image caption: ਲੇਖਕ: ਕੁਲਵੰਤ ਸਿੰਘ ‘ਢੇਸੀ’

ਭਾਰਤੀ ਕੌਸਲੇਟਾਂ ਦੇ ਬਿਸਤਰੇ ਗੋਲ ਕਰਨ ਦਾ ਮਖੌਲ - ਲੇਖਕ: ਕੁਲਵੰਤ ਸਿੰਘ ‘ਢੇਸੀ’

       ਕਨੇਡਾ, ਅਮਰੀਕਾ ਅਤੇ ਯੂ ਕੇ ਵਿਚ ਭਾਰਤੀ ਅੰਬੈਸੀਆਂ ਦੇ ਅਫਸਰਾਂ ਵਲੋਂ ਗੁਰਦੁਆਰਿਆਂ ਵਿਚ ਦਖਲ ਅੰਦਾਜੀ ਕਰਨ ਖਿਲਾਫ ਇੱਕ ਲਹਿਰ ਚੱਲ ਪਈ ਹੈ ਜਿਸ ਮੁਤਾਬਕ ਗੁਰਦੁਆਰਾ ਕਮੇਟੀਆਂ ਵਲੋਂ ਜਥੇਬੰਦਕ ਤੌਰ ਤੇ ਇਹ ਫੈਸਲੇ ਲਏ ਜਾ ਰਹੇ ਹਨ ਕਿ ਭਾਰਤੀ ਸਫਾਰਤਖਾਨਿਆਂ ਨਾਲ ਸਬੰਧਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਗੁਰਦੁਆਰਿਆਂ ਵਿਚ ਦਖਲ ਅੰਦਾਜੀ ਕਰਨ ਦੀ ਇਜਾਜਤ ਨਾ ਦਿੱਤੀ ਜਾਵੇਜਿਸ ਤਰੀਕੇ ਨਾਲ ਇਹ ਐਲਾਨ ਦੁਨੀਆਂ ਭਰ ਵਿਚ ਧੁਮਾਇਆ ਗਿਆ ਹੈ ਉਸ ਮੁਤਾਬਕ ਇੱਕ ਸਵਾਲ ਆਮ ਹੀ ਪੁੱਛਿਆ ਜਾ ਰਿਹਾ ਹੈ ਕਿ ਗੁਰਦੁਆਰੇ ਦਾ ਦਰ ਤਾਂ ਹਰ ਇੱਕ ਲਈ ਖੁਲ੍ਹਾ ਹੈ ਫਿਰ ਅਚਾਨਕ ਹੀ ਐਸਾ ਕਠੋਰ ਫੈਸਲਾ ਕੀ ਗੁਰਮਤ ਦੇ ਮੁਢਲੇ ਸਰਬ ਸਾਂਝੀਵਾਲਤਾ ਦੇ ਸਿਧਾਂਤ ਦੇ ਖਿਲਾਫ ਨਹੀਂ ਹੋਵੇਗਾ? ਯੂ ਕੇ ਵਿਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ (FSO)ਨੇ ਸਪੱਸ਼ਟ ਕੀਤਾ ਹੈ ਕਿ ਗੁਰਦੁਆਰੇ ਵਿਚ ਮੱਥਾ ਕੋਈ ਵੀ ਟੇਕ ਸਕਦਾ ਹੈ ਅਤੇ ਲੰਗਰ ਪ੍ਰਛਾਦਾ ਛੱਕ ਸਕਦਾ ਹੈ ਪਰ ਭਾਰਤੀ ਅਫਸਰਾਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਦਖਲ ਅੰਦਾਜੀ ਦੀ ਮਨਾਹੀ ਹੋਵੇਗੀ।

      ਜਿਥੋਂ ਤਕ ਭਾਰਤੀ ਸਰਕਾਰ ਵਲੋਂ ਗੁਰਦੁਆਰਿਆਂ ਵਿਚ ਵੜ ਕੇ ਖਾਲਿਸਤਾਨੀ ਲਹਿਰ ਨੂੰ ਖੋਰਾ ਲਾਉਣ ਦਾ ਸਬੰਧ ਹੈ ਇਸ ਸਬੰਧੀ ਇੰਡੀਅਨ ਇੰਟੈਲੀਜੈਂਸ ਦੇ ਸਾਬਕਾ ਡਾਇਰੈਕਟਰ ਮਲੋਏ ਕ੍ਰਿਸ਼ਨਾ ਧਰ ਨੇ &lsquoਖੁਲ੍ਹੇ ਭੇਤ&rsquo ਅਤੇ &lsquoਕੌੜੀ ਫਸਲ&rsquo ਨਾਮੀ ਦੋ ਪੁਸਤਕਾਂ ਲਿਖ ਕੇ ਖੁਦ ਹੀ ਇਕਬਾਲ ਕੀਤਾ ਹੈ ਕਿ ਬਾਹਰਲੇ ਦੇਸ਼ਾਂ ਵਿਚ ਸਰਕਾਰ ਨੇ ਖਾਲਿਸਤਾਨੀ ਲਹਿਰ ਵਿਚ ਘੁਸਪੈਠ ਕਿਵੇਂ ਕੀਤੀ ਸੀ। ਇਹਨਾ ਪੁਸਤਕਾਂ ਦੇ ਰਲੀਜ਼ ਹੁੰਦਿਆਂ ਹੀ ਖਾਲਸਤਾਨੀਆਂ ਵਲੋਂ ਕੋਈ ਤਿੱਖਾ ਪ੍ਰਤੀਕਰਮ ਹੋਣਾ ਚਾਹੀਦਾ ਸੀ ਜੋ ਕਿ ਨਹੀਂ ਹੋਇਆ ਅਤੇ ਹੁਣ ਕਈ ਵਰਿਆਂ ਬਾਅਦ ਅਚਾਨਕ ਹੀ ਇਸ ਤਰਾਂ ਦਾ ਫੈਸਲਾ ਆਉਣ ਪਿੱਛੇ ਕੀ ਕਾਰਨ ਹੋਣਗੇ, ਸੋਚਣ ਵਾਲੀ ਗੱਲ ਹੈ।

    ਪਿਛਲੇ ਦਿਨੀ ਯੂ ਕੇ ਦੇ ਇੱਕ ਨੌਜਵਾਨ ਜਗਤਾਰ ਸਿੰਘ ਜੱਗੀ ਨੂੰ ਜਦੋਂ ਭਾਰਤ ਵਿਚ ਵਿਆਹ ਕਰਵਾਉਣ ਗਿਆਂ ਗ੍ਰਿਫਤਾਰ ਕਰ ਲਿਆ ਤਾਂ ਇਸ ਦਾ ਨਾ ਕੇਵਲ ਯੂ ਕੇ ਵਿਚ ਹੀ ਸਗੋਂ ਦੁਨੀਆਂ ਭਰ ਵਿਚ ਤਿੱਖਾ ਪ੍ਰਤੀਕਰਮ ਹੋਇਆ। ਸਿੱਖਾਂ ਦੇ ਮਨਾ ਵਿਚ ਭਾਰਤੀ ਅਨਿਆਂ ਖਿਲਾਫ ਵੈਸੇ ਵੀ ਗੁੱਸਾ ਏਨਾ ਹੈ ਕਿ ਇੱਕ ਆਮ ਸਿੱਖ ਗੁੱਸੇ ਅਤੇ ਵਿਦਰੋਹ ਨਾਲ ਭਰਿਆ ਹੋਇਆ ਹੈ। ਦੇਖਣ ਵਾਲੀ ਗੱਲ ਸਿਰਫ ਏਨੀ ਹੈ ਕਿ ਸਿੱਖ ਸਮੂਹ ਦੇ ਇਸ ਗੁੱਸੇ ਨੂੰ ਸਿੱਖਾਂ ਦੇ ਗਰਮ ਆਗੂ ਸੰਜੀਦਗੀ ਨਾਲ ਲੈਂਦੇ ਹਨ ਜਾਂ ਸਿਰਫ ਆਪਣੀ ਵਕਤੀ ਵਾਹ ਵਾਹ ਤਕ ਹੀ ਸੀਮਤ ਰੱਖਦੇ ਹਨ। ਆਓ ਪਹਿਲਾਂ ਉਹਨਾ ਕਾਰਨਾ ਤੇ ਪੰਛੀ ਝਾਤ ਪਾ ਲਈਏ ਜਿਹਨਾ ਕਾਰਨ ਸਿੱਖਾਂ ਦੇ ਮਨਾ ਵਿਚ ਭਾਰਤੀ ਸਟੇਟ ਲਈ ਵਿਦਰੋਹ ਹੈ&mdash

1   ਜੂਨ ਚੁਰਾਸੀ ਵਿਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਅਤੇ ਆਮ ਸੰਗਤਾਂ ਨਾਲ ਵਹਿਸ਼ੀ ਵਰਤਾਓ ਕੀਤਾ ਗਿਆ ਜਦ ਕਿ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਕਿ ਸੰਗਤਾਂ ਗੁਰੂ ਅਰਜਨ ਦੇਵ ਜੀ ਮਹਾਂਰਾਜ ਦਾ ਸ਼ਹੀਦੀ ਪੁਰਬ ਮਨਾ ਰਹੀਆਂ ਸਨ

2   ਸੰਤ ਜਰਨੈਲ ਸਿੰਘ ਖਾਲਸਾ ਨੇ ਭਾਰਤੀ ਸਟੇਟ ਵਲੋਂ ਸਿੱਖਾਂ ਤੇ ਹੋ ਰਹੇ ਜੁਲਮਾਂ ਪ੍ਰਤੀ ਜਿਵੇਂ ਸਿੱਖ ਸਮੂਹ ਨੂੰ ਚੇਤਨ ਕੀਤਾ ਸੀ ਉਸ ਨੂੰ ਸਿੱਖ ਨਾ ਕਦੀ ਭੁਲਾ ਸਕੇ ਅਤੇ ਨਾ ਹੀ ਭੁਲਾ ਸਕਣਗੇ। ਸੰਤਾਂ ਦੀ ਤਸਵੀਰ ਸਿੱਖਾ ਦੇ ਦਿਲਾਂ ਤੇ ਉੱਕਰ ਚੁੱਕੀ ਹੈ ਜੋ ਕਿ ਭਾਰਤੀ ਅਨਿਆਂ ਖਿਲਾਫ ਖੜ੍ਹਨ ਦੀ ਜੁਰਅੱਤ ਪੈਦਾ ਕਰਦੀ ਹੀ ਰਹਿੰਦੀ ਹੈ।

3   ਅਕਤੂਬਰ ਚੁਰਾਸੀ ਨੂੰ ਦਿੱਲੀ ਵਿਚ ਇੰਦਰਾਂ ਗਾਂਧੀ ਦੇ ਸੋਧੇ ਮਗਰੋਂ ਭਾਰਤੀ ਸਰਕਾਰ ਦੀ ਸ਼ਹਿ ਨਾਲ ਸਿੱਖਾਂ ਨੂੰ ਜਿਊਂਦੇ ਸਾੜਿਆ ਗਿਆ ਅਤੇ ਉਹਨਾ ਦੇ ਘਰ ਘਾਟ ਅਤੇ ਜਾਇਦਾਦਾਂ ਵੀ ਅੱਗ ਦੇ ਸਪੁਰਦ ਕਰ ਦਿੱਤੇ ਗਏ। ਸਾਢੇ ਤਿੰਨ ਦਹਾਕੇ ਦਾ ਲੰਮਾ ਸਮਾਂ ਗੁਜਰ ਜਾਣ ਮਗਰੋਂ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਮਿਲੀਆਂ ਸਗੋ ਭਾਰਤੀ ਸਰਕਾਰ ਨੇ ਦੋਸ਼ੀਆਂ ਨੂੰ ਆਪਣੇ ਖੰਭਾਂ ਹੇਠ ਲੋਕੋ ਲਿਆ ਜਦ ਕਿ ਇੰਦਰਾਂ ਨੂੰ ਸੋਧਾ ਲਾਉਣ ਵਾਲੇ ਭਾਈ ਸਤਵੰਤ ਸਿੰਘ ਦੇ ਨਾਲ ਬੇਗੁਨਾਹ ਕਿਹਰ ਸਿੰਘ ਨੂੰ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ ਗਿਆ।

4   ਸਿੱਖ ਵਿਰੋਧੀ ਸ਼ਕਤੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤੱਖਤ ਦੇ ਰੁਤਬੇ ਨੂੰ ਦੁਬੇਲ ਬਣਾ ਕੇ ਜਿਸ ਤਰਾਂ ਬੇਇਜਤ ਕੀਤਾ ਜਾ ਰਿਹਾ ਹੈ ਇਸ ਸਬੰਧੀ ਆਮ ਸਿੱਖ ਗੁੱਸੇ ਨਾਲ ਭਰਿਆ ਹੋਇਆ ਹੈ। ਸਿੱਖਾਂ ਦਾ ਇਹ ਗੁੱਸਾ ਬਾਦਲਾਂ, ਸੰਤ ਸਮਾਜ ਦੇ ਆਗੂਆਂ (ਬਾਬਾ ਧੁੰਮਾਂ/ ਭਾਈ ਰੋਡੇ ਆਦਿ) ਅਤੇ ਹਿੰਦੂਤਵੀਆਂ ਖਿਲਾਫ ਹੈ।

5   ਇਸ ਤੋਂ ਇਲਾਵਾ ਭਾਰਤੀ ਸਟੇਟ ਵਲੋਂ ਪੰਜਾਬ ਦੇ ਪਾਣੀਆਂ ਦੀ ਲੁੱਟ, ਸੰਵਿਧਾਨ ਵਿਚ ਆਰਟੀਕਲ 25 ਦਾ ਵਿਰੋਧ, ਸਿੱਖ ਗੁਰਦੁਆਰੇ ਢਾਏ ਜਾਣ ਦਾ ਵਿਰੋਧ, ਥਾਂ ਥਾਂ ਸਿੱਖਾਂ ਤੇ ਹਮਲਿਆਂ ਦਾ ਵਿਰੋਧ, ਭਗਵੀਂ ਰਾਜਨੀਤੀ ਦਾ ਵਿਰੋਧ, ਸਿੱਖ ਕੈਦੀਆਂ ਨੂੰ ਰਿਹਾ ਨਾ ਕਰਨ ਪ੍ਰਤੀ ਰੋਹ ਅਤੇ ਭਾਈ ਹਵਾਰਾ ਨਾਲ ਭਾਰਤੀ ਸਟੇਟ ਦਾ ਜਾਲਮਾਨਾਂ ਰਵੱਈਏ ਦਾ ਵਿਰੋਧ ਸ਼ਾਮਲ ਹਨ।

ਕੋਈ ਵੀ ਦਿਆਨਤਦਾਰ ਵਿਅਕਤੀ ਇਹ ਸਮਝ ਸਕਦਾ ਹੈ ਕਿ ਸਿੱਖ ਸਮੂਹ ਦਾ ਰੋਸ ਅਤੇ ਰੋਹ ਕਿੰਨਾ ਜਾਇਜ ਹੈ। ਭਾਰਤ ਵਿਚ ਅੱਜ ਭਗਵੀਂ ਰਾਜਨੀਤੀ ਜਿਸ ਤਰੀਕੇ ਨਾਲ ਘੱਟਗਿਣਤੀਆਂ ਤੇ ਦਮਨਕਾਰੀ ਹੈ ਇਸ ਨੇ ਸਿੱਖ ਗੁੱਸੇ ਦੀ ਬਲਦੀ &lsquoਤੇ ਤੇਲ ਪਾਇਆ ਹੈ। ਇੱਕ ਆਮ ਸਿੱਖ ਬਿਨਾ ਕਿਸੇ ਨਤੀਜੇ ਬਾਰੇ ਸੋਚਿਆਂ ਭਾਰਤੀ ਸਟੇਟ ਦੇ ਖਿਲਾਫ ਗੁੱਸੇ ਨਾਲ ਭਰਿਆ ਹੋਇਆ ਹੈ ਜਿਸ ਨੂੰ ਖਾਲਿਸਤਾਨੀ ਆਗੂ ਆਪਣੇ ਤਰੀਕੇ ਨਾਲ ਵਰਤ ਰਹੇ ਹਨ। ਖਾਲਿਸਤਾਨੀ ਆਗੂਆਂ ਦਾ ਮੌਜੂਦਾ ਪੈਂਤੜਾ ਉਹਨਾ ਗੁਰਦੁਆਰਾ ਕਮੇਟੀਆਂ ਨੂੰ ਵੀ ਭਾਰਤੀ ਅਫਸਰਾਂ ਤੇ ਬੰਦਸ਼ਾਂ ਲਾਉਣ ਲਈ ਮਜਬੂਰ ਕਰ ਦੇਵੇਗਾ ਜੋ ਕਿ ਉਹਨਾ ਪ੍ਰਤੀ ਸੁਲਾਹ ਦੀ ਭਾਵਨਾ ਰੱਖਦੇ ਹਨ। ਪਰ ਮੋਜੂਦਾ ਖਾਲਿਸਤਾਨੀ ਪੈਂਤੜੇ ਦੇ ਦੂਰ ਰਸ ਨਤੀਜੇ ਕੀ ਸਿੱਖ ਭਾਈਚਾਰੇ ਦੇ ਹੱਕ ਵਿਚ ਹੋਣਗੇ ਜਾਂ ਮਹਿਜ ਇੱਕ ਭੰਬਲਭੂਸਾ ਹੀ ਸਾਬਤ ਹੋਣਗੇ ਇਸ ਪ੍ਰਤੀ ਵਿਚਾਰ ਕਰਨੀ ਬਹੁਤ ਜਰੂਰੀ ਹੈ।

ਸਿੱਖ ਕੌਮ ਦਾ ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕੌਮ ਦੇ ਆਗੂ ਖਾਲਿਸਤਾਨੀ ਆਦਰਸ਼ਾਂ ਪ੍ਰਤੀ ਕਿਸ ਹੱਦ ਤਕ ਸਮਰਪਤ ਹਨ। ਖਾਲਸਿਤਾਨੀ ਕੀਮਤਾਂ ਹੀ ਬੇਗਮ ਪੁਰੇ ਅਤੇ ਹਲੇਮੀ ਰਾਜ ਦੀਆਂ ਜਾਮਨ ਹੋ ਸਕਦੀਆਂ ਹਨ। ਇਹਨਾ ਕੀਮਤਾਂ ਦੀ ਪ੍ਰਾਪਤੀ ਲਈ ਸਿੱਖ ਸਿਧਾਂਤ ਅਤੇ ਸਿੱਖ ਰਹਿਤ ਮਰਿਯਾਦਾ &lsquoਤੇ ਪਹਿਰਾ ਜਰੂਰੀ ਹੈ। ਜੇਕਰ ਯੂ ਕੇ ਦੀ ਗੱਲ ਕਰਨੀ ਹੋਵੇ ਤਾਂ ਆਪਣੇ ਆਪ ਨੂੰ ਟਕਸਾਲੀ ਅਖਵਾਉਣ ਵਾਲੀਆਂ ਧਿਰਾਂ ਹੁਣ ਤਕ ਖਾਲਿਸਤਾਨੀ ਅਗਵਾਈ ਵਿਚ ਮੋਹਰੀ ਧਿਰਾਂ ਰਹੀਆਂ ਹਨ। ਅੱਜ ਇਹ ਆਗੂ ਜਿਥੇ ਭਾਰਤੀ ਸਰਕਾਰ ਦੇ ਅਫਸਰਾਂ ਨੂੰ ਗੁਰਦੁਆਰਿਆਂ ਵਿਚੋਂ ਬੇਦਖਲ ਕਰਨ ਲਈ ਫੋਕੀ ਬਿਆਨਬਾਜੀ ਕਰ ਰਹੇ ਹਨ ਉਥੇ ਇਹਨਾ ਨੇ ਉਸ ਸਮੇਂ ਜੁਬਾਨ ਤਕ ਖੋਹਲਣ ਦੀ ਜੁਰਅੱਤ ਵੀ ਕਿਓਂ ਨਾ ਕੀਤੀ ਜਦੋਂ ਪੰਜਾਬ ਵਿਚ ਇਹਨਾ ਦੇ ਬਾਬਾ ਧੁੰਮਾਂ ਵਰਗੇ ਆਗੂ ਸਰਕਾਰੀ ਛਤਰੀ ਹੇਠ ਸ਼ਰੇਆਮ ਚਲੇ ਗਏ ਸਨਕੀ ਇਹ ਖਾਲਿਸਤਾਨੀ ਆਗੂਆਂ ਦੇ ਦੋਹਰੇ ਮਾਪ ਦੰਡ ਨਹੀਂ ਹਨ?ਇਹਨਾ ਖਾਲਿਸਤਾਨੀਆਂ ਵਿਚ ਐਸੇ ਆਗੂ ਵੀ ਹਨ ਜਿਹਨਾ ਦਾ ਪ੍ਰਮੁਖ ਮੁੱਦਾ ਪੰਥਕ ਰਹਿਤ ਮਰਿਯਾਦਾ ਨੂੰ ਖਤਮ ਕਰਕੇ ਆਪਣੇ ਡੇਰੇ ਦੀ ਮਰਿਯਾਦਾ ਨੂੰ ਲਾਗੂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਤਕ ਸੀਮਤ ਹੈਇਹ ਗੱਲ ਹਰ ਸਿੱਖ ਸਮਝ ਸਕਦਾ ਹੈ ਕਿ ਜਿਸ ਕਿਸਮ ਦੇ ਮੁੱਦੇ ਇਹ ਲੋਕ ਚੁੱਕ ਰਹੇ ਹਨ ਇਹ ਸਿੱਖ ਸਮਾਜ ਵਿਚ ਗ੍ਰਹਿ ਯੁੱਧ ਵਰਗੇ ਹਾਲਾਤ ਪੈਦਾ ਕਰਨ ਵਾਲੇ ਹਨ। ਅਜਾਦੀ ਲਈ ਜਦੋ ਜਹਿਦ ਕਰਨ ਵਾਲੀ ਕੌਮ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਐਸੇ ਮੁੱਦੇ ਸੁੱਖ ਸੁਫਨੇ ਵਿਚ ਵੀ ਨਾ ਚੁੱਕਣ ਜਿਹਨਾ ਕਾਰਨ ਪੰਥਕ ਇੱਕਸੁਰਤਾ ਅਤੇ ਇਕਸਾਰਤਾ ਨੂੰ ਸੱਟ ਵੱਜਦੀ ਹੋਵੇ। ਇਹਨਾ ਖਾਲਿਸਤਾਨੀਆਂ ਦਾ ਇੱਕ ਵੱਡਾ ਹਿੱਸਾ ਚਿੱਟੇ ਦਿਨ ਖਾਲਿਸਤਾਨੀ ਨਾਅਰੇ ਨੂੰ ਛੱਡ ਕੇ ਆਪਣੇ ਮਹਾਂਪੁਰਖਾਂ ਦੇ ਹੁਕਮਾਂ ਨੂੰ ਮੰਨਦੇ ਹੋਏ ਸਰਕਾਰ ਨਾਲ ਬਗਲਗੀਰ ਵੀ ਹੋ ਗਏ। ਟਕਸਾਲ ਦੇ ਨਾਮ ਹੇਠ ਖਾਲਿਸਤਾਨ ਦੀਆਂ ਇਹ ਸਾਰੀਆਂ ਧਿਰਾਂ ਆਪਣੇ ਕਬਜੇ ਹੇਠ ਕਿਸੇ ਵੀ ਗੁਰਦੁਆਰੇ ਵਿਚ ਪੰਥਕ ਰਹਿਤ ਮਰਿਯਾਦਾ ਨੂੰ ਭੰਗ ਕਰਕੇ ਆਪਣੇ ਡੇਰੇ ਦੀ ਮਰਿਯਾਦਾ ਨੂੰ ਲਾਗੂ ਕਰਕੇ ਉਹਨਾ ਸਿੱਖ ਪ੍ਰਚਾਰਕਾਂ ਤੇ ਗੁਰਦੁਆਰੇ ਵਿਚ ਵੜਨ ਤੇ ਵੀ ਬੰਦਸ਼ਾਂ ਲਾ ਦਿੰਦੇ ਹਨ ਜੋ ਤੱਤ ਗੁਰਮਤ ਅਸੂਲਾਂ ਦੇ ਪ੍ਰਚਾਰਕ ਹਨ। ਫਰਕ ਸਿਰਫ ਏਨਾ ਹੈ ਕਿ ਜਿਥੇ ਭਾਰਤੀ ਕੌਸਲੇਟਾਂ ਖਿਲਾਫ ਇਹਨਾ ਖਾਲਿਸਤਾਨੀਆਂ ਦੀ ਬਿਆਨਬਾਜੀ ਮਹਿਜ ਫੋਕੀ ਅਤੇ ਹਾਸੋਹੀਣੀ ਹੈ ਉਥੇ ਸਿੱਖ ਸਿਧਾਂਤਾਂ ਤੇ ਬੋਲਣ ਵਾਲੇ ਪ੍ਰਚਾਰਕਾਂ ਨੂੰ ਗੁਰਦਿਆਰਿਆਂ ਵਿਚੋਂ ਬੇਦਖਲ ਕਰਨ ਲਈ ਵੀ ਇਹ ਮਰਨ ਮਾਰਨ ਤਕ ਜਾਂਦੇ ਹਨ।

ਇੱਕ ਗੱਲ ਸਮਝ ਲੈਣੀ ਜਰੂਰੀ ਹੈ ਕਿ ਸਿੱਖ ਪੰਥ ਵਿਚ ਜਦੋਂ ਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਰਹੇਗੀ ਅਤੇ ਜਦੋਂ ਤਕ ਪੰਥਕ ਰਹਿਤ ਮਰਿਯਾਦਾ ਦਾ ਪਹਿਰਾ ਰਹੇਗਾ ਉਦੋਂ ਤਕ ਭਾਰਤੀ ਸਟੇਟ ਅਤੇ ਭਗਵੀਆਂ ਫੋਰਸਾਂ ਕਦੀ ਵੀ ਸਿੱਖਾਂ ਤੇ ਹਾਵੀ ਨਹੀਂ ਹੋ ਸਕਣਗੀਆਂ। ਸਰਕਾਰ ਅਤੇ ਭਗਵੇਂ ਹੁਣ ਕੇਵਲ ਇੱਕੋ ਗੱਲ ਤੇ ਸਾਰੀ ਤਾਕਤ ਝੋਕ ਰਹੇ ਹਨ ਕਿ ਸਿੱਖ ਪੰਥ ਵਿਚ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਬਾਰੇ ਦੁਬਿਧਾ ਪਾ ਦਿੱਤੀ ਜਾਵੇ ਅਤੇ ਬੜੇ ਲੰਮੇ ਸੰਘਰਸ਼ ਮਗਰੋਂ ਲਾਗੂ ਕੀਤੀ ਸਿੱਖ ਰਹਿਤ ਮਰਿਯਾਦਾ ਨੂੰ ਤਹਿਸ ਨਹਿਸ ਕਰ ਦਿਤਾ ਜਾਵੇ। ਸਿੱਖ ਰਹਿਤ ਮਰਿਯਾਦਾ ਦਾ ਵਿਰੋਧ ਕਰਨ ਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਦੀ ਗੁਰਿਆਈ ਪ੍ਰਤੀ ਦੁਬਿਧਾ ਪੈਦਾ ਕਰਨ ਵਾਲੇ ਲੋਕ ਖਾਲਿਸਤਾਨੀ ਨਹੀਂ ਸਗੋਂ ਖਾਲਿਸਤਾਨ ਦੇ ਦੁਸ਼ਮਣ ਹਨ।

ਸਿੱਖ ਪੰਥ ਦੇ ਗੁਰਦੁਆਰਿਆਂ ਵਿਚ ਸਰਕਾਰ ਨੇ ਜਾਂ ਸਿੱਖ ਵਿਰੋਧੀ ਸ਼ਕਤੀਆਂ ਨੇ ਸਿੱਧੇ ਤੌਰ ਤੇ ਕਦੀ ਵੀ ਸ਼ਮੂਲੀਅਤ ਨਹੀਂ ਕਰਨੀ ਸਗੋਂ ਉਸੇ ਤਰਜ ਤੇ ਕਰਨੀ ਹੈ ਜਿਵੇਂ ਕਦੀ ਅੰਗ੍ਰੇਜ਼ ਨੇ ਆਪਣੇ ਟੋਡੀ ਮਹੰਤਾਂ ਰਾਹੀਂ ਕੀਤੀ ਸੀ। ਪੰਜਾਬ ਵਿਚ ਸਰਕਾਰ ਅਤੇ ਸਿੱਖ ਵਿਰੋਧੀ ਇਸ ਕੰਮ ਵਿਚ ਪੂਰਨ ਤੌਰ ਤੇ ਕਾਮਯਾਬ ਹੋ ਚੁੱਕੇ ਹਨ ਅਤੇ ਗੱਲ ਇਸ ਹੱਦ ਤਕ ਵਿਗੜ ਗਈ ਹੈ ਕਿ ਅਗਰ ਕਿਸੇ ਵੀ ਪ੍ਰਮੁਖ ਪੰਥਕ ਸਟੇਜ ਤੇ ਕੋਈ ਸਿੱਖ ਪ੍ਰਚਾਰਕ ਅੱਜ ਇਹ ਕਹਿ ਦੇਵੇ ਕਿ ਸਿੱਖਾਂ ਦੇ ਗੁਰੂ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਹੋਰ ਕੋਈ ਨਹੀਂ ਤਾਂ ਮੁੜਕੇ ਉਸ ਪ੍ਰਚਾਰਕ ਲਈ ਪ੍ਰਮੁਖ ਪੰਥਕ ਸਟੇਜਾਂ ਦੇ ਦਰਵਾਜੇ ਬੰਦ ਹੋ ਜਾਣਗੇ। ਇਸੇ ਤਰਾਂ ਨਾਨਕਸ਼ਾਹੀ ਕੈਲੰਡਰ ਦੇ ਖਿਲਾਫ ਪੰਥ ਵਿਰੋਧੀ ਇਹਨਾ ਆਗੂ ਧਿਰਾਂ ਦਾ ਇਹ ਰਵੱਈਆ ਹੈ ਕਿ ਜੇਕਰ ਪੰਥ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਉਂਦਾ ਹੈ ਤਾਂ ਇਹਨਾ ਦਾ ਜਥੇਦਾਰ ਫਤਵਾ ਦਿੰਦਾ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਜਥੇ ਨਹੀਂ ਜਾਣ ਦੇਵੇਗੀ।

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਿੱਖ ਸੰਗਤਾਂ ਅੱਜ ਦੋਹਰੇ ਸੰਕਟ ਵਿਚ ਹਨ। ਇੱਕ ਪਾਸੇ ਸਰਕਾਰ ਅਤੇ ਆਰ ਐਸ ਐਸ ਵਰਗੀਆਂ ਸਿੱਖ ਵਿਰੋਧੀ ਧਿਰਾਂ ਹਨ ਅਤੇ ਦੂਜੇ ਪਾਸੇ ਖਾਲਸਿਤਾਨੀ ਆਗੂ ਹਨ ਜੋ ਨਾਅਰੇ ਤਾਂ ਅਜਾਦੀ ਦੇ ਲਾਉਂਦੇ ਹਨ ਪਰ ਉਹਨਾ ਦੇ ਧਾਰਮਕ ਅਮਲ ਅਤੇ ਝੁਕਾਅ ਸਿੱਖ ਧਰਮ ਦੇ ਰੂਹਾਨੀ ਵਹਾ ਤੇ ਸੱਟ ਮਾਰਨ ਵਾਲੇ ਹਨ। ਸਾਮ, ਦਾਮ, ਦੰਡ ਅਤੇ ਭੇਦ ਦੇ ਹਥਿਆਰ ਵਰਤਣ ਵਾਲੇ ਭਗਵਿਆਂ ਨੇ ਅੱਜ ਸਿੱਖ ਸਮਾਜ ਨੂੰ ਭਰਾ ਮਾਰੂ ਜੰਗ ਦਾ ਸ਼ਿਕਾਰ ਬਣਾ ਦਿੱਤਾ ਹੈ। ਸਿੱਖਾਂ ਦੀ ਸਿਆਸੀ ਜਮਾਤ ਦੀ ਭਗਵਿਆਂ ਨਾਲ ਸਾਂਝੀਦਾਰੀ ਹੈ ਅਤੇ ਸਿੱਖਾਂ ਦੀ ਪ੍ਰਮੁਖ ਧਾਰਮਕ ਧਿਰ ਦਮਦਮੀ ਟਕਸਾਲ ਦੀ ਬਾਦਲਾਂ ਨਾਲ ਭਾਈਵਾਲੀ ਹੈ। ਕੁਲ ਮਿਲਾ ਕੇ ਇਹ ਹਾਵੀ ਧਿਰਾਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਪੰਥਕ ਸਿੱਖਾਂ ਨਾਲ ਟਕਰਾਓ ਵਿਚ ਹਨ। ਅਸਲ ਮੁੱਦਾ ਸਿੱਖ ਪੰਥ ਨੂੰ ਇਸ ਭਰਾ ਮਾਰੂ ਵਿਰੋਧ ਵਿਚੋਂ ਕੱਢ ਕੇ ਸੁਹਿਰਦ ਸਿੱਖ ਲੀਡਰਸ਼ਿਪ ਦੀ ਬਹਾਲੀ ਕਰਨਾ ਹੈ। ਇਸ ਮੁਹਿੰਮ ਵਿਚ ਜਿਥੇ ਪੰਜਾਬ ਵਿਚ ਅਖੌਤੀ ਸੰਤ ਸਮਾਜ ਦੀ ਸਫਾਈ ਕਰਨਾ ਹੈ ਉਥੇ ਪ੍ਰਦੇਸਾਂ ਵਿਚ ਉਹਨਾ ਦੀ ਪੈੜ ਦੱਬ ਰਹੀਆਂ ਸਿੱਖ ਸੂਰਤਾਂ ਨੂੰ ਲੀਡਰਸ਼ਿਪ ਤੋਂ ਲਾਂਹਬੇ ਕਰਕੇ ਉਹਨਾ ਦੇ ਕਬਜੇ ਹੇਠੋਂ ਗੁਰਦੁਆਰੇ ਅਜਾਦ ਕਰਵਾਉਣੇ ਜਰੂਰੀ ਹਨ

ਜੇਕਰ ਸਿੱਖ ਸਮੂਹ ਅਤੇ ਭਾਰਤੀ ਅੰਬੈਸੀਆਂ ਦੇ ਰਿਸ਼ਤੇ ਦੀ ਗੱਲ ਕਰਨੀ ਹੋਵੇ ਤਾਂ ਇਸ ਦੀ ਕੁੰਜੀ ਲੰਮਾ ਸਮਾਂ ਓਵਰਸੀਜ ਕਾਂਗਰਸੀਆਂ ਕੋਲ ਰਹੀ ਹੈ ਅਤੇ ਹੁਣ ਵੀ ਹੈ। ਹਿੰਦੋਸਤਾਨੀ ਅਤੇ ਖਾਲਿਸਤਾਨੀ ਆਪਣੇ ਲੋਕਲ ਕਾਂਗਰਸੀ ਆਗੂਆਂ ਰਾਹੀਂ ਅੰਬੈਸੀ ਨਾਲ ਸਬੰਧਤ ਆਪਣੇ ਸਭ ਮਸਲੇ ਹੱਲ ਕਰਦੇ ਰਹੇ ਹਨ ਕਿਓਂਕਿ ਭਾਰਤੀ ਅੰਬੈਸੀਆਂ ਦਾ ਕੰਮ ਕਾਰ ਕਰਨ ਦਾ ਤਰੀਕਾ ਦੇਸੀ ਕਿਸਮ ਦਾ ਹੈ। ਭਾਰਤੀ ਅੰਬੈਸੀਆਂ ਦੇ ਕਾਰ ਵਿਹਾਰ ਵਿਚ ਕੁਸ਼ਲਤਾ ਵਿਚ ਦਿਆਨਤਦਾਰੀ ਦੀ ਕਮੀ ਰਹੀ ਹੈ। ਹਾਲੇ ਵੀ ਸਿੱਕੇ ਬੰਦ ਕਾਂਗਰਸੀਆਂ ਦੀ ਇਹਨਾ ਅੰਬੈਸੀਆਂ ਵਿਚ ਚਲਦੀ ਹੈ। ਭਾਰਤੀ ਅੰਬੈਸੀ ਨੇ ਜੇਕਰ ਕਿਸੇ ਖਾਲਿਸਤਾਨੀ ਤੇ ਡੋਰੇ ਪਾਉਣੇ ਹੋਣ ਤਾਂ ਉਹਨਾ ਨੂੰ ਗੁਰਦੁਆਰੇ ਜਾਣ ਦੀ ਲੋੜ ਨਹੀਂ, ਸਬੰਧਤ ਧਿਰਾਂ ਖੁਦ ਦੀ ਉਹਨਾ ਕੋਲ ਪਹੁੰਚ ਜਾਂਦੀਆਂ ਹਨ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਘੱਟੋ ਘੱਟ ਯੂ ਕੇ ਦੇ ਸਬੰਧ ਵਿਚ ਅਸੀ ਇਹ ਗੱਲ ਕਹਿ ਸਕਦੇ ਹਾਂ ਕਿ ਸਿੱਖ ਗੁਰਦੁਆਰਿਆਂ ਵਿਚੋਂ ਭਾਰਤੀ ਅੰਬੈਸੀਆਂ ਦੀ ਬੇਦਖਲੀ ਮਹਿਜ ਇੱਕ ਡਰਾਮੇਬਾਜੀ ਹੈ।

99.9 % ਖਾਲਸਿਤਾਨੀਆਂ ਦੇ ਪੰਜਾਬ ਵਿਚ ਹਿੱਤ ਹਨ ਅਤੇ ਕੁਝ ਇੱਕ ਨੂੰ ਛੱਡ ਕੇ ਬਹੁਤਿਆਂ ਨੇ ਦੇਰ ਪਹਿਲਾਂ ਮੁਲਕ ਆਉਣਾ ਜਾਣਾ ਕਰ ਲਿਆ ਸੀ। ਅਨੇਕਾਂ ਖਾਲਿਸਤਾਨੀ ਦੋਹਰਾ ਕਿਰਦਾਰ ਨਿਭਾ ਰਹੇ ਹਨ। ਸਟੇਜਾਂ ਤੇ ਜਜ਼ਬਾਤੀ ਹੋ ਕੇ ਉਹ ਸਰਕਾਰ ਖਿਲਾਫ ਮਨ ਦੀ ਭੜਾਸ ਵੀ ਕੱਢ ਲੈਂਦੇ ਹਨ ਅਤੇ ਫਿਰ ਮੌਕਾ ਪੈਣ ਤੇ ਦਸਤਾਰ ਦਾ ਰੰਗ ਵੀ ਬਦਲ ਲੈਂਦੇ ਹਨ। ਅਕਾਲੀਆਂ ਅਤੇ ਕਾਂਗਰਸੀਆਂ ਦੇ ਮੁਕਾਬਲੇ ਖਾਲਿਸਤਾਨੀ ਆਗੂਆਂ ਦੀ ਜਨਤਕ ਛਵੀ ਭੰਬਲਭੂਸੇ ਵਾਲੀ ਹੈ। ਜਿਹੜੇ ਸਿੱਕੇ ਬੰਦ ਖਾਲਿਸਤਾਨੀ ਸਾਰੀ ਗੱਲ ਸਮਝਦੇ ਹਨ ਅਤੇ ਪੰਥਕ ਹਿੱਤਾਂ ਨੂੰ ਸਮਰਪਿਤ ਹਨ ੳਹ ਬੇਹੱਦ ਮਜਬੂਰ ਅਤੇ ਦੁਖੀ ਹਨ। ਦੋਗਲੇ ਆਗੂਆਂ ਦੇ ਉਹ ਖਿਲਾਫ ਵੀ ਨਹੀਂ ਜਾ ਸਕਦੇ ਨਾ ਹੀ ਉਹ ਕਿਸੇ ਚੱਜ ੳਹਨਾ ਦੇ ਨਾਲ ਟੁਰ ਸਕਦੇ ਹਨ। ਇੱਕ ਡੰਗ ਟਪਾਈ ਦਾ ਮਹੌਲ ਹੈ ਜੋ ਕੁਲ ਮਿਲਾ ਕੇ ਸਾਲ ਵਿਚ ਜੂਨ ਦੇ ਵੱਡੇ ਮੁਜਾਹਰੇ ਅਤੇ ਇੱਕ ਦੋ ਛੋਟੇ ਮੁਜਾਹਰਿਆਂ ਦੀ ਮੂੰਹ ਦਿਖਾਈ ਤਕ ਸੀਮਤ ਹੋ ਗਿਆ ਹੈ

ਸਿੱਖ ਸਮਾਜ ਨੂੰ ਅੱਜ ਫੌਰੀ ਲੋੜ ਹੈ ਪੰਥਕ ਰਹਿਤ ਮਰਿਯਾਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਪਹਿਰਾ ਦੇਣ ਵਾਲੇ ਪੰਥਕ ਆਗੂਆਂ ਦੀ ਚੋਣ ਕੀਤੀ ਜਾਵੇ ਅਤੇ ਗੁਰਦੁਆਰਿਆਂ ਵਿਚੋਂ ਸਿੱਖ ਰਹਿਤ ਮਰਿਯਾਦਾ ਵਿਰੋਧੀ ਅਨਸਰਾਂ ਨੂੰ ਕੱਢ ਕੇ ਮਰਿਯਾਦਾ ਮੁੜ ਲਾਗੀ ਕੀਤੀ ਜਾਵੇ ਜਿਥੇ ਪੰਥ ਦੇ ਹਰ ਪ੍ਰਚਾਰਕ ਨੂੰ ਪ੍ਰਚਾਰ ਕਰਨ ਦੀ ਖੁਲ੍ਹ ਹੋਵੇ।  ਕੇਵਲ ਅਤੇ ਕੇਵਲ ਪੰਥਕ ਪ੍ਰਤੀਬੱਧਤਾ ਵਾਲੇ ਆਗੂ ਹੀ ਸਿੱਖ ਰਣਨੀਤੀ ਨੂੰ ਸਹੀ ਦਿਸ਼ਾ ਵਲ ਟੋਰ ਸਕਦੇ ਹਨ ਵਰਨਾ ਦੋਗਲੇ ਕਿਰਦਾਰ ਵਾਲੇ ਲੋਕ ਸਿੱਖ ਭਾਈਚਾਰੇ ਨੂੰ ਉਕਸਾ ਕੇ ਮਜਾਕ ਦਾ ਕਾਰਨ ਬਣਦੇ ਰਹਿਣਗੇ।

ਲੇਖਕ: ਕੁਲਵੰਤ ਸਿੰਘ &lsquoਢੇਸੀ&rsquo