image caption:

ਲਾੜੀ ਨੂੰ ਛੱਡ ਕੇ ਵਿਦੇਸ਼ ਭੱਜਣ ਵਾਲੇ ਐਨਆਰਆਈ ਦਾ ਪਾਸਪੋਰਟ ਹੋਵੇਗਾ ਰੱਦ

ਚੰਡੀਗੜ੍ਹ-  ਹੁਣ ਉਨ੍ਹਾਂ ਅੱੈਨਆਰਆਈ ਲਾੜਿਆਂ ਦੀ ਖੈਰ ਨਹੀਂ ਜਿਹੜੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਆਪਣੀ ਲਾੜੀ ਨੂੰ ਛੱਡ ਕੇ ਵਿਦੇਸ਼ ਭੱਜ ਗਏ। ਹੁਣ ਇਸ ਤਰ੍ਹਾਂ ਦੇ ਐੱਨਆਰਆਈ ਲਾੜਿਆਂ ਦਾ ਪਾਸਪੋਰਟ ਰੱਦ ਕੀਤਾ ਜਾਵੇਗਾ। ਰੀਜਨਲ ਪਾਸਪੋਰਟ ਦਫ਼ਤਰ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਇਸ ਤਰ੍ਹਾਂ ਦੇ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਤਿੰਨ ਦਿਨਾਂ ਵਿੱਚ ਸੱਤ ਐੱਨਆਰਆਈਜ਼ ਦੇ ਪਾਸਪੋਰਟ ਰੱਦ ਕੀਤੇ ਜਾ ਚੁੱਕੇ ਹਨ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਇਸ ਤਰ੍ਹਾਂ ਦੇ ਲਾੜਿਆਂ ਦੀ ਗਿਣਤੀ 13 ਹਜ਼ਾਰ ਹੈ। ਜ਼ਿਆਦਾਤਰ ਮਾਮਲੇ ਪੰਜਾਬ ਦੇ ਹਨ। ਮੰਗਲਵਾਰ ਨੂੰ ਰੀਜਨਲ ਪਾਸਪੋਰਟ ਅਧਿਕਾਰੀ (ਆਰਪੀਓ) ਸ਼ਿਬਾਸ ਕਵੀਰਾਜ ਨੇ ਕਿਹਾ ਕਿ ਪਾਸਪੋਰਟ ਦਫ਼ਤਰ ਨੇ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਤੋਂ ਇਸ ਤਰ੍ਹਾਂ ਦੇ ਕੇਸਾਂ ਦਾ ਵੇਰਵਾ ਮੰਗਿਆ ਹੈ ਜਿੱਥੇ ਐੱਨਆਰਆਈ ਲਾੜੇ ਕੁਝ ਹੀ ਸਮੇਂ ਵਿਚ ਲਾੜੀ ਨੂੰ ਛੱਡ ਕੇ ਵਿਦੇਸ਼ ਭੱਜ ਗਏ। ਇਸ ਤਰ੍ਹਾਂ ਦੇ ਸੌ ਕੇਸਾਂ ਦੀ ਸੂਚੀ ਆਰਪੀਓ ਨੇ ਤਿਆਰ ਕਰ ਲਈ ਹੈ। ਚੰਡੀਗੜ੍ਹ ਆਰਪੀਓ ਆਫਿਸ ਕੋਲ ਹਰ ਮਹੀਨੇ ਦਰਜਨਾਂ ਕੇਸ ਪਹੁੰਚ ਰਹੇ ਸਨ। ਸ਼ਿਬਾਸ ਕਵੀਰਾਜ ਦੇ ਮੁਤਾਬਿਕ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਪੀੜਤ ਔਰਤਾਂ ਦੇ ਦਰਦ ਨੂੰ ਦੇਖਦੇ ਹੋਏ ਇਕ ਕੋਰ ਗਰੁੱਪ ਦਾ ਗਠਨ ਕੀਤਾ। ਇਸ ਕੋਰ ਗਰੁੱਪ ਨੂੰ ਹੁਣ ਬਠਿੰਡਾ ਦੀ ਰੂਪਾਲੀ ਗੁਪਤਾ ਅਤੇ ਕੁਰੂਕਸ਼ੇਤਰ ਦੀ ਲੀਨਾ ਲੀਡ ਕਰ ਰਹੀਆਂ ਹਨ। 30 ਸਾਲਾ ਰੂਪਾਲੀ ਗੁਪਤਾ ਦਾ ਵਿਆਹ ਕੈਨੇਡੀਅਨ ਅੱੈਨਆਰਆਈ ਤ੍ਰਿਲੋਚਨ ਗੋਇਲ ਨਾਲ ਹੋਇਆ ਸੀ। ਵਿਆਹ ਦੇ ਦੋ ਮਹੀਨੇ ਬਾਅਦ ਹੀ ਪਤੀ ਉਨ੍ਹਾਂ ਨੂੰ ਛੱਡ ਕੇ ਕੈਨੇਡਾ ਚਲਾ ਗਿਆ। ਹੁਣ ਰੂਪਾਲੀ ਨੇ ਆਪਣੇ ਪਤੀ ਦਾ ਪਾਸਪੋਰਟ ਰੱਦ ਕਰਵਾ ਦਿੱਤਾ ਹੈ। ਪਾਸਪੋਰਟ ਦਫ਼ਤਰ ਮੁਤਾਬਿਕ ਸਿਰਫ਼ ਉਨ੍ਹਾਂ ਮਾਮਲਿਆਂ ਵਿਚ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਜਿੱਥੇ ਪੁਲਿਸ ਕੇਸ ਚੱਲ ਰਹੇ ਹਨ। ਇਸ ਲਈ ਐੱਫਆਈਆਰ ਦੇ ਨਾਲ-ਨਾਲ ਵਾਰੰਟ ਜਾਂ ਫਿਰ ਲੁੱਕਆਊਟ ਨੋਟਿਸ ਦੀ ਕਾਪੀ ਲਗਾਉਣੀ ਪਵੇਗੀ। ਇਸ ਲਈ ਪੀੜਤ ਪੱਖ ਨੂੰ ਵੀ ਪਾਸਪੋਰਟ ਦਫ਼ਤਰ ਵਿਚ ਪਾਸਪੋਰਟ ਰੱਦ ਕਰਨ ਲਈ ਲਿਖਣਾ ਪਵੇਗਾ। ਪਾਸਪੋਰਟ ਦਫ਼ਤਰ ਨੇ ਇਸ ਤਰ੍ਹਾਂ ਦੀਆਂ ਪੀੜਤ ਔਰਤਾਂ ਲਈ ਹੈਲਪਲਾਈਨ ਨੰਬਰ ਵੀ ਲਾਂਚ ਕੀਤਾ ਹੈ। ਪਾਸਪੋਰਟ ਦਫ਼ਤਰ ਵਿਚ ਹੈਲਪਲਾਈਨ ਨੰਬਰ 0172-2971918 'ਤੇ ਇਸ ਤਰ੍ਹਾਂ ਦੀਆਂ ਪੀੜਤ ਔਰਤਾਂ ਨੂੰ ਹੈਲਪ ਮਿਲੇਗੀ। ਉਨ੍ਹਾਂ ਨੂੰ ਹੈਲਪਲਾਈਨ ਹਰ ਤਰ੍ਹਾਂ ਨਾਲ ਗਾਈਡ ਕਰੇਗੀ। ਪਾਸਪੋਰਟ ਦਫ਼ਤਰ ਐੱਨਆਰਆਈ ਲਾੜਿਆਂ ਦਾ ਪਾਸਪੋਰਟ ਰੱਦ ਕਰਨ ਲਈ ਇਸ ਦੀ ਜਾਣਕਾਰੀ ਸਬੰਧਤ ਦੂਤਘਰ ਅਤੇ ਉਨ੍ਹਾਂ ਦੇ ਵਰਕ ਪਲੇਸ ਅਤੇ ਮਾਲਕ ਨੂੰ ਵੀ ਦੇਵੇਗਾ। ਮਾਲਕ ਨੂੰ ਇਸ ਤਰ੍ਹਾਂ ਦੇ ਲਾੜਿਆਂ ਨੂੰ ਨੌਕਰੀ ਤੋਂ ਕੱਢਣ ਅਤੇ ਦੂਤਘਰ ਨੂੰ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਜਾਵੇਗਾ। ਇਸ ਤਰ੍ਹਾਂ ਦੇ ਮਾਮਲੇ ਜਿੱਥੇ ਲਾੜਾ ਗ੍ਰੀਨ ਕਾਰਡ ਹੋਲਡਰ ਹੋਵੇ ਜਾਂ ਉਸ ਦੇ ਕੋਲ ਵਿਦੇਸ਼ੀ ਪਾਸਪੋਰਟ ਹੋਵੇ, ਉਨ੍ਹਾਂ ਨੂੰ ਕਮੇਟੀ ਨਾਲ ਟੇਕਅਪ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਮਹਿਲਾ ਅਤੇ ਬਾਲ ਭਲਾਈ ਮੰਤਰਾਲੇ ਦੇ ਨਾਲ-ਨਾਲ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਪੱਧਰ ਦੇ ਅਫਸਰਾਂ ਦੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਅਜਿਹੇ ਲਾੜਿਆਂ ਦੇ ਵਿਦੇਸ਼ੀ ਪਾਸਪੋਰਟ ਵੀ ਰੱਦ ਕਰਨ ਦੀ ਸਿਫਾਰਸ਼ ਕਰੇਗੀ।