image caption: ਲੇਖਕ - ਨਿਰਮਲ ਸਿੰਘ ਕੰਧਾਲਵੀ

ਚੁੰਝਾਂ-ਪੌਂਹਚੇ - ਨਿਰਮਲ ਸਿੰਘ ਕੰਧਾਲਵੀ

ਪਟਿਆਲਾ 'ਚ ਸੂਬਾ ਪੱਧਰੀ ਲਾਇਬ੍ਰੇਰੀ ਦੇ ਦੋ ਅਹਿਮ ਸੈਕਸ਼ਨ ਹੋਏ ਬੰਦ- ਇਕ ਖ਼ਬਰ
ਬਈ ਜਦ ਪੈਰ ਪੈਰ 'ਤੇ ਸਰਕਾਰ ਨੇ ਠੇਕੇ ਖੋਲ੍ਹੇ ਹੋਏ ਐ ਲਾਇਬ੍ਰੇਰੀਆਂ ਦਾ ਕੀ ਕੰਮ!

ਕਾਂਗਰਸ ਨੂੰ ਬਹੁਮੱਤ ਮਿਲਿਆ ਤਾਂ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਾਂ- ਰਾਹੁਲ ਗਾਂਧੀ
ਨੰਗ ਭੁੱਖ ਦੀ ਕੋਈ ਪਰਵਾਹ ਨਾਹੀਂ, ਹੁਕਮ ਹੋਵੇ ਤਾਂ ਦੇਗਾਂ ਨੂੰ ਚੱਟੀਏ ਜੀ।

ਮੋਦੀ ਸਿਰ ਕਾਂਗਰਸ-ਮੁਕਤ ਭਾਰਤ ਦਾ ਭੂਤ ਸਵਾਰ- ਸੋਨੀਆ ਗਾਂਧੀ
ਵੈਰੀ ਤੇਰੇ ਐਬ ਬੰਦਿਆ, ਹੁੰਦਾ ਰੱਬ ਨਹੀਂ ਕਿਸੇ ਦਾ ਵੈਰੀ।

ਸੰਗਤਾਂ ਨੂੰ ਦੁਬਿਧਾ 'ਚ ਨਾ ਪਾਉਣ ਪ੍ਰਚਾਰਕ- ਜਥੇਦਾਰ
ਆਪਣਾ ਇਕ ਕੰਮ ਗਿਣਾ ਦੇ ਸੰਗਤਾਂ ਨੂੰ ਦੁਬਿਧਾ 'ਚੋਂ ਕੱਢਣ ਵਾਲ਼ਾ।

ਅਦਾਲਤ ਤੋਂ ਸੁਰੱਖਿਆ ਮੰਗਣ ਆਇਆ ਇੰਸਪੈਕਟਰ ਬਾਜਵਾ ਗ੍ਰਿਫ਼ਤਾਰ- ਇਕ ਖ਼ਬਰ
ਗਏ ਬਖ਼ਸ਼ਾਉਣ ਨਮਾਜ਼ਾਂ ਨੂੰ, ਗਲ਼ ਪੈ ਗਏ ਰੋਜ਼ੇ।

ਚੋਣਾਂ ਜਿੱਤਣ ਲਈ ਈ.ਵੀ.ਐੱਮ. ਮਸ਼ੀਨਾਂ 'ਚ ਹੇਰਾ ਫੇਰੀ ਕਰ ਰਹੀ ਹੈ ਭਾਜਪਾ- ਸ਼ਿਵ ਸੈਨਾ
ਕੋਈ ਊਠਾਂ ਵਾਲ਼ੇ ਨੀਂ, ਲੁੱਟ ਕੇ ਸੇਜ ਸੱਸੀ ਦੀ ਲੈ ਗਏ।

ਮੋਦੀ ਨੂੰ ਮੇਰੇ ਅੰਦਰ 'ਖ਼ਤਰਾ' ਦਿਸਦਾ ਹੈ- ਰਾਹੁਲ ਗਾਂਧੀ
ਤੈਂ ਕੀ ਸ਼ੇਰ ਮਾਰਨਾ, ਤੇਰੇ ਪਿਉ ਨੇ ਬਿੱਲੀ ਨਾ ਮਾਰੀ।

ਮਨਪ੍ਰੀਤ ਬਾਦਲ ਵਲੋਂ ਭਾਬੀ ਹਰਸਿਮਰਤ ਨੂੰ ਕੁਰਸੀ ਛੱਡਣ ਦੀ ਸਲਾਹ- ਇਕ ਖ਼ਬਰ
ਭਾਬੀਏ ਨੀ ਭਾਬੀਏ ਨੀ ਸੁਣ ਭਾਬੀਏ, ਛੁਡਾ ਭਾਜਪਾ ਤੋਂ ਨੀ ਖਹਿੜਾ ਭਾਬੀਏ।

ਹਨੀਪ੍ਰੀਤ ਜੇਹਲ 'ਚ ਹੋਰ ਕੈਦੀਆਂ ਤੇ ਸਟਾਫ਼ ਨਾਲ਼ ਬਹੁਤਾ ਘੁਲ਼ਦੀ ਮਿਲਦੀ ਨਹੀਂ- ਇਕ ਖ਼ਬਰ
ਨਰਮ ਸਰੀਰਾਂ ਨੂੰ ਪੈ ਗਏ ਮਾਮਲੇ ਭਾਰੀ।

ਸ਼ੀ ਜਿਨਪਿੰਗ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਨੇਤਾ, ਮੋਦੀ ੯ਵੇਂ ਨੰਬਰ 'ਤੇ।
ਬਹੁਤ ਬੇਇਨਸਾਫ਼ੀ ਹੈ।ਛਪੰਜਾ ਇੰਚੀ ਛਾਤੀ ਵਾਲ਼ਾ ਪਹਿਲੇ ਨੰਬਰ 'ਤੇ ਹੋਣਾ ਚਾਹੀਦਾ ਬਈ।

ਟਰੰਪ ਨੇ ਈਰਾਨ ਨਾਲ਼ ਪ੍ਰਮਾਣੂੰ ਸਮਝੌਤਾ ਤੋੜਿਆ- ਇਕ ਖ਼ਬਰ
ਪੈਰ 'ਤੇ ਮੁੱਕਰ ਗਿਆ, ਪੀ ਕੇ ਦੋ ਘੁੱਟ ਦਾਰੂ।

ਜ਼ਮੀਨ ਦੇ ਠੇਕੇ ਦੀ ਵੰਡ ਨੂੰ ਲੈ ਕੇ ਭੈਣ ਨੇ ਭਰਾ ਦੇ ਸਿਰ 'ਚ ਡਾਂਗ ਮਾਰ ਕੇ ਕੀਤਾ ਕਤਲ- ਇਕ ਖ਼ਬਰ
ਚੰਦਰੇ ਪੈਸੇ ਨੇ, ਲਹੂਆਂ ਵਿਚ ਪਾ 'ਤੇ ਪਾਣੀ।

ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਇਆ ਸਿੱਖ ਇਤਿਹਾਸ ਦਾ ਘਾਣ- ਇਕ ਖ਼ਬਰ
ਸੱਯਾਦ ਨੇ ਜਬ ਆਗ ਦੀ ਆਸ਼ਿਆਨੇ ਕੋ ਮੇਰੇ, ਤਕੀਆ ਜਿਨ ਪੱਤੋਂ ਪੇ ਥਾ ਵਹੀ ਹਵਾ ਦੇਨੇ ਲਗੇ।

ਖਹਿਰਾ ਵਲੋਂ ਸ਼ਾਹਕੋਟ ਚੋਣ ਵਿਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਵਿਰੁੱਧ ਚਿਤਾਵਨੀ- ਇਕ ਖ਼ਬਰ
ਰੋਟੀ ਲੈ ਕੇ ਦਿਓਰ ਦੀ ਚੱਲੀ, ਅੱਗੇ ਜੇਠ ਬੱਕਰਾ ਹਲ਼ ਵਾਹਵੇ।

ਪੁਲਿਸ 'ਤੇ ਜੇਬ ਕਤਰੇ ਨੂੰ ਬਿਨਾਂ ਕਾਰਵਾਈ ਛੱਡਣ ਦੇ ਦੋਸ਼-ਇਕ ਖ਼ਬਰ
ਬਈ ਜੇਬ ਕਤਰਾ ਜੇਬਾਂ ਕੱਟ ਕੇ ਹੀ ਹਿੱਸਾ-ਪੱਤੀ ਦੇਵੇਗਾ।

ਲੇਖਕ - ਨਿਰਮਲ ਸਿੰਘ ਕੰਧਾਲਵੀ