image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ

ਮਨੁੱਖਤਾ ਦੀ ਰਾਖੀ ਅਤੇ ਖਾਲਸਾ ਪੰਥ ਦੀ ਸੁਤੰਤਰ ਹੋਂਦ ਲਈ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਜਦੋਂ ਦਿਲ ਕੰਬਾਊ ਸ਼ਹੀਦੀ ਸਾਕੇ ਵਾਪਰੇ, ਤਦ ਭਾਰਤ ਦੇਸ਼ ਦਾ ਕੋਈ ਵਜੂਦ ਹੀ ਨਹੀਂ ਸੀ

   ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਹੋਈ ਸਤਿਗੁਰੂ ਨਾਨਕ ਦੀ ਨਾਦੀ ਸੰਤਾਨ ਖਾਲਸਾ ਪੰਥ ਭਾਵ ਸਿੱਖ ਕੌਮ ਦਸੰਬਰ ਦੇ ਮਹੀਨੇ ਨੂੰ ਸਫ਼ਰ-ਏ-ਸ਼ਹਾਦਤ ਦੇ ਮਹੀਨੇ ਵਜੋਂ ਮਨਾਉਂਦੀ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਔਰੰਗਜ਼ੇਬ ਦੀ ਕੁਰਾਨ ਦੀ ਸਹੁੰ ਅਤੇ ਹਿੰਦੂ ਰਾਜਿਆਂ ਦੀ ਗਊ ਦੀ ਸਹੁੰ 'ਤੇ ਇਤਬਾਰ ਕਰਕੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਕੇ ਬਾਹਰ ਆ ਗਏ, ਪਰ ਔਰੰਗਜ਼ੇਬ ਅਤੇ ਹਿੰਦੂ ਰਾਜਿਆਂ ਦੀ ਫੌਜ ਨੇ ਆਪਣੇ ਆਪਣੇ ਧਰਮਾਂ ਦੀਆਂ ਖਾਧੀਆਂ ਕਸਮਾਂ ਤੋੜ ਕੇ ਕਈ ਮਹੀਨਿਆਂ ਤੋਂ 'ਭੁੱਖੇ ਭਾਣੇ' ਸਿੱਖਾਂ ਉਤੇ ਸਰਸਾ ਨਦੀ ਉੱਤੇ ਜਾ ਹਮਲਾ ਕੀਤਾ, ਸਰਸਾ ਕਿਨਾਰੇ ਯੁੱਧ ਹੋਇਆ ਗੁਰੂ ਸਾਹਿਬ ਦਾ ਪਰਿਵਾਰ ਵਿੱਛੜ ਗਿਆ । ਗੁਰੂ ਸਾਹਿਬ ਸਰਸਾ ਨਦੀ ਪਾਰ ਕਰਕੇ, ਪੰਜਾਂ ਪਿਆਰਿਆਂ, ਦੋ ਵੱਡੇ ਸਾਹਿਬਜ਼ਾਦਿਆਂ ਤੇ ਕੁਝ ਸਿੰਘਾਂ ਸਮੇਤ ਚਮੌਕਰ ਪੁੱਜੇ - ਚਮਕੌਰ ਦੀ ਗੜ੍ਹੀ ਨੂੰ ਹਿੰਦੂ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਦੱਸ ਲੱਖ ਫੌਜ ਨੇ ਗੜ੍ਹੀ ਨੂੰ ਘੇਰਾ ਪਾਇਆ, ਦੁਨੀਆਂ ਦੀ ਅਸਾਵੀ ਜੰਗ ਖਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿੱਚ ਲੜੀ, ਦੋ ਵੱਡੇ ਸਾਹਿਬਜ਼ਾਦੇ, ਤਿੰਨ ਪਿਆਰੇ ਅਤੇ 373 ਦੇ ਕਰੀਬ ਸਿੰਘ ਮੈਦਾਨ-ਏ-ਜੰਗ ਵਿੱਚ ਵੈਰੀ ਦੀਆਂ ਲੱਖਾਂ ਫੌਜਾਂ ਨਾਲ ਲੜਦੇ ਸ਼ਹੀਦ ਹੋ ਗਏ । ਗੁਰੂ ਗੋਬਿੰਦ ਸਿੰਘ, ਗੁਰੂ ਪੰਥ ਦੀ ਆਗਿਆ ਮੰਨ ਕੇ ਚਮਕੌਰ ਦੀ ਗੜ੍ਹੀ ਵਿੱਚੋਂ ਤਿੰਨਾਂ ਸਿੰਘਾਂ ਸਮੇਤ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ) ਲੱਖਾਂ ਦੀ ਫੌਜ ਦਾ ਘੇਰਾ ਤੋੜ ਕੇ ਨਿਕਲ ਗਏ । ਪੋਹ ਮਹੀਨੇ ਦੀ ਕੜਕਦੀ ਠੰਡ ਅਤੇ ਹਨੇਰੀ ਰਾਤ ਵਿੱਚ ਨੰਗੇ ਪੈਰੀਂ ਮਾਛੀਵਾੜੇ ਪਹੁੰਚੇ, ਜਿਥੇ ਉਨ੍ਹਾਂ ਨੂੰ ਉਹ ਤਿੰਨੇ ਸਿੰਘ ਵੀ ਆ ਮਿਲੇ, ਜਿਹੜੇ ਉਨ੍ਹਾਂ ਨਾਲ ਚਮਕੌਰ ਦੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਸਨ ।
  ਦਸੰਬਰ ਦੇ ਮਹੀਨੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ 'ਪੰਥ ਵੱਸੇ ਮੈਂ ਉਜੜਾਂ' ਦੀ ਭਾਵਨਾ ਤਹਿਤ ਅਕਹਿ ਤੇ ਅਸਹਿ ਕਸ਼ਟ ਝੱਲੇ ਸਨ । ਦਸੰਬਰ ਦੇ ਮਹੀਨੇ ਵਿੱਚ ਹੀ ਚੌਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਵੀ ਸਿੱਖ ਧਰਮ ਦੇ ਨਿਆਰੇਪਣ ਤੇ ਗੁਰੂ ਨਾਨਕ ਵੱਲੋਂ ਚਲਾਏ ਤੀਸਰੇ ਪੰਥ ਭਾਵ ਸਿੱਖ ਕੌਮ ਦੀ ਅੱਡਰੀ, ਨਿਆਰੀ ਤੇ ਵਿਲੱਖਣ ਹੋਂਦ ਹਸਤੀ ਨੂੰ ਕਾਇਮ ਰੱਖਣ ਲਈ ਹੋਈ ਸੀ । ਪਰ ਅੱਜ ਰਾਸ਼ਟਰੀ ਸਿੱਖ ਸੰਗਤ, ਰਾਸ਼ਟਰੀ ਸਵੈਮ ਸੰਘ ਤੇ ਭਾਜਪਾ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭਾਰਤ ਦੇ 'ਰਾਸ਼ਟਰੀ ਗੌਰਵ' ਦੇ ਖਾਤੇ ਵਿੱਚ ਪਾਉਣਾ ਚਾਹੁੰਦੀ ਹੈ । ਅਕਾਲੀ ਦਲ ਬਾਦਲ ਨੇ ਭਾਜਪਾ ਨਾਲ ਪਤੀ ਪਤਨੀ ਦਾ ਰਿਸ਼ਤਾ ਨਿਭਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਵੀ ਆਰ।ਐੱਸ।ਐੱਸ। ਦੇ ਅਧੀਨ ਕੀਤਾ ਹੋਇਆ ਹੈ । ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਸ਼੍ਰੋਮਣੀ ਕਮੇਟੀ ਦੀਆਂ ਗਤੀਵਿਧੀਆਂ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਹਿੰਦੂ ਰਾਸ਼ਟਰਵਾਦ ਦਾ ਭੂਤ ਚਿੰਬੜਦਾ ਜਾ ਰਿਹਾ ਹੈ । ਜਿਸ ਦਾ ਪ੍ਰਤੱਖ ਸਬੂਤ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ 25 ਦਸੰਬਰ 2016 ਨੂੰ ਅਜੀਤ ਅਖਬਾਰ ਵਿੱਚ ਛੱਪੇ ਲੇਖ, "ਸਾਕਾ ਸਰਹਿੰਦ, ਨਿੱਕੀਆਂ ਜਿੰਦਾਂ ਦਾ ਵੱਡਾ ਸਾਕਾ" ਵਿੱਚ ਮਿਲਦਾ ਹੈ । ਉਕਤ ਲੇਖ ਵਿੱਚ ਪ੍ਰੋ: ਕਿਰਪਾਲ ਸਿੰਘ ਬਡੂੰਗਰ ਲਿਖਦੇ ਹਨ ਕਿ "ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ, ਦੁਨੀਆਂ ਦੀ ਇਹ ਅਜੀਮ, ਨਿਵੇਕਲੀ, ਲਾਮਿਸਾਲ, ਦਿਲ ਕੰਬਾਊ ਅਤੇ ਇਤਿਹਾਸਕ ਸ਼ਹੀਦੀ ਨੇ ਭਾਰਤ ਦੇ ਇਤਿਹਾਸ ਦਾ ਵਹਿਣ ਹੀ ਮੋੜ ਦਿੱਤਾ ਅਤੇ ਦੁਨੀਆਂ ਨੂੰ ਅਸਚਰਜਤਾ ਵਿੱਚ ਪਾ ਦਿੱਤਾ ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰਕੇ, ਸਿੱਖ ਕੌਮ ਅਤੇ ਭਾਰਤ ਦਾ ਸੀਸ ਉੱਚਾ ਕਰ ਦਿੱਤਾ । ਅੱਗੇ ਬਡੂੰਗਰ ਸਾਹਿਬ ਲਿਖਦੇ ਹਨ ਕਿ "ਬਿਰਧ ਉਮਰੇ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਵਿੱਚ ਅੰਤਾਂ ਦੇ ਤਸੀਹੇ ਝੱਲਦੇ ਹੋਏ ਸ਼ਹੀਦੀ ਪਾ ਗਏ। ਭਾਰਤ ਅਤੇ ਸਿੱਖ ਕੌਮ ਦੇ ਇਤਿਹਾਸ ਵਿੱਚ ਸੱਚ, ਹੱਕ, ਧਰਮ, ਮਨੁੱਖੀ ਅਧਿਕਾਰ ਅਤੇ 'ਰਾਸ਼ਟਰੀ ਗੌਰਵ' ਲਈ ਕਿਸੇ ਇਸਤਰੀ ਦੀ ਇਹ ਪਹਿਲੀ ਸ਼ਹੀਦੀ ਸੀ" । (ਹਵਾਲਾ - 25 ਦਸੰਬਰ 2016 ਨੂੰ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਲੇਖ "ਸਾਕਾ ਸਰਹਿੰਦ : ਨਿੱਕੀਆਂ ਜਿੰਦਾਂ ਦਾ ਵੱਡਾ ਸਾਕਾ" ਵਿੱਚੋਂ ਲਿਆ ਗਿਆ ਹੈ) ਜਾਪਦਾ ਹੈ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਹਿੰਦੂ ਰਾਸ਼ਟਰਵਾਦ ਨੂੰ ਸਮਰਪਿਤ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਖੁਸ਼ ਕਰਨ ਲਈ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ 'ਭਾਰਤ ਦੇ ਰਾਸ਼ਟਰੀ ਗੌਰਵ' ਦੇ ਖਾਤੇ ਪਾਉਣ ਦਾ ਗੁਨਾਹ ਕੀਤਾ ਹੈ, ਕਿਉਂਕਿ ਜਦੋਂ ਦਸੰਬਰ 1704 ਈ: ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਖਿਲਾਹ ਕੇ ਸ਼ਹੀਦ ਕੀਤਾ ਗਿਆ ਅਤੇ ਮਾਤਾ ਗੁਜਰ ਕੌਰ "ਠੰਡੇ ਬੁਰਜ ਵਿੱਚ ਅੰਤਾਂ ਦੇ ਤਸੀਹੇ ਝੱਲਦੇ ਸ਼ਹੀਦੀ ਪਾ ਗਏ' ਉਦੋਂ ਭਾਰਤ ਦਾ ਕੋਈ ਰਾਸ਼ਟਰੀ ਵਜੂਦ ਹੀ ਨਹੀਂ ਸੀ । "ਇਹ ਤਾਂ ਆਮ ਹਿੰਦੋਸਤਾਨੀਆਂ ਨੂੰ ਅੰਗ੍ਰੇਜ਼ਾਂ ਦਾ ਕਈ ਗੱਲਾਂ ਕਰਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਪੰਜਾਬ ਤੋਂ ਬਿਨਾਂ ਸਾਰੇ ਹਿੰਦੋਸਤਾਨ ਨੂੰ ਡੰਡੇ ਨਾਲ ਇਕੱਠਾ ਕੀਤਾ ਤਾਂ ਹੀ ਅੱਜ ਹਿੰਦੂ ਲੀਡਰ ਕਸ਼ਮੀਰ ਤੇ ਨਾਗਾਲੈਂਡ ਨੂੰ ਦੇਸ਼ ਦਾ ਅਟੁੱਟ ਅੰਗ ਕਹਿਣ ਜੋਗੇ ਹੋਏ ਹਨ । ਨਹੀਂ ਤਾਂ ਅੰਗ੍ਰ੍ਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਛੇ ਸੌ ਤੋਂ ਵੀ ਵੱਧ ਰਿਆਸਤਾਂ ਵਿੱਚ ਵੰਡਿਆ ਪਿਆ ਸੀ । ਕੋਈ ਇਕ ਦੂਜੇ ਨੂੰ ਜਾਣਦਾ ਤੱਕ ਨਹੀਂ ਸੀ, ਭਾਵ ਦਸੰਬਰ 1704 ਨੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਹਿੰਦੂ ਰਾਜਿਆਂ ਦੀ ਗਊ ਦੀ ਤੇ ਔਰੰਗਜ਼ੇਬ ਦੀ ਕੁਰਾਨ ਸ਼ਰੀਫ ਦੀ ਸਹੁੰ 'ਤੇ ਇਤਬਾਰ ਕਰਕੇ ਅਨੰਦਪੁਰ ਕਿਲ੍ਹਾ ਛੱਡਿਆ, ਚਮਕੌਰ ਦੀ ਗੜ੍ਹੀ ਵਿੱਚੋਂ 40 ਸਿੰਘਾਂ ਨੇ ਦੱਸ ਲੱਖ ਫੌਜ ਨਾਲ ਦੁਨੀਆਂ ਭਰ ਦੇ ਇਤਿਹਾਸ ਵਿੱਚ ਇਕ ਨਿਵੇਕਲੀ ਅਤੇ ਅਜਾਂਵੀ ਜੰਗ ਲੜੀ ਅਤੇ ਇਸੇ ਹੀ ਸਾਲ ਦਸੰਬਰ 1704 ਨੂੰ ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਉਦੋਂ ਦੁਨੀਆਂ ਦੇ ਨਕਸ਼ੇ 'ਤੇ ਭਾਰਤ ਨਾਂਅ ਦਾ ਕੋਈ ਦੇਸ਼ ਹੀ ਨਹੀਂ ਸੀ ਤਾਂ ਫਿਰ ਗੁਰੂ ਗੋਬਿਦ ਸਿੰਘ ਦੀ ਅਤੇ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਕਿਹੜੇ ਭਾਰਤ ਦੇਸ਼ ਦੇ ਨਾਗਰਿਕ ਹੋ ਗਏ   ਹੁਣ ਤਾਂ ਸਿੱਖੀ ਦੀ ਦੁਸ਼ਮਣ ਕੱਟੜਵਾਦੀ ਹਿੰਦੂ ਜਥੇਬੰਦੀ ਆਰ। ਐੱਸ। ਐੱਸ। ਸਿੱਖ ਇਤਿਹਾਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਆਪਣੀਆਂ ਸ਼ਾਖਾਵਾਂ ਵਿੱਚ ਅਜਿਹੇ ਗੀਤ ਗਾ ਰਹੀ ਹੈ ਕਿ "ਕਿ ਅਸੀਂ ਸਾਹਿਬਜ਼ਾਦਿਆਂ ਤੇ ਬੰਦਾ ਸਿੰਘ ਦੇ ਵਾਰਸ ਹਾਂ, ਦਸਮੇਸ਼ ਪਿਤਾ ਅਸੀਂ ਤੇਰੇ ਪੁੱਤਰਾਂ, ਤੇ ਤੇਰੇ ਦਰਸਾਏ ਰਾਹ 'ਤੇ ਚੱਲ ਕੇ ਦੁਸ਼ਟਾਂ ਦਾ ਨਾਸ਼ ਕਰਾਂਗੇ ਤੇ ਭਾਰਤ ਲਈ ਮਰ ਮਿਟਾਂਗੇ" (ਹਵਾਲਾ, ਖਾਲਸਾ ਫਤਹਿਨਾਮਾ ਜਨਵਰੀ 2017 ਪੰਨਾ 14) ਹੁਣ ਵਿਚਾਰਨਯੋਗ ਤੱਥ ਇਹ ਹੈ ਕਿ ਸਾਹਿਬਜ਼ਾਦਿਆਂ ਨੂੰ ਕਤਲ ਕਰਵਾਉਣ ਵਾਲਿਆਂ ਦੇ ਗੰਗੂ ਬ੍ਰਾਹਮਣ ਤੇ ਸੁੱਚਾ ਨੰਦ ਦੇ ਵਾਰਿਸ, ਸਾਹਿਬਜ਼ਾਦਿਆਂ ਦੇ ਵਾਰਿਸ ਕਿਵੇਂ ਹੋ ਸਕਦੇ ਹਨ   ਸਾਹਿਬਜ਼ਾਦਿਆਂ ਦਾ ਅਤੇ ਬੰਦਾ ਸਿੰਘ ਦਾ ਵਾਰਿਸ ਖਾਲਸਾ ਪੰਥ ਹੈ, ਜੋ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਹੀ ਦੀ ਨਾਦੀ ਸੰਤਾਨ ਹੈ । ਇਸ ਤੱਥ ਦੀ ਪ੍ਰੋੜਤਾ ਸਿਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਦੇ ਪੰਨਾ 70 ਉੱਤੇ ਇਸ ਪ੍ਰਕਾਰ ਕੀਤੀ ਹੈ ਕਿ "ਸੰਨ 1705 ਈਸਵੀ ਵਿੱਚ ਜਦੋਂ ਮਾਤਾ ਸੁੰਦਰੀ, ਸਾਹਿਬ ਪਾਤਸ਼ਾਹ ਨੂੰ ਸਾਬੋ ਕੀ ਤਲਵੰਡੀ ਭਰੇ ਦੀਵਾਨ ਵਿੱਚ ਮਿਲੇ, ਤਦ ਚੌਹਾਂ ਸਾਹਿਬਜ਼ਾਦਿਆਂ ਬਾਰੇ ਪੁੱਛੇ ਜਾਣ ਉੱਤੇ ਮਾਤਾ ਸੁੰਦਰ ਕੌਰ ਨੂੰ ਗੁਰੂ ਸਾਹਿਬ ਨੇ ਇਹ ਜਗਤ - ਬਿਖਿਆਤ ਉਤਰ ਦਿੱਤਾ, ਖਾਲਸਾ ਪੰਥ ਦੇ ਦੀਵਾਨ ਵਿੱਚ ਇਕੱਤਰ ਹੋਏ ਸਿੰਘਾਂ ਵੱਲ ਹੱਥ ਕਰਕੇ ਕਿਹਾ


"ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ,
ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ।"


   ਉਕਤ ਹਵਾਲੇ ਦਾ ਸਪੱਸ਼ਟ ਭਾਵ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਬਿੰਦੀ ਪੁੱਤਰ ਆਪਣੇ ਨਾਂਦੀ ਪੁੱਤਰ ਖਾਲਸੇ ਉਤੋਂ ਭਾਵ ਸਿੱਖ ਕੌਮ ਉਤੋਂ ਵਾਰ ਦਿੱਤੇ, ਕਿਉਂਕਿ ਸਿੱਖ ਕੌਮ ਦਾ ਕੌਮੀ ਸਰੂਪ 'ਖਾਲਸਾ ਪੰਥ' ਹੈ । 'ਖਾਲਸਾ ਪੰਥ' ਦਾ ਭਾਰਤੀਕਰਨ ਕਰਨ ਲਈ ਜਲੰਧਰ ਦੇ ਦੈਨਿਕ ਪੱਤਰ 'ਹਿੰਦ ਸਮਾਚਾਰ' ਮਿਤੀ 15 ਜਨਵਰੀ ਸੰਨ 1978 ਦੇ ਐਡੀਟੋਰੀਅਲ ਵਿੱਚ ਲਾਲਾ ਜਗਤ ਨਰਾਇਣ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਆੜ ਹੇਠ ਇਹ ਸ਼ਬਦ ਗੁਰੂ ਸਾਹਿਬ ਦੇ ਮੁਖਾਰਬਿੰਦ 'ਚੋਂ ਅਖਵਾਏ ਸਨ ਕਿ "ਇਸ ਭਾਰਤ ਵਰਸ਼ ਕੇ ਸ਼ੀਸ਼ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ" । 'ਇਨ ਪੁੱਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਦੀ ਥਾਂ, ਇਸ 'ਭਾਰਤਵਰਸ਼ ਕੇ ਸੀਸ ਪਰ ਵਾਰ ਦੀਏ ਸੁਤ ਚਾਰ' ਆਪਣੇ ਐਡੀਟੋਰੀਅਲ ਵਿੱਚ ਲਿਖ ਕੇ ਕੱਟੜਵਾਦੀ ਹਿੰਦੂ ਲਾਲਾ ਜਗਤ ਨਰਾਇਣ ਨੇ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਕੀਤਾ ਸੀ । ਖਾਲਸਾ ਪੰਥ ਬਾਰੇ ਤੱਥ ਵਿਹੂਣੀ ਅਤੇ ਗੁੰਮਰਾਹਕੁਨ ਟਿੱਪਣੀ ਐੱਲ।ਕੇ। ਅਡਵਾਨੀ ਨੇ ਆਪਣੀ ਪੁਸਤਕ, 'ਮਾਈ ਕੰਟਰੀ ਮਾਈ ਲਾਈਫ' ਦੇ ਪੰਨਾ 424 ਉੱਤੇ ਇਸ ਪ੍ਰਕਾਰ ਕੀਤੀ ਹੈ ਕਿ

    "The Khalsa Panth was created three hundred years ago by Guru Gobind Singh the last of the ten gurus. To defend the Hindus and protect Hinduism from the bigoted Muslim rulers of the time&rdquo.

 

    ਅਰਥਾਤ ਗੁਰੂਆਂ ਵਿੱਚੋਂ ਅਖੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨ ਹਾਕਮਾਂ ਤੋਂ ਬਚਾਉਣ ਲਈ 300 ਸਾਲ ਪਹਿਲਾਂ ਖਾਲਸਾ ਪੰਥ ਪੈਦਾ ਕੀਤਾ ਸੀ"। ਉਕਤ ਟਿੱਪਣੀ ਅਨੁਸਾਰ ਐੱਲ਼ਕੇæ ਅਡਵਾਨੀ ਜੋ ਕਿ ਆਰæਐੱਸ਼ਐੱਸ਼ ਦਾ ਕੱਟੜ ਸਮਰਥੱਕ ਤੇ ਮੈਂਬਰ ਹੈ, ਖਾਲਸਾ ਪੰਥ (ਸਿੱਖ ਕੌਮ) ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਮੰਨਣ ਤੋਂ ਇਨਕਾਰੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਪੈਦਾ ਨਹੀਂ ਸੀ ਕੀਤਾ ਤੇ ਨਾਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਚਲਾਏ ਤੀਸਰੇ ਪੰਥ, (ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ) ਨਾਲੋਂ ਕੋਈ ਵੱਖਰਾ ਪੰਥ ਚਲਾਇਆ ਸੀ । ਸਗੋਂ ਗੁਰੂ ਨਾਨਕ ਦੇ ਵਿੱਢੇ ਸਿੱਖ ਇਨਕਲਾਬ ਦੇ ਸੰਘਰਸ਼ ਨੂੰ ਅੰਤਿਮ ਰੂਪ ਦੇਣ ਲਈ 1699 ਦੀ ਵਿਸਾਖੀ ਨੂੰ ਸੀਸ ਭੇਟ ਕੌਤਕ ਵਰਤਾ ਕੇ, ਚਰਨ ਪਹੁਲ ਦੀ ਮਰਿਯਾਦਾ ਬਦਲ ਕੇ ਖੰਡੇ ਦੀ ਪਹੁਲ ਦੁਆਰਾ ਨਾਨਕ ਨਿਰਮਲ ਪੰਥ ਵਿੱਚੋਂ ਉਹ ਖਾਲਸਾ ਪ੍ਰਗਟ ਕੀਤਾ, ਜੋ ਨਾ ਜੰਮਦਾ ਹੈ ਤੇ ਨਾ ਮਰਦਾ ਹੈ, ਅਰਥਾਤ


'ਖਾਲਸਾ ਅਕਾਲ ਪੁਰਖ ਦੀ ਫੌਜ।। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ।।
ਜਬ ਲਗ ਖਾਲਸਾ ਰਹੇ ਨਿਆਰਾ ।। ਤਬ ਲਗ ਤੇਜ ਦੀਓ ਮੈਂ ਸਾਰਾ ।।
ਜਬ ਇਹ ਗਹੈ ਬਿਪਰਨ ਕੀ ਰੀਤ ।। ਮੈਂ ਨਾ ਕਰੋਂ ਇਨ ਕੀ ਪ੍ਰਤੀਤ ।।'


   ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਲਿਖਾਰੀ ਭਾਈ ਪ੍ਰਹਿਲਾਦ ਸਿੰਘ ਨੇ ਵੀ ਆਪਣੇ ਰਹਿਤਨਾਮੇ ਵਿੱਚ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਪੰਥ ਗੁਰੂ ਨਾਨਕ ਨੇ ਹੀ ਚਲਾਇਆ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਸਾਜਨਾ ਭਾਵ ਪੰਥ ਦਾ ਅੰਤਿਮ ਸਰੂਪ ਬੰਨ ਕੇ ਉਸ ਨੂੰ ਗੁਰਆਈ ਸੌਂਪੀ ਹੈ "ਪੰਥ ਚਲਬੋ ਹੈ ਜਗਤ ਪੈ, ਗੁਰ ਨਾਨਕ ਪ੍ਰਸਾਦਿ, ਰਹਿਤ ਬਤਾਈਏ ਖਾਲਸੇ, ਸੁਣ ਭਾਈ ਪ੍ਰਹਿਲਾਦ" । ਅਤੇ ਗੁਰੂ ਖਾਲਸਾ ਮਾਨੀਅ ਹਿ ਪਰਗਟ ਗੁਰੂ ਦੀ ਦੇਹ, ਜੋ ਸਿੱਖ ਮੈਂ ਮਿਲਬੋ ਚਹਿਹ ਖੋਜ ਇਨਹੁ ਮਹਿਲੇਹੁ (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ) ਅਨੰਦਪੁਰ ਸਾਹਿਬ ਵਿਖੇ 1699 ਈ: ਦੀ ਵੈਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੇ ਪੰਥ ਦੀ ਸਾਜਨਾ ਕੋਈ ਵੱਕਤੀ ਘਟਨਾ ਕ੍ਰਮ ਨਹੀਂ ਸੀ, ਸਗੋਂ ਸਿੱਖ ਇਨਕਲਾਬ ਸੀ । ਫਰਾਂਸ ਦਾ ਇਨਕਲਾਬ 1789 ਈ: ਵਿੱਚ ਸ਼ੁਰੂ ਹੋਇਆ, ਜਦਕਿ ਇਨਕਲਾਬੀ ਖਾਲਸਾ ਇਸ ਤੋਂ ਨੱਬੇ ਸਾਲ 1699 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਕੀਤਾ । ਇਸ ਕਰਕੇ ਹੀ ਵਿਸ਼ਵ ਪ੍ਰਸਿੱਧ ਫਿਲਾਸਫਰ ਤੇ ਇਤਿਹਾਸਕਾਰ ਟੋਇਨਬੀ ਨੇ ਕਿਹਾ ਸੀ ਕਿ ਕਾਰਲ ਮਾਰਕਸ ਨੇ ਜੋ ਲਿਖਿਆ ਸੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਮਲੀ ਤੌਰ 'ਤੇ ਦੋ ਸਦੀਆਂ ਪਹਿਲਾਂ ਉਸ ਨੂੰ ਕਰਕੇ ਵਿਖਾ ਚੁੱਕੇ ਸਨ । ਐੱਲ।ਕੇ। ਅਡਵਾਨੀ ਦੀ ਇਹ ਟਿੱਪਣੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਨੂੰ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨਾਂ ਤੋਂ ਬਚਾਉਣ ਲਈ ਖਾਲਸਾ ਪੰਥ ਪੈਦਾ ਕੀਤਾ, ਇਤਿਹਾਸਕ ਤੱਥਾਂ ਦੇ ਬਿਲਕੁੱਲ ਉਲਟ ਹੈ ।
    ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਇਤਿਹਾਸਕ ਵੇਰਵੇ ਵਿਸਥਾਰ ਨਾਲ ਦਿੱਤੇ ਜਾਣ । ਦਾਸ ਸੰਖੇਪ ਕਰਕੇ ਕੇਵਲ ਦੋ ਉਦਾਹਰਣਾਂ ਹੀ ਦੇਵੇਗਾ । 1699 ਦੀ ਵੈਸਾਖੀ ਨੂੰ ਵਾਪਰੀ ਘਟਨਾ ਦਾ ਜੋ ਚਸ਼ਮਦੀਦ ਵੇਰਵਾ ਸਰਕਾਰੀ ਸੂਹੀਏ ਨੇ ਔਰੰਗਜ਼ੇਬ ਨੂੰ ਭੇਜਿਆ, ਉਸ ਦਾ ਉਲੇਖ ਮੁਸਲਮਾਨ ਇਤਿਹਾਸਕਾਰ ਅਹਿਮਦ ਸ਼ਾਹ ਬਟਾਲਵੀ ਨੇ ਇਸ ਪ੍ਰਕਾਰ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ : ਮੈਂ ਚਾਹੁੰਦਾ ਹਾਂ ਤੁਸੀਂ ਸਾਰੇ ਇਕ ਰਾਹ 'ਤੇ ਚੱਲੋ ਅਤੇ ਇਕ ਧਰਮ ਅਪਨਾਉ । ਵੱਖ-ਵੱਖ ਜਾਤਾਂ ਦੇ ਭੇਦ ਮਿਟਾ ਦਿਉ । ਹਿੰਦੂਆਂ ਦੀਆਂ ਚਾਰ ਜਾਤਾਂ ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿੱਚ ਆਇਆ ਹੈ, ਮੁੱਢ ਤੋਂ ਹੀ ਮੁਕਾ ਦਿਉ ਅਤੇ ਇਕ ਦੂਜੇ ਨਾਲੋਂ ਆਪਣੇ-ਆਪ ਨੂੰ ਵੱਡਾ ਨਾ ਸਮਝੋ । ਪੁਰਾਣੇ ਧਾਰਮਿਕ ਗ੍ਰੰਥਾਂ ਉੱਤੇ ਵਿਸ਼ਵਾਸ ਨਾ ਰੱਖੋ । ਕੋਈ ਵੀ ਗਣੇਸ਼ ਆਦਿ ਵੱਲ ਧਿਆਨ ਨਾ ਦੇਵੇ । ਧਾਰਮਿਕ ਅਸਥਾਨਾਂ ਉੱਤੇ ਯਾਤਰਾ ਕਰਨਾ ਵਿਅਰਥ ਹੈ । ਰਾਮ, ਕ੍ਰਿਸ਼ਨ, ਬ੍ਰਹਮਾ ਅਤੇ ਦੁਰਗਾ ਆਦਿ ਨੂੰ ਪੂਜਣ ਦੀ ਕੋਈ ਲੋੜ ਨਹੀਂ । ਸਿਰਫ ਗੁਰੂ ਨਾਨਕ ਅਤੇ ਬਾਕੀ ਗੁਰੂਆਂ ਉੱਤੇ ਵਿਸ਼ਵਾਸ਼ ਲਿਆਓ।  ਸਾਰੀਆਂ ਜਾਤਾਂ ਇਕੋ ਬਾਟੇ ਵਿੱਚ ਅੰਮ੍ਰਿਤ ਛੱਕ ਕੇ ਇਕ ਦੂਜੇ ਲਈ ਪਿਆਰ ਪੈਦਾ ਕਰਕੇ ਨਫਰਤ ਨੂੰ ਦੂਰ ਕਰੋ" । ਦੂਸਰਾ ਨੁਕਤਾ ਜੋ ਐੱਲ।ਕੇ। ਅਡਵਾਨੀ ਕਹਿੰਦਾ ਹੈ ਕਿ ਹਿੰਦੂਆਂ ਨੂੰ ਕੱਟੜ ਮੁਸਲਮਾਨ ਹਾਕਮਾਂ ਕੋਲੋਂ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਪੈਦਾ ਕੀਤਾ", ਇਹ ਵੀ ਇਹਿਤਾਸਕ ਸੱਚਾਈ ਦੇ ਬਿਲਕੁੱਲ ਉਲਟ ਹੈ, ਕਿਉਂਕਿ ਬਾਈਪਾਰ ਦੇ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਉੱਤੇ ਕਈ ਕਹਿਰੀ ਹਮਲੇ ਕੀਤੇ । ਗੁਰੂ ਗੋਬਿੰਦ ਸਿੰਘ ਨੂੰ ਹਿੰਦੂ ਬਾਈਪਾਰ ਦੇ ਰਾਜਿਆਂ ਦੇ ਹਮਲੇ ਰੋਕਣ ਲਈ ਅਨੰਦਪੁਰ ਸਾਹਿਬ ਵਿਖੇ ਪੰਜ ਕਿਲ੍ਹੇ ਉਸਾਰਨੇ ਪਏ ਸਨ । ਕਿਲ੍ਹਾ ਲੋਹ ਗੜ੍ਹ ਸਾਹਿਬ, ਕਿਲ੍ਹਾ ਹੋਲ ਗੜ੍ਹ ਸਾਹਿਬ, ਕਿਲ੍ਹਾ ਕੇਸ ਗੜ੍ਹ ਸਾਹਿਬ ਅਤੇ ਕਿਲ੍ਹਾ ਤਾਰਾ ਗੜ੍ਹ ਸਾਹਿਬ ਅਤੇ ਮੁੱਖ ਕਿਲ੍ਹਾ ਅਨੰਦ ਗੜ੍ਹ ਸਾਹਿਬ । ਅਨੰਦ ਗੜ੍ਹ ਦੇ ਕਿਲ੍ਹੇ 'ਤੇ ਕਬਜ਼ਾ ਕਰਨ ਲਈ ਹੀ ਬਾਈਧਾਰ ਦੇ ਹਿੰਦੂ ਰਾਜਿਆਂ ਨੇ ਔਰੰਗਜ਼ੇਬ ਕੋਲੋਂ ਫੌਜੀ ਮਦਦ ਮੰਗੀ ਸੀ, ਦੋਹਾਂ ਧਿਰਾਂ ਦੀਆ ਫੌਜਾਂ ਵੀ ਜਦ ਅੱਠ ਮਹੀਨੇ ਗੁਰੂ ਗੋਬਿੰਦ ਸਿੰਘ ਕੋਲੋਂ ਅਨੰਦਗੜ੍ਹ ਦਾ ਕਿਲ੍ਹਾ ਖਾਲੀ ਨਾ ਕਰਵਾ ਸਕੀਆਂ ਤੇ ਆਪਣੇ ਆਪਣੇ ਧਰਮ, ਕੁਰਾਨ ਸ਼ਰੀਫ ਅਤੇ ਗਊ ਦੀਆਂ ਕਸਮਾਂ ਖਾ ਕੇ ਕਿਲ੍ਹਾ ਖਾਲੀ ਕਰਵਾ ਕੇ ਅਤੇ ਕਿਲ੍ਹਾ ਖਾਲੀ ਕਰਵਾਉਣ ਤੋਂ ਬਾਅਦ ਧਰਮ ਦੀਆਂ ਖਾਧੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ 'ਤੇ ਹਮਲਾ ਕਰ ਦਿੱਤਾ ਹਮਲੇ ਤੋਂ ਬਾਅਦ ਦਾ ਹਾਲ ਤੇ ਦਸੰਬਰ ਦੇ ਮਹੀਨਿਆਂ ਦੀਆਂ ਸ਼ਹਾਦਤਾਂ ਦੇ ਸਫ਼ਰ ਦਾ ਜ਼ਿਕਰ ਲੇਖ ਦੇ ਸ਼ੁਰੂ ਵਿੱਚ ਕੀਤਾ ਜਾ ਚੁੱਕਾ ਹੈ । ਅੰਤ ਵਿੱਚ ਅਲਾ ਬਾਰ ਖਾ ਜੋਗੀ ਦੀ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ ਦੇ ਇਨ੍ਹਾਂ ਸ਼ਬਦਾਂ ਨਾਲ ਸਮਾਪਤੀ ਕਰਦਾ ਹਾਂ ।


"ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ।
ਸਿੱਖੀ ਕੀ ਨੀਵ ਹੈ, ਸਰ ਪਰ ਉਠਾ ਚਲੇ ।
ਗੁਰਆਈ ਕਾ ਕਿੱਸਾ ਜਹਾਂ ਮੇਂ ਬਨਾ ਚਲੇ ।
ਸਿੰਘ ਕੀ ਸਲਤਨਤ ਕਾ ਪੌਦਾ ਲਗਾ ਚਲੇ ।
ਗਦੀ ਵੀ - ਤਾਜੋ - ਤਖ਼ਤ ਅਬ ਕੌਮ ਪਾਏਗੀ ।
ਦੁਨੀਆਂ ਮੇਂ ਜਾਲਮੋਂ ਕਾ ਨਿਸ਼ਾਂ ਤੱਕ ਮਿਟਾਏਗੀ"।


  ਭਾਵ ਇਕ ਦਿਨ ਇਥੇ ਸਿੱਖ ਕੌਮ ਦਾ ਰਾਜ ਹੋਵੇਗਾ । 1704 ਈ: ਦੇ ਦਸੰਬਰ ਦੇ ਮਹੀਨੇ ਚਮਕੌਰ ਗੜ੍ਹੀ ਦੇ ਯੁੱਧ ਵਿੱਚ 40 ਸਿੰਘਾਂ ਦੀ ਸ਼ਹਾਦਤ ਅਤੇ ਚੌਹਾਂ ਸਾਹਿਬਜ਼ਾਜਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ, ਸ਼ਹੀਦੀ ਸਾਕਾ ਚਮਕੌਰ ਤੇ ਸ਼ਹੀਦੀ ਸਾਕਾ ਸਰਹੰਦ ਵਿੱਚ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ, ਸਭ ਖਾਲਸਾ ਪੰਥ ਦੀ ਅੱਡਰੀ ਸੁਤੰਤਰ ਹੋਂਦ ਹਸਤੀ ਅਤੇ ਹਲੇਮੀ ਰਾਜ ਦੀ ਸਥਾਪਤੀ ਲਈ ਹੋਈਆਂ, ਨਾ ਕਿ ਭਾਰਤ ਵਰਸ਼ ਲਈ । ਕਿਉਂਕਿ 1704 ਈ: ਵਿੱਚ ਭਾਰਤ ਦਾ ਇਕ ਦੇਸ਼ ਵਜੋਂ ਕੋਈ ਵਜੂਦ ਹੀ ਨਹੀਂ ਸੀ ।

ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ

* * * * * * * *