image caption: ਤਸਵੀਰ: ਬਾਰਕਿੰਗ ਪ੍ਰੀਵਾਰਿਕ ਖੇਡ ਮੇਲੇ ਦੇ ਦ੍ਰਿਸ਼ ਤਸਵੀਰਾਂ: ਮਨਪ੍ਰੀਤ ਸਿੰਘ ਬੱਧਨੀ ਕਲਾਂ

ਸਿੰਘ ਸਭਾ ਯੂਥ ਸਪੋਰਟਸ ਕਲੱਬ ਲੰਡਨ ਈਸਟ ਵੱਲੋਂ ਪ੍ਰੀਵਾਰਿਕ ਖੇਡ ਮੇਲੇ ਮੌਕੇ ਆਏ ਪ੍ਰੀਵਾਰਾਂ ਨੇ ਖੂਬ ਰੌਣਕਾਂ ਲਾਈਆਂ ਅਤੇ ਮੇਲੇ ਦਾ ਅਨੰਦ ਮਾਣਿਆ

   ਬਾਰਕਿੰਗ ਸੈਵਨਕਿੰਗਜ਼ ਦੇ ਇਲਾਕੇ ਵਿੱਚ ਪੰਜਾਬੀ ਭਾਈਚਾਰੇ ਦੀ ਵੱਡੀ ਵਸੋਂ ਹੈ। ਦੋਵੇਂ ਸ਼ਹਿਰਾਂ ਵਿੱਚ ਸਿੰਘ ਸਭਾ ਲੰਡਨ ਈਸਟ ਦੇ ਨਾਮ ਨਾਲ ਦੋ ਵੱਡੇ ਗੁਰੂ ਘਰ ਸਿੱਖਾਂ ਬਜੁਰਗਾਂ ਵੱਲੋਂ ਕਰੜੀ ਮੇਹਨਤ ਅਤੇ ਦਸਵੰਦ ਨਾਲ ਬਣਾਏ ਹੋਏ ਹਨ। ਜਿੱਥੇ ਹਰ ਹਫਤੇ ਹਜ਼ਾਰਾਂ ਲੋਕ ਮੱਥਾ ਟੇਕਦੇ ਅਤੇ ਅਸ਼ੀਰਵਾਦ ਲੈਂਦੇ ਹਨ। ਸੰਗਤਾਂ ਦੀ ਵੱਧ ਰਹੀ ਗਿਣਤੀ ਨੂੰ ਮੁੱਖ ਰੱਖਦਿਆਂ ਹੁਣ ਗੁਰੂ ਘਰਾਂ ਦੀ ਇਮਾਰਤ ਨੂੰ ਹੋਰ ਵੱਡਾ ਕਰਨ ਲਈ ਪ੍ਰਬੰਧਕ ਕਮੇਟੀ ਯਤਨ ਕਰ ਰਹੀ ਹੈ ਅਤੇ ਸੰਗਤਾਂ ਵੱਲੋਂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ।

   ਲੇਕਨ ਦੂਜੇ ਪਾਸੇ ਇਲਾਕੇ ਦੇ ਨੌਜਵਾਨਾਂ ਵੱਲੋਂ ਸਾਂਝੇ ਯਤਨ ਕਰਦਿਆਂ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਮੇਹਨਤ ਕੀਤੀ ਜਾਂਦੀ ਹੈ ਅਤੇ ਹਰ ਹਫਤੇ ਬੱਚਿਆਂ ਦੀ ਕਲਾਸਾਂ ਲਗਾ ਕੇ ਉਹਨਾਂ ਨੂੰ ਕਬੱਡੀ, ਕੁਸ਼ਤੀ, ਬਾਕਸਿੰਗ ਅਤੇ ਹੋਰ ਖੇਡਾਂ ਦੀਆਂ ਟਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਕਲਾਸਾਂ ਵਿੱਚ ਬੀਬੀਆਂ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੀਆਂ ਹਨ।

  ਸਿੰਘ ਸਭਾ ਲੰਡਨ ਈਸਟ ਸਪੋਰਟਸ ਕਲੱਬ ਬਾਰਕਿੰਗ ਅਤੇ ਸੈਵਨਕਿੰਗਜ਼ ਦੇ ਨੌਜਵਾਨਾਂ ਵੱਲੋਂ ਆਪਣੇ ਬਜੁਰਗਾਂ, ਵਡੇਰਿਆਂ ਅਤੇ ਇਲਾਕੇ ਦੇ ਕਾਰੋਬਾਰੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੱਲਾਸ਼ੇਰੀ ਨਾਲ ਪਹਿਲਾ ਪ੍ਰੀਵਾਰਿਕ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿੱਚ ਬੀਬੀਆਂ ਨੇ ਪੂਰੀ ਸ਼ਿਦਤ ਨਾਲ ਸ਼ਮੂਲੀਅਤ ਕੀਤੀ ਅਤੇ ਹਰ ਖੇਡ ਵਿੱਚ ਹਿੱਸਾ ਲਿਆ। ਯੂ ਕੇ ਦੀ ਧਰਤੀ 'ਤੇ ਪਹਿਲੀ ਵਾਰ ਬੀਬੀਆਂ ਵੱਲੋਂ ਰਸਾਕਸੀ ਮੁਕਾਬਲੇ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਹਰ ਦਰਸ਼ਕ ਸ਼ਲਾਘਾ ਕੀਤੀ। ਬੱਚਿਆਂ ਦੀਆਂ ਦੌੜਾਂ, ਫੁਟਬਾਲ, ਅਤੇ ਕਬੱਡੀ ਨੇ ਹਰ ਇੱਕ ਦੇ ਚਿਹਰੇ 'ਤੇ ਰੌਣਕ ਲਿਆਂਦੀ। ਬੱਚਿਆਂ ਦੀ ਕਬੱਡੀ ਲਈ ਇੱਕ ਪਾਸੇ ਬਾਰਕਿੰਗ ਦੀ ਟੀਮ ਅਤੇ ਦੂਜੇ ਪਾਸੇ ਈਰਥ ਦੀ ਟੀਮ ਦੇ ਖਿਡਾਰੀ ਸਨ। ਜਿਹਨਾਂ ਨੂੰ ਉਮਰ ਦੇ ਹਿਸਾਬ ਨਾਲ ਗਰੁੱਪਾਂ ਵਿੱਚ ਵੰਡਿਆ। ਲੇਕਨ ਕਬੱਡੀ ਵੇਖਣ ਵਾਲੀ ਸੀ ਜਦੋਂ ਦੋਵੇਂ ਪਾਸੇ ਹਮ ਉਮਰ ਅਤੇ ਇਕੋ ਭਾਰ ਦੇ ਨੌਜਵਾਨ ਹੋਣ ਤਾਂ ਮੁਕਾਬਲਾ ਆਪਣੇ ਆਪ ਬਣ ਜਾਂਦਾ ਹੈ। ਇਸ ਪਨੀਰੀ ਦੇ ਬੂਟੇ ਨੂੰ ਪਾਣੀ ਪਾਉਣ ਵਾਲੇ ਬਾਸੀ ਭਰਾਵਾਂ, ਮਨਦੀਪ, ਰਾਣਾ ਅਤੇ ਈਰਥ ਲਈ ਸੁਰਿੰਦਰ ਸਿੰਘ ਮਾਣਕ, ਸੁੱਚਾ ਥਿੰਦ, ਬਲਜੀਤ ਗਿੱਲ ਅਤੇ ਸਮੂਹ ਸਾਥੀ ਵਧਾਈ ਦੇ ਪਾਤਰ ਹਨ।

    ਮੇਲੇ ਵਿੱਚ ਇੱਕ ਹੋਰ ਵੇਖਣ ਵਾਲੀ ਗੱਲ ਸੀ ਖਾਲਸੇ ਨੂੰ ਗੁਰੂ ਸਾਹਿਬਾਨ ਵੱਲੋਂ ਦਿੱਤੀ ਗੱਤਕੇ ਦੀ ਬਖਸ਼ਿਸ਼ ਜਿਸ ਦਾ ਪ੍ਰਦਰਸ਼ਨ ਬਾਬਾ ਫਤਹਿ ਸਿੰਘ ਅਖਾੜਾ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ। ਗਰਾਉਂਡ ਦੇ ਆਸ ਪਾਸ ਨਿੱਕੇ ਬੱਚਿਆਂ ਲਈ ਬੌਂਸੀ ਕਾਸਲ, ਪੰਗੂੜੇ ਲਗਾਏ ਗਏ ਤਾਂ ਕਿ ਉਹ ਵੀ ਆਪਣਾ ਮਨੋਰੰਜਣ ਕਰਨ। ਖੇਡ ਮੇਲਾ ਅਜੇਹੇ ਢੰਗ ਵਾਲਾ ਸੀ ਜਿਸ ਵਿੱਚ ਹਰ ਉਮਰ ਦੇ ਮਰਦ ਅਤੇ ਹਰ ਉਮਰ ਦੀਆਂ ਬੀਬੀਆਂ ਨੇ ਪੰਜਾਬੀ ਮਾਹੌਲ ਨੂੰ ਯਾਦ ਕੀਤਾ। ਸਾਉਣ ਦਾ ਮਹੀਨਾ ਹੋਣ ਕਰਕੇ ਤੀਆਂ ਤਾਂ ਪੰਜਾਬਣਾਂ ਦਾ ਸਭ ਤੋਂ ਵੱਧ ਪਸੰਦੀਦਾ ਤਿਉਹਾਰ ਹੈ, ਜਿਸ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਬੀਬੀ ਬਲਵਿੰਦਰ ਕੌਰ ਸੌਂਧ ਅਤੇ ਹੋਰ ਬੀਬੀਆਂ ਨੇ ਤੀਆਂ ਲਗਾਈਆਂ ਅਤੇ ਗਿੱਧਾ ਪਾਇਆ। ਗਰਾਉਂਡ ਵਿੱਚ ਢੋਲ ਅਕੈਡਮੀ ਈਸਟ ਲੰਡਨ ਅਤੇ ਭੰਗੜਾ ਗਰੁੱਪ ਦੇ ਨੌਜਵਾਨਾਂ ਨੇ ਪੰਜਾਬੀ ਗੀਤ ਸੰਗੀਤ ਨਾਲ ਨਜ਼ਾਰਾ ਬੰਨਿਆ।

ਕਬੱਡੀ ਮੁਕਾਬਲੇ ਮੌਕੇ ਜਿਉਂ ਹੀ ਸੋਖਾ ਢੇਸੀ ਨੇ ਆਪਣੇ ਅੰਦਾਜ਼ ਵਿੱਚ ਨਿੱਕੇ ਨਿੱਕੇ ਬੱਚਿਆਂ ਦੀ ਹੌਂਸਲਾਂ ਅਫਜ਼ਾਈ ਕਰਨ ਲਈ ਮਾਇਆ ਦੀ ਅਪੀਲ ਕੀਤੀ ਤਾਂ ਵੇਖਦੇ ਵੇਖਦੇ ਹੀ ਹਜ਼ਾਰਾਂ ਪੌਂਡ ਇਕੱਠੇ ਹੋ ਗਏ ਜਿਸ ਲਈ ਪਿੰਦਾ, ਵੁੱਡ ਸਟਾਈਲ, ਲਹਿੰਬਰ ਸਿੰਘ ਲੱਦੜ, ਅਜਮੇਰ ਸਿੰਘ ਮੇਲਾ, ਬ੍ਰਿਟ ਸ਼ਾਪਫਰੰਟ, ਪੰਮੀ ਹੇਅਰ, ਕੰਕਰੀਟ ਸਿੰਘ, ਹਰਦਿਆਲ ਸਿੰਘ ਰਾਏ, ਰਾਏ ਬਰਦਰਜ਼, ਚੀਮਾ ਬ੍ਰਦਰਜ਼, ਮੇਜਰ ਸਿੰਘ ਬਾਸੀ, ਸ੍ਰੀ ਐਂਡ ਸਨੀ ਬ੍ਰਮਿੰਘਮ, ਦਵਿੰਦਰ ਸਿੰਘ ਬਾਸੀ, ਮੰਗਾ ਸਿੰਘ, ਚਰਨ ਸਿੰਘ ਭਾਟੀਆ, ਰਾਜ ਸਿੰਘ ਧਾਲੀਵਾਲ, ਇੰਦਰ ਸਿੰਘ ਜੰਮੂ, ਜੱਗਾ ਦੀਪਾ, ਬਿੰਦਰ ਪੁਆਦੜਾ, ਮਨਜੀਤ ਸਿੰਘ, ਖਾਨਾ ਖਜ਼ਾਨਾ, ਸਤੀਸ਼ ਸ਼ਰਮਾਂ, ਅਮਪੀਰੀਅਰ ਸ਼ਾਪਫਰੰਟ, ਤਰਸੇਮ ਸਿੰਘ, ਰਸ਼ਪਾਲ ਸਿੰਘ ਪਵਾਰ, ਪ੍ਰਮਜੀਤ ਸਿੰਘ ਕਾਹਲੋਂ, ਮੋਤਾ ਸਿੰਘ ਕਾਹਲੋਂ, ਸਰਪੰਚ, ਬੌਬ ਐਂਡ ਈਵਨ, ਸਟਾਈਲ ਕਮਿਊਨੀਕੇਸ਼ਨ ਤੋਂ ਇਲਾਵਾ ਬੀਬੀਆਂ ਨੇ ਹਿੱਸਾ ਪਾਇਆ। ਇਹ ਪੈਸੇ ਮੌਕੇ 'ਤੇ ਹੀ ਬੱਚਿਆਂ ਨੂੰ ਇਨਾਮ ਵਜੋਂ ਵੰਡ ਦਿੱਤੇ ਗਏ।

ਭਾਰ ਤੋਲਕ ਮੁਕਬਾਲੇ, ਫੁਟਬਾਲ, ਦੌੜ ਮੁਕਾਬਲਿਆਂ ਤੋਂ ਇਲਾਵਾ ਇਸ ਮੌਕੇ ਜਿੱਥੇ ਜੇਤੂਆਂ ਅਤੇ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਸ: ਮੇਜਰ ਸਿੰਘ ਬਾਸੀ ਪ੍ਰਧਾਨ ਗੁਰਦੁਆਰਾ ਬਾਰਕਿੰਗ ਅਤੇ ਸੈਵਨਕਿੰਗਜ਼, ਲਹਿੰਬਰ ਸਿੰਘ ਲੱਦੜ, ਅਜਮੇਰ ਸਿੰਘ ਮੇਲਾ, ਸਤਨਾਮ ਸਿੰਘ ਸੰਧੂ, ਆਗਿਆਕਾਰ ਸਿੰਘ ਵਡਾਲਾ, ਬੂਟਾ ਸਿੰਘ ਨਿੱਝਰ, ਰਸ਼ਪਾਲ ਸਿੰਘ ਪਵਾਰ, ਗੁਰਦੀਪ ਸਿੰਘ ਹੁੰਦਲ ਆਦਿ ਵੱਲੋਂ ਇਨਾਮ ਵੰਡੇ ਗਏ। ਉੱਥੇ ਹੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ: ਲਹਿੰਬਰ ਸਿੰਘ ਲੱਦੜ ਨੂੰ ਉਹਨਾਂ ਦੀਆਂ ਸਥਾਨਿਕ ਗੁਰੂ ਘਰ, ਇਲਾਕੇ ਅਤੇ ਖੇਡਾਂ ਨੂੰ ਦਿੱਤੀਆਂ ਸੇਵਾਵਾਂ ਬਦਲੇ ਉਮਰ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ: ਅਜਮੇਰ ਸਿੰਘ ਮਾਨ ਮੇਲਾ, ਅਮਰੀਕ ਸਿੰਘ ਬਾਸੀ ਐਮ ਬੀ ਈ, ਬੂਟਾ ਸਿੰਘ ਨਿੱਝਰ, ਬਲਵਿੰਦਰ ਕੌਰ ਸੌਂਧ ਕੌਂਸਲਰ, ਸੁੱਖੀ ਤੱਖਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੇਲੇ ਦੀ ਰੌਣਕ ਨੂੰ ਵਧਾਉਣ ਲਈ ਤਰਸੇਮ ਸਿੰਘ ਬੈਂਸ, ਜਸਬੀਰ ਸਿੰਘ ਢੇਸੀ, ਗੁਰਬੀਰ ਸਿੰਘ ਅਟਕੜ, ਸੁਖਬੀਰ ਸਿੰਘ ਬਾਸੀ, ਕਮਲ ਬਾਸੀ, ਰਾਣਾ ਸਿੰਘ ਪੱਡਾ ਖੀਰਾਂਵਾਲੀ, ਦਲਜੀਤ ਸਿੰਘ ਢਿਲੋਂ, ਗੋਗਾ ਸਲੋਹ, ਅਮਰੀਕ ਸਿੰਘ ਮੀਕਾ, ਪਿੰਦਾ ਸਿੰਘ ਭਰੋਲੀ, ਮਨਦੀਪ ਸਿੰਘ ਬਿਨਿੰਗ, ਕੁਲਦੀਪ ਸਿੰਘ ਕੁਲ, ਹਰਨੇਕ ਸਿੰਘ ਨੇਕਾ ਮੈਰੀਪੁਰ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ, ਸਤਨਾਮ ਸਿੰਘ ਗਿੱਲ, ਦੀਪਾ ਮੌਲੀ, ਭਜੀ ਖੀਰਾਂ ਵਾਲੀ, ਬਲਵਿੰਦਰ ਸਿੰਘ ਚੱਠਾ, ਕੁਲਬੀਰ ਸਿੰਘ ਸਿੱਧੂ, ਬਿੱਟੂ, ਦੀਪਾ ਗ੍ਰੇਵਜ਼ੈਂਡ, ਹੈਪੀ, ਸੁਖਵਿੰਦਰ ਸਿੰਘ ਮਾਣਕ, ਕ੍ਰਿਪਾਲ ਸਿੰਘ ਮੱਲ੍ਹਾਬੇਦੀਆਂ ਆਦਿ ਹਾਜ਼ਿਰ ਸਨ।

   ਹਰਨੇਕ ਸਿੰਘ ਨੇਕਾ ਮੈਰਪੁਰ ਨੇ ਸੰਬੋਧਨ ਕਰਦਿਆਂ ਮੇਲੇ ਦੇ ਪ੍ਰਬੰਧਕਾਂ ਮੇਜਰ ਸਿੰਘ ਬਾਸੀ, ਲਹਿੰਬਰ ਸਿੰਘ ਲੱਦੜ, ਅਜਮੇਰ ਸਿੰਘ ਮੇਲਾ, ਸੁਖਬੀਰ ਸਿੰਘ ਬਾਸੀ ਅਤੇ ਸਾਥੀਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਹਫਤੇ ਬ੍ਰਮਿੰਘਮ ਟੂਰਨਾਮੈਂਟ 'ਤੇ ਪਹੁੰਚਣ ਲਈ ਅਪੀਲ ਕੀਤੀ। ਸੱਚਮੁੱਚ ਬਹੁਤ ਹੀ ਸੋਹਣਾ ਅਤੇ ਵੇਖਣ ਵਾਲਾ ਪ੍ਰੀਵਾਰਿਕ ਖੇਡ ਮੇਲਾ ਸੀ, ਜਿਸ ਵਿੱਚ ਵੱਡੇ ਛੋਟਿਆਂ ਨੇ ਬੱਚੀਆਂ ਬੀਬੀਆਂ ਨੇ ਆ ਕੇ ਖੂਬ ਰੌਣਕਾਂ ਲਾਈਆਂ। ਆਓ ਅਜੇਹੇ ਮੇਲਿਆਂ ਲਈ ਹੋਰ ਯਤਨ ਕਰੀਏ। ਮੇਲਿਆਂ ਮੌਕੇ ਡਿੱਗੀਆਂ ਵਿੱਚ ਮੀਟ ਸ਼ਰਾਬਾਂ ਰੱਖ ਕੇ ਲਿਆਉਣ ਤੋਂ ਗੁਰੇਜ਼ ਕਰੀਏ। ਇਹ ਮੇਲੇ ਆਪਸੀ ਪਿਆਰ ਦਾ ਸੁਨੇਹਾ ਦਿੰਦੇ ਹਨ। ਆਓ ਮਿਲ ਕੇ ਪਿਆਰ ਦਾ ਸੁਨੇਹਾ ਦੇਈਏ।

ਰਿਪੋਰਟ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

Tel: 07899798363

 

Email: msbadhni@yahoo.co.uk