image caption:

ਰਵੀਦਾਸ ਮੰਦਰ ਢਾਹੁਣ ਵਿਰੁਧ ਪੰਜਾਬ ਭਰ ਵਿਚ ਰੋਸ ਵਿਖਾਵੇ

ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਫਗਵਾੜਾ ਮੁਕੰਮਲ ਬੰਦ ਰਹੇ, ਮੁਕੇਰੀਆਂ 'ਚ ਗੋਲੀਬਾਰੀ, ਨਵਾਂ ਸ਼ਹਿਰ 'ਚ ਝੜਪਾਂ ਹੁਣ ਬਟਾਲਾ 'ਚ ਰੋਕੀ ਰੇਲ
ਜਲੰਧਰ-  ਸੁਪਰੀਮ ਕੋਰਟ ਦੇ ਹੁਕਮਾਂ 'ਤੇ ਦਿੱਲੀ ਵਿਖੇ ਗੁਰੂ ਰਵੀਦਾਸ ਮੰਦਰ ਢਾਹੁਣ ਵਿਰੁੱਧ ਦਲਿਤ ਜਥੇਬੰਦੀਆਂ ਵੱਲੋਂ ਦਿਤੇ ਬੰਦ ਦੇ ਸੱਦੇ ਦੌਰਾਨ ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਆਮ ਜਨਜੀਵਨ ਪ੍ਰਭਾਵਤ ਹੋਇਆ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਫਗਵਾੜਾ ਵਿਖੇ ਮੁਕੰਮਲ ਬੰਦ ਰਿਹਾ ਜਦਕਿ ਅੰਮ੍ਰਿਤਸਰ, ਲੁਧਿਆਣਾ ਅਤੇ ਪਠਾਨਕੋਟ ਜਾਣ ਵਾਲੇ ਮਾਰਗ ਜਾਮ ਕਰ ਦਿਤੇ ਗਏ। ਜਲੰਧਰ ਵਿਖੇ ਬੈਂਕ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਜਦਕਿ ਪੈਟਰੋਲ ਪੰਪ ਵੀ ਸੁੰਨਸਾਨ ਨਜ਼ਰ ਆਏ। ਹੁਸ਼ਿਆਰਪੁਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨ ਕ੍ਰਿਪਾਨਾਂ ਲਹਿਰਾਉਂਦੇ ਨਜ਼ਰ ਆਏ ਜੋ ਬਾਜ਼ਾਰ ਬੰਦ ਕਰਵਾ ਰਹੇ ਸਨ। ਰੋਸ ਵਿਖਾਵਿਆਂ ਵਿਚ ਸੰਤ ਸਮਾਜ, ਬਹੁਜਨ ਸਮਾਜ ਪਾਰਟੀ ਅਤੇ ਭੀਮ ਸੈਨਾਂ ਦੇ ਕਾਰਕੁੰਨ ਵੀ ਸ਼ਾਮਲ ਹੋਏ। ਅੰਮ੍ਰਿਤਸਰ ਵਿਖੇ ਵੀ ਬੰਦ ਦਾ ਅਸਰ ਦਿਖਾਈ ਦਿਤਾ ਅਤੇ ਸ਼ਹਿਰ ਦੇ ਲੋਕ ਰਵੀਦਾਸ ਭਾਈਚਾਰੇ ਦੇ ਹੱਕ ਵਿਚ ਨਜ਼ਰ ਆਏ। ਭਾਰੀ ਇਕੱਠ ਦੌਰਾਨ ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਮੰਦਰ ਦੁਬਾਰਾ ਨਹੀਂ ਬਣਾਇਆ ਜਾਂਦਾ, ਰੋਸ ਵਿਖਾਵੇ ਜਾਰੀ ਰਹਿਣਗੇ। ਪੰਜਾਬ ਪੁਲਿਸ ਵੱਲੋਂ ਸਥਿਤੀ ਕਾਬੂ ਹੇਠ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ।