image caption: -ਰਜਿੰਦਰ ਸਿੰਘ ਪੁਰੇਵਾਲ

ਪਖੰਡੀ ਯੋਗਾ ਗੁਰੂ ਰਾਮਦੇਵ ਦੀ ਭਰਮਾਊ ਇਸ਼ਤਿਹਾਰਬਾਜ਼ੀ ਬਾਰੇ ਸੁਪਰੀਮ ਕੋਰਟ ਦਾ ਠੋਸ ਫੈਸਲਾ

ਬੀਤੇ ਦਿਨੀਂ ਸੁਪਰੀਮ ਕੋਰਟ ਨੇ  ਯੋਗ ਗੁਰੂ ਰਾਮਦੇਵ, ਉਨ੍ਹਾਂ ਦੇ ਸਹਿਯੋਗੀ ਬਾਲਕ੍ਰਿਸ਼ਨ ਅਤੇ ਪਤੰਜਲੀ ਆਯੁਰਵੇਦ ਨੂੰ ਭਰਮਾਊ ਇਸ਼ਤਿਹਾਰਬਾਜ਼ੀ ਮਾਮਲੇ ਵਿਚ ਜਨਤਕ ਮੁਆਫੀ ਮੰਗਣ ਲਈ ਹਫਤੇ ਦਾ ਸਮਾਂ ਦਿੱਤਾ ਪਰ ਕਿਹਾ ਕਿ ਇਸ ਪੜਾਅ ਤੇ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ ਜਾਵੇਗੀ| ਸੁਣਵਾਈ ਦੌਰਾਨ ਰਾਮਦੇਵ ਅਤੇ ਬਾਲਕ੍ਰਿਸ਼ਨ ਦੋਵੇਂ ਹਾਜ਼ਰ ਸਨ ਅਤੇ ਉਨ੍ਹਾਂ ਨੇ ਨਿੱਜੀ ਤੌਰ ਤੇ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ| ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਨੇ ਉਨ੍ਹਾਂ ਦੀ ਮੁਆਫੀ ਤੇ ਨੋਟਿਸ ਲਿਆ ਪਰ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਇਸ ਪੜਾਅ ਤੇ ਉਨ੍ਹਾਂ ਨੂੰ ਰਾਹਤ ਦੇਣ ਦਾ ਫੈਸਲਾ ਨਹੀਂ ਕੀਤਾ ਗਿਆ ਹੈ|ਯਾਦ ਰਹੇ ਕਿ 27 ਫਰਵਰੀ, 2024 ਨੂੰ ਸੁਪਰੀਮ ਕੋਰਟ ਨੇ ਪਤੰਜਲੀ ਆਯੁਰਵੇਦ ਵੱਲੋਂ ਸਿਹਤ ਨਾਲ ਜੁੜੇ ਕਿਸੇ ਵੀ ਉਤਪਾਦ ਬਾਰੇ ਇਸ਼ਤਿਹਾਰ ਦੇਣ ਤੇ ਪਾਬੰਦੀ ਲਾ ਦਿੱਤੀ ਸੀ| ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਆਯੁਸ਼ ਮੰਤਰਾਲੇ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਇਹ ਸਵਾਲ ਵੀ ਪੁੱਛਿਆ| ਸੁਪਰੀਮ ਕੋਰਟ ਦੀ ਰੋਕ ਦੇ ਬਾਵਜੂਦ ਯੋਗਾ ਗੁਰੂ ਦੇ ਭਰਮਾਊ ਇਸ਼ਤਿਹਾਰ ਚਲਦੇ ਰਹੇ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ| ਸੁਪਰੀਮ ਕੋਰਟ ਨੇ ਡਰੱਗਜ਼ ਅਤੇ ਮੈਜਿਕ ਰੈਮੇਡੀਜ਼ ਐਕਟ 1954 ਦਾਇਰ ਕੀਤਾ ਹੈ|
ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ 1954, ਭਾਰਤ ਵਿੱਚ ਦਵਾਈਆਂ ਦੇ ਇਸ਼ਤਿਹਾਰਾਂ ਨੂੰ ਕੰਟਰੋਲ ਕਰਨ ਲਈ ਬਣਾਇਆ ਗਿਆ ਸੀ|ਜਾਦੂਈ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਉਤਪਾਦਾਂ ਅਤੇ ਦਵਾਈਆਂ ਦੇ ਇਸ਼ਤਿਹਾਰਾਂ ਤੇ ਇਸ ਕਾਨੂੰਨ ਦੇ ਤਹਿਤ ਪਾਬੰਦੀ ਹੈ| ਪਰ ਬਾਬਾ ਇਸ ਕਨੂੰਨ ਦਾ ਮਜਾਕ ਉਡਾ ਰਿਹਾ ਹੈ| ਬਾਬੇ ਦੇ ਕਰੋ ਯੋਗ ਭਜਾਓ ਰੋਗ ਨਾਅਰੇ ਹੇਠ ਬੀਮਾਰ ਮਾਨਸਿਕਤਾ ਵਾਲੇ ਲੋਕ ਕਾਫ਼ੀ ਜੁੜਨ ਲੱਗੇ| ਕੈਂਪਾਂ ਦੀਆਂ ਰੌਣਕਾਂ ਵਧਣ ਲੱਗੀਆਂ| ਉਨ੍ਹਾਂ ਕੈਪਾਂ ਵਿੱਚ ਇਸ ਨੇ ਆਪਣੀਆਂ ਪਤੰਜਲੀ ਦੇ ਨਾਂਅ ਹੇਠ ਦਵਾਈਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ| ਹਰ ਬੀਮਾਰੀ ਦੀਆਂ ਅਖੌਤੀ ਦਵਾਈਆਂ ਤਿਆਰ ਕੀਤੀਆਂ ਤੇ ਲੋਕਾਂ ਨਾਲ ਠਗੀਆਂ ਮਾਰੀਆਂ| ਦਵਾਈਆਂ ਦੇ ਖੇਤਰ, ਖਾਸ ਕਰ ਕੇ ਆਯੁਰਵੈਦਿਕ ਖੇਤਰ ਵਿੱਚ ਆਪਣਾ ਸਾਮਰਾਜ ਖੜ੍ਹਾ ਕਰ ਲਿਆ| 
ਸਿਆਸੀ ਦੋਸਤਾਂ ਦਾ ਲਾਹਾ ਲੈ ਕੇ ਸਸਤੇ ਭਾਵਾਂ ਤੇ ਜ਼ਮੀਨਾਂ ਅਲਾਟ ਕਰਾਈਆਂ ਅਤੇ ਆਪਣਾ ਕਾਰੋਬਾਰ ਵਧਾਇਆ| ਸਰਕਾਰਾਂ ਤੋਂ ਸਮੇਂ-ਸਮੇਂ ਸਿਰ ਟੈਕਸ ਮੁਆਫ਼ ਕਰਾਏ| ਅਜਿਹਾ ਹੁੰਦੇ-ਹੁੰਦੇ ਫਿਰ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਅਗਰ ਯੋਗਾ ਕੀਤਿਆਂ ਰੋਗ ਮਿੱਟ ਜਾਂਦੇ ਹਨ, ਤਾਂ ਫਿਰ ਦਵਾਈ ਕਿਉਂ ਵੇਚੀ ਜਾਂਦੀ ਹੈ? ਦਵਾਈ ਵਿੱਚ ਵੀ ਦੇਸੀ-ਵਿਦੇਸ਼ੀ ਦਾ ਵੇਰਵਾ ਪਾ ਕੇ ਵੇਚੀ ਜਾਂਦੀ ਰਹੀ| ਕੋਈ ਐਸੀ ਬਿਮਾਰੀ ਦਾ ਨਾਂਅ ਨਹੀਂ ਰਿਹਾ, ਜਿਸ ਦੀ ਬਾਬੇ ਨੇ ਦਵਾਈ ਨਾ ਬਣਾਈ ਹੋਵੇ| ਹਿੱਕ ਠੋਕ ਕੇ ਉਸ ਦੀ ਗਰੰਟੀ ਦਿੰਦਾ ਰਿਹਾ| ਬਿੱਲੀ ਤਾਂ ਉਦੋਂ ਥੈਲਿਓ ਬਾਹਰ ਆਈ, ਜਦ ਬਾਲ ਕ੍ਰਿਸ਼ਨ ਨੂੰ ਦਿਲ ਦੀ ਬਿਮਾਰੀ ਖਾਤਰ ਐਲੋਪੈਥੀ ਦੀ ਦਵਾਈ ਦੀ ਵਰਤੋਂ ਕਰਨੀ ਪਈ ਅਤੇ ਪਤੰਜਲੀ ਤੋਂ ਬਾਹਰ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ| ਸਰਕਾਰੀ ਅਦਾਰਿਆਂ  ਵਲੋਂ ਕਈ ਦਵਾਈਆਂ ਦੇ ਸੈਂਪਲ ਭਰੇ ਜਾਂਦੇ ਰਹੇ| ਬਹੁਤੇ ਸੈਂਪਲ ਮਿਆਰੀ ਨਾ ਨਿਕਲੇ| ਜੋ ਬਾਹਰ ਲਿਖਿਆ ਹੁੰਦਾ ਸੀ, ਉਹ ਦਵਾਈ ਵਿੱਚ ਨਹੀਂ ਸੀ ਹੁੰਦਾ| ਬਹੁਤ ਚਿਰ ਪਹਿਲਾਂ ਰੌਲਾ ਪੈ ਗਿਆ ਸੀ ਕਿ ਰਾਮਦੇਵ ਦੀਆਂ ਦਵਾਈਆਂ ਵਿੱਚ ਹੱਡੀਆਂ ਦਾ ਪਾਊਡਰ ਮਿਲਾਇਆ ਜਾਂਦਾ ਹੈ| ਅੱਜ ਇਹ ਪਖੰਡੀ ਯੋਗਾ ਗੁਰੂ ਠੱਗੀ ਤੇ ਕਨੂੰਨ ਦੀ ਉਲੰਘਣਾ ਕਰਕੇ ਫਸ ਗਿਆ ਹੈ| ਇਸ ਦੀ ਬਾਬੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ|
-ਰਜਿੰਦਰ ਸਿੰਘ ਪੁਰੇਵਾਲ