image caption:

ਜੇਤਲੀ ਅਤੇ ਮਾਲਿਆ ਵਿਚਕਾਰ 15 ਮਿੰਟਾਂ ਤਕ ਗੱਲਬਾਤ ਹੋਈ : ਕਾਂਗਰਸ

ਨਵੀਂ ਦਿੱਲੀ  : ਕਾਂਗਰਸ ਦੇ ਸੀਨੀਅਰ ਆਗੂ ਪੀ ਐਲ ਪੁਨੀਆ ਨੇ ਦਾਅਵਾ ਕੀਤਾ ਹੈ ਕਿ ਇਕ ਮਾਰਚ, 2016 ਨੂੰ ਸੰਸਦ ਦੇ ਕੇਂਦਰੀ ਚੈਂਬਰ ਵਿਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ 'ਵਿਧੀਵਤ ਮੁਲਾਕਾਤ' ਹੋਈ ਸੀ ਅਤੇ ਇਸ ਦੇ ਉਹ ਗਵਾਹ ਹਨ। ਪੁਨੀਆ ਨੇ ਚੁਨੌਤੀ ਦਿਤੀ ਕਿ ਜੇ ਉਨ੍ਹਾਂ ਦਾ ਇਹ ਦਾਅਵਾ ਸੱਚ ਸਾਬਤ ਨਾ ਹੋਇਆ ਤਾਂ ਉਹ ਰਾਜਨੀਤੀ ਛੱਡ ਦੇਣਗੇ। ਭਾਜਪਾ ਨੇ ਮੋੜਵਾਂ ਵਾਰ ਕਰਦਿਆਂ ਦਾਅਵਾ ਕੀਤਾ ਕਿ ਗਾਂਧੀ ਪ੍ਰਵਾਰ ਨੇ 2011-12 'ਚ ਕਿੰਗਫ਼ਿਸ਼ਰ ਏਅਰਲਾਈਨਜ਼ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ।
ਭਾਜਪਾ ਨੇ ਮੰਗ ਕੀਤੀ ਕਿ ਰਾਹੁਲ ਗਾਂਧੀ ਕਿੰਗਫ਼ਿਸ਼ਰ ਨਾਲ ਗਾਂਧੀ ਪ੍ਰਵਾਰ ਦੇ ਰਿਸ਼ਤਿਆਂ 'ਤੇ ਸਥਿਤੀ ਸਪੱਸ਼ਟ ਕਰਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਪੁਨੀਆ ਨੇ ਪੱਤਰਕਾਰਾਂ ਨੂੰ ਕਿਹਾ, ''ਇਕ ਮਾਰਚ, 2016 ਨੂੰ ਕੇਂਦਰੀ ਚੈਂਬਰ ਵਿਚ ਜੇਤਲੀ ਜੀ ਅਤੇ ਮਾਲਿਆ ਦੀ ਮੁਲਾਕਾਤ ਹੋਈ। ਪੰਜ-ਸੱਤ ਮਿੰਟ ਦੋਹਾਂ ਨੇ ਪਹਿਲਾਂ ਖੜੇ ਹੋ ਕੇ ਅਤੇ ਫਿਰ ਬੈਠ ਕੇ ਗੱਲਬਾਤ ਕੀਤੀ। 2016 ਦੇ ਬਜਟ ਇਜਲਾਸ ਵਿਚ ਮਾਲਿਆ ਸਿਰਫ਼ ਇਕ ਦਿਨ ਸੰਸਦ ਆਏ ਸਨ ਅਤੇ ਉਹ ਸਿਰਫ਼ ਜੇਤਲੀ ਨੂੰ ਮਿਲਣ ਆਏ ਸਨ।'' ਉਨ੍ਹਾਂ ਅੱਗੇ ਕਿਹਾ, ''ਮੈਂ ਮੀਡੀਆ ਨਾਲ ਗੱਲਬਾਤ ਵਿਚ ਕਈ ਮੌਕਿਆਂ 'ਤੇ ਇਸ ਦਾ ਜ਼ਿਕਰ ਕਰਦਾ ਰਿਹਾ।
ਢਾਈ ਸਾਲ ਤਕ ਜੇਤਲੀ ਚੁੱਪ ਰਹੇ। ਹੁਣ ਉਹ ਮੁਲਾਕਾਤ ਦੀ ਗੱਲ ਮੰਨ ਰਹੇ ਹਨ। ਸਚਾਈ ਇਹ ਹੈ ਕਿ ਦੋਹਾਂ ਵਿਚਾਲੇ ਵਿਧੀਵਤ ਮੁਲਾਕਾਤ ਹੋਈ ਸੀ।'' ਕਾਂਗਰਸ ਨੇਤਾ ਨੇ ਕਿਹਾ, 'ਮੇਰੀ ਚੁਨੌਤੀ ਹੈ ਕਿ ਕੇਂਦਰੀ ਚੈਂਬਰ ਵਿਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਉਸ ਦੀ ਫ਼ੁਟੇਜ ਵੇਖੀ ਜਾਵੇ। ਸਾਰਾ ਪਤਾ ਚੱਲ ਜਾਵੇਗਾ, ਜਾਂ ਤਾਂ ਜੇਤਲੀ ਜੀ ਰਾਜਨੀਤੀ ਛੱਡ ਦੇਣ ਜਾਂ ਮੈਂ ਛੱਡ ਦੇਵਾਂਗਾ।' ਉਨ੍ਹਾਂ ਦੋਸ਼ ਲਾਇਆ ਕਿ ਮਾਲਿਆ ਵਿੱਤ ਮੰਤਰੀ ਨਾਲ ਸਲਾਹ-ਮਸ਼ਵਰਾ ਕਰ ਕੇ ਦੇਸ਼ ਤੋਂ ਭੱਜਿਆ ਸੀ।
ਇਸ ਤੋਂ ਪਹਿਲਾਂ ਪੁਨੀਆ ਨੇ ਕਿਹਾ, 'ਜਦ ਮਾਲਿਆ ਦੇ ਦੇਸ਼ ਤੋਂ ਭੱਜਣ ਦੀ ਖ਼ਬਰ ਆਈ ਤਾਂ ਉਸ ਤੋਂ ਦੋ ਦਿਨ ਪਹਿਲਾਂ ਹੀ ਮੈਂ ਸੰਸਦ ਦੇ ਕੇਂਦਰੀ ਚੈਂਬਰ ਵਿਚ ਉਸ ਨੂੰ ਜੇਤਲੀ ਨਾਲ ਗੱਲਬਾਤ ਕਰ ਕੇ ਵੇਖਿਆ ਸੀ। ਦੋਹਾਂ ਨੇ ਕਾਫ਼ੀ ਦੇਰ ਤਕ ਗੱਲਬਾਤ ਕੀਤੀ ਸੀ।' ਉਧਰ, ਵਿੱਤ ਮੰਤਰੀ ਨੇ ਮਾਲਿਆ ਦੇ ਬਿਆਨ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ 2014 ਦੇ ਬਾਅਦ ਉਸ ਨੂੰ ਕਦੇ ਮਿਲਣ ਦਾ ਸਮਾਂ ਨਹੀਂ ਦਿਤਾ, ਫਿਰ ਮੁਲਾਕਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਕ ਦਿਨ ਪਹਿਲਾਂ ਹੀ ਕਿੰਗਫ਼ਿਸ਼ਰ ਦੇ ਸਾਬਕਾ ਮੁਖੀ ਵਿਜੈ ਮਾਲਿਆ ਨੇ ਲੰਦਨ 'ਚ ਕਿਹਾ ਸੀ ਕਿ ਉਨ੍ਹਾਂ ਨੇ ਦੇਸ਼ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ ਅਤੇ ਬੈਂਕਾਂ 'ਤੇ ਅਪਣੇ ਬਕਾਏ ਬਾਬਤ ਮਾਮਲੇ ਦਾ ਨਿਪਟਾਰਾ ਕਰਨ ਦੀ ਪੇਸ਼ਕਸ਼ ਕੀਤੀ ਸੀ। ਵਿੱਤ ਮੰਤਰੀ ਅਰੁਣ ਜੇਤਲੀ ਦਾ ਬਚਾਅ ਕਰਦਿਆਂ ਭਾਜਪਾ ਨੇ ਕਿਹਾ ਕਿ ਭਗੋੜਾ ਕਾਰੋਬਾਰੀ ਵਿਜੈ ਮਾਲਿਆ ਇਕ ਅਪਰਾਧੀ ਹਨ ਅਤੇ ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨਹੀਂ ਹੈ।

+ਭਾਜਪਾ ਆਗੂ ਅਤੇ ਦੇਸ਼ ਦੀ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਹ ਯੂ.ਪੀ.ਏ. ਸਰਕਾਰ ਵੇਲੇ ਹੋਏ 'ਗੰਢਤੁਪ ਅਤੇ ਵਿਤਕਰੇ' ਤੋਂ ਧਿਆਨ ਹਟਾਉਣ ਦੀ ਰਣਨੀਤੀ ਹੈ। ਉਨ੍ਹਾਂ ਕਿਹਾ ਕਿ ਸੰਸਦ 'ਚ ਮਾਲਿਆ ਦੀ ਜੇਤਲੀ ਨਾਲ ਛੋਟੀ ਜਿਹੀ ਮੁਲਾਕਾਤ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ ਅਤੇ ਇਸ ਮੁੱਦੇ 'ਤੇ ਆਏ ਜਵਾਬਾਂ ਨੇ ਇਨ੍ਹਾਂ ਤੱਥਾਂ ਨੂੰ ਹੋਰ ਤਾਕਤਵਰ ਬਣਾ ਦਿਤਾ ਹੈ ਕਿ ਇਸ ਗੱਲਬਾਤ ਦੇ ਕੋਈ ਅਰਥ ਨਹੀਂ ਸਨ।