image caption:

ਅਮਰੀਕਾ ਵੱਲੋਂ ਈਰਾਨ ''ਤੇ ਪਾਬੰਦੀਆਂ ਲਾਗੂ, ਭਾਰਤ ਸਮੇਤ ਅੱਠ ਦੇਸ਼ਾਂ ਨੂੰ ਛੋਟ

ਵਾਸ਼ਿੰਗਟਨ- ਅਮਰੀਕਾ ਵੱਲੋਂ ਈਰਾਨ ਉੱਤੇ ਲਾਈਆਂ ਪਾਬੰਦੀਆਂ 5 ਨਵੰਬਰ ਤੋਂ ਲਾਗੂ ਹੋ ਗਈਆਂ ਹਨ, ਪਰ ਭਾਰਤ ਸਮੇਤ ਅੱਠ ਦੇਸ਼ਾਂ ਨੂੰ ਈਰਾਨ ਤੋਂ ਤੇਲ ਖਰੀਦਣ ਬਾਰੇ ਰਾਹਤ ਦਿੱਤੀ ਗਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਅੱਜ ਦੱਸਿਆ ਕਿ ਇਹ ਰਾਹਤ ਕੁਝ ਸਮੇਂ ਲਈ ਲਾਗੂ ਹੋਵੇਗੀ।
ਵਰਨਣ ਯੋਗ ਹੈ ਕਿ ਈਰਾਨ ਦੀ ਬੈਂਕਿੰਗ, ਐਨਰਜੀ ਅਤੇ ਸ਼ਿਪਿੰਗ ਇੰਡਸਟਰੀ ਉੱਤੇ ਅਮਰੀਕਾ ਨੇ ਪਾਬੰਦੀਆਂ ਲਾਈਆਂ ਹਨ, ਜਿਨ੍ਹਾਂ ਵਿੱਚੋਂ ਅੱਠ ਦੇਸ਼ਾਂ ਨੂੰ ਇਨਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ, ਉਨ੍ਹਾਂ ਵਿੱਚ ਚੀਨ, ਭਾਰਤ, ਗ੍ਰੀਸ, ਇਟਲੀ, ਤਾਈਵਾਨ, ਜਾਪਾਨ, ਤੁਰਕੀ ਤੇ ਦੱਖਣੀ ਕੋਰੀਆ ਸ਼ਾਮਲ ਹਨ। ਵਿਦੇਸ਼ ਮੰਤਰੀ ਪੋਂਪੀਓ ਨੇ ਕਿਹਾ ਕਿ 20 ਦੇਸ਼ਾਂ ਨੇ ਪਹਿਲਾਂ ਹੀ ਈਰਾਨ ਤੋਂ ਤੇਲ ਖਰੀਦਣਾ ਛੱਡ ਦਿੱਤਾ ਤੇ ਈਰਾਨ ਦੀ ਤੇਲ ਸੇਲ ''ਚ 10 ਲੱਖ ਬੈਰਲ ਰੋਜ਼ ਦੀ ਘਟ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਸੀ ਕਿ ਉਸ ਨੇ ਚੀਨ ਤੇ ਭਾਰਤ ਸਮੇਤ ਤੁਰਕੀ, ਇਰਾਕ, ਇਟਲੀ, ਜਾਪਾਨ ਤੇ ਦੱਖਣੀ ਕੋਰੀਆ ਨੂੰ ਕਿਹਾ ਹੈ ਕਿ ਉਹ ਜਿੰਨਾ ਜਲਦੀ ਹੋਵੇ, ਈਰਾਨ ਤੋਂ ਤੇਲ ਲੈਣਾ ਬੰਦ ਕਰ ਦੇਣ। ਮਾਇਕ ਪੋਂਪੀਓ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਤੇ ਚੀਨ ਨੇ ਅਮਰੀਕਾ ਨੂੰ ਭਰੋਸਾ ਦਿੱਤਾ ਹੈ ਕਿ ਛੇ ਮਹੀਨਿਆਂ ਵਿੱਚ ਈਰਾਨ ਤੋਂ ਤੇਲ ਲੈਣਾ ਬੰਦ ਕਰ ਦੇਣਗੇ ਤਾਂ ਉਹ ਗੱਲ ਟਾਲ ਗਏ। ਭਾਰਤ ਤੇ ਚੀਨ, ਈਰਾਨ ਤੋਂ ਕੱਚੇ ਤੇਲ ਦੇ ਸਭ ਤੋਂ ਵੱਡੇ ਗ੍ਰਾਹਕ ਹਨ। ਈਰਾਨ ਦੇ ਤੇਲ ਅਤੇ ਵਿੱਤ ਖੇਤਰਾਂ ਵਿੱਚ ਅਮਰੀਕਾ ਦੀਆਂ ਪਾਬੰਦੀਆਂ ਤੋਂ ਹਾਲੇ ਤੱਕ ਇਹ ਦੋਵੇਂ ਦੇਸ਼ ਬਚੇ ਹੋਏ ਹਨ।
ਇਸ ਤੋਂ ਪਹਿਲਾਂ ਕਿਸੇ ਦੇਸ਼ ਦਾ ਨਾਂਅ ਨਾ ਲੈਂਦੇ ਹੋਏ ਪੋਂਪੀਓ ਨੇ ਕਿਹਾ ਸੀ ਕਿ ਦੇਖੋ ਅਸੀਂ ਕੀ ਕਰਦੇ ਹਾਂ। ਪਹਿਲਾਂ ਦੇ ਮੁਕਾਬਲੇ ਇਸ ਵਾਰ ਵੱਧ ਕੱਚਾ ਤੇਲ ਅਸੀਂ ਬਜ਼ਾਰ ਤੋਂ ਰੋਕ ਦਿੱਤਾ ਹੈ। ਉਨ੍ਹਾਂ ਯਤਨਾਂ ਨੂੰ ਦੇਖੋ, ਜਿਹੜੇ ਰਾਸ਼ਟਰਪਤੀ ਟਰੰਪ ਦੀ ਨੀਤੀ ਨਾਲ ਜੁੜੇ ਹੋਏ ਹਨ। ਅਸੀਂ ਇਹ ਸਭ ਕੀਤਾ ਅਤੇ ਨਾਲ ਧਿਆਨ ਰੱਖਿਆ ਕਿ ਅਮਰੀਕੀ ਲੋਕ ਵੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਪ੍ਰਭਾਵਿਤ ਨਾ ਹੋਣ।