image caption:

ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਹੋਈ ਭਾਜਪਾ ਵਿੱਚ ਸ਼ਾਮਿਲ

ਬੈਡਮਿੰਟਨ ਦੀ ਚੈਂਪੀਅਨ ਸਾਇਨਾ ਨੇਹਵਾਲ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ। ਸਾਇਨਾ ਨੇਹਵਾਲ ਆਪਣੀ ਭੈਣ ਚੰਦਰਨਸੂ ਨੇਹਵਾਲ ਦੇ ਨਾਲ ਭਾਜਪਾ ਵਿੱਚ ਸ਼ਾਮਿਲ ਹੋਈ ਹੈ। ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਾਇਨਾ ਨੇ ਕਿਹਾ, &ldquoਅੱਜ ਮੈਂ ਇਕ ਅਜਿਹੀ ਪਾਰਟੀ ਵਿੱਚ ਸ਼ਾਮਿਲ ਹੋਈ ਹਾਂ, ਜੋ ਦੇਸ਼ ਲਈ ਬਹੁਤ ਕੁਝ ਕਰਦੀ ਹੈ। ਨਰਿੰਦਰ ਮੋਦੀ ਦਿਨ ਰਾਤ ਦੇਸ਼ ਲਈ ਬਹੁਤ ਸਖਤ ਮਿਹਨਤ ਕਰਦੇ ਹਨ। ਇਸ ਵੇਲੇ ਮੇਰੇ ਲਈ ਸਭ ਕੁਝ ਨਵਾਂ ਹੈ, ਪਰ ਮੈਨੂੰ ਇਹ ਸਭ ਕੁਝ ਪਸੰਦ ਹੈ। ਸਾਇਨਾ ਨੇ ਕਿਹਾ ਕਿ ਨਰਿੰਦਰ ਮੋਦੀ ਸਰ ਖੇਡਾਂ ਨੂੰ ਉਤਸ਼ਾਹਿਤ ਕਰਦੇ ਹਨ, ਮੈਂ ਉਨ੍ਹਾਂ ਤੋਂ ਪ੍ਰੇਰਿਤ ਹਾਂ। ਉਨ੍ਹਾਂ ਕਿਹਾ ਕਿ ਮੈਂ ਮੋਦੀ ਜੀ ਨਾਲ ਦੇਸ਼ ਲਈ ਕੁਝ ਕਰਨਾ ਚੁੰਹਦੀ ਹਾਂ।

ਹਰਿਆਣੇ ਵਿੱਚ ਜੰਮੀ 29 ਸਾਲਾ ਸਾਇਨਾ ਨੇਹਵਾਲ ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰੀ ਹੈ, ਜਿਸ ਦੀ ਫੈਨ ਫਾਲੋਇੰਗ ਵੀ ਬਹੁੱਤ ਜ਼ਿਆਦਾ ਹੈ। ਸਾਇਨਾ ਬੈਡਮਿੰਟਨ ਵਿੱਚ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰਹੀ ਹੈ। ਉਨ੍ਹਾਂ ਨੂੰ ਰਾਜੀਵ ਗਾਂਧੀ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਵੀ ਦਿੱਤਾ ਗਿਆ ਹੈ। ਹੁਣ ਤੱਕ ਸਾਇਨਾ ਨੇ ਕੁਲ 24 ਅੰਤਰਰਾਸ਼ਟਰੀ ਖਿਤਾਬ ਜਿੱਤੇ ਹਨ। ਸਾਇਨਾ ਨੇਹਵਾਲ ਨੇ ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਸੀ।

ਇਸ ਤੋਂ ਪਹਿਲਾਂ ਪਹਿਲਵਾਨ ਬਬੀਤਾ ਫੋਗਟ ਅਤੇ ਯੋਗੇਸ਼ਵਰ ਦੱਤ ਵੀ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਇਸ ਤੋਂ ਇਲਾਵਾ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਪਿੱਛਲੇ ਸਾਲ ਭਾਜਪਾ ਵਲੋਂ ਹਰਿਆਣਾ ਦੀ ਵਿਧਾਨ ਸਭਾ ਚੋਣ ਵੀ ਲੜੀ ਸੀ। ਜਿਸ ਵਿੱਚ ਬਬੀਤਾ ਅਤੇ ਯੋਗੇਸ਼ਵਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਸੰਦੀਪ ਸਿੰਘ ਜੇਤੂ ਰਹੇ ਸਨ। ਉਨ੍ਹਾਂ ਨੂੰ ਰਾਜ ਮੰਤਰੀ ਵਜੋਂ ਸਹੁੰ ਚੁਕਾਈ ਗਈ ਅਤੇ ਫਿਰ ਖੇਡ ਮੰਤਰੀ ਦਾ ਅਹੁਦਾ ਵੀ ਦਿੱਤਾ ਗਿਆ।