image caption:

ਪੁਲਸੀ ਲਾਪਰਵਾਹੀ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਜ਼ਮਾਨਤ ਦਿਵਾਈ

ਐਸ ਏ ਐਸ ਨਗਰ- ਪੰਜਾਬ ਸਰਕਾਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਵੱਲੋਂ 180 ਦਿਨਾਂ ਵਿੱਚ ਦਿਲਪ੍ਰੀਤ ਸਿੰਘ ਬਾਬਾ ਖਿਲਾਫ ਅਦਾਲਤ 'ਚ ਚਲਾਨ ਨਾ ਪੇਸ਼ ਕੀਤੇ ਜਾਣ ਕਾਰਨ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਨੇ ਦਿਲਪ੍ਰੀਤ ਸਿੰਘ ਬਾਬਾ ਦੀ ਜ਼ਮਾਨਤ ਮਨਜ਼ੂਰੀ ਕਰਦਿਆਂ ਇੱਕ ਲੱਖ ਰੁਪਏ ਦਾ ਮੁਚੱਲਕਾ ਭਰਨ ਦੇ ਹੁਕਮ ਦਿੱਤੇ ਹਨ। ਪੁਲਸ ਦੀ ਢਿੱਲੀ ਕਾਰਵਾਈ ਦੀ ਖਮਿਆਜ਼ਾ ਸੰਬੰਧਤ ਪੁਲਸ ਅਫਸਰਾਂ ਨੂੰ ਭੁਗਤਣਾ ਪੈ ਸਕਦਾ ਹੈ, ਕਿਉਂਕਿ 60 ਦਿਨਾਂ 'ਚ ਚਲਾਨ ਪੇਸ਼ ਨਾ ਕਰਨ ਤੋਂ ਬਾਅਦ ਪੁਲਸ ਨੇ ਅਦਾਲਤ 'ਚ ਅਰਜ਼ੀ ਦਾਇਰ ਕਰ ਕੇ ਹੋਰ ਸਮਾਂ ਮੰਗਿਆ ਸੀ, ਪਰ ਪੁਲਸ ਇਸ ਵਧੇ ਹੋਏ ਸਮੇਂ ਵਿੱਚ ਵੀ ਚਲਾਨ ਪੇਸ਼ ਨਹੀਂ ਸੀ ਕਰ ਸਕੀ, ਜਿਸ ਦਾ ਫਾਇਦਾ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਮਿਲ ਗਿਆ ਹੈ।
ਪਤਾ ਲੱਗਾ ਹੈ ਕਿ ਪਿਛਲੇ ਸਾਲ ਜੁਲਾਈ ਵਿੱਚ ਚੰਡੀਗੜ੍ਹ ਦੇ ਸੈਕਟਰ 43 ਦੇ ਬਸ ਸਟੈਂਡ ਕੋਲ ਝੜਪ ਤੋਂ ਬਾਅਦ ਫੜੇ ਗਏ ਦਿਲਪ੍ਰੀਤ ਸਿੰਘ ਬਾਬਾ ਤੋਂ ਪੁਲਸ ਵੱਲੋਂ ਕੀਤੀ ਪੁੱਛਗਿੱਛ ਦੇ ਆਧਾਰ ਉੱਤੇ ਦੋ ਔਰਤਾਂ ਹਰਪ੍ਰੀਤ ਕੌਰ (42) ਵਾਸੀ ਨਵਾਂ ਸ਼ਹਿਰ ਤੇ ਰੁਪਿੰਦਰ ਕੌਰ ਰੂਬੀ (38) ਵਾਸੀ ਸੈਕਟਰ 38 ਚੰਡੀਗੜ੍ਹ, ਜਿਨ੍ਹਾਂ ਕੋਲ ਦਿਲਪ੍ਰੀਤ ਸਿੰਘ ਅਕਸਰ ਆਉਂਦਾ-ਜਾਂਦਾ ਸੀ, ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਦੋਵੇਂ ਔਰਤਾਂ ਸਕੀਆਂ ਭੈਣਾਂ ਹਨ। ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਜਦੋਂ ਜੇਲ੍ਹ ਵਿੱਚ ਸੀ ਤਾਂ ਓਦੋਂ ਸਾਂਝੇ ਦੋਸਤ ਰਾਹੀਂ ਹਰਪ੍ਰੀਤ ਕੌਰ ਵਟਸਐਪ ਉੱਤੇ ਉਸ ਦੇ ਸੰਪਰਕ ਵਿੱਚ ਆਈ ਸੀ। ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਜਦੋਂ ਉਹ ਹਰਪ੍ਰੀਤ ਕੌਰ ਨੂੰ ਮਿਲਣ ਗਿਆ ਤਾਂ ਹਰਪ੍ਰੀਤ ਕੌਰ ਦੀ ਛੋਟੀ ਭੈਣ ਰੁਪਿੰਦਰ ਕੌਰ ਰੂਬੀ ਵੀ ਉਸ ਕੋਲ ਆਈ ਸੀ। ਇਸੇ ਦੌਰਾਨ ਬਾਬੇ ਦੀ ਮਲੁਾਕਾਤ ਰੂਬੀ ਨਾਲ ਵੀ ਹੋ ਗਈ ਤੇ ਦੋਵੇਂ ਭੈਣਾਂ ਨਾਲ ਉਸ ਦੇ ਚੰਗੇ ਸੰਬੰਧ ਬਣ ਗਏ, ਪਰ ਦੋਵਾਂ ਨੂੰ ਇੱਕ ਦੂਜੀ ਕੋਲ ਬਾਬੇ ਦੇ ਰਹਿਣ ਦੀ ਜਾਣਕਾਰੀ ਨਹੀਂ ਸੀ। ਹਰਪ੍ਰੀਤ ਕੌਰ ਦੇ ਪਤੀ ਦੀ ਸਾਲ 2009 ਵਿੱਚ ਮੌਤ ਹੋਣ ਪਿੱਛੋਂ ਉਹ ਆਪਣੇ ਦੋ ਬੱਚਿਆਂ ਨਾਲ ਰਹਿ ਰਹੀ ਸੀ ਤੇ ਬੁਟੀਕ ਚਲਾ ਕੇ ਪਰਵਾਰ ਪਾਲਦੀ ਸੀ। ਦਿਲਪ੍ਰੀਤ ਸਿੰਘ ਬਾਬਾ ਨੇ ਰੁਪਿੰਦਰ ਕੌਰ ਰੂਬੀ ਨਾਲ ਚਾਰ ਕੁ ਮਹੀਨੇ ਪਹਿਲਾਂ ਰਹਿਣਾ ਸ਼ੁਰੂ ਕੀਤਾ ਸੀ ਤੇ ਰੂਬੀ ਤਲਾਕ ਸ਼ੁਦਾ ਸੀ। ਦਿਲਪ੍ਰੀਤ ਬਾਬਾ ਰੂਬੀ ਨੂੰ ਜਦੋਂ ਮਿਲਣ ਲਈ ਆਇਆ ਤਾਂ ਪੁਲਸ ਦੀ ਗੋਲੀ ਦਾ ਸ਼ਿਕਾਰ ਹੋਣ ਤੋਂ ਬਾਅਦ ਫੜਿਆ ਗਿਆ। ਪੁਲਸ ਮੁਤਾਬਕ ਇਸ ਕੇਸ 'ਚ ਮੁਲਜ਼ਮਾਂ ਕੋਲੋਂ ਇੱਕ ਕਿੱਲੋ ਹੈਰੋਇਨ, 12 ਬੋਰ ਦੀ ਪੰਪ ਰਾਈਫਲ, 30 ਬੋਰ ਦੀ ਪਿਸਤੌਲ, ਚਾਲੀ ਕਾਰਤੂਸ ਅਤੇ ਡਰੱਗ ਤੋਲਣ ਵਾਲੀ ਮਸ਼ੀਨ ਮਿਲੀ ਸੀ।