image caption:

ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਕੇਂਦਰੀ ਮੰਤਰੀ ਨੇ ਮੋਦੀ ਸਰਕਾਰ ਨੂੰ ਦੱਸਿਆ ਕਿਸਾਨ ਪੱਖੀ

 ਜਲੰਧਰ- ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੀ ਮੋਦੀ ਸਰਕਾਰ ਨੇ 10 ਸਾਲਾਂ ਦੇ ਕਾਰਜਕਾਲ ਵਿੱਚ ਜੋ ਕਿਸਾਨਾਂ ਲਈ ਕੀਤਾ ਹੈ ਉਹ ਪਿਛਲੀਆਂ ਸਰਕਾਰਾਂ 75 ਸਾਲਾਂ ਵਿੱਚ ਨਹੀਂ ਕਰ ਸਕੀਆਂ। ਉਨ੍ਹਾਂ ਇੱਥੇ ਭਾਜਪਾ ਦੇ ਚੋਣ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਨਿਧੀ ਰਾਹੀਂ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਪਾਏ ਜਾ ਰਹੇ ਹਨ। ਖਾਦਾਂ ਦੀ ਕਾਲਾ ਬਾਜ਼ਾਰੀ &rsquoਤੇ ਰੋਕ ਲਾਈ ਗਈ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਕਿਸਾਨ ਜੱਥੇਬੰਦੀਆਂ ਪੰਜਾਬ ਤੇ ਹਰਿਆਣਾ ਵਿੱਚ ਭਾਜਪਾ ਉਮੀਦਵਾਰਾਂ ਨੂੰ ਘੇਰ ਰਹੀਆਂ ਹਨ। ਕਿਸਾਨ ਜੱਥੇਬੰਦੀਆਂ ਭਾਜਪਾ ਉਮੀਦਵਾਰਾਂ ਨੂੰ ਜਿੱਥੇ ਤਿੱਖੇ ਸਵਾਲ ਕਰ ਰਹੀਆਂ ਹਨ ਉਥੇ ਕਈ ਥਾਈਂ ਦੋਹਾਂ ਧਿਰਾਂ ਵਿੱਚ ਟਕਰਾਅ ਵੀ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਕਿਸਾਨ ਗੁੱਸੇ ਵਿੱਚ ਹਨ ਤਾਂ ਕੇਂਦਰੀ ਖੇਡ ਮੰਤਰੀ ਮੋਦੀ ਸਰਕਾਰ ਨੂੰ ਕਿਸਾਨ ਪੱਖੀ ਦੱਸਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ।
ਅਨੁਰਾਗ ਠਾਕੁਰ ਨੇ ਪੰਜਾਬ ਦੀ &lsquoਆਪ&rsquo ਸਰਕਾਰ &rsquoਤੇ ਹਮਲਾ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ &lsquoਆਪ&rsquo ਨੇ ਵਾਅਦਾ ਕੀਤਾ ਸੀ ਕਿ ਸੱਤਾ &rsquoਚ ਆਉਣ &rsquoਤੇ ਉਹ ਸੂਬੇ ਨੂੰ ਨਸ਼ਾ ਮੁਕਤ ਬਣਾ ਦੇਣਗੇ ਪਰ ਦੋ ਸਾਲ ਬੀਤਣ ਦੇ ਬਾਵਜੂਦ ਸੂਬੇ ਨੂੰ &lsquoਨਸ਼ਾ ਯੁਕਤ ਪੰਜਾਬ&rsquo ਬਣਾ ਦਿੱਤਾ ਹੈ। ਖੇਡਾਂ ਲਈ ਮਸ਼ਹੂਰ ਜਲੰਧਰ ਸਮੇਤ ਪੂਰੇ ਪੰਜਾਬ &rsquoਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇੱਥੇ ਨਸ਼ੇ ਦਾ ਕਾਰੋਬਾਰ, ਫਿਰੌਤੀ, ਗੈਂਗ ਵਾਰ ਅਤੇ ਭ੍ਰਿਸ਼ਟਾਚਾਰ ਆਪਣੇ ਸਿਖ਼ਰ &rsquoਤੇ ਹੈ। ਆਜ਼ਾਦੀ ਤੋਂ ਬਾਅਦ ਸ਼ਾਇਦ ਇਹ ਪਹਿਲੀ ਪਾਰਟੀ ਦੀ ਸਰਕਾਰ ਹੋਵੇਗੀ ਜਿਸ ਦੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ, ਸਿੱਖਿਆ ਮੰਤਰੀ, ਉਪ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਖ਼ੁਦ ਜੇਲ੍ਹ ਵਿੱਚ ਹਨ।