image caption:

ਸਿੱਖ ਕੁੜੀ ਦਾ ਜਬਰੀ ਧਰਮ ਪਰਿਵਰਤਨ ਕਰਾਉਣ ਦੇ ਦੋਸ਼ ਵਿੱਚ ਤਿੰਨ ਗ੍ਰਿਫਤਾਰ

* ਸੋਸ਼ਲ ਮੀਡੀਆ ਉੱਤੇ ਮਾਮਲਾ ਆਉਣ ਪਿੱਛੋਂ ਕਾਨੂੰਨੀ ਕਾਰਵਾਈ
ਸ੍ਰੀਨਗਰ- ਦੱਖਣੀ ਕਸ਼ਮੀਰ ਦੇ ਤਰਾਲ ਵਿੱਚ ਜਬਰਦਸਤੀ ਇਕ ਸਿੱਖ ਕੁੜੀ ਦਾ ਧਰਮ ਪਰਿਵਰਤਨ ਕਰਾਉਣ ਅਤੇ ਇਨਕਾਰ ਤੋਂ ਪਿੱਛੋਂ ਉਸ ਉੱਤੇ ਜਾਨਲੇਵਾ ਹਮਲਾ ਕਰਨ ਦਾ ਮੁੱਦਾ ਭੜਕਿਆ ਵੇਖ ਕੇ ਪੁਲਿਸ ਸਰਗਰਮ ਹੋਈ ਅਤੇ ਧਾਰਾ 307 ਦਾ ਕੇਸ ਦਰਜ ਕਰ ਕੇ ਤਿੰਨ ਸ਼ੱਕੀ ਗ੍ਰਿਫਤਾਰ ਕੀਤੇ ਹਨ। ਇਸਲਾਮਿਕ ਯੂਨੀਵਰਸਿਟੀ ਆਵੰਤੀਪੁਰਾ ਨੇ ਧਰਮ ਪਰਿਵਰਤਨ ਦੇ ਦੋਸ਼ ਰੱਦ ਕਰਦੇ ਹੋਏ ਇਸ ਦੀ ਜਾਂਚ ਦਾ ਦਾਅਵਾ ਕੀਤਾ ਹੈ।
ਵਰਨਣ ਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਵਿੱਚ ਗੰਡੋਪੋਰਾ ਤਰਾਲ ਦੀ ਵਸਨੀਕ ਸਿੱਖ ਕੁੜੀ, ਜੋ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ (ਆਈ ਯੂ ਐੱਸ ਟੀ) ਆਵੰਤੀਪੋਰਾ ਵਿੱਚ ਇਲੈਕਟਰੀਕਲ ਇੰਜੀਨੀਅਰਿੰਗ ਦੀ ਦੂਜੇ ਸਮੈਸਟਰ ਦੀ ਵਿਦਿਆਰਥਣ ਹੈ, ਉੱਤੇ ਦੋ ਜੁਲਾਈ ਸੋਮਵਾਰ ਬਾਈਕ ਉੱਤੇ ਆਏ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ, ਜਿਸ ਵਿੱਚ ਕੁੜੀ ਨੇ ਆਪਣੇ ਆਪ ਨੂੰ ਕਿਸੇ ਤਰ੍ਹਾਂ ਬਚਾਇਆ, ਪਰ ਇਸ ਦੌਰਾਨ ਉਸ ਦੀ ਬਾਂਹ ਉੱਤੇ ਸੱਟਾਂ ਲੱਗ ਗਈਆਂ ਸਨ। ਪੀੜਤਾ ਤੇ ਉਸ ਦੇ ਪਰਿਵਾਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਐੱਸ ਐੱਸ ਪੀ ਆਵੰਤੀਪੋਰਾ ਜ਼ੈਯਦ ਅਹਿਮਦ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਨਹੀਂ ਆਈ, ਵਾਰਦਾਤ ਦਾ ਪਤਾ ਲੱਗਾ ਤਾਂ ਧਾਰਾ 307 ਦਾ ਕੇਸ ਦਰਜ ਕੀਤਾ ਹੈ।
ਇਸ ਸੰਬੰਧ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਵਿੱਚ ਪੀੜਤ ਕੁੜੀ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਯੂਨੀਵਰਸਿਟੀ ਵਿੱਚ ਉਸ ਦੀਆਂ ਸਹੇਲੀਆਂ ਅਤੇ ਹੋਰ ਸਾਥੀ ਲਗਾਤਾਰ ਪਰੇਸ਼ਾਨ ਕਰਦੇ ਸਨ। ਮਈ ਵਿੱਚ ਜਦੋਂ ਰਮਜ਼ਾਨ ਸ਼ੁਰੂ ਹੋਇਆ ਤਾਂ ਉਨ੍ਹਾਂ ਨੇ ਧਰਮ ਪਰਿਵਰਤਨ ਲਈ ਉਸ ਉੱਤੇ ਪਹਿਲਾਂ ਤੋਂ ਵੱਧ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਉਹ ਉਸ ਨੂੰ ਆਪਣੇ ਨਾਲ ਨਮਾਜ਼ ਪੜ੍ਹਨ, ਰੋਜ਼ਾ ਰੱਖਣ, ਸਿਰ ਢੱਕਣ ਅਤੇ ਉਨ੍ਹਾਂ ਵੱਲੋਂ ਲਿਆਂਦਾ ਚਿਕਨ ਖਾਣ ਨੂੰ ਕਹਿੰਦੇ ਸਨ। ਪੀੜਤਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲੀ, ਪ੍ਰੰਤੂ ਉਨ੍ਹਾਂ ਕਾਰਵਾਈ ਨਹੀਂ ਕੀਤੀ ਤੇ ਮੈਨੂੰ ਲਗਾਤਾਰ ਤੰਗ ਕੀਤਾ ਜਾਂਦਾ ਰਿਹਾ। ਸੋਮਵਾਰ ਸਵੇਰੇ ਜਦੋਂ ਮੈਂ ਯੂਨੀਵਰਸਿਟੀ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਅਚਾਨਕ ਕੁਝ ਲੜਕੇ ਸੜਕ ਉੱਤੇ ਆਏ ਤੇ ਮੇਰੇ ਉੱਤੇ ਹਮਲਾ ਕਰ ਦਿੱਤਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੁਸ਼ਤਾਕ ਅਹਿਮਦ ਸਿੱਦੀਕੀ ਨੇ ਪੀੜਤਾ ਵੱਲੋਂ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਦੀ ਜਾਂਚ ਲਈ ਕਮੇਟੀ ਬਣਾਈ ਸੀ। ਜਾਂਚ ਕਮੇਟੀ ਨੇ ਜਦੋਂ ਉਸ ਦੇ ਸਾਥੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਹਾਸਾ ਮਜ਼ਾਕ ਕਰਦੇ ਸਨ। ਪੀੜਤਾ ਦੇ ਪਿਤਾ ਦੀ ਬੇਨਤੀ ਉੱਤੇ ਅਸੀਂ ਉਸ ਦੇ ਪਿੰਡ ਤਕ ਬੱਸ ਸੇਵਾ ਵੀ ਪੇਸ਼ ਕਰਾਈ ਸੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਪ੍ਰੋ. ਜੋਗਿੰਦਰ ਸਿੰਘ ਸ਼ਾਨ ਦੀ ਅਗਵਾਈ ਵਿੱਚ ਆ ਕੇ ਦੋ ਵਾਰ ਯੂਨੀਵਰਸਿਟੀ ਰਜਿਸਟਰਾਰ ਨੂੰ ਮਿਲਿਆ ਤਾਂ ਉਨ੍ਹਾਂ ਨੇ ਇਸ ਕੇਸ ਨੂੰ ਸਰਬ ਸੰਮਤੀ ਤੇ ਸਦਭਾਵਨਾ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ। ਕਸ਼ਮੀਰ ਵਿੱਚ ਸਰਗਰਮ ਸਿੱਖ ਸੰਗਠਨ ਪਹਿਲਾਂ ਇਸ ਕੇਸ ਬਾਰੇ ਪੂਰੀ ਤਰ੍ਹਾਂ ਸ਼ਾਂਤ ਸਨ, ਮੁੱਦਾ ਸੋਸ਼ਲ ਮੀਡੀਆ ਵਿੱਚ ਆਉਣ ਪਿੱਛੋਂ ਸਾਹਮਣੇ ਆਏ ਹਨ। ਕਸ਼ਮੀਰ ਵਿੱਚ ਸਿੱਖਾਂ ਦੇ ਹਿੱਤਾਂ ਲਈ ਲੜਨ ਦਾ ਦਾਅਵਾ ਕਰਨ ਵਾਲੀ ਆਲ ਇੰਡੀਆ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਕਸ਼ਮੀਰ ਦੇ ਵੱਖਵਾਦੀਆਂ ਨੂੰ ਇਹ ਮਾਮਲਾ ਹੱਲ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਣ ਨੂੰ ਕਿਹਾ ਹੈ।