image caption:

ਰੋਹਿਤ ਸ਼ਰਮਾ ਨੇ ਟੀ-20 'ਚ ਲਗਾਇਆ ਤੀਜਾ ਸੈਂਕੜਾ

ਜਲੰਧਰ  : ਭਾਰਤ ਨੇ ਇੰਗਲੈਂਡ ਨੂੰ ਟੀ-20 ਸੀਰੀਜ਼ ਦੇ ਆਖਰੀ ਮੈਚ 'ਚ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਜਿੱਤ ਦੇ ਹੀਰੋ ਰੋਹਿਤ ਸ਼ਰਮਾ ਰਹੇ ਹਨ, ਜਿਸ ਨੇ 100 ਦੌੜਾਂ 'ਚ 11 ਚੌਕੇ ਤੇ 5 ਛੱਕੇ ਲਗਾਏ। ਰੋਹਿਤ ਸ਼ਰਮਾ ਪਹਿਲੇ ਬੱਲੇਬਾਜ਼ ਬਣ ਗਏ ਹਨ ਜਿਸ ਦੇ ਨਾਂ 'ਤੇ ਟੀ-20 ਕ੍ਰਿਕਟ 'ਚ 3 ਸੈਂਕੜੇ ਲਗਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ। ਇਸ ਦੇ ਨਾਲ ਹੀ ਟੀ-20 ਕ੍ਰਿਕਟ 'ਚ 2 ਹਜ਼ਾਰ ਦੌੜਾਂ ਬਣਾਉਣ ਵਾਲੇ 5ਵੇਂ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਦੂਜੇ ਟੀ-20 ਮੈਚ 'ਚ 2 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਰੋਹਿਤ ਸ਼ਰਮਾ ਭਾਵੇਂ 2 ਹਜ਼ਾਰ ਦੌੜਾਂ ਬਣਾਉਣ ਦੀ ਲਿਸਟ 'ਚ ਇਸ ਸਮੇਂ 5ਵੇਂ ਨੰਬਰ 'ਤੇ ਹੈ ਪਰ ਉਸ ਨੇ ਸਭ ਤੋਂ ਘੱਟ ਗੇਂਦਾਂ ਖੇਡ ਕੇ ਦੌੜਾਂ ਬਣਾਉਣ ਦੇ ਮਾਮਲੇ 'ਚ ਦੂਜਾ ਸਥਾਨ ਹਾਸਲ ਕੀਤਾ ਹੈ। ਰੋਹਿਤ ਤੋਂ ਪਹਿਲਾਂ ਵਿਰਾਟ ਕੋਹਲੀ ਨੇ 1467 ਗੇਂਦਾਂ 'ਚ 2 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਰੋਹਿਤ ਹੁਣ ਨਿਊਜ਼ੀਲੈਂਡ ਦੇ ਬ੍ਰੈਂਡਮ ਮੈੱਕੁਲਮ ਦੇ ਨਾਲ 1476 ਗੇਂਦਾਂ 'ਚ 2 ਹਜ਼ਾਰ ਦੌੜਾਂ ਬਣਾਉਣ ਵਾਲੇ ਸੰਯੁਕਤ ਰੂਪ ਨਾਲ ਦੂਜੇ ਬੱਲੇਬਾਜ਼ ਬਣ ਗਏ ਹਨ। ਜ਼ਿਕਰਯੋਗ ਹੈ ਕਿ ਟੀ-20 'ਚ ਹੁਣ ਵੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਦੇ ਨਾਂ 'ਤੇ ਹੈ। ਮਾਰਟਿਨ ਨੇ 75 ਮੈਚਾਂ 'ਚ 34 ਦੀ ਔਸਤ ਨਾਲ 2271 ਦੌੜਾਂ ਬਣਾਈਆਂ ਹਨ। ਇਸ 'ਚ 2 ਸੈਂਕੜੇ ਤੇ 14 ਅਰਧ ਸੈਂਕੜੇ ਵੀ ਸ਼ਾਮਲ ਹਨ। ਮਾਰਟਿਨ ਟੀ-20 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਵਿੰਡੀਜ਼ ਦੇ ਕ੍ਰਿਸ ਗੇਲ ਨਾਲ ਸੰਯੁਕਤ ਤੌਰ 'ਤੇ ਪਹਿਲੇ ਨੰਬਰ 'ਤੇ ਹੈ।