image caption:

ਰਿਸ਼ਵਤ ਦੇ ਇੱਕ ਲੱਖ ਲੈ ਕੇ ਡਰਾਈਵਰ ਫਰਾਰ, ਤਹਿਸੀਲਦਾਰ ਫੜ ਲਿਆ ਗਿਆ

* ਐੱਨ ਆਰ ਆਈ ਤੋਂ ਜ਼ਮੀਨ ਤਬਾਦਲੇ ਵਾਸਤੇ ਲਈ ਸੀ ਰਿਸ਼ਵਤ
ਮੋਗਾ, - ਚੰਡੀਗੜ੍ਹ ਤੋਂ ਆਈ ਸਪੈਸ਼ਲ ਵਿਜੀਲੈਂਸ ਟੀਮ ਨੇ ਨਾਇਬ ਤਹਿਸੀਲਦਾਰ ਮੋਗਾ ਨੂੰ ਇੱਕ ਐੱਨ ਆਰ ਆਈ ਤੋਂ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕੱਲ੍ਹ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਉਸ ਦਾ ਡਰਾਈਵਰ ਰਿਸ਼ਵਤ ਦੀ ਰਕਮ ਲੈ ਕੇ ਫਰਾਰ ਹੋ ਗਿਆ।
ਵਿਜੀਲੈਂਸ ਇੰਸਪੈਕਟਰ ਇੰਦਰਪਾਲ ਸਿੰਘ ਦੇ ਮੁਤਾਬਕ ਅਜੀਤਵਾਲ ਨੇੜੇ ਪਿੰਡ ਚੂਹੜਚੱਕ ਵਾਸੀ ਐੱਨ ਆਰ ਆਈ (ਕੈਨੇਡਾ ਵਾਸੀ) ਦਰਸ਼ਨ ਸਿੰਘ ਸਿੱਧੂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਪਿਤਾ ਸਰਦਾਰਾ ਸਿੰਘ 103 ਸਾਲ ਦੇ ਹਨ। ਪਰਵਾਰ ਦੀ ਸਹਿਮਤੀ ਨਾਲ ਜ਼ਮੀਨ ਉਨ੍ਹਾਂ ਦੇ ਭਰਾ ਨਾਲ ਵੰਡੀ ਜਾਣੀ ਹੈ। ਸਰਕਾਰੀ ਰਿਕਾਰਡ ਵਿੱਚ ਜ਼ਮੀਨ ਨਾਂਅ ਕਰਾਉਣ ਲਈ ਤਹਿਸੀਲਦਾਰ ਦਫਤਰ ਗਏ ਤਾਂ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਉਨ੍ਹਾਂ ਨੂੰ ਇੱਕ ਮਹੀਨੇ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਨਾਇਬ ਤਹਿਸੀਲਦਾਰ ਨੇ ਆਪਣੇ ਡਰਾਈਵਰ ਜਗਜੀਤ ਸਿੰਘ ਦੇ ਰਾਹੀਂ ਜ਼ਮੀਨ ਦੇ ਤਬਾਦਲੇ ਲਈ ਇੱਕ ਲੱਖ ਰੁਪਏ ਮੰਗੇ ਸਨ। ਅੱਗੋਂ ਸਿੱਧੂ ਨੇ ਚੰਡੀਗੜ੍ਹ ਦੀ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਕਰ ਦਿੱਤੀ। ਵਿਜੀਲੈਂਸ ਨੇ ਕੱਲ੍ਹ ਸ਼ਾਮ ਮੋਗਾ ਦੇ ਕਸਬਾ ਅਜੀਤਵਾਲ ਵਿੱਚ ਟਰੈਪ ਲਾ ਦਿੱਤਾ। ਜਦੋਂ ਸਿੱਧੂ ਨੇ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਦੇ ਡਰਾਈਵਰ ਜਗਜੀਤ ਸਿੰਘ ਨੂੰ ਇੱਕ ਲੱਖ ਰੁਪਏ ਫੜਾਏ ਤਾਂ ਉਹ ਨਾਇਬ ਤਹਿਸੀਲਦਾਰ ਵੱਲ ਗਿਆ। ਇੰਨੇ ਨੂੰ ਟੀਮ ਨੇ ਨਾਇਬ ਤਹਿਸੀਲਦਾਰ ਨੂੰ ਗ੍ਰਿਫਤਾਰ ਕਰ ਲਿਆ, ਪਰ ਡਰਾਇਵਰ ਪੈਸੇ ਸਮੇਤ ਦੌੜ ਗਿਆ। ਵਿਜੀਲੈਂਸ ਟੀਮ ਨੇ ਦੇਰ ਰਾਤ ਨਾਇਬ ਤਹਿਸੀਲਦਾਰ ਦੇ ਘਰ ਵੀ ਸਰਚ ਕੀਤੀ।