image caption: ਲੇਖਕ - ਨਿਰਮਲ ਸਿੰਘ ਕੰਧਾਲਵੀ

ਚੁੰਝਾਂ ਪੌਂਹਚੇ – ਨਿਰਮਲ ਸਿੰਘ ਕੰਧਾਲਵੀ

ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਉਣ ਨਾਲ਼ ਕਾਂਗਰਸ ਦੀ ਹਕੀਕਤ ਸਾਹਮਣੇ ਆ ਜਾਵੇਗੀ-ਹਰਸਿਮਰਤ
ਬੀਬੀ ਤੇਰੇ ਘਰ ਵਾਲ਼ਾ ਕਿਉਂ ਭੱਜ ਗਿਆ ਡੋਪ ਟੈਸਟ ਕਰਵਾਉਣ ਤੋਂ?

ਪੰਜਾਬ ਪਹਿਲੇ ਤੋਂ ੨੦ਵੇਂ ਨੰਬਰ 'ਤੇ ਖਿਸਕ ਗਿਆ- ਸੁਖਬੀਰ ਬਾਦਲ
ਸੁਖਬੀਰ ਸਿਆਂ ਇਕ ਸਾਲ ਵਿਚ ਤਾਂ ਨਹੀਂ ਪੰਜਾਬ ੨੦ਵੇਂ ਨੰਬਰ 'ਤੇ ਖਿਸਕਿਆ।

ਪ੍ਰਧਾਨ ਮੰਤਰੀ ਨੇ ਮਲੋਟ ਰੈਲੀ 'ਚ ਕਿਸਾਨਾਂ ਦੀਆਂ ਸਮੱਸਿਆਵਾਂ ਤੱਕ ਦਾ ਜ਼ਿਕਰ ਨਹੀਂ ਕੀਤਾ- ਕੈਪਟਨ
ਤੀਆਂ ਨੂੰ ਹਟਾਉਣ ਵਾਲ਼ਿਆ, ਤੇਰਾ ਹੋਵੇ ਨਰਕਾਂ ਵਿਚ ਵਾਸਾ।

ਬਾਦਲ ਪਰਵਾਰ ਤੇ ਉਹਨਾਂ ਦੇ ਨਜ਼ਦੀਕੀਆਂ ਨੂੰ ਨਵੀਆਂ ਗੱਡੀਆ ਦੇਣ ਦਾ 'ਆਪ' ਵਲੋਂ ਸਖ਼ਤ ਵਿਰੋਧ- ਇਕ ਖ਼ਬਰ
ਕੈਪਟਨ ਸਾਹਿਬ ਆਪਣੇ ਲਈ ਗੱਡੀਆਂ ਹੁਣੇ ਤੋਂ ਹੀ ਸੁਰੱਖਿਅਤ ਕਰ ਰਹੇ ਹਨ, ਭਾਈ।

'ਨੌਜਵਾਨ ਪ੍ਰਚਾਰਕ ਦਲ' ਵਲੋਂ ਪ੍ਰਚਾਰਕਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ਦੇ ਡੋਪ ਟੈਸਟ ਦੀ ਮੰਗ-ਇਕ ਖ਼ਬਰ
ਜੱਟ ਆਉਂਦਾ ਪਰੈਣੀ ਕੱਸੀ, ਨੀਂ ਹੁਣ ਮੈਂ ਕੀ ਕਰਾਂ।

ਰੈਲੀ ਅਕਾਲੀਆਂ ਦੀ, ਫੇਰੀ ਮੋਦੀ ਦੀ, ਰਾਸ਼ਨ ਸ਼੍ਰੋਮਣੀ ਕਮੇਟੀ ਦਾ, ਸੇਵਾ ਗੁਰੂ ਘਰ ਦੀ- ਇਕ ਖ਼ਬਰ
ਇਸੇ ਲਈ ਤਾਂ ਸ਼੍ਰੋਮਣੀ ਕਮੇਟੀ ਨੂੰ ਜੋਕਾਂ ਚੁੰਬੜੀਆਂ ਹੋਈਆਂ ਬਈ।

ਨਸ਼ਿਆਂ ਦੀ ਲਾਹਨਤ ਵਿਰੁੱਧ ਜਥੇਦਾਰ ਅਪੀਲ ਜਾਰੀ ਕਰਨ- ਕੈਪਟਨ
ਜੇ ਬਾਦਲ ਆਗਿਆ ਦੇਣਗੇ ਫੇਰ ਹੀ ਕਰਨਗੇ ਤੇਰੇ ਕਹੇ ਨਹੀਂ ਕਰਨੀ ਕੈਪਟਨ ਸਾਬ।

ਮੱਕੀ ਦੀ ਸਰਕਾਰੀ ਖ਼ਰੀਦ ਨਾ ਹੋਣ ਕਰ ਕੇ ਵਪਾਰੀ ਲੱਗੇ ਕਿਸਾਨਾਂ ਦੀ ਲੁੱਟ ਕਰਨ- ਇਕ ਖ਼ਬਰ
ਬਈ ਚੋਣਾਂ ਸਿਰ 'ਤੇ ਐ, ਸਰਕਾਰ ਨੇ ਚੋਣ ਫੰਡ ਕਿੱਥੋਂ ਲੈਣੇ ਆਂ।

ਦਫ਼ਤਰ ਵਿਚ ਹੀ ਸ਼ਰਾਬ ਪੀਣ ਕਰ ਕੇ ਤਿੰਨ ਅਫ਼ਸਰਾਂ ਨੂੰ ਪਟਿਆਲੇ ਬਦਲ ਦਿੱਤਾ ਗਿਆ- ਇਕ ਖ਼ਬਰ
ਕਰ ਦਿਉ ਬਦਲੀ, ਪਟਿਆਲੇ ਸ਼ਰਾਬ ਨਾ ਮਿਲ਼ੂ, ਸਗੋਂ ਪਟਿਆਲਾ ਪੈੱਗ ਲਾਇਆ ਕਰਾਂਗੇ।

ਆਪਣੇ ਵਾਅਦੇ ਨਿਭਾਉਣ ਲਈ ਐੱਨ.ਡੀ.ਏ. ਸਰਕਾਰ ਨੂੰ ਪੰਜ ਸਾਲ ਹੋਰ ਚਾਹੀਦੇ ਹਨ- ਸੁਬਰਾਮਨੀਅਮ ਸਵਾਮੀ
ਬਾਜ਼ ਆਏ ਐਸੀ ਸੋਹਬਤ ਸੇ ਹਮ, ਉਠਾ ਲੋ ਪਾਨ ਦਾਨ ਅਪਨਾ।

ਇਕ ਵਜ਼ੀਰੀ ਖ਼ਾਤਰ ਬਾਦਲਾਂ ਨੇ ਪੰਜਾਬ ਵਿਸਾਰਿਆ- ਡਾ. ਬਲਬੀਰ ਸਿੰਘ 'ਆਪ' ਨੇਤਾ
ਮਿੱਤਰਾਂ ਨੂੰ ਦਗ਼ਾ ਦੇਣੀਏਂ, ਕੀੜੇ ਪੈਣਗੇ, ਮਰੇਂਗੀ ਸੱਪ ਲੜ ਕੇ।

ਦਿੱਲੀ 'ਚ ਕੂੜੇ ਦੇ ਪਹਾੜ ਨਾ ਹਟਾਉਣ 'ਤੇ ਸੁਪਰੀਮ ਕੋਰਟ ਵਲੋਂ ਉੱਪ ਰਾਜਪਾਲ ਦੀ ਝਾੜ- ਇਕ ਖ਼ਬਰ
ਸੁਪਰੀਮ ਕੋਰਟ ਜੀ, ਮੈਨੂੰ ਕੇਜਰੀਵਾਲ ਨਾਲ਼ ਪੰਗੇ ਲੈਣ ਦਾ ਹੁਕਮ ਹੈ ਕੂੜੇ ਦੇ ਪਹਾੜਾਂ ਨਾਲ਼ ਨਹੀਂ।

ਬਾਦਲਾਂ ਨੇ ਦਸ ਸਾਲਾਂ ਵਿਚ ਹਵਾਈ ਸੈਰਾਂ 'ਤੇ ਫੂਕੇ ੧੩੦ ਕਰੋੜ ਰੁਪਏ- ਸਿੱਧੂ
ਤੇਲੀ ਕਰ ਕੇ ਵੀ ਜੇ ਰੁੱਖਾ ਹੀ ਖਾਣੈ ਤਾਂ ਤੇਲੀ ਜ਼ਰੂਰ ਕਰਨੈ।

ਲੇਖਕ - ਨਿਰਮਲ ਸਿੰਘ ਕੰਧਾਲਵੀ