image caption: ਰਜਿੰਦਰ ਸਿੰਘ ਪੁਰੇਵਾਲ

ਦਿੱਲੀ ਸਿੱਖ ਕਤਲੇਆਮ ਬਨਾਮ ਆਰ ਐਸ ਐਸ

     ਕੁਝ ਚਿਰ ਪਹਿਲਾਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਨਾਲ ਹੀ ਸੱਜਣ ਕੁਮਾਰ 'ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਯਾਦ ਰਹੇ ਕਿ ਇਹ ਕਤਲੇਆਮ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਸਾਜ਼ਿਸੀ ਢੰਗ ਨਾਲ ਕੀਤਾ ਗਿਆ ਸੀ। ਇਸ ਨੂੰ ਸਰਕਾਰੀ ਕਤਲੇਆਮ ਵੀ ਕਿਹਾ ਜਾਂਦਾ ਹੈ। ਇਸ ਦੀ ਜਾਂਚ ਦੇ ਲਈ ਕਈ ਕਮਿਸ਼ਨ ਨਿਯੁਕਤ ਕੀਤੇ ਗਏ ਤੇ ਅੰਤ ਸੰਨ 2005 ਵਿਚ ਨਾਨਵਤੀ ਅਯੋਗ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ। ਦਿੱਲੀ ਹਾਈ ਕੋਰਟ ਨੇ ਜੱਜ ਨੇ ਇਸ ਸੰਬੰਧ ਵਿਚ ਖਾਸੀ ਖੂਬਸੂਰਤ ਤੇ ਭਾਵਪੂਰਨ ਟਿੱਪਣੀ ਕਰਦਿਆਂ ਕਿਹਾ ਸੀ, ''1947 ਵਿੱਚ ਭਾਰਤ - ਪਾਕਿਸਤਾਨ ਦੀ ਵੰਡ ਵੇਲੇ ਕਈ ਲੋਕਾਂ ਦਾ ਕਤਲੇਆਮ ਹੋਇਆ ਸੀ। ਵੰਡ ਦੇ ਬਾਅਦ ਸਮੂਹਿਕ ਹਿੰਸਾ ਦੇ ਕਈ ਦੌਰ ਹੋਏ ਜਿਨ੍ਹਾਂ ਵਿਚ ਮੁੰਬਈ 1993, ਗੁਜਰਾਤ 2002, ਮੁਜੱਫਰਨਗਰ 2013 ਸ਼ਾਮਲ ਹਨ। 37 ਸਾਲਾਂ ਬਾਅਦ ਦਿੱਲੀ ਵਿਖੇ ਫਿਰ ਤੋਂ ਉਹੀ ਕਤਲੇਆਮ ਸਿੱਖਾਂ ਦਾ ਹੋਇਆ, ਜੋ 47 ਦੌਰਾਨ ਹੋਇਆ।''

     ਇਨ੍ਹਾਂ ਸਾਰੇ ਕਤਲੇਆਮ ਵਿਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਜ਼ਿੰਮੇਵਾਰ ਪ੍ਰਭਾਵਸ਼ਾਲੀ ਸਿਆਸੀ ਨੇਤਾ ਸਨ। ਇਨ੍ਹਾਂ ਸਮੂਹਿਕ ਅਪਰਾਧਾਂ ਦੇ ਦੋਸ਼ੀਆਂ ਨੂੰ ਰਾਜਨੀਤਕ ਆਸਰਾ ਮਿਲਿਆ ਤੇ ਇਨ੍ਹਾਂ ਉੱਪਰ ਨਾ ਤਾਂ ਮੁਕੱਦਮੇ ਚਲਾਏ ਗਏ ਤੇ ਨਾ ਹੀ ਇਨ੍ਹਾਂ ਨੂੰ ਸਜ਼ਾ ਮਿਲੀ। ਫਿਰਕੂ ਹਿੰਸਾ ਵਿਚ ਇਜਾਫੇ ਦੇ ਲਈ ਫਿਰਕੂ ਸ਼ਕਤੀਆਂ ਤੋਂ ਇਲਾਵਾ ਸੁਸਤ ਰਾਜਨੀਤਕ ਪ੍ਰਬੰਧ ਵੀ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਇਸ ਹਿੰਸਾ ਨੂੰ ਸੱਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਪੁਲੀਸ ਪ੍ਰਸਾਸ਼ਣ ਤੇ ਨਿਆਂ ਪ੍ਰਣਾਲੀਆਂ ਦੀਆਂ ਕਮਜ਼ੋਰੀਆਂ ਵੀ ਇਸ ਦੇ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਪੀੜਤਾਂ ਨੂੰ ਇਨਸਾਫ਼ ਨਹੀਂ ਦਿੱਤਾ। ਘੱਟ ਗਿਣਤੀਆਂ ਦੇ ਵਿਰੁੱਧ ਹੋਣ ਵਾਲੀ ਹਿੰਸਾ ਨੂੰ ਮੋਟੇ ਤੌਰ 'ਤੇ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਕਤਲੇਆਮ ਵਰਗੀ ਹਿੰਸਾ ਜੋ ਕਿਸੇ ਇਕ ਘਟਨਾ ਦੇ ਨਾਲ ਭੜਕਦੀ ਹੈ, ਜਿਸ ਵਿਚ ਘੱਟ ਗਿਣਤੀਆਂ ਨੂੰ ਰਾਜਨੀਤਕ ਬਦਲੇ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਦੂਸਰੀ ਹੈ ਇਸਾਈਆਂ ਤੇ ਮੁਸਲਮਾਨਾਂ ਦੇ ਖਿਲਾਫ਼ ਨਿਰੰਤਰ ਹਿੰਸਾ ਜੋ ਹਿੰਦੂ ਰਾਸ਼ਟਰਵਾਦੀ ਏਜੰਡੇ ਦਾ ਹਿੱਸਾ ਹੈ। ਜਿੱਥੇ ਸਿੱਖਾਂ ਦੇ ਵਿਰੁੱਧ ਹਿੰਸਾ ਦੀ ਅਗਵਾਈ ਕਾਂਗਰਸ ਨੇ ਕੀਤੀ, ਉੱਥੇ ਮੁਸਲਮਾਨਾਂ ਤੇ ਇਸਾਈਆਂ ਖਿਲਾਫ਼ ਹੋ ਰਹੀ ਹਿੰਸਾ ਦੇ ਪਿੱਛੇ ਭਗਵੇਂ ਫਾਸ਼ੀਵਾਦੀ ਸੰਗਠਨ ਹਨ। ਨਸਲਵਾਦੀ ਹਿੰਸਾ ਬਾਰੇ ਵਿਸ਼ਲੇਸ਼ਣ ਕਰਨ ਵਾਲੇ ਬੁੱਧੀਜੀਵੀਆਂ ਦੀ ਧਾਰਨਾ ਹੈ ਕਿ ਹਿੰਸਾ ਭੜਕਾਉਣ ਵਾਲੀ ਰਾਜਨੀਤਕ ਸ਼ਕਤੀ ਨੂੰ ਹਮੇਸ਼ਾ ਚੋਣਾਂ ਵਿਚ ਲਾਭ ਹੁੰਦਾ ਹੈ, ਇਸੇ ਲਈ ਇਹ ਲੋਕ ਹਿੰਸਾ ਭੜਕਾਉਂਦੇ ਹਨ ਤੇ ਗੁੰਡਾਗਰਦੀ ਪੈਦਾ ਕਰਦੇ ਹਨ। ਸਿੱਖ ਕਤਲੇਆਮ ਦੇ ਬਾਅਦ ਦਿੱਲੀ ਵਿਚ ਕਾਂਗਰਸ ਹੋਰ ਮਜ਼ਬੂਤ ਹੋ ਕੇ ਉਭਰੀ ਤੇ ਮੁੰਬਈ (1992-93) ਤੇ ਗੁਜਰਾਤ (2002) ਦੇ ਬਾਅਦ ਭਾਜਪਾ। ਯੇਲ ਯੂਨੀਵਰਸਿਟੀ ਦੁਆਰਾ ਕੀਤੇ ਗਏ ਅਧਿਐਨ ਵਿਚ ਇਹ ਸਾਹਮਣੇ ਆਇਆ ਹੈ ਕਿ ਹਰ ਫਿਰਕੂ ਦੰਗਿਆਂ ਬਾਅਦ ਸਬੰਧਿਤ ਇਲਾਕੇ ਵਿਚ ਭਾਜਪਾ ਦੀ ਚੁਣਾਵੀ ਤਾਕਤ ਵਧਦੀ ਰਹੀ ਹੈ। ਦਿੱਲੀ ਵਿਚ ਸਿੱਖ ਵਿਰੋਧੀ ਹਿੰਸਾ ਦੇ ਬਾਅਦ ਕਾਂਗਰਸ ਦੀ ਤਾਕਤ ਵਧੀ, ਪਰੰਤੂ ਹੋਲੀ ਹੋਲੀ ਉਹ ਕਮਜ਼ੋਰ ਹੋ ਗਈ। ਜਿਥੋਂ ਤੱਕ ਸਿੱਖ ਵਿਰੋਧੀ ਹਿੰਸਾ ਦਾ ਸੰਬੰਧ ਹੈ, ਇਸ ਦੇ ਲਈ ਕੇਵਲ ਕਾਂਗਰਸ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ। ਕਾਫੀ ਹੱਦ ਤੱਕ ਇਹ ਗੱਲ ਸਹੀ ਹੈ। ਪਰੰਤੂ ਇਸ ਦਾ ਦੂਸਰਾ ਪੱਖ ਵੀ ਹੈ, ਜਿਸ ਨੂੰ ਬੜੀ ਹੁਸ਼ਿਆਰੀ ਨਾਲ ਪਿੱਛੇ ਰੱਖਿਆ ਜਾ ਰਿਹਾ ਹੈ ਤੇ ਉਹ ਹੈ ਇਸ ਦੁਖਾਂਤਕ ਘਟਨਾ ਵਿਚ ਆਰ ਐਸ ਐਸ ਤੇ ਭਾਜਪਾ ਦੀ ਹਿੱਸੇਦਾਰੀ।
2 ਫਰਵਰੀ 2002 ਦੇ ਅੰਕ ਵਿਚ ਹਿੰਦੋਸਤਾਨ ਟਾਈਮਜ਼ ਵਿਚ ਜ਼ਿਕਰ ਹੈ ਕਿ ਹਿੰਸਾ ਵਿਚ ਸ਼ਰੀਕ ਵਿਅਕਤੀਆਂ ਵਿਚ ਭਾਜਪਾ ਦੇ ਨੇਤਾ ਸ਼ਾਮਲ ਹਨ। ਪੁਆਈਨਰ 11 ਅਪ੍ਰੈਲ 1994 ਦੇ ਅਨੁਸਾਰ ਭਾਜਪਾ 1984 ਦੀ ਹਿੰਸਾ ਵਿਚ ਸ਼ਾਮਲ ਆਪਣੇ ਨੇਤਾਵਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਨਿਊਜ਼ ਪੋਰਟਲ ਖਬਰ ਬਾਰ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਸੰਨ 2014 ਵਿਚ ਦੱਸਿਆ ਕਿ ਸੰਨ 1984 ਦੇ ਸਿੱਖ ਵਿਰੋਧੀ ਕਤਲੇਆਮ ਕਾਰਨ ਭਾਜਪਾ-ਆਰ ਐਸ ਐਸ ਦੇ 49 ਨੇਤਾਵਾਂ ਵਿਰੁੱਧ 14 ਐਫ ਆਈ ਆਰ ਦਰਜ ਕੀਤੀਆਂ ਗਈਆਂ ਸਨ। ਉਨ੍ਹਾਂ ਵਿਚ ਭਾਜਪਾ-ਆਰ ਐਸ ਐਸ ਦੇ ਕੁਝ ਨੇਤਾਵਾਂ ਜਿਵੇਂ ਪ੍ਰੇਮ ਕੁਮਾਰ ਜੈਨ, ਪ੍ਰੀਤਮ ਸਿੰਘ, ਰਾਮ ਚੰਦਰ ਗੁਪਤਾ ਆਦਿ ਦੇ ਨਾਮ ਦੱਸੇ ਗਏ ਹਨ, ਜੋ ਕਤਲੇਆਮ ਵਿਚ ਸ਼ਾਮਲ ਸਨ। ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਤੋਂ ਇਹ ਸੁਆਲ ਵੀ ਪੁੱਛਿਆ ਕਿ ਉਹ ਇਨ੍ਹਾਂ ਨੇਤਾਵਾਂ ਦੇ ਕਤਲੇਆਮ ਵਿਚ ਸ਼ਾਮਲ ਹੋਣ ਦੇ ਬਾਰੇ ਸ਼ਰਮਨਾਕ ਚੁੱਪ ਕਿਉਂ ਧਾਰਨ ਕੀਤੀ ਹੋਈ ਹੈ? ਕੀ ਇਸ ਲਈ ਕਿਉਂਕਿ ਇਹ ਨੇਤਾ ਉਸ ਪਾਰਟੀ ਦੇ ਮੈਂਬਰ ਹਨ, ਜਿਨ੍ਹਾਂ ਦੇ ਨਾਲ ਉਨ੍ਹਾਂ ਦਾ ਗੱਠਜੋੜ ਹੈ? ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਇਸ ਦਾਅਵੇ ਦੇ ਉਲਟ ਕਿਹਾ ਕਿ ਭਾਜਪਾ ਮੈਂਬਰਾਂ ਨੇ ਸੰਨ 1984 ਵਿਚ ਸਿੱਖਾਂ ਦੀ ਜਾਨ ਬਚਾਉਣ ਦਾ ਬਹੁਤ ਵੱਡਾ ਕਾਰਜ ਕੀਤਾ ਹੈ। ਜੈਨ ਅਗਰਵਾਲ ਕਮੇਟੀ ਦੀ ਰਿਪੋਰਟ ਵਿਚ ਦਿੱਲੀ ਦੇ ਕਈ ਪ੍ਰਮੁੱਖ ਆਰ ਐਸ ਐਸ ਨੇਤਾਵਾਂ ਦੇ ਨਾਮ ਸ਼ਾਮਲ ਹਨ, ਜੋ ਇਸ ਨਸਲਕੁਸ਼ੀ ਵਿਚ ਸ਼ਾਮਲ ਸਨ। ਆਰ ਐਸ ਐਸ ਦੇ ਵੱਡੇ ਪ੍ਰਚਾਰਕ ਨਾਨਾ ਜੀ ਦੇਸ਼ਮੁਖ ਨੇ ਵੀ ਇਸ ਬਾਰੇ ਵਿਚ ਹੈਰਾਨ ਕਰਨ ਵਾਲੀ ਗੱਲ ਕਹੀ ਸੀ। ਪ੍ਰਤੀਪਖਸ਼ 25 ਨਵੰਬਰ 1984 ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਉਨ੍ਹਾਂ ਨੇ ਕਿਹਾ ਕਿ ਸਿੱਖ ਵਿਰੋਧੀ ਹਿੰਸਾ ਹਿੰਦੂਆਂ ਦੇ ਪ੍ਰਤੀਕਰਮ ਦਾ ਨਤੀਜਾ ਸੀ ਤੇ ਸਿੱਖ ਭਾਈਚਾਰੇ ਨੂੰ ਖਾਮੋਸ਼ੀ ਨਾਲ ਇਸ ਹਿੰਸਾ ਨੂੰ ਬਰਦਾਸ਼ਤ ਕਰ ਲੈਣਾ ਚਾਹੀਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਦੀ ਇਸ ਔਖੀ ਘੜੀ ਵਿਚ ਰਾਜੀਵ ਗਾਂਧੀ ਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ। ਇਹ ਦਸਤਾਵੇਜ਼ 5 ਨਵੰਬਰ 1984 ਨੂੰ ਜਾਰੀ ਕੀਤਾ ਗਿਆ ਸੀ। ਜਦ ਹਿੰਸਾ ਉਸ ਸਮੇਂ ਆਪਣੇ ਉੱਚ ਪੱਧਰ 'ਤੇ ਸੀ। ਪ੍ਰਤੀਪਖਸ਼ ਦੇ ਸੰਪਾਦਕ ਜਾਰਜ ਫਰਨਾਂਡਿਜ਼ ਨੇ ਇਸ ਸੰਪਾਦਕੀ ਟਿੱਪਣੀ ਦੇ ਨਾਲ ਪ੍ਰਕਾਸ਼ਿਤ ਕੀਤਾ ਸੀ ਕਿ ਲੇਖਕ ਆਰ ਐਸ ਐਸ ਦੇ ਵੱਡੇ ਨੀਤੀ ਨਿਰਧਾਰਕ ਤੇ ਵਿਚਾਰਵਾਨ ਹਨ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਉਨ੍ਹਾਂ ਨੇ ਇਹ ਦਸਤਾਵੇਜ਼ ਪ੍ਰਮੁਖ ਰਾਜਨੀਤਕ ਆਗੂਆਂ ਦੇ ਵਿਚਾਲੇ ਵੰਡਿਆ ਸੀ। ਪ੍ਰਕਾਸ਼ਿਤ ਕਰਨ ਦਾ ਨਿਰਣਾ ਇਸ ਤੱਥ ਦੇ ਬਾਵਜੂਦ ਲਿਆ ਕਿ ਇਹ ਸਾਡੇ ਵੀਕਲੀ ਅਖ਼ਬਾਰ ਦੀ ਨੀਤੀ ਦੇ ਉਲਟ ਹੈ। ਇਹ ਦਸਤਾਵੇਜ਼ ਇੰਦਰਾ-ਕਾਂਗਰਸ ਤੇ ਆਰ ਐਸ ਐਸ ਦੇ ਵਿਚਾਲੇ ਵਧਦੀ ਨੇੜਤਾ ਨੂੰ ਦਰਸਾਉਂਦਾ ਹੈ। ਜਿੱਥੇ ਸਿੱਖ ਕਤਲੇਆਮ ਵਿਚ ਕਾਂਗਰਸ ਦੀ ਹਿੱਸੇਦਾਰੀ ਬਾਰੇ ਵਾਰ-ਵਾਰ ਅਲੋਚਨਾ ਕੀਤੀ ਜਾਂਦੀ ਹੈ, ਉੱਥੇ ਆਰ ਐਸ ਐਸ ਭਾਜਪਾ ਦੇ ਸਿੱਖ ਕੌਮ ਸੰਬੰਧੀ ਰਵੱਈਏ ਬਾਰੇ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਸਿਧਾਂਤਕ ਮਤਭੇਦਾਂ ਦੇ ਬਾਵਜੂਦ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਪੰਜਾਬ ਵਿਚ ਲੰਬੇ ਸਮੇਂ ਤੱਕ ਸੱਤਾ ਵਿਚ ਰਿਹਾ ਹੈ। ਪਰੰਤੂ 1984 ਦੇ ਨਸਲਕੁਸ਼ੀ ਵਿਚ ਆਰ ਐਸ ਐਸ ਦੀ ਭੂਮਿਕਾ ਬਾਰੇ ਅਕਾਲੀ ਦਲ ਦੀ ਚੁੱਪੀ ਬੇਹੱਦ ਚਿੰਤਾਜਨਕ ਹੈ। ਆਰ ਐਸ ਐਸ ਵਿਚਾਰਕ ਦਾ ਇਹ ਲੇਖ ਜੋ ਹਿੰਸਾ ਦੇ ਲਈ ਸਿੱਖਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦਾ ਹੈ। ਜਦ ਕਿ ਇੰਦਰਾ ਦਾ ਕਤਲ ਸਿਰਫ ਦੋ ਸਿੱਖਾਂ ਨੇ ਕੀਤਾ ਸੀ। ਪਰ ਦੋ ਸਿੱਖਾਂ ਦੀ ਸਜ਼ਾ ਸਮੁੱਚੀ ਕੌਮ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ? ਜਦ ਅਦਾਲਤਾਂ ਮੌਜੂਦ ਹਨ ਤਾਂ ਇਹ ਠੇਕੇਦਾਰੀ ਕਿਸ ਨੇ ਦੇ ਦਿੱਤੀ ਕਿ ਭਾਰਤ ਵਿਚ ਹਿਟਲਰਸ਼ਾਹੀ ਫੈਲਾਓ। ਦੁੱਖ ਦਾ ਕਾਰਨ ਇਹ ਹੈ ਕਿ ਇਸ ਮਾਮਲੇ ਵਿਚ ਹੁਣ ਤੱਕ ਇਨਸਾਫ ਨਹੀਂ ਮਿਲਿਆ। ਇਹ ਠੀਕ ਹੈ ਕਿ ਸੱਜਣ ਕੁਮਾਰ ਜੇਲ੍ਹ ਵਿਚ ਹੈ ਤੇ ਉਸ ਨੂੰ ਸਜ਼ਾ ਹੋ ਚੁੱਕੀ ਹੈ। ਪਰ ਬਾਕੀ ਮੁਜ਼ਰਮ ਹਾਲੇ ਬਾਕੀ ਹਨ। ਇਨਸਾਫ਼ ਕੌਣ ਕਰੇਗਾ? ਇਸ ਹਿੰਸਾ ਦੇ ਲਈ ਬਿਉਰੋਕ੍ਰੇਸੀ, ਸਰਕਾਰ, ਲੀਡਰ ਸਭ ਜ਼ਿੰਮੇਵਾਰ ਹੈ ਤੇ ਇਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਕੌਣ ਖੜਾ ਕਰੇਗਾ? ਅਜੇ ਇਨਸਾਫ਼ ਦੀ ਲੜਾਈ ਲੜਨ ਦੀ ਲੋੜ ਹੈ। ਗੁਰੂ ਨਾਨਕ ਦਾ ਸਿਧਾਂਤ ਜਿਸ ਬਾਬੇ ਦਾ ਅਸੀਂ 550 ਸਾਲਾ ਪ੍ਰਕਾਸ਼ ਉਤਸਵ ਅਸੀਂ ਮਨਾਉਣ ਚੱਲੇ ਹਾਂ, ਉਨ੍ਹਾਂ ਦਾ ਮੁੱਖ ਨਿਸ਼ਾਨਾ ਇਨਸਾਫ਼ ਤੇ ਸ਼ਾਂਤੀ ਸੀ। ਇਨਸਾਫ਼ ਨਹੀਂ ਤਾਂ ਸ਼ਾਂਤੀ ਵੀ ਨਹੀਂ ਹੋ ਸਕਦੀ। ਇਹ ਗੁਰੂ ਨਾਨਕ ਦਾ ਸਿਧਾਂਤ ਸੀ। ਇਸ ਲਈ ਉਹ ਇਨਸਾਫ਼ ਲਈ ਲੜੇ। ਬਾਬਰ ਨੂੰ ਲਲਕਾਰਿਆ, ਦੱਬੇ ਕੁਚਲਿਆਂ ਦੀ ਪੀੜਾ ਨੂੰ ਸਮਝਿਆ। ਬੇਇਨਸਾਫ਼ੀ ਕਰਨ ਵਾਲੇ ਰਾਜਿਆਂ ਨੂੰ ਸ਼ੇਰਾਂ ਤੇ ਬਿਉਰੋਕ੍ਰੇਸੀ ਨੂੰ ਕੁੱਤਿਆਂ ਦੇ ਬਰਾਬਰ ਦੱਸਿਆ। ਅੱਜ ਵੀ ਉਹੀ ਭ੍ਰਿਸ਼ਟ ਪ੍ਰਬੰਧ ਤੇ ਫਾਸ਼ੀਵਾਦੀ ਤਾਕਤਾਂ ਬਿਰਾਜਮਾਨ ਹਨ, ਜਿਨ੍ਹਾਂ ਦਾ ਡੱਟ ਕੇ ਸਮੂਹ ਲੋਕਾਈ ਨੂੰ ਮੁਕਾਬਲਾ ਕਰਨਾ ਚਾਹੀਦਾ ਹੈ।
ਰਜਿੰਦਰ ਸਿੰਘ ਪੁਰੇਵਾਲ