image caption:

ਲੰਡਨ ਦੇ ਮੇਅਰ ਨੇ ਫਿਰ ਬ੍ਰਿਟੇਨ ਦੀ ਨਵੀਂ ਵੀਜ਼ਾ ਨੀਤੀ ਨੂੰ ਵੱਡੀ ਭੁੱਲ ਕਿਹਾ

ਮੁੰਬਈ, - ਲੰਡਨ ਦੇ ਮੇਅਰ ਸਾਦਿਕ ਖਾਨ ਨੇ ਬ੍ਰਿਟੇਨ ਦੀ ਵੀਜ਼ਾ ਨੀਤੀ ਨੂੰ ਵੱਡੀ ਭੁੱਲ ਦੱਸਦੇ ਹੋਏ ਫਿਰ ਕਿਹਾ ਹੈ ਕਿ ਉਹ ਉਥੋਂ ਦੀ ਸਰਕਾਰ ਨਾਲ ਮਿਲ ਕੇ ਸਖਤ ਵੀਜ਼ਾ ਨਿਯਮ ਬਦਲਣ ਦਾ ਯਤਨ ਕਰ ਰਹੇ ਹਨ। ਖਾਨ ਤਿੰਨ ਭਾਰਤੀ ਸ਼ਹਿਰਾਂ ਦੀ ਪਹਿਲੀ ਸਰਕਾਰੀ ਯਾਤਰਾ ਲਈ ਆਏ ਹਨ। ਉਨ੍ਹਾਂ ਦੀ ਇਹ ਯਾਤਰਾ ਲੰਡਨ ਨਾਲ ਦੇਸ਼ ਦੇ ਵਪਾਰਕ ਸੰਬੰਧ ਮਜ਼ਬੂਤ ਕਰਨ ਲਈ ਹੈ। ਮੁੰਬਈ ਦੇ ਨਾਲ ਉਹ ਦਿੱਲੀ ਤੇ ਅੰਮ੍ਰਿਤਸਰ ਵੀ ਜਾਣਗੇ।
ਸਾਦਿਕ ਖਾਨ ਨੇ ਕਿਹਾ ਕਿ ਮੈਂ ਵੀਜ਼ਾ ਨੀਤੀ ਵਿੱਚ ਬਦਲਾਅ ਬਾਰੇ ਬ੍ਰਿਟਿਸ਼ ਸਰਕਾਰ ਦਾ ਆਲੋਚਕ ਹਾਂ। ਇਕ ਪਾਸੇ ਬ੍ਰਿਟਿਸ਼ ਸਰਕਾਰ ਭਾਰਤੀ ਕੰਪਨੀਆਂ ਨੂੰ ਉਥੇ ਕਾਰੋਬਾਰ ਲਈ ਸੱਦਦੀ ਹੈ ਤੇ ਦੂਸਰੇ ਪਾਸੇ ਉਨ੍ਹਾਂ ਨੇ ਬ੍ਰਿਟੇਨ ਵਿੱਚ ਦਾਖਲਾ ਮੁਸ਼ਕਿਲ ਕਰ ਦਿੱਤਾ ਹੈ। ਲੰਡਨ ਦੇ ਮੇਅਰ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹੁਨਰਮੰਦ ਭਾਰਤੀ ਲੋਕ ਲੰਡਨ ਆਉਣ, ਨਾ ਕਿ ਕੈਨੇਡਾ, ਅਸਟਰੇਲੀਆ ਜਾਂ ਅਮਰੀਕਾ ਚਲੇ ਜਾਣ, ਲੰਡਨ ਹੁਨਰਮੰਦ ਲੋਕਾਂ ਅਤੇ ਸਹਿਯੋਗ ਲਈ ਖੁੱਲ੍ਹਾ ਹੈ।&rsquo
ਜਿ਼ਕਰ ਯੋਗ ਹੈ ਕਿ ਥੈਰੇਸਾ ਮੇਅ ਦੀ ਸਰਕਾਰ ਨੇ ਸ਼ਰਨਾਰਥੀਆਂ ਦੀ ਵਧਦੀ ਗਿਣਤੀ ਵਿੱਚ ਕਟੌਤੀ ਲਈ ਗੈਰ ਯੂਰਪੀ ਯੂਨੀਅਨ ਦੇ ਲੋਕਾਂ ਲਈ ਵੀਜ਼ਾ ਨੀਤੀ ਵਿੱਚ ਬਦਲਾਅ ਕਰ ਦਿੱਤਾ ਹੈ। ਨਵੀਂ ਨੀਤੀ ਨਵੰਬਰ ਤੋਂ ਲਾਗੂ ਹੋਈ ਹੈ ਤੇ ਉਸ ਨਾਲ ਕਾਫੀ ਸਾਰੇ ਭਾਰਤੀ ਵਿਸ਼ੇਸ਼ ਕਰ ਸੂਚਨਾ ਤਕਨੀਕ ਖੇਤਰ ਦੇ ਪੇਸ਼ੇਵਰ ਪ੍ਰਭਾਵਿਤ ਹੋਣਗੇ। ਭਾਰਤ ਨੇ ਪਿਛਲੇ ਮਹੀਨੇ ਇਸ ਨੂੰ ਲੈ ਕੇ ਬ੍ਰਿਟੇਨ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਸਨ।