image caption:

ਏਸ਼ੀਆ ਪਲੇਇੰਗ 11 ‘ਚੋਂ ਬਾਹਰ ਹੋਣ ‘ਤੇ PCB ਨੇ BCCI ‘ਤੇ ਲਾਏ ਦੋਸ਼


 ਏਸ਼ੀਆ ਇਲੈਵਨ ਅਤੇ ਵਰਲਡ ਇਲੈਵਨ ਵਿਚਾਲੇ ਅਗਲੇ ਸਾਲ 16 ਅਤੇ 20 ਮਾਰਚ ਨੂੰ ਬੰਗਲਾਦੇਸ਼ ਦੇ ਢਾਕਾ ਵਿੱਚ ਦੋ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ । ਦਰਅਸਲ, ਇਸ ਮਾਮਲੇ ਵਿੱਚ BCCI ਨੇ ਇਹ ਸਾਫ ਕਰ ਦਿੱਤਾ ਹੈ ਕਿ ਬੰਗਲਾਦੇਸ਼ ਵਿੱਚ ਵਰਲਡ ਇਲੈਵਨ ਖਿਲਾਫ਼ ਖੇਡੇ ਜਾਣ ਵਾਲੇ ਮੁਕਾਬਲੇ ਵਿੱਚ ਪਾਕਿਸਤਾਨੀ ਕ੍ਰਿਕਟਰ ਏਸ਼ੀਆ ਦਾ ਹਿੱਸਾ ਨਹੀਂ ਹੋਵੇਗਾ ।

ਜਿਸ ਤੋਂ ਬਾਅਦ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਬੁਰੀ ਤਰ੍ਹਾਂ ਭੜਕ ਗਿਆ ਹੈ । PCB ਨੇ BCCI ਦੇ ਇਸ ਫੈਸਲੇ ਨੂੰ ਮੰਦਭਾਗਾ ਦੱਸਦੇ ਹੋਏ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਦਾ ਦੋਸ਼ ਲਗਾਇਆ ਹੈ । ਇਸ ਮਾਮਲੇ ਵਿੱਚ PCB ਨੇ ਕਿਹਾ ਕਿ ਉਨ੍ਹਾਂ ਨੂੰ ਇਸ ਟੀ-20 ਸੀਰੀਜ਼ ਤੋਂ ਪਰੇ ਰੱਖ ਕੇ ਪਾਕਿਸਤਾਨੀ ਖਿਡਾਰੀਆਂ ਦਾ ਗਲਤ ਅਕਸ ਪੇਸ਼ ਕੀਤਾ ਜਾ ਰਿਹਾ ਹੈ ।

ਸੂਤਰਾਂ ਅਨੁਸਾਰ PCB ਵੱਲੋਂ ACC ਨਾਲ ਇੱਕ ਮੀਟਿੰਗ ਕੀਤੀ ਗਈ ਹੈ. ਜਿਸ ਵਿੱਚ ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਤਰੀਕਾਂ ਵਿੱਚ ਬਦਲਾਅ ਹੋਣ ਨਾਲ ਪਾਕਿਸਤਾਨੀ ਖਿਡਾਰੀ ਵੀ ਇਸ ਸੀਰੀਜ਼ ਵਿੱਚ ਸ਼ਾਮਿਲ ਹੋ ਸਕਦੇ ਹਨ ।

ਦੱਸ ਦੇਈਏ ਕਿ ਇਸ ਸਬੰਧੀ PCB ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 16 ਅਤੇ 20 ਮਾਰਚ ਨੂੰ ਏਸ਼ੀਅਨ ਇਲੈਵਨ ਅਤੇ ਵਰਲਡ ਇਲੈਵਨ ਵਿਚਾਲੇ ਕ੍ਰਿਕਟ ਮੁਕਾਬਲਾ ਖੇਡਿਆ ਜਾਣਾ ਹੈ, ਜਦਕਿ PSL 22 ਮਾਰਚ ਤੱਕ ਚੱਲੇਗਾ । ਦਰਅਸਲ, ਇਹ ਦੋਵੇਂ ਹੀ ਸੀਰੀਜ਼ ਅਜਿਹੀਆਂ ਹਨ, ਜਿਨ੍ਹਾਂ ਦੀਆਂ ਤਰੀਕਾਂ ਵਿੱਚ ਬਦਲਾਅ ਨਹੀਂ ਕੀਤਾ ਜਾ ਸਕਦਾ ।