆਇਰਲੈਂਡ ਤੋਂ ਇਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸੇ ਦਿਨ ਦੋ ਹੋਰ ਵੀਅਤਨਾਮੀ ਨਾਗਰਿਕਾਂ ਨੂੰ ਵੀ ਫੜਿਆ ਗਿਆ ਸੀ।
ਇਸ ਦੌਰਾਨ ਗ੍ਰੀਸ ਦੀ ਪੁਲਿਸ ਨੂੰ ਜਾਂਚ ਦੌਰਾਨ ਇਕ ਰੈਫਰਿਜਰੇਟਿਡ ਟਰੱਕ ਵਿਚੋਂ 41 ਸ਼ਰਨਾਰਥੀ ਮਿਲੇ ਹਨ। ਉਹ ਟਰੱਕ ਵਿਚ ਲੁੱਕ ਕੇ ਬੈਠੇ ਹੋਏ ਸਨ, ਪਰ ਸਾਰੇ ਸੁਰੱਖਿਅਤ ਹਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਅਫ਼ਗਾਨ ਨਾਗਰਿਕ ਹਨ। ਉੱਤਰੀ ਗ੍ਰੀਸ ਦੇ ਜਾਨਥੀ ਸ਼ਹਿਰ ਵਿਚ ਰੋਜ਼ਾਨਾ ਜਾਂਚ ਮੌਕ ਟਰੱਕ ਨੂੰ ਰੋਕਿਆ ਸੀ। ਟਰੱਕ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।