image caption:

ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਲਈ ਬਣੀ 'ਸਿੱਟ'

ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ ਹੈ। ਇਸ ਦੇ ਮੁਖੀ ਵਧੀਕ ਡੀਜੀਪੀ (ਇਨਵੈਸਟੀਗੇਸ਼ਨ) ਪ੍ਰਬੋਧ ਕੁਮਾਰ ਹੋਣਗੇ। ਇਸ ਦੇ ਹੋਰ ਮੈਂਬਰ ਆਈਜੀ ਅਰੁਣਪਾਲ ਸਿੰਘ, ਆਈਜੀ ਕੁੰਵਰ ਵਿਜੇਪ੍ਰਤਾਪ ਸਿੰਘ, ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਤੇ ਪੁਲਿਸ ਰੰਗਰੂਟ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ ਦੇ ਇੰਚਾਰਜ ਕਮ ਕਮਾਂਡੈਂਟ ਭੁਪਿੰਦਰ ਸਿੰਘ ਹੋਣਗੇ।
ਇਹ ਜਾਂਚ ਟੀਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਣ, ਪਿੰਡ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ (ਕੁੱਲ 4 ਐਫਆਈਆਰਜ਼) ਦੀ ਪੜਤਾਲ ਕਰੇਗੀ। ਇਸ ਤੋਂ ਪਹਿਲਾਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਸਰਕਾਰ ਨੂੰ ਸੌਂਪੀ ਪੜਤਾਲੀਆ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ 14 ਪੁਲਿਸ ਅਫਸਰਾਂ ਦਾ ਨਾਂ ਆਇਆ ਹੈ।
ਸਰਕਾਰ ਇਸ ਮਾਮਲੇ ਨੂੰ ਤੇਜ਼ੀ ਨਾਲ ਹੱਲ਼ ਕਰਨਾ ਚਾਹੁੰਦੀ ਹੈ। ਇਸ ਨੂੰ ਲੈ ਕੇ ਸਿਆਸਤ ਵੀ ਜ਼ੋਰਾਂ 'ਤੇ ਹੈ। &lsquoਆਪ&rsquo ਦੇ ਵਿਧਾਇਕ ਤੇ ਸੀਨੀਅਰ ਆਗੂ ਐਚ.ਐਸ. ਫੂਲਕਾ ਨੇ ਤਾਂ 15 ਸਤੰਬਰ ਤੱਕ ਕਾਰਵਾਈ ਕਰਨ ਦੀ ਚੁਣੌਤੀ ਦਿੰਦਿਆਂ 16 ਸਤੰਬਰ ਨੂੰ ਅਸਤੀਫਾ ਦੇਣ ਦੀ ਧਮਕੀ ਵੀ ਦਿੱਤੀ ਹੋਈ ਹੈ।