image caption:

ਬਲਾਤਕਾਰ ਪੀੜਤਾ ਦੀ ਜਾਂਚ ਦੇ ਨਾਂ 'ਤੇ ਹੋਣ ਵਾਲੇ 'ਰੇਪ' 'ਤੇ ਲਾਈ ਰੋਕ

ਢਾਕਾ: ਬੰਗਲਾਦੇਸ਼ ਦੀ ਇੱਕ ਹਾਈਕੋਰਟ ਨੇ ਪੀੜਤਾ ਦੇ ਬਲਾਤਕਾਰ ਦੀ ਪੁਸ਼ਟੀ ਲਈ ਕੀਤੇ ਜਾਣ ਵਾਲੇ ਦੋ ਉਂਗਲੀ ਪ੍ਰੀਖਣ (ਟੂ ਫਿੰਗਰ ਟੈਸਟ) &lsquoਤੇ ਰੋਕ ਲਾ ਦਿੱਤੀ ਹੈ। ਇਹ ਟੈਸਟ ਕਾਫੀ ਅਪਮਾਨਜਨਕ ਹੈ ਤੇ ਇਸ ਨੂੰ ਬਲਾਤਕਾਰ ਪੀੜਤਾ ਦਾ ਇੱਕ ਵਾਰ ਫਿਰ ਤੋਂ ਬਲਾਤਕਾਰ ਕੀਤੇ ਜਾਣ ਦੇ ਬਰਾਬਰ ਸਮਝਿਆ ਜਾਂਦਾ ਹੈ।

ਬੰਗਲਾਦੇਸ਼ ਦੀ ਅਦਾਲਤ ਨੇ ਕਿਹਾ ਕਿ ਇਸ ਟੈਸਟ ਦਾ ਕੋਈ ਵਿਗਿਆਨਕ ਤੇ ਕਾਨੂੰਨੀ ਆਧਾਰ ਨਹੀਂ ਹੈ ਇਸ ਲਈ ਇਸ ਨੂੰ ਬੰਦ ਕੀਤਾ ਜਾਂਦਾ ਹੈ। ਇੱਕ ਪੰਜ ਸਾਲ ਪੁਰਾਣੀ ਪਟੀਸ਼ਨ &lsquoਤੇ ਹੁਕਮ ਦਿੰਦਿਆਂ ਹੋਏ ਅਦਾਲਤ ਨੇ ਇਹ ਵਿਵਸਥਾ ਕੀਤੀ ਹੈ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਵਕੀਲ ਬਲਾਤਕਾਰ ਪੀੜਤਾ ਤੋਂ ਅਜਿਹੇ ਸਵਾਲ ਨਹੀਂ ਪੁੱਛ ਸਕਦਾ ਕਿ ਉਸ ਦੇ ਸਵੈਮਾਣ ਨੂੰ ਸੱਟ ਵੱਜੇ। ਅਦਾਲਤ ਨੇ ਅਧਿਕਾਰੀਆਂ ਨੂੰ ਸਿਹਤ ਦੇਖਭਾਲ ਦੇ ਪ੍ਰੋਟੋਕੌਲ ਦਾ ਵੀ ਸਖ਼ਤੀ ਨਾਲ ਪਾਲਣ ਕਰਨ ਦੇ ਹੁਕਮ ਦਿੱਤੇ ਹਨ।

ਜਸਟਿਸ ਗੋਬਿੰਦਰ ਚੰਦਰ ਟੈਗੋਰ ਤੇ ਏ.ਕੇ.ਐਮ. ਸ਼ਾਹਿਦ ਉਲ ਹਕ ਦੀ ਦੋ ਮੈਂਬਰੀ ਬੈਂਚ ਨੇ ਸਰਕਾਰ ਨੂੰ ਸਰਕੂਲਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਤਾਂ ਕਿ ਹੇਠਲੀਆਂ ਅਦਾਲਤਾਂ ਦੇ ਜੱਜਾਂ ਤੇ ਬਲਾਤਕਾਰ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੇ ਅਧਿਕਾਰੀ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ।

ਮਨੁੱਖੀ ਅਧਿਕਾਰ ਕਾਰਕੁੰਨ ਲੰਮੇ ਸਮੇਂ ਤੋਂ ਕਹਿ ਰਹੇ ਸਨ ਕਿ ਦੋ ਉਂਗਲੀ ਪ੍ਰੀਖਣ ਬੇਲੋੜਾ ਹੈ ਤੇ ਇਹ ਪੀੜਤਾ ਦਾ ਦੂਜਾ ਵਾਰ ਰੇਪ ਕਰਨ ਦੇ ਬਰਾਬਰ ਹੈ। ਬੰਗਲਾਦੇਸ਼ ਲੀਗਲ ਐਡ ਐਂਡ ਸਰਵਿਸਿਜ਼ ਟਰੱਸਟ ਨੇ 2013 ਵਿੱਚ ਇਸ ਟੈਸਟ ਨੂੰ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ ਸੀ।