image caption: ਰਜਿੰਦਰ ਸਿੰਘ ਪੁਰੇਵਾਲ

ਪੰਥਕ ਅਸੈਂਬਲੀ ਪੰਥਕ ਮੁੱਦੇ ਤੇ ਸਿੱਖ ਪੰਥ

     ਸ. ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਕੁਝ ਪੰਥਕ ਆਗੂਆਂ ਨੇ ਪੰਥਕ ਅਸੈਂਬਲੀ ਬਣਾਈ, ਜਿਸ ਵਿਚ ਪੰਥਕ ਮੁੱਦੇ ਗੁਰੂ ਗ੍ਰੰÎਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਵਿਚਾਰਿਆ ਗਿਆ। ਇਹ ਪਹਿਲੀ ਵਾਰ ਹੈ ਕਿ ਸਿੰਘ ਸਭਾ ਲਹਿਰ ਤੋਂ ਬਾਅਦ ਸਿੱਖ ਪੰਥ ਨੇ ਬੌਧਿਕਤਾ ਦੀ ਲਹਿਰ ਉਸਾਰਨ ਦੀ ਕੋਸ਼ਿਸ਼ ਕੀਤੀ ਹੈ। ਬੌਧਿਕਤਾ ਦੀ ਅਸਲ ਵਿਚ ਕੌਮਾਂ ਦੀ ਅਗਵਾਈ ਕਰਦੀ ਹੈ। ਕਦੇ ਵੀ ਜਜ਼ਬਾਤਾਂ ਨਾਲ ਲੜਾਈ ਨਹੀਂ ਲੜੀ ਜਾ ਸਕਦੀ। ਜਜ਼ਬਾਤ ਬੋਧਿਕਤਾ ਨਾਲ ਲੈਸ ਹੋਣੇ ਚਾਹੀਦੇ ਹਨ।  ਗਿਆਨ, ਅਕਲ, ਸੋਝੀ, ਨੀਤੀ ਤੁਹਾਡੀ ਕੌਮ ਨੂੰ ਹੀ ਅੱਗੇ ਵਧਾ ਸਕਦੀ ਹੈ ਤੇ ਸ਼ਾਤਰ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਦੀ ਹੈ। ਅਸਲ ਵਿਚ ਪੂਰੇ ਭਾਰਤ ਵਿਚ 85% ਲੋਕਾਂ ਦੇ ਨਾਲ ਧੱਕਾ ਹੋ ਰਿਹਾ ਹੈ, ਜੋ ਸਿੱਖ ਪੰਥ ਨਾਲ ਹੋ ਰਿਹਾ ਹੈ। ਵਿਸਾਖੀ 1978 ਤੋਂ ਬਾਅਦ ਸਿੱਖ ਪੰਥ ਹਥਿਆਰਬੰਦ ਲੜਾਈ ਵੀ ਲੜ ਚੁੱਕਾ ਹੈ। ਇਸ ਤੋਂ ਬਾਅਦ ਸਿੱਖ ਪੰਥ ਦੀ ਨਸਲਕੁਸ਼ੀ ਵੀ ਹੋਈ ਹੈ। ਦੋ ਘੱਲੂਘਾਰੇ ਜੂਨ 84 ਤੇ ਨਵੰਬਰ 84 ਵੀ ਹੰਢਾਉਣਾ ਪਏ ਹਨ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਇਕ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਪਾਣੀ ਲੁੱਟ ਲਏ ਗਏ, ਸਨਅਤ ਤਬਾਹ ਕਰ ਦਿੱਤੀ, ਕਿਸਾਨੀ ਤਬਾਹ ਕਰ ਦਿੱਤੀ, ਰੁਜ਼ਗਾਰ ਖੋਹ ਲਏ ਇਹ ਸਭ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਵੱਡੀ ਗਲ ਹੈ ਕਿ ਅਸੀਂ ਸੁਚੇਤ ਨਹੀਂ ਸਾਂ। ਸੁਚੇਤ ਹੁਣ ਵੀ ਨਹੀਂ ਹਾਂ। ਅਸੀਂ ਬੋਧਿਕਤਾ ਵਲ ਚੱਲੇ ਹੀ ਨਹੀਂ। ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਬੋਧਿਕਤਾ ਨੂੰ, ਗਿਆਨ ਨੂੰ ਅਪਣਾਇਆ ਗਿਆ। ਸ਼ਬਦ ਗੁਰੂ ਦਾ ਸੰਕਲਪ ਇਸੇ ਪਰਿਪੇਖ ਵਿਚ ਹੀ ਦੇਖਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸੋਮਾ ਹਨ। ਇਸੇ ਤੋਂ ਹੀ ਸੇਧ ਲੈਣੀ ਬਣਦੀ ਹੈ। 19ਵੀਂ ਸਦੀ ਦੇ ਅਖੀਰ ਤੇ 20ਵੀਂ ਸਦੀ ਦੇ ਸ਼ੁਰੂਆਤ ਦੌਰਾਨ ਗਿਆਨੀ ਦਿੱਤ ਸਿੰਘ ਜੀ ਤੇ ਪ੍ਰੋ. ਗੁਰਮੁਖ ਸਿੰਘ ਜੀ, ਭਾਈ ਕਾਹਨ ਸਿੰਘ ਨਾਭਾ ਤੇ ਹੋਰਨਾਂ ਨੇ ਸਿੱਖ ਬੌਧਿਕਤਾ ਦੀ ਉਸਾਰੀ ਕੀਤੀ ਸੀ। ਉਸ ਲਹਿਰ ਦਾ ਨਾਮ ਸਿੰਘ ਸਭਾ ਲਹਿਰ ਸੀ। ਇਸ ਲਹਿਰ ਨੇ ਜਿੱਥੇ ਆਰੀਆ ਸਮਾਜੀਆਂ ਨਾਲ ਵਿਚਾਰਧਾਰਕ ਟੱਕਰ ਲੈ ਕੇ ਸਿੱਖ ਪੰਥ ਦਾ ਭਗਵਾਂਕਰਨ ਹੋਣ ਤੋਂ ਰੋਕਿਆ, ਉੱਥੇ ਸਿੱਖਾਂ ਦਾ ਇਸਾਈਕਰਨ ਹੋਣ ਤੋਂ ਰੋਕਣ ਦੇ ਲਈ ਸਿੱਖ ਮੀਡੀਆ, ਸਿੱਖ ਸਾਹਿਤ, ਇਤਿਹਾਸ, ਸਿੱਖ ਵਿਦਿਅਕ ਅਦਾਰਿਆਂ ਦੀ ਉਸਾਰੀ ਕੀਤੀ ਤੇ ਗੁਰੂ ਡੰਮ੍ਹ ਵਿਰੁਧ ਲਹਿਰ ਚਲਾਈ। ਇਸੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਪ੍ਰਗਟ ਹੋਏ।

      ਮੈਂ ਸਮਝਦਾ ਹਾਂ ਕਿ ਪੰਥਕ ਅਸੈਂਬਲੀ ਨੂੰ ਵੀ  ਇਨ੍ਹਾਂ ਲੀਹਾਂ 'ਤੇ ਲਗਾਤਾਰ ਚਲਾਉਣ ਦੀ ਲੋੜ ਹੈ। ਇਸ ਦੇ ਚੰਗੇ ਨਤੀਜੇ ਨਿਕਲਣਗੇ। ਪੰਥਕ ਅਸੈਂਬਲੀ ਵਿਚ ਸਾਬਕਾ ਸਿੱਖ ਬਿਉਰੋਕ੍ਰੇਟ, ਡਾਕਟਰ, ਇੰਜੀਨੀਅਰ, ਫੋਜੀ ਅਫ਼ਸਰ, ਪੱਤਰਕਾਰ, ਬਿਜਨਸਮੈਨ ਤੇ ਧਾਰਮਿਕ ਸਿਆਸੀ ਆਗੂ ਸ਼ਾਮਲ ਸਨ। ਸਭ ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿੱਖ ਲੀਡਰਸ਼ਿਪ ਦੀ ਉਸਾਰੀ ਕਰਨੀ ਚਾਹੀਦੀ ਹੈ ਤੇ ਪੰਥ 'ਤੇ ਹੋ ਰਹੇ ਬੌਧਿਕ ਹਮਲਿਆਂ ਦਾ ਗਿਆਨ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਦੀ ਵੀ ਅਗਵਾਈ ਦੀ ਗੱਲ ਚੱਲੀ, ਬਹੁਤਿਆਂ ਦਾ ਪੱਖ ਇਹ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਲਈ ਨਿਯਮ ਬਣਨੇ ਚਾਹੀਦੇ ਹਨ ਤੇ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਅਕਾਲ ਤਖ਼ਤ ਦਾ ਜਥੇਦਾਰ ਚੁਣੇ। ਮੈਂ ਸੁਝਾਅ ਦਿੱਤਾ ਸੀ ਕਿ ਇਸ ਸੰਬੰਧੀ ਪੰਥਕ ਵਿਦਵਾਨਾਂ ਦੀ ਕਮੇਟੀ ਬਣਨੀ ਚਾਹੀਦੀ ਹੈ, ਜੋ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੰਥ ਦੀ ਸਾਂਝੀ ਰਾਇ ਰਾਹੀ ਚੁਣੇ ਅਤੇ ਪੰਥ ਦੀ ਰਾਇ ਅਨੁਸਾਰ ਹੀ ਫੈਸਲੇ ਲਏ ਜਾਣ। ਇਸ ਨਾਲ ਹੀ ਸਰਬੱਤ ਖਾਲਸੇ ਦਾ ਸੰਕਲਪ ਪ੍ਰਗਟ ਹੋ ਸਕਦਾ ਹੈ। ਪੰਥਕ ਅਸੈਂਬਲੀ ਰਾਹੀਂ ਇਹ ਗੱਲ ਸਾਫ ਕਰ ਦਿੱਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਪਿੱਛੇ ਸਿਰਸਾ ਡੇਰਾ ਦੇ ਪ੍ਰੇਮੀਆਂ ਦਾ ਹੱਥ ਸੀ ਅਤੇ ਅਕਾਲੀ ਦਲ ਹਾਈਕਮਾਨ ਵੱਲੋਂ ਉਨ੍ਹਾਂ ਦਾ ਬਚਾਅ ਕੀਤਾ ਗਿਆ ।
     ਜੇਕਰ ਨਵੰਬਰ '84  ਮਗਰੋਂ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਹਾਲਾਂਕਿ ਅਨੇਕਾਂ ਕਮਿਸ਼ਨ ਬਣਾਏ ਗਏ। ਅਨੇਕਾਂ ਐਸ.ਆਈ.ਟੀ. ਬਣਾਈਆਂ ਗਈਆਂ ਪਰ ਇਕ ਵੀ ਮੁਖ ਦੋਸ਼ੀ ਗ੍ਰਿਫ਼ਤਾਰ ਨਾ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਫਿਰ ਨਿਹੱਥੇ ਸਿੱਖਾਂ ਉਤੇ ਗੋਲੀਆਂ ਦੀ ਵਾਛੜ ਦੀ ਸਰਕਾਰੀ ਕਰਤੂਤ ਪੰਥ ਤੇ ਪੰਜਾਬੀ ਭੁਲਾ ਨਹੀਂ ਸਕਦੇ। ਇਹੀ ਅਕਾਲੀ ਦਲ ਦੀ ਵਿਰੋਧਤਾ ਦਾ ਕਾਰਨ ਹੈ। ਹੁਣ ਤਾਂ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਦਾ ਦੋਸ਼ੀ ਸਮਝਣ ਲੱਗ ਪਏ ਹਨ, ਕਿਉਂਕਿ ਉਨ੍ਹਾਂ 'ਤੇ ਵੀ ਦੋਸ਼ ਲਗ ਰਹੇ ਹਨ ਕਿ ਉਹ ਦੋਸ਼ੀਆਂ ਨੂੰ ਬਚਾ ਰਹੇ ਹਨ। ਹੁਣ ਸਿੱਖ ਜਾਗ ਰਹੇ ਹਨ, ਵਿਚਾਰ ਕਰ ਰਹੇ ਹਨ, ਇਹ ਬਹੁਤ ਮਹੱਤਵਪੂਰਨ ਮੁੱਦਾ ਹੈ। ਮੈਂ ਤਾਂ ਇਹ ਆਖਦਾ ਹਾਂ ਕਿ ਸਮੁੱਚਾ ਸਿੱਖ ਸੰਸਾਰ ਸਭ ਪੰਜਾਬ ਨੂੰ ਤੇ ਪੰਜਾਬ ਦੀ ਧਰਤੀ ਨੂੰ ਬਚਾਉਣ ਦੇ ਲਈ ਸਿੱਖੀ ਦੇ ਵਿਕਾਸ ਲਈ, ਸਰਬੱਤ ਦੇ ਭਲੇ ਲਈ ਮੁਹਿੰਮ ਚਲਾਉਣ। ਗੁਰੂ ਦੇ ਰਾਹਾਂ 'ਤੇ ਚਲ ਕੇ ਹੀ ਅਸੀਂ ਸਦੀ ਦਾ ਵਧੀਆ ਮਨੁੱਖ ਬਣ ਸਕਦੇ ਹਾਂ। ਦੀਨ ਦੁਨੀ ਦਾ ਰਾਖਾ ਗੁਰੂ ਵਾਂਗ ਸਿੱਖ ਹੀ ਹੋ ਸਕਦਾ ਹੈ। ਇਸ ਸ਼ਕਤੀ ਨੂੰ ਪਛਾਨਣ ਦੀ ਲੋੜ ਹੈ। ਅਸੀਂ ਆਪਣੀ ਲੜਾਈ, ਆਪਣੀ ਆਜ਼ਾਦੀ ਦੇ ਨਾਲ ਭਾਰਤ ਦੇ ਦੱਬੇ ਕੁਚਲੇ ਲੋਕਾਂ, ਘੱਟ ਗਿਣਤੀਆਂ, ਆਦਿਵਾਸੀਆਂ, ਗਰੀਬ ਹਿੰਦੂਆਂ ਦੇ ਹੱਕਾਂ ਲਈ ਵੀ ਲੜੀਏ। ਅਜ਼ਾਦੀ ਹਰੇਕ ਮਨੁੱਖ ਦਾ ਅਧਿਕਾਰ ਹੈ। ਕਿਸੇ ਵੀ ਵਿਅਕਤੀ ਨੂੰ ਦੂਸਰੇ ਵਿਅਕਤੀ ਨੂੰ ਗੁਲਾਮ ਬਨਾਉਣ ਦਾ ਜ਼ੁਲਮ ਕਰਨ ਦਾ ਕੋਈ ਅਧਿਕਾਰ ਨਹੀਂ। ਮੈਂ ਪੰਥਕ ਅਸੈਂਬਲੀ ਦੀ ਹੋਂਦ ਨੂੰ ਜੀ ਆਇਆ ਆਖਦਾ ਹਾਂ। ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਅਸੀਂ ਰਲ ਕੇ ਬੌਧਿਕ ਲਹਿਰ ਪੂਰੇ ਵਿਸ਼ਵ ਵਿਚ ਚਲਾਈਏ ਤੇ ਗੁਰੂ ਗ੍ਰੰਥ ਸਾਹਿਬ ਦੇ ਮਿਸ਼ਨ ਨੂੰ ਸਰਬੱਤ ਦੇ ਭਲੇ ਲਈ ਪਸਾਰੀਏ। ਲੋਕਾਂ ਦੀ ਅਜ਼ਾਦੀ, ਸਰਬੱਤ ਦਾ ਭਲਾ ਤੇ ਮਨੁੱਖੀ ਅਧਿਕਾਰ ਹੀ ਸਾਡਾ ਮਿਸ਼ਨ ਹੈ।

ਰਜਿੰਦਰ ਸਿੰਘ ਪੁਰੇਵਾਲ