image caption:

ਗੁਰਦਾਸ ਮਾਨ ਅੰਦਰਲਾ ਸੱਚ ਸੱਤ ਪੜਦੇ ਪਾੜ ਕੇ ਆਇਆ ਬਾਹਰ !!

ਲੇਖਕ - ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ  -

 

  ਆਪਣੇ ਗੀਤਾਂ 'ਚ ਆਪਣੇ ਆਪ ਨੂੰ ਨਿਮਾਣਾ ਮਰ ਜਾਣਾ,ਨਹੀਂ ਰਹਿਣਾ ਨਾ ਨਾਚੀਜ ਦੱਸਣ ਵਾਲੇ ਗੁਰਦਾਸ ਮਾਨ ਨੇ ਕਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਜੋ ਭੱਦੀ ਤੇ ਇਖਲਾਕੋਂ ਗਿਰੀ ਹੋਈ ਸ਼ਬਦਾਂਵਲੀ ਸ਼ਰੇਆਮ ਧੀਆਂ ਭੈਣਾਂ ਦੀ ਹਾਜ਼ਰੀ ਚ ਇਕ ਉਸ ਸ਼ਖਸ਼ ਲਈ ਵਰਤੀ ਜੇ ਸਿਰਫ ਮਾਨ ਵਲੋਂ ਪਿਛਲੇ ਦਿਨੀ ਕਨੇਡਾ ਦੇ ਇਕ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪੰਜਾਬੀ ਵਿਰੋਧੀ ਕੀਤੀ ਬਿਆਨਬਾਜੀ ਦਾ ਵਿਰੋਧ ਕਰਨ ਦੇ ਨਾਲ ਨਾਲ ਹੀ ਉੱਥੇ ਪੰਜਾਬੀ ਬੋਲੀ ਦਾ ਪਰਚਮ ਹੀ ਲਹਿਰਾ ਰਿਹਾ ਸੀ, ਨੂੰ ਸੁਣਕੇ ਬਹੁਤ ਹੈਰਾਨੀ ਹੋਈ ।

     ਪੰਜਾਬੀਏ ਜ਼ੁਬਾਨਾਂ ਨੀ ਰਕਾਨੇ ਮੇਰੇ ਦੇਸ਼ ਦੀਏ ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ ਨੀ, ਬੁੱਲੇ ਦੀਏ ਕਾਫ਼ੀਏ ਨੀ ਕੀਹਨੇ ਤੇਰਾ ਕੀਤਾ ਬੁਰਾ ਹਾਲ ਨੀ, ਗਾਉਣ ਵਾਲਾ ਮਾਨ ਹੁਣ ਪੰਜਾਬੀ ਬੋਲੀ ਦਾ ਨਾ ਸੁਣਦਿਆ ਹੀ ਏਸ ਤਰਾਂ ਭੜਕਿਆ ਜਿਵੇ ਕਿਸੇ ਨੇ ਕੁੱਤੇ ਦੀ ਪੂਛ 'ਤੇ ਪੈਰ ਧਰ ਦਿੱਤਾ ਹੋਵੇ । ਉਹ ਇਸ ਮਸਲੇ ਨੂੰ ਲੈ ਕੇ ਏਸ ਤਰਾਂ ਕਪੜਿਆਂ ਚੋ ਬਾਹਰ ਹੋ ਜਾਵੇਗਾ ਨਾ ਹੀ ਕਦੇ ਸੋਚਿਆ ਸੀ ਤੇ ਨਾ ਹੀ ਚਿਤਵਿਆ । ਉਸ ਦੁਆਰਾ ਵਰਤੀ ਗਈ ਬਹੁਤ ਹੀ ਮਲੀਨ ਭਾਸ਼ਾ ਸੁਣਕੇ ਮਨ ਬਹੁਤ ਦੁਖੀ ਹੋਇਆ ਤੇ ਇਸ ਤਰਾਂ ਜਾਪਿਆ ਕਿ ਜਿਵੇਂ ਕੋਈ ਪੰਜਾਬੀ ਬੋਲੀ ਨੂੰ ਪ੍ਰਸਿੱਧੀ ਦੀ ਪੌੜੀ ਵਜੋਂ ਵਰਤਣ ਵਾਲਾ ਬੁਲੰਦੀ ਦੇ ਕੋਠੇ 'ਤੇ ਚੜ੍ਹਕੇ ਬਾਅਦ ਚ ਉਤੋਂ ਪੌੜੀ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦੇਵੇ । ਇਸ ਤਰਾਂ ਵੀ ਜਾਪਿਆ ਜਿਵੇਂ ਕੋਈ ਆਪਣੀ ਮਾਂ ਦਾ ਦੁੱਧ ਪੀ ਕੇ ਉਸ ਦੀ ਉੰਗਲ ਫੜਕੇ ਜਵਾਨ ਹੋਣ ਤੋ ਬਾਅਦ ਉਸ ਨੂੰ ਪਛਾਨਣੋ ਇਨਕਾਰ ਹੀ ਨਹੀਂ ਸਗੋ ਉਸ ਨੂੰ ਅਵਾ ਤਵਾ ਵੀ ਬੋਲਣਾ ਸ਼ੁਰੂ ਕਰ ਦੇਵੇ ਤੇ ਉਸ ਦੇ ਧੌਲੇ ਝਾਟੇ ਨੂੰ ਹੀ ਹੱਥ ਪਾ ਲਵੇ । ਉਸ ਦੁਆਰਾ ਕੀਤੀ ਗਈ ਅਤਿ ਦੀ ਤੇ ਕੋਝੀ ਹਰਕਤ ਤੋ ਮੈਨੂੰ ਇਸ ਤਰਾਂ ਵੀ ਲੱਗਿਆ ਕਿ ਜਿਵੇ ਇਕ ਬਾਂਦਰ ਦੇ ਹੱਥ ਲੋਕਾਂ ਨੇ ਪ੍ਰਸਿੱਧੀ ਦੀ ਡੱਬੀ ਫੜਾ ਦਿੱਤੀ ਹੋਵੇ ਤੇ ਉਹ ਉਸ ਡੱਬੀ ਨਾਲ ਹੀ ਸਬੰਧਿਤ ਲੋਕਾਂ ਦੀ ਬੋਲੀ ਤੇ ਸੱਭਿਆਚਾਰ ਨੂੰ ਲਾਂਬੂ ਲਾਉਣ ਵਾਸਤੇ ਅਮਾਦਾ ਹੋ ਤੁਰਿਆ ਹੋਵੇ । ਮੈਨੂੰ ਉਸ ਦੁਆਰਾ ਬੋਲੇ ਮੰਦੇ ਬੋਲਾਂ ਤੋਂ ਇਹ ਵੀ ਸਮਝ ਆਈ ਕਿ ਬੁਲ੍ਹੇ ਤੇ ਵਾਰਿਸ ਦੀ ਬੋਲੀ ਦਾ ਮੰਦੜਾ ਹਾਲ ਕਰਨ ਵਾਲੇ ਅਸਲ ਚ ਕੋਣ ਹਨ ਤੇ ਇਹ ਵੀ ਸਾਫ ਸਮਝ ਆ ਗਈ ਕਿ ਮਾਂ ਬੋਲੀ ਦਾ ਖੱਟਿਆ ਖਾਣ ਵਾਲੇ, ਉਸ ਦੇ ਕੁਛੜ ਚੜ੍ਹਕੇ ਪਲਣ ਵਾਲੇ ਪੁੱਤ, ਕਪੁਤ ਕਿਵੇਂ ਬਣਦੇ ਹਨ । ਉਸ ਦੀ ਬਕਵਾਸ ਨੇ ਇਹ ਵੀ ਦੱਸ ਦਿੱਤਾ ਕਿ ਅੰਦਰਲਾ ਸੱਚ ਕਦੇ ਵੀ ਲੁਕਿਆ ਨਹੀ ਰਹਿ ਸਕਦਾ ਤੇ ਸੱਤ ਪਰਦੇ ਪਾੜਕੇ ਕਿਵੇਂ ਬਾਹਰ ਨਿਕਲਦਾ ਹੈ । ਇਹ ਵੀ ਪਤਾ ਲੱਗ ਗਿਆ ਕਿ ਇਹ ਬੰਦਾ ਅਜ ਤੱਕ ਪੰਜਾਬੀਆਂ ਨੁੰ ਪੈਰ ਹੇਠ ਆਇਆ ਬਟੇਰ ਹੀ ਸਮਝਦਾ ਰਿਹਾ ।

     ਉਸ ਦੇ ਬੋਲਾਂ ਤੋਂ ਇਹ ਬਿਲਕੁਲ ਸਾਫ ਹੋ ਗਿਆ ਕਿ ਅੱਜ ਤੱਕ ਉਹ ਪੰਜਾਬੀਆਂ ਨਾਲ ਪੰਜਾਬੀ ਬੋਲੀ ਤੇ ਸੱਭਿਆਚਾਰ ਦੇ ਨਾਮ ਹੇਠ ਕਿਵੇਂ ੇ ਫ਼ਰੇਬ ਕਰਦਾ ਆਇਆ ਹੈ । ਮਾ ਬੋਲੀ ਪੰਜਾਬੀ ਦੇ ਸਪੂਤ ਤੋ ਕਪੁਤ ਬਣੇ ਇਸ ਗਾਇਕ ਨੇ ਸਮੁਚੇ ਪੰਜਾਬੀ ਭਾਈਚਾਰੇ ਦਾ ਕਲੇਜਾ ਛਲਣੀ ਕਰਕੇ ਦੱਸ ਦਿੱਤਾ ਕਿ ਉਹ ਮਾਨਾ ਸਨਮਾਨਾਂ ਦੇ ਚਾਂਦੀ ਦੇ ਛਿਲੜਾਂ ਦੀ ਖਾਤਿਰ ਕਿਸੇ ਵੀ ਹੱਦ ਤੱਕ ਗਿਰ ਸਕਦਾ ਹੈ ।

   ਇਕ ਹੋਰ ਗੱਲ ਇਹ ਜਿਸਨੇ ਹੋਰ ਵੀ ਆਹਤ ਕੀਤਾ ਉਹ ਇਹ ਕਿ ਜਦੋਂ ਗੁਰਦਾਸ ਮਾਨ ਸਟੇਜ ਤੋਂ ਭੱਦੇ ਲਫਜ ਬੋਲ ਰਿਹਾ ਸੀ ਤਾਂ ਬਹੁਤੇ ਲੋਕ ਹਾਲ ਚ ਤਾੜੀਆਂ ਤੇ ਚੀਕਾਂ ਮਾਰਕੇ ਉਸ ਦੀ ਦਾਦ ਦੇ ਰਹੇ ਹਨ , ਹੌਂਸਲਾ ਅਫਜਾਈ ਕਰ ਰਹੇ ਸਨ । ਕੀ ਉਹਨਾ ਲੋਕਾਂ ਨੂੰ ਗੁਰਦਾਸ ਮਾਨ ਦੇ ਬੋਲੇ ਮੰਦੇ ਬੋਲਾਂ ਦੇ ਅਰਥ ਨਹੀ ਪਤਾ ਸਨ, ਜਾਂ ਉਥੇ ਹਾਜਰ ਲੋਕਾ ਨੇ ਚੰਗੀ ਤਰਾਂ ਉਸ ਦਾ ਬੋਲਿਆ ਊਟ ਪਟਾਂਗ ਸੁਣਿਆ ਹੀ ਨਹੀਂ ਜਾਂ ਫੇਰ ਹੁਣ ਪੰਜਾਬੀਆਂ ਦੀ ਜਮੀਰ ਮਰ ਚੁੱਕੀ ਹੈ । ਇਹਨਾਂ ਨਕਤਿਆਂ 'ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਭਲਾ ਚਾਹੁਣ ਵਾਲੇ ਸਮੂਹ ਹਿਤੈਸ਼ੀਆ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ।

    ਮਾਨ ਨੇ ਤਾਂ ਆਪਣੇ ਬੋਲਾਂ ਰਾਹੀਂ ਇਹ ਵੀ ਦੱਸ ਦਿੱਤਾ ਹੈ ਕਿ ਨਾ ਹੀ ਉਹ "ਗੁਰਦਾਸ" ਹੈ ਤੇ ਨਾ ਹੀ ਉਹ "ਮਾਨ" ਹੈ ਸਗੋ ਉਹ ਤਾਂ ਪੰਜਾਬੀਆਂ ਨੂੰ ਹਮੇਸ਼ਾ ਹੀ ਆਪਣੇ ਹਿਤਾਂ ਸਵਾਰਥਾਂ ਲਈ ਵਰਤਣ ਵਾਲਾ  ਅਹਸਾਨ ਫਰਾਮੋਸ਼ ਹੈ ਤੇ ਇਸ ਦੇ ਨਾਲ ਹੀ ਪੰਜਾਬੀ ਵਿਰੋਧੀ ਭਗਵਾਂ ਲਾਬੀ ਦਾ ਝੋਲੀ ਚੱਕ ਵੀ ਹੈ ।
ਸਮਝਣ ਵਾਲੀ ਗੱਲ ਇਹ ਹੈ ਕਿ ਜੋ ਵਿਅਕਤੀ ਬੋਲਣ ਲੱਗਿਆ ਆਪਣੇ ਨਾਮ ਦੀ ਲਾਜ ਲਿਹਾਜ ਨਾ ਰੱਖ ਸਕਦਾ ਹੋਵੇ, ਉਹ ਆਪਣੀਆ ਧੀਆਂ, ਭੈਣਾਂ ਤੇ ਮਾਵਾਂ ਦੀ ਇਜਤ ਦਾ ਖਿਆਲ ਕਿਵੇ ਰੱਖ ਸਕਦਾ ਹੈ? ਅਜਿਹੇ  ਲੋਕਾਂ ਨੂੰ ਖਾਹ ਮੁਖਾਹ ਭੂਹੇ ਚੜ੍ਹਾਉਣ ਤੋ ਪਹਿਲਾਂ ਪੰਜਾਬੀਆ ਨੂੰ ਹੋਸ਼ ਹਵਾਸ਼ ਤੇ ਸੋਚ ਵਿਚਾਰ ਤੋਂ ਕੰਮ ਲੈਣਾ ਚਾਹੀਦਾ ਹੈ ਨਹੀ ਤਾਂ ਗੁਰਬਾਣੀ ਦੇ ਮਹਾਂਵਾਕ ਮੁਤਾਬਿਕ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟਣ ਵਾਲੀ ਗੱਲ ਦਾ ਸਹੀ ਹੋਣਾ ਸੁਭਾਵਕ ਹੁੰਦਾ ਹੈ ਤੇ ਮਾਨ, ਮੂਸੇ, ਹੰਸ ਤੇ ਦਲਜੀਤ ਵਾਲੀਆਂ ਘਟਨਾਵਾਂ ਤੋਂ ਇਹ ਸਭ ਸੱਚ ਸਾਬਤ ਵੀ ਹੋ ਰਿਹਾ ਹੈ ।

     ਮਾਨ ਨੇ ਆਪਣੇ ਬੋਲਾਂ ਨਾਲ ਆਪਣੀ ਕੀਤੀ ਕਤਰੀ ਦੀ ਖੇਹ ਕਰ ਲਈ ਹੈ, ਬਣੀ ਬਣਾਈ ਇੱਜਤ ਮਿੱਟੀ ਚ ਮਿਲਾ ਲਈ ਹੈ ਤੇ ਜੇਕਰ ਹੁਣ ਵੀ ਪੰਜਾਬੀ ਉਸ ਨੂੰ ਮੂੰਹ ਲਾਉਂਦੇ ਹਨ ਤਾਂ ਪੰਜਾਬੀਆਂ ਉਤੇ ਵੀ ਬੇਗੈਰਤੇ ਹੋਣ ਦਾ ਲੇਬਲ ਲੱਗ ਜਾਵੇਗਾ । ਮਾਨ ਨੇ ਪੰਜਾਬੀ ਬੋਲੀ ਨਾਲ ਹੀ ਨਹੀ ਸਗੋ ਪੰਜਾਬ ਤੇ ਪੰਜਾਬੀਅਤ ਨਾਲ ਧਰੋਹ ਕਮਾਇਆ ਹੈ ਤੇ ਜੇਕਰ ਉਸ ਵਲੋ ਮੁਆਫੀ ਵੀ ਮੰਗ ਲਈ ਜਾਂਦੀ ਹੈ ਤਦ ਵੀ ਉਸ ਦਾ ਗੁਨਾਹ ਬਜਰ ਹੈ ਤੇ ਮੁਆਫੀ ਯੋਗ ਨਹੀਂ ।

     ਸੋ ਇਸ ਵੇਲੇ ਪੰਜਾਬੀਆ ਨੂੰ ਜਾਗਣ ਦੀ ਜਰੂਰਤ ਹੈ । ਗੱਲ ਪੰਜਾਬੀ ਬੋਲੀ ਬਚਾਉਣ ਦੀ ਹੀ ਨਹੀ ਸਗੋ ਹੁਣ ਤਾਂ ਗੱਲ ਆਪਣਾ ਸਮੁੱਚਾ ਸੱਭਿਆਚਾਰ ਬਚਾਉਣ ਦੀ ਹੈ ਜਿਸ ਦਾ ਬੋਲੀ ਸਿਰਫ ਮਾਤਰ ਹਿੱਸਾ ਹੈ । ਸੋ ਜਾਗੋ ! ਇਹਨਾਂ ਦਾ ਸੰਪੂਰਨ ਬਾਈਕਾਟ ਕਰੋ, ਜਿਥੇ ਮਿਲਣ ਉਥੇ ਹੀ ਇਹਨਾ ਦੀ ਥੂ ਥੂ ਕਰੋ ਤੇ ਫਿਟ ਲਾਹਨਤਾਂ ਪਾਓ ਤੇ ਇਹਨਾਂ ਦੇ ਨੱਕ ਚ ਦਮ ਕਰਕੇ ਦੱਸ ਦਿਓ ਕਿ ਪੰਜਾਬੀ ਆਪਣੇ ਸੱਭਿਆਚਾਰ ਨਾਲ ਧਰੋਹ ਕਰਨ ਵਾਵਿਆ ਨੂੰ ਕਦੇ ਵੀ ਨਹੀ ਬਖਸ਼ਣਗੇ । ਪੰਜਾਬੀ ਜੇਕਰ ਇਜਤ ਮਾਣ ਦੇਣਾ ਜਾਣਦੇ ਹਨ ਤੇ ਉਸ ਨੂੰ ਵਾਪਸ ਲੈਣਾ ਵੀ ਜਾਣਦੇ ਹਨ । ਜੇਕਰ ਹੋ ਸਕੇ ਸਮਾਜਿਕ ਬਾਈਕਾਟ ਦੇ ਨਾਲ ਨਾਲ ਕਾਨੂੰਨੀ ਚਾਰਾਜੋਈ ਵਜੋਂ ਮੁਕੱਦਮੇ ਦਰਜ ਕਰਨ ਬਾਰੇ ਵੀ ਸੋਚਿਆ ਜਾ ਸਕਦਾ ਹੈ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ