image caption:

ਭਾਰਤੀ ਅਥਲੀਟਾਂ ਨੇ ਸਿਰਜਿਆ ਇਤਿਹਾਸ, 400 ਤੋਂ 10,000 ਮੀਟਰ ਦੌੜ 'ਚ ਜਿੱਤੇ ਮੈਡਲ

ਜਕਾਰਤਾ: 18ਵੀਆਂ ਏਸ਼ਿਆਈ ਖੇਡਾਂ ਵਿੱਚ ਤੇਜਿੰਦਰਪਾਲ ਸਿੰਘ ਤੂਰ ਦੀ ਸੁਨਿਹਰੀ ਜਿੱਤ ਤੋਂ ਬਾਅਦ ਭਾਰਤੀ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਖੇਡਾਂ ਦੇ 8ਵੇਂ ਦਿਨ ਭਾਰਤ ਨੂੰ ਪੁਰਸ਼ਾਂ ਤੇ ਮਹਿਲਾਵਾਂ ਦੀ 400 ਮੀਟਰ ਦੌੜ ਵਿੱਚ ਦੋ ਚਾਂਦੀ ਦੇ ਤਗ਼ਮੇ ਹਾਸਲ ਹੋਏ ਹਨ। ਇਸ ਤੋਂ ਇਲਾਵਾ 10,000 ਮੀਟਰ ਦੀ ਦੌੜ ਵਿੱਚ ਪਹਿਲੀ ਵਾਰ ਭਾਰਤ ਨੇ ਆਪਣੀ ਥਾਂ ਬਣਾਈ ਹੈ। ਇਨ੍ਹਾਂ ਤਗ਼ਮਿਆਂ ਨਾਲ ਭਾਰਤ ਖਿਡਾਰੀਆਂ ਨੇ ਹੁਣ ਤਕ 36 ਮੈਡਲ ਦੇਸ਼ ਦੀ ਝੋਲੀ ਪਾ ਦਿੱਤੇ ਹਨ।
 
ਲੰਮੀ ਦੂਰੀ ਦੇ ਦੌੜਾਕ ਗੋਵਿੰਦਨ ਲਕਸ਼ਮਣ ਨੇ 20 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ 10,000 ਮੀਟਰ ਦੌੜ ਵਿੱਚ ਦੇਸ਼ ਨੂੰ ਤੀਜਾ ਸਥਾਨ ਦਿਵਾਇਆ ਹੈ। ਇਸ ਤੋਂ ਪਹਿਲਾਂ ਭਾਰਤੀ ਅਥਲੀਟ ਹਿਮਾ ਦਾਸ ਨੇ ਏਸ਼ਿਆਈ ਖੇਡਾਂ ਵਿੱਚ 400 ਮੀਟਰ ਇਵੈਂਟ ਵਿੱਚ ਚਾਂਦੀ ਦਾ ਤਗ਼ਮਾ ਵੀ ਹਾਸਲ ਕੀਤਾ। ਹਿਮਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਹੁਣ ਏਸ਼ਿਆਡ ਖੇਡਾਂ ਵਿੱਚ ਵੱਡਾ ਮਾਅਰਕਾ ਮਾਰਿਆ ਹੈ। ਹਿਮਾ ਨੇ 400 ਮੀਟਰ ਦੌੜ ਨੂੰ 50.79 ਸੈਕੰਡ ਵਿੱਚ ਪੂਰੀ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ।

ਪਿਛਲੇ ਸਾਲ ਏਸ਼ੀਅਮ ਅਥਲੈਟਿਕਸ ਚੈਂਪੀਅਨਸ਼ਿਪ ਦੇ ਸੋਨ ਤਗ਼ਮਾ ਜੇਤੂ ਅਥਲੀਟ ਮੁਹੰਮਦ ਅਨਸ ਯਾਹਿਆ ਨੇ ਏਸ਼ਿਆਈ ਖੇਡਾਂ ਦੇ ਪੁਰਸ਼ਾਂ ਦੇ 400 ਮੀਟਰ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਅਨਸ ਰਿਓ ਓਲੰਪਿਕਸ ਵਿੱਚ ਤਗ਼ਮਾ ਹਾਸਲ ਕਰਨੋਂ ਖੁੰਝ ਗਿਆ ਸੀ, ਪਰ ਇਸ ਵਾਰ 45.69 ਸੈਕੰਡ ਵਿੱਚ ਆਪਣੀ ਦੌੜ ਪੂਰੀ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਤਗ਼ਮਿਆਂ ਨਾਲ ਭਾਰਤੀ ਖਿਡਾਰੀਆਂ ਨੇ ਹੁਣ ਤਕ ਕੁੱਲ 36 ਤਗ਼ਮੇ ਦੇਸ਼ ਦੇ ਨਾਂ ਕਰ ਲਏ ਹਨ। 18ਵੀਆਂ ਏਸ਼ਿਆਈ ਖੇਡਾਂ ਦੀ ਮੈਡਲ ਸੂਚੀ ਵਿੱਚ ਨੌਵੇਂ ਸਥਾਨ 'ਤੇ ਬਣੇ ਹੋਏ ਭਾਰਤ ਹਿੱਸੇ 7 ਸੋਨ, 9 ਚਾਂਦੀ ਤੇ 20 ਕਾਂਸੇ ਦੇ ਤਗ਼ਮੇ ਆਏ ਹਨ।