image caption:

ਮੈਕਸੀਕੋ ਬਾਰਡਰ ਉੱਤੇ ਟਰੰਪ ਦਾ ਫੌਜ ਭੇਜਣ ਦਾ ਹੁਕਮ ਸਿਆਸੀ ਹੱਥਕੰਡਾ : ਓਬਾਮਾ

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੈਕਸੀਕੋ ਬਾਰਡਰ 'ਤੇ ਫੌਜ ਭੇਜਣ ਦੇ ਡੋਨਾਲਡ ਟਰੰਪ ਦੇ ਫੈਸਲੇ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ। ਓਬਾਮਾ ਦੇ ਕਹਿਣ ਮੁਤਾਬਕ ਇਸ ਨੂੰ ਦੇਸ਼ ਭਗਤੀ ਨਹੀਂ ਕਿਹਾ ਜਾ ਸਕਦਾ। ਤਿੰਨ ਦੇਸ਼ਾਂ ਦੇ ਕਰੀਬ 10 ਹਜ਼ਾਰ ਤੋਂ ਵੱਧ ਲੋਕ ਮੈਕਸੀਕੋ ਹੋ ਕੇ ਅਮਰੀਕਾ ਵੱਲ ਆ ਰਹੇ ਹਨ। ਓਬਾਮਾ ਨੇ ਜਾਰਜੀਆ 'ਚ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ 2018 ਵਿੱਚ ਉਨ੍ਹਾਂ (ਟਰੰਪ) ਨੇ ਅਚਾਨਕ ਦੇਸ਼ 'ਤੇ ਖਤਰੇ ਦੀ ਗੱਲ ਕਹੀ। ਗਰੀਬ ਸ਼ਰਨਾਰਥੀ ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਤੈਅ ਕਰ ਰਹੇ ਹਨ। ਉਨ੍ਹਾਂ ਨਾਲ ਬੱਚੇ ਵੀ ਹਨ, ਪਰ ਉਨ੍ਹਾਂ ਕੋਲ ਪੈਸਾ ਵੀ ਨਹੀਂ, ਇਹ ਬਹੁਤ ਭਿਆਨਕ ਹੈ। ਓਬਾਮਾ ਨੇ ਕਿਹਾ ਕਿ ਟਰੰਪ ਸਰਹੱਦ 'ਤੇ ਸਾਡੀ ਫੌਜ ਭੇਜ ਰਹੇ ਹਨ, ਇਹ ਸਿਆਸੀ ਹੱਥਕੰਡਾ ਹੈ। ਦੇਸ਼ ਦੀ ਜ਼ਮੀਨ 'ਤੇ ਕਾਨੂੰਨ ਨੂੰ ਜ਼ਬਰਦਸਤੀ ਲਾਗੂ ਨਹੀਂ ਕੀਤਾ ਜਾ ਸਕਦਾ। ਪਤਾ ਲੱਗਾ ਹੈ ਕਿ ਰੋਜ਼ਗਾਰ ਤੇ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਲੈਟਿਨ ਅਮਰੀਕੀ ਦੇਸ਼ਾਂ ਹੋਂਡੂਰਾਸ, ਗੁਆਟੇਮਾਲਾ ਤੇ ਅਲ ਸਲਵਾਡੋਰ ਦੇ ਕਰੀਬ 10 ਹਜ਼ਾਰ ਲੋਕਾਂ ਦਾ ਕਾਰਵਾਂ ਅਮਰੀਕਾ ਵੱਲ ਆ ਰਿਹਾ ਹੈ, ਜਿਨ੍ਹਾਂ ਨੂੰ ਰੋਕਣ ਲਈ ਅਮਰੀਕਾ-ਮੈਕਸੀਕੋ ਬਾਰਡਰ 'ਤੇ 15 ਹਜ਼ਾਰ ਜਵਾਨ ਲਾਏ ਜਾਣਗੇ। ਟਰੰਪ ਨੇ ਕਿਹਾ ਕਿ ਜੇ ਭੀੜ ਪਥਰਾਅ ਕਰਦੀ ਹੈ ਤਾਂ ਫੌਜ ਨੂੰ ਬਿਨਾਂ ਦੇਰੀ ਦੇ ਗੋਲੀ ਚਲਾਉਣ ਤੋਂ ਝਿਜਕਣਾ ਨਹੀਂ ਚਾਹੀਦਾ।