image caption:

ਈ ਡੀ ਨੇ ਚੌਟਾਲਾ ਪਰਵਾਰ ਦੀਆਂ ਦਸ ਜਾਇਦਾਦਾਂ ਦੇ ਵੇਰਵੇ ਮੰਗੇ

ਡੱਬਵਾਲੀ- ਮਨੀ ਲਾਂਡਰਿੰਗ ਕੇਸ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਸਖਤੀ ਚੌਟਾਲਾ ਪਰਵਾਰ ਲਈ ਮੁਸ਼ਕਿਲਾਂ ਪੈਦਾ ਕਰਨ ਲੱਗੀ ਹੈ। ਈ ਡੀ ਨੇ ਮਾਲ ਵਿਭਾਗ ਤੋਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਦੋਵਾਂ ਪੁੱਤਰਾਂ ਅਜੈ ਸਿੰਘ ਚੌਟਾਲਾ ਤੇ ਅਭੈ ਸਿੰਘ ਚੌਟਾਲਾ, ਪਤਨੀ ਸਨੇਹ ਲਤਾ ਅਤੇ ਨੂੰਹ ਕਾਂਤਾ ਚੌਟਾਲਾ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ। ਉਂਜ ਈ ਡੀ ਵੱਲੋਂ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਦੋਵੇਂ ਪੁੱਤਰਾਂ ਖਿਲਾਫ ਪੜਤਾਲ ਕੀਤੀ ਜਾ ਰਹੀ ਹੈ।
ਇਸ ਸੰਬੰਧ ਵਿੱਚ ਈ ਡੀ ਦੇ ਸਹਾਇਕ ਡਾਇਰੈਕਟਰ ਨਰੇਸ਼ ਗੁਪਤਾ ਨੇ ਡੱਬਵਾਲੀ ਦੇ ਮਾਲ ਵਿਭਾਗ ਨੂੰ ਪੱਤਰ ਲਿਖ ਕੇ ਲਗਭਗ ਦਸ ਜਾਇਦਾਦਾਂ ਦੇ ਵੇਰਵੇ ਮੰਗੇ ਹਨ, ਜਿਸ ਤਹਿਤ 2004-05 ਵਿੱਚ ਉਕਤ ਜਾਇਦਾਦਾਂ ਦੀ ਖਰੀਦ ਵੇਚ ਦਾ ਰਿਕਾਰਡ ਅਤੇ ਮੌਜੂਦਾ ਕੁਲੈਕਟਰ ਰੇਟ ਵੀ ਸ਼ਾਮਲ ਹਨ। ਇਸ ਪੱਤਰ ਦੇ ਆਧਾਰ ਉਤੇ ਤਹਿਸੀਲਦਾਰ ਡੱਬਵਾਲੀ ਨੇ ਪਟਵਾਰੀਆਂ ਤੋਂ ਰਿਪੋਰਟ ਮੰਗ ਲਈ ਹੈ। ਈ ਡੀ ਵਲੋਂ ਚੌਟਾਲਾ ਪਰਵਾਰ ਦੀਆਂ ਮੰਗੀਆਂ ਜਾਇਦਾਦਾਂ ਦੇ ਵੇਰਵਿਆਂ 'ਚ ਡੱਬਵਾਲੀ ਵਿੱਚ ਚੌਟਾਲਾ ਰੋਡ ਉੱਤੇ 14 ਕਨਾਲ ਜ਼ਮੀਨ ਉੱਤੇ ਸੇਲਜ਼ ਟੈਕਸ ਵਿਭਾਗ ਦਾ ਦਫਤਰ ਹੈ। ਇਸ ਤੋਂ ਇਲਾਵਾ ਸਿਰਸਾ ਵਿੱਚ ਸੂਰਜ ਸਿਨੇਮਾ ਦੇ ਸਾਹਮਣੇ ਡੱਬਵਾਲੀ ਰੋਡ 'ਤੇ ਸ਼ਿਵਾਜੀ ਕਲੋਨੀ 'ਚ 590 ਵਰਗ ਫੁੱਟ ਦੀ ਕਮਰਸ਼ੀਅਲ ਬਿਲਡਿੰਗ, ਡੱਬਵਾਲੀ 'ਚ ਕਰਨ ਆਟੋ ਮੋਬਾਈਲ ਦੇ ਨਾਂ ਉਤੇ ਮੋਟਰ ਸਾਈਕਲ ਏਜੰਸੀ, ਸ਼ੇਰਗੜ੍ਹ ਵਿੱਚ ਛੇ ਕਨਾਲ ਚਾਰ ਮਰਲਾ ਜ਼ਮੀਨ, ਡੱਬਵਾਲੀ ਵਿੱਚ ਡੀ ਪੀ ਏ ਆਰ ਡੀ ਬੈਂਕ ਦੀ ਇਮਾਰਤ, ਤੇਜਾਖੇੜਾ ਵਿੱਚ ਤੇਜਾਖੇੜ ਫਾਰਮ ਹਾਊਸ ਅਤੇ ਪਿੰਡ ਚੌਟਾਲਾ ਵਿੱਚ ਜ਼ਮੀਨ ਤੇ ਹੋਰ ਕਈ ਥਾਵਾਂ ਦਾ ਰਿਕਾਰਡ ਮੰਗਿਆ ਗਿਆ ਹੈ। ਡੱਬਵਾਲੀ ਦੇ ਤਹਿਸੀਲਦਾਰ ਰਾਜਿੰਦਰ ਪ੍ਰਸਾਦ ਦੇ ਮੁਤਾਬਕ ਈ ਡੀ ਦੇ ਤਿੰਨ ਵੱਖ-ਵੱਖ ਪੱਤਰਾਂ ਰਾਹੀਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਜੈ ਸਿੰਘ, ਅਭੈ ਸਿੰਘ, ਸਨੇਹ ਲਤਾ ਅਤੇ ਕਾਂਤਾ ਸਿੰਘ ਦੀਆਂ ਜਾਇਦਾਦਾਂ ਦਾ ਰਿਕਾਰਡ ਮੰਗਿਆ ਹੈ।