image caption: ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

ਕਰੌਨਾ ਕੀਟਾਣੂ ਦੇ ਇਕ ਝਟਕੇ ਨਾਲ ਹੀ ਮਨੁੱਖਾ ਜੀਵਨ ਬਦਲਾਵ ਮੋਡ ਚ ਜਾ ਪਹੁੰਚਾ ।

   ਇਸ ਸਮੇਂ ਪੂਰਾ ਸੰਸਾਰ  COVID19 ਕਰੌਨਾ ਕਾਰਨ ਦਹਿਲਿਆ ਹੋਇਆ ਹੈ । ਹਰ ਮਨੁੱਖ, ਇਕ ਦੂਜੇ ਵੱਲ ਸ਼ੱਕੀ ਤੇ ਡੈਂਬਰੀਆਂ ਹੋਈਆ ਨਜ਼ਰਾਂ ਨਾਲ ਦੇਖ ਰਿਹਾ ਹੈ । ਜੋ ਬੰਦਾ ਕਦੇ ਟਿਕ ਕੇ ਨਹੀਂ ਸੀ ਬਹਿੰਦਾ ਅੱਜ ਬਿੱਲੀ ਤੋਂ ਡਰੇ ਹੋਏ ਚੂਹੇ ਦੀ ਤਰਾਂ ਖੁੱਡ ਚੋਂ ਬਾਹਰ ਨਿਕਲਣ ਦਾ ਹੌਂਸਲਾ ਬੜੀ ਮੁਸ਼ਕਲ ਨਾਲ ਜੁਟਾ ਰਿਹਾ ਹੈ । ਮੌਤ, ਕਰੌਨਾ ਕੀਟਾਣੂ ਦੇ ਭੇਸ ਵਿੱਚ ਮਨੁੱਖ ਦੀਆਂ ਅੱਖਾਂ ਮੂਹਰੇ ਬਾਘੀਆਂ ਪਾ ਰਹੀ ਹੈ, ਭੰਗੜਾ, ਗਿੱਧਾ ਤੇ ਡਾਂਡੀਆਂ, ਡਿਸਕੋ ਵਗੈਰਾ ਕਰਨ ਦੇ ਨਾਲ ਨਾਲ ਲੁੱਡੀਆਂ ਵੀ ਪਾ ਰਹੀ ਹੈ ਤੇ ਲੌਕ ਡੌਨ ਤੇ ਕਰਫਿਊ  ਦੀਆ ਧੱਜੀਆ ਵੀ ਸ਼ਰੇਆਮ ਉਡਾ  ਰਹੀ  ਹੈ, ਪਰ ਬੰਦੇ ਦੀ ਹਾਲਤ ਇਹ ਬਣੀ ਹੋਈ ਹੈ ਕਿ ਉਹ ਕਰੌਨਾ ਰੂਪੀ ਇਸ ਮੌਤ ਨਾਲ ਅੱਖਾਂ ਚ ਅੱਖਾਂ ਪਾ ਕੇ ਲੜਨਾ ਤਾਂ ਦੂਰ, ਟੀਰੀ ਅੱਖ ਨਾਲ ਵੀ ਉਸ ਦਾ ਸਾਹਮਣਾ ਕਰਨ ਤੋਂ ਡਰ ਰਿਹਾ ਹੈ, ਬੇਚਾਰਾ ਤੇ ਲਾਚਾਰ ਬਣਿਆਂ ਨਜ਼ਰ ਆ ਰਿਹਾ ਹੈ । ਉਹ ਮਨੁੱਖ ਜੋ ਇਹ ਸਮਝਦਾ ਸੀ ਕਿ ਉਹ ਧਰਤੀ ਦਾ ਸਭ ਤੋਂ ਸ਼ਕਤੀਸ਼ਾਲੀ ਜੀਵ ਹੈ, ਧਰਤੀ ਦੀ ਪੂਰੀ ਕਾਇਨਾਤ ਦਾ ਸਿਕਦਾਰ ਹੈ, ਅਸਮਾਨ ਨੂੰ ਟਾਕੀ ਲਾ ਕੇ ਉਸ ਦੀ ਟੋਹ ਪ੍ਰਾਪਤ ਕਰ ਰਿਹਾ ਹੈ, ਪਤਾਲ ਦੀ ਛਾਣਬੀਣ ਕਰਕੇ ਲਗਾਤਾਰ ਕੁਦਰਤ ਦੇ ਖ਼ਜ਼ਾਨੇ ਲੱਭਣ ਚ ਕਾਮਯਾਬ ਹੋ ਰਿਹਾ ਹੈ, ਚੰਦਰਮਾ ਤੇ ਮੰਗਲ ਗ੍ਰਹਿਆਂ ਉੱਤੇ ਦੁਨੀਆ ਦੇ ਵਸੇਬੇ ਵਾਸਤੇ ਕਾਲੋਨੀਆਂ ਦੇ ਨਕਸ਼ੇ ਬਣਾ ਕੇ ਪਲਾਟ ਕੱਟਣ ਦੀਆ ਵਿਉਂਤਾਂ ਬਣਾ ਰਿਹਾ ਸੀ, ਪੂਰੇ ਸੰਸਾਰ ਨੂੰ ਇਕ ਬਟਨ ਨੱਪ ਕੇ ਤਬਾਹ ਕਰਨ ਦੀਆ ਕਾਢਾਂ ਈਜਾਦ ਕਰਦਾ ਹੋਇਆ ਇਹ ਸੋਚ ਰਿਹਾ ਸੀ ਕਿ ਉਹ ਆਪਣੀ ਇੱਛਾ ਮੁਤਾਬਿਕ ਕੁਦਰਤ ਦੀ ਵਰਤੋ ਕਰੇਗਾ ਤੇ ਕੁਦਰਤ ਨੂੰ ਆਪਣੀ  ਮੁੱਠੀ ਚ ਕੈਦ ਕਰਕੇ ਉਸ  ਨੂੰ  ਆਪਣੀ ਮੁੱਠੀ ਵਿਚਲੇ ਰਿਮੋਟ ਕੰਟਰੋਲ ਨਾਲ ਚੱਲਾਏਗਾ, ਉਹ ਜਿੱਥੇ ਚਾਹੇਗਾ ਮੀਂਹ ਪੁਆਏਗਾ ਕੇ ਜਿੱਥੇ ਜਦ ਵੀ ਚਾਹੇਗਾ ਧੁੱਪ, ਮੀਂਹ ਤੇ ਹਵਾ ਦੀ ਰਫ਼ਤਾਰ ਕੰਟਰੋਲ ਕਰੇਗਾ ।
ਏਹੀ ਅਜੋਕਾ ਮਨੁੱਖ ਇਹ ਵੀ ਸਮਝ ਰਿਹਾ ਸੀ ਤੇ ਡੀਂਗ ਮਾਰ ਰਿਹਾ ਸੀ ਕਿ ਉਸ ਨੇ ਆਪਣੀ ਤੀਖਣ ਸੂਝ ਨਾਲ, ਯਾਤਾਯਾਤ ਦੇ ਤੇਜ਼ ਸਾਧਨ ਈਜਾਦ ਕਰਕੇ ਪੂਰੇ ਸੰਸਾਰ ਨੂੰ ਗਲੋਬਲ ਪਿੰਡ ਵਿੱਚ ਬਦਲ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਕੋਈ ਵੀ ਮਨੁੱਖ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਸਵੇਰੇ ਚੱਲਕੇ ਪੂਰੀ ਦੁਨੀਆ ਦਾ ਚੱਕਰ ਕੱਟਕੇ ਲੋਂਢਾ ਵੇਲਾਂ ਵਾਪਸ ਆਪਣੇ ਘਰ ਕਰ ਸਕਦਾ ਹੈ, ਅੱਜ ਹਾਲਾਤ ਇਹ ਹਨ ਕਿ ਸਮਾਂ ਤਾਂ ਆਪਣੀ ਉਸੇ ਰਫ਼ਤਾਰ ਚੱਲ ਰਿਹਾ ਹੈ, ਪਰ ਮਨੁੱਖ ਦਾ ਚਰਖਾ ਖੜਾ ਹੈ । ਉਸ ਦੀਆ ਕਾਰਾ, ਮੋਟਰਾਂ, ਰੇਲਾਂ, ਬੱਸਾਂ, ਜਹਾਜ਼ ਇਕ ਕਿਣਕੇ ਕੁ ਮਾਤਰ ਕੀਟਾਣੂ ਅੱਗੇ ਜਾਮ ਤੇ ਬੇਕਾਰ ਹੋ ਕੇ ਰਹਿ ਗਈਆਂ ਹਨ । ਦੁਨੀਆ ਵਿੱਚ ਆਪਣੀ ਦਹਿਸ਼ਤ ਤੇ ਸਰਦਾਰੀ ਬਣਾਉਣ ਵਾਸਤੇ ਤਿਆਰ ਕੀਤੇ ਅਤਿ ਦੇ ਘਾਤਕ ਹਥਿਆਰਾਂ ਦੇ ਜ਼ਖ਼ੀਰੇ ਬੇਕਾਰ ਸਾਬਤ ਹੋ ਰਹੇ ਹਨ । ਉਸ ਦੁਆਰਾ ਸਥਾਪਤ ਕੀਤੀ ਗਈ ਪੂੰਜੀਵਾਦੀ ਵਿਵਸਥਾ ਦੀ ਸ਼ੇਅਰ ਮਾਰਕੀਟ ਦਾ ਥੱਲਾ ਲੱਗ ਚੁੱਕਾ ਹੈ । ਪੂੰਜੀਵਾਦੀਆਂ ਨੂੰ ਕੁਦਰਤ ਨੇ ਉਹਨਾਂ ਦੀ ਅਸਲ ਓਕਾਤ ਦਾ ਅਹਿਸਾਸ ਹੀ ਨਹੀਂ ਕਰਾਇਆਂ ਬਲਕਿ ਓਕਾਤ ਦਿਖਾ ਵੀ ਦਿੱਤੀ ਹੈ ।
ਪਹਿਲਾਂ ਸੰਸਾਰ ਵਿੱਚ ਮਨੁੱਖ ਨੇ ਅੱਤ ਚੁੱਕੀ ਹੋਈ  ਸੀ  ਤੇ  ਹੁਣ ਕੁਦਰਤ ਦੇ ਕਿਣਕਾ ਕੁ ਮਾਤਰ ਕਰੌਨਾ ਕੀਟਾਣੂ ਨੇ ਜਦ ਅੱਤ ਚੁੱਕੀ ਹੈ ਤਾਂ ਮਨੁੱਖ ਨੂੰ ਉਸ ਦੇ ਅਗੇ ਅੱਗੇ ਭੱਜਦਿਆਂ ਰਾਹ ਹੀ ਨਜ਼ਰ ਨਹੀਂ ਆ ਰਿਹਾ ਤੇ ਉਹ  ਹਾਲੋਂ ਬੇਹਾਲ ਹੋਇਆ  ਪਿਆ ਹੈ । ਇਸ ਤਰਾਂ ਨਜ਼ਰ ਆ ਰਿਹਾ ਹੈ ਕਿ ਕੁਦਰਤ ਨੇ ਰੀਸੈੱਟ ਬਟਨ ਦੇ ਤੌਰ ਤੇ ਐਕਟਵ ਕਰਕੇ ਇਸ ਕੀਟਾਣੂ ਨੂੰ ਕਾਇਨਾਤ ਦੇ ਸ਼ੁੱਧੀਕਰਨ ਵਾਸਤੇ ਭੇਜਿਆ ਹੈ । ਹਰ ਪਾਸੇ ਵਾਤਾਵਰਨ ਸ਼ੁਧ ਹੋ ਰਿਹਾ ਹੈ । ਪਸ਼ੂ ਪੰਛੀ ਪਹਿਲਾਂ ਨਾਲ਼ੋਂ ਖੁਸ਼ ਨਜ਼ਰ ਆ ਰਹੇ ਹਨ, ਫੁੱਲ ਬੂਟਿਆ ਤੇ ਲਾਲੀ ਤੇ ਹਰਿਆਲੀ ਇਕ-ਸਾਰ ਹੋ ਰਹੀ ਹੈ, ਸੰਮੁਦਰ ਅੱਕੇ ਦਰਿਆਵਾਂ ਦੇ ਪਾਣੀਆਂ ਚ ਨਿਰਮਲਤਾ ਵਧਦੀ ਜਾ ਰਹੀ ਹੈ । ਵੱਡੀ ਗੱਲ ਇਹ ਹੈ ਕਿ ਮਨੁੱਖ ਦੇ ਵਤੀਰੇ ਵਿੱਚ ਵੱਡਾ ਬਦਲਾਵ ਆ ਰਿਹਾ ਹੈ, ਜੱਫੀਆ, ਪੱਪੀਆ ਤਾਂ ਦੂਰ ਹੱਥ ਮਿਲਾਉਣਾ ਵੀ ਹੁਣ ਬੀਤੇ ਦੀ ਗੱਲ ਹੁੰਦੀ ਜਾ ਰਹੀ ਹੈ । ਮਨੁੱਖ ਨੂੰ ਹੁਣ ਕੁਦਰਤ ਨਾਲ ਪ੍ਰੇਮ ਭਰ ਭਰ ਕੇ ਆ ਰਿਹਾ ਹੈ, ਜ਼ਿੰਦਗੀ ਕਿੰਨੀ ਅਨਮੋਲ ਹੈ, ਇਸ ਦੀ ਸਮਝ ਲੱਗ ਰਹੀ ਹੈ, ਏਹੀ ਕਾਰਨ ਹੈ ਕਿ ਹੁਣ ਆਪਣੀ ਖੁੱਡ ਚੋ ਬਾਹਰ ਨਿਕਲਕੇ ਕਰੌਨਾ ਕੀਟਾਣੂ ਸਾਹਮਣੇ ਆਓਣੋ ਡਰ ਰਿਹਾ ਹੈ ਜਦ ਕਿ ਕਰੌਨਾ ਕੀਟਾਣੂ ਅਠਖੇਲੀਆਂ ਕਰਦਾ ਹੋਇਆ ਕਦੇ ਰਾਣੀ ਦੇ ਮਹਿਲਾ ਚ ਜਾ ਵੜਦਾ ਹੈ ਤੇ ਕਦੇ ਕਿਸੇ ਦੇਸ਼ ਦੇ ਮੰਤਰੀ ਜਾਂ ਪ੍ਰਧਾਨਮੰਤਰੀ ਦੇ ਘਰ । ਅਜਿਹਾ ਕਰਕੇ ਉਹ ਮਨੁੱਖੀ ਸ਼ਕਤੀਆਂ ਨੂੰ ਕੁਦਰਤ ਦਾ ਸੰਦੇਸ਼ ਵੀ ਦੇ ਰਿਹਾ ਹੈ ਤੇ ਚੈਲੰਜ ਵੀ ।
ਇਸ ਕਰੌਨਾ ਕੀਟਾਣੂ ਦੇ ਪ੍ਰਭਾਵ ਕਾਰਨ ਆਉਣ ਵਾਲੇ ਸਮੇਂ ਹੋਰ ਵੀ ਬਹੁਤ ਕੁਝ ਬਦਲ ਜਾਵੇਗਾ, ਘਰਾਂ ਦਾ ਪਰਿਵਾਰਕ ਵਾਤਾਵਰਨ, ਲੋਕਾਂ ਦਾ ਸਮਾਜਿਕ ਜੀਵਨ, ਨਵੀਂਆਂ ਕਾਢਾਂ ਦੀ ਦਿਸ਼ਾ, ਹਥਿਆਰਾਂ ਦੀ ਬਜਾਏ ਮਨੁੱਖੀ ਜ਼ਿੰਦਗੀ ਦੀ ਸੁਰੱਖਿਆ ਵਧੇਰੇ ਮਹੱਤਵਪੂਰਨ ਹੋ ਜਾਵੇਗੀ, ਫ਼ਿਲਮੀ ਜੀਵਨ ਵਿੱਚ ਚੁੰਮਾ, ਚੱਟੀ ਤੇ ਜੱਫੀਆ ਪੱਪੀਆਂ ਦੇ ਰੁਝਾਨ ਨੂੰ ਠੱਲ੍ਹ ਪਵੇਗੀ, ਔਰਤ ਮਰਦ ਦੇ ਮਿਲਾਪ ਦੇ ਢੰਗਾ ਦਾ ਨਵੀਨੀਕਰਨ ਹੋਵੇਗਾ, ਨਵੇ ਗੀਤਾਂ ਚ ਕਾਫ਼ੀ ਤਬਦੀਲੀ ਵਾਪਰੇਗੀ ।
ਗੱਲ ਕੀ, ਇਕੀਵੀ ਸਦੀ ਦੇ ਦੂਸਰੇ ਦਹਾਕੇ ਦੇ ਅੰਤਲੇ ਸਾਲ  ਤੋਂ ਮਨੁੱਖੀ ਜਨਜੀਵਨ ਵਿੱਚ ਵੱਡੀ ਤਬਦੀਲੀ ਵਾਪਰਨ ਦੀਆਂ ਜੋ ਸੰਭਾਵਨਾਵਾਂ ਦੇਖੀਆ ਜਾ ਰਹੀਆ ਸਨ, ਉਹਨਾ ਦੀ ਸ਼ੁਰੂਆਤ ਕਰੌਨਾ ਕੀਟਾਣੂ ਨੇ ਕਰ ਦਿੱਤੀ ਹੈ । ਇਸ ਦੇ ਨਾਲ ਹੀ ਇਹ ਵੀ ਜ਼ਿਕਰ ਕਰ ਦਿਆਂ ਕਿ ਆਉਣ ਵਾਲੇ ਦਿਨਾਂ ਚ ਅਸੀਂ ਦੇਖਾਂਗੇ ਕਿ ਮਾਰਕੀਟ ਵਿੱਚ ਹੋਰ ਬਹੁਤ ਸਾਰੇ ਨਵੇਂ ਗੈਜੇਟ, ਗੋਲ਼ੀਆਂ ਤੇ ਕਰੀਮਾ ਦੇ ਨਮੂਨੇ ਆ ਜਾਣਗੇ, ਤਕਨੀਕ ਦੀ ਕਦਰ ਵੱਧ ਜਾਏਗੀ, ਡੈਬਿਟ ਤੇ  ਕਰੈਡਿਟ ਕਾਰਡ ਪੂਰੇ ਤੌਰ &lsquoਤੇ ਹੀ ਟਚ ਲੈੱਸ ਹੋ ਜਾਣਗੇ, ਗਰਾਹਕ  ਸੇਵਾ ਦੇ ਢੰਗ ਤਰੀਕਿਆਂ ਵਿੱਚ ਬੇਸ਼ੱਕ ਪਹਿਲਾਂ ਹੀ ਕਾਫ਼ੀ ਤਬਦੀਲੀ ਆ ਚੁੱਕੀ ਹੈ, ਪਰ ਅਜੇ ਹੋਰ ਵਾਪਰੇਗੀ । ਲੋਕਾਂ ਦੇ ਵਰਤੋ ਵਿਵਹਾਰ ਦੇ ਢੰਗ ਬਦਲ ਜਾਣਗੇ, ਵਿਵਾਹ ਸ਼ਾਦੀਆ ਤੇ ਖ਼ੁਸ਼ੀ ਗ਼ਮੀਆਂ ਦੇ ਮੌਕਿਆ &lsquoਤੇ ਮੇਲ ਮਿਲਾਪ ਬਦਲੇਗਾ, ਧਾਰਮਿਕ ਸਥਾਨਾ ਚ ਰੌਣਕ ਘਟਣ ਦਾ ਰੁਝਾਨ ਪੈਦਾ ਹੋਣ ਦੀ ਵੱਡੀ ਸੰਭਾਵਨਾ ਹੈ, ਸਰਕਾਰਾਂ ਸਿਹਤ ਤੇ ਸਿੱਖਿਆ ਦੀਆ ਸਹੂਲਤਾਂ ਵੱਲ ਉਚੇਚਾ ਧਿਆਨ ਦੇਣਾ ਸ਼ੁਰੂ ਕਰਨਗੀਆਂ, ਜਨਤਕ ਸਥਾਨਾਂ ਦੀ ਰੂਪ ਰੇਖਾ ਦਾ ਪੁਨਰ ਮੁਲਾਂਕਣ ਹੋਵੇਗਾ, ਸ਼ਾਪਿੰਗ ਸੈਂਟਰਾਂ ਤੇ ਵੱਡੇ ਸਟੋਰਾਂ ਸੰਬੰਧੀ ਨਵੇਂ ਨਿਯਮ ਬਣਨਗੇ ਤੇ ਲਾਗੂ ਕੀਤੇ ਜਾਣਗੇ, ਸੜਕੀ ਤੇ ਹਵਾਈ ਯਾਤਾਯਾਤ ਦੇ ਨਾਲ ਨਾਲ ਹੀ ਸਮੁੰਦਰੀ ਯਾਤਾਯਾਤ ਦੇ ਢੰਗ ਤਰੀਕੇ ਵੀ ਬਦਲੇ ਜਾ ਸਕਦੇ ਸਨ । ਪੈਟਰੋਲੀਅਮ ਪਦਾਰਥਾ ਦੀ ਵਰਤੋ ਘਟਾਏ ਜਾਣ ਵਾਸਤੇ ਬਦਲਵੇਂ ਢੰਗ ਤਰੀਕੇ ਵੀ ਸਾਹਮਣੇ ਆ ਸਕਦੇ ਹਨ । ਕਰੌਨਾ ਕੀਟਾਣੂ ਦੇ ਇਕ ਝਟਕੇ ਨਾਲ ਹੀ ਸਮੁੱਚਾ ਮਨੁੱਖੀ ਜਨਜੀਵਨ ਬਦਲਾਵ ਦੇ ਮੋਡ ਚ ਜਾ ਪਹੁੰਚਾ ਹੈ, ਜਿਸ ਕਾਰਨ ਆਉਣ ਨਾਲੇ ਸਮੇਂ ਚ ਮਨੁੱਖੀ ਵਿਵਹਾਰ ਵਿੱਚ ਕਰਾਂਤੀਕਾਰੀ ਤਬਦੀਲੀ ਦੀਆ ਵੱਡੀਆਂ ਸੰਭਾਵਨਾਵਾਂ ਇਸ ਵੇਲੇ ਨਜ਼ਰ ਆ ਰਹੀਆਂ ਹਨ । ਇਹ ਸੰਭਾਵਨਾਵਾਂ ਪਰਿਵਾਰਕ, ਸਮਾਜਿਕ, ਸੱਭਿਆਚਾਰਕ, ਮਾਨਸਿਕ, ਬੌਧਿਕ, ਤਕਨੀਕ, ਆਰਥਿਕ, ਰਾਜਨੀਤਕ ਤੇ ਧਾਰਮਿਕ ਹਰ ਖੇਤਰ ਚ ਹੋਣਗੀਆਂ, ਇਸ ਤਰਾਂ ਦੇ ਆਸਾਰ ਇਸ ਵੇਲੇ ਸਾਫ ਨਜ਼ਰ ਆ ਰਹੇ ਹਨ । ਇਹ ਵੀ ਸਾਫ ਦੇਖਿਆ ਜਾ ਸਕਦਾ ਹੈ ਕਿ ਭਵਿੱਖ ਚ ਮਨੁੱਖ ਮਜ਼੍ਹਬੀ ਕੱਟੜਵਾਦ ਤੇ ਜਾਤ ਪਾਤ ਦੇ ਭਿੰਨ ਭੇਦ ਤੋਂ ਪਰੇ ਜਾ ਕੇ ਆਪਣੀ ਸਿਹਤ ਤੇ ਤੰਦਰੁਸਤੀ ਪ੍ਰਤੀ ਵਧੇਰੇ ਕੇਂਦਰਤ ਹੋਵੇਗਾ ।
ਸੋ ਆਓ  ਰਲਕੇ  ਮੰਗਲ ਕਾਮਨਾ ਕਰੀਏ ਕਿ ਕਰੌਨਾ ਕੀਟਾਣੂ ਦੁਆਰਾ ਦਿੱਤੀ ਨਸੀਹਤ ਤੋਂ ਸਿੱਖਿਆ ਲੈੰਦਾ ਹੋਇਆ ਮਨੁੱਖ ਕੁਦਰਤ ਦੀ ਸਾਂਭ ਸੰਭਾਲ਼ ਕਰਨ ਦੀ ਦਿਸ਼ਾ ਵੱਲ ਕਾਰਜਸ਼ੀਲ ਹੋ ਕੇ ਮਨੁੱਖਤਾ ਦੇ ਸੁਰੱਖਿਅਤ ਸੁਨਿਹਰੇ ਭਵਿੱਖ ਦੀ ਬੁਨਿਆਦ ਰੱਖੇ ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
02/04/2020