image caption:

ਬਰਤਾਨੀਆ ਦੇ ਸਿਹਤ ਵਿਭਾਗ ਨੇ ਕੋਵਿਡ ਟੈਸਟਾ ਦੀ ਰਿਪੋਰਟ ਆਉਣ ਤੱਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕਿਸੇ ਵੀ ਸਮਾਗਮ ਚ ਸ਼ਾਮਿਲ ਹੋਣ ਤੇ ਲਗਾਈ ਰੋਕ *ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਲੈਸਟਰ ਦੇ ਸਮਾਗਮ ਹੋਏ ਰੱਦ * ਕਰੋਨਾ ਰਿਪੋਰਟ ਸਹੀ ਆਉਣ 'ਤੇ ਹੀ ਸਾਰਾਗੜ੍ਹੀ ਸਮਾਗਮ 'ਚ ਕਰ ਸਕਣਗੇ ਸ਼ਿਰਕਤ *ਇਕ ਕਰੋਨਾ ਟੈਸਟ ਆਇਆ ਸਹੀ *ਕੱਲ੍ਹ 2 ਵਜੇ ਹੋਵੇਗਾ ਦੂਸਰਾ ਟੈਸਟ

 ਲੈਸਟਰ (ਇੰਗਲੈਂਡ), 10 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ  ਵਿੰਡਸਫੀਲਡ ਦੇ ਗੁਰੂ ਨਾਨਕ ਗੁਰਦੁਆਰਾ  ਸਾਹਿਬ ਦੇ ਸਾਹਮਣੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਦੇ 12 ਸਤੰਬਰ ਨੂੰ  ਉਦਘਾਟਨ  ਲਈ ਉਚੇਚੇ ਤੌਰ 'ਤੇ ਇੰਗਲੈਂਡ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ  ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਅੱਜ ਸ਼ਾਮ 6ਵਜੇ  ਲੈਸਟਰ ਦੇ  ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਉਸ ਵੇਲੇ ਅਚਾਨਕ ਰੱਦ ਕਰਨੇ ਪਏ,ਜਦ ਬਰਤਾਨੀਆ ਦੇ ਸਿਹਤ ਵਿਭਾਗ ਨੇ ਉਨ੍ਹਾਂ ਦੀ ਭਾਰਤ ਚ ਹੋਏ ਕੋਰੋਨਾ ਟੈਸਟਾਂ ਦੀ ਰਿਪੋਰਟ ਨੂੰ ਸਵੀਕਾਰ ਨਾ ਕਰਦਿਆਂ ਬਰਤਾਨੀਆ ਚ ਹੋਣ ਵਾਲੇ ਕੋਰੋਨਾ ਟੈਸਟਾਂ ਦੀ ਰਿਪੋਰਟ ਸਹੀ ਆਉਣ ਤੱਕ ਉਨ੍ਹਾਂ ਦੇ ਬਰਤਾਨੀਆ ਚ  ਕਿਸੇ ਵੀ ਸਮਾਗਮ ਚ ਸ਼ਾਮਿਲ ਹੋਣ ਤੇ ਰੋਕ ਲਗਾ ਦਿੱਤੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀਰਵਾਰ ਨੂੰ ਇਥੇ ਪੁੱਜੇ ਸਨ।  ਜਾਣਕਾਰੀ ਅਨੁਸਾਰ ਸਥਾਨਕ ਸਿਹਤ ਵਿਭਾਗ ਨੇ ਉਨ੍ਹਾਂ ਵੱਲੋਂ ਪੰਜਾਬ ਵਿਚ ਲਗਵਾਏ ਕਰੋਨਾ ਟੀਕਿਆਂ ਨੂੰ ਮਾਨਤਾ ਨਹੀਂ ਦਿੱਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਲੈਸਟਰ ਦੇ ਪ੍ਰਧਾਨ ਰਾਜਮਨਵਿੰਦਰ ਸਿੰਘ ਰਾਜਾ ਕੰਗ ਨੇ ਦੱਸਿਆ ਕਿ ਇੰਗਲੈਂਡ ਦੇ ਸਿਹਤ ਵਿਭਾਗ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਪੰਜਾਬ ਵਿਚ ਕਰੋਨਾ ਦੇ ਟੀਕੇ ਲੱਗੇ ਸਨ, ਨੂੰ ਮਾਨਤਾ ਨਹੀਂ ਦਿੱਤੀ ਜਿਸ ਕਾਰਨ ਉਹ ਅੱਜ ਲੈਸਟਰ ਦੀ ਸੰਗਤ ਨੂੰ ਸੰਬੋਧਨ ਨਹੀਂ ਕਰ ਸਕੇ ਹਾਲਾਂਕਿ ਕਿ ਉਨ੍ਹਾਂ ਦਾ ਇਥੇ ਲਿਆ ਗਿਆ ਇਕ ਕਰੋਨਾ ਟੈਸਟ ਠੀਕ ਆਇਆ ਹੈ। ਕੱਲ੍ਹ  11 ਸਤੰਬਰ ਨੂੰ ਬਾਅਦ ਦੁਪਹਿਰ  ਇੰਗਲੈਂਡ ਦੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਦਾ ਦੁਬਾਰਾ ਕਰੋਨਾ ਟੈਸਟ ਲਿਆ ਜਾਵੇਗਾ ਜਿਸ ਦੀ  ਰਿਪੋਰਟ ਮਿਲਣ 'ਤੇ ਹੀ ਉਹ ਐਤਵਾਰ ਨੂੰ  ਸਾਰਾਗੜ੍ਹੀ ਉਦਘਾਟਨ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ। ਜੇਕਰ  ਰਿਪੋਰਟ ਦੇਰੀ ਨਾਲ ਮਿਲਦੀ ਹੈ ਜਾਂ ਰਿਪੋਰਟ ਸਹੀ ਨਾ ਹੋਈ ਤਾਂ ਉਹ  ਸਾਰਾਗੜ੍ਹੀ ਯਾਦਗਾਰ  ਦੇ ਉਦਘਾਟਨ ਸਮਾਗਮ ਵਿਚ ਸ਼ਮੂਲੀਅਤ ਨਹੀਂ ਕਰ ਸਕਣਗੇ। ਕਾਬਲੇਗੌਰ ਹੈ ਕਿ ਭਾਵੇਂ ਇੰਗਲੈਂਡ ਵਿਚ ਕੋਵਿਡ ਨਿਯਮਾਂ ਵਿਚ ਢਿੱਲ ਦਿੱਤੀ ਗਈ ਹੈ ਪਰ ਫਿਰ ਵੀ ਟੈਸਟ ਉਪਰੰਤ   ਹੋਣਾ ਹੀ ਜਨਤਕ ਥਾਵਾਂ ਤੇ ਜਾਂਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ ,ਅਤੇ ਇਸ ਦੌਰਾਨ ਕਿਸੇ ਨਾਲ ਕੋਈ ਸੰਪਰਕ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਸਾਰਾਗੜ੍ਹੀ ਉਦਘਾਟਨ ਸਮਾਗਮ ਦੇ ਪ੍ਰਬੰਧਕਾਂ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਦੀ ਅੱਜ ਕਰਵਾਈ ਕਰੋਨਾ ਰਿਪੋਰਟ ਸਹੀ ਆਈ ਹੈ ਅਤੇ ਜੇਕਰ ਸਨਿਚਰਵਾਰ ਨੂੰ ਹੋ ਰਿਹਾ ਕਰੋਨਾ ਟੈਸਟ ਦੀ ਰਿਪੋਰਟ ਠੀਕ ਆਈ ਤਾਂ ਸਿੰਘ ਸਾਹਿਬ ਸਾਰਾਗੜ੍ਹੀ ਯਾਦਗਾਰ ਵਿਖੇ ਜਾ ਸਕਣਗੇ।  ਜਿਕਰਯੋਗ ਹੈ ਕਿ

ਗੁਰੂ ਨਾਨਕ ਸਿੱਖ ਗੁਰਦੁਆਰਾ ਵਿੰਡਸਫੀਲਡ ਫੀਲਡ ਤੇ ਵੁਲਵਰਹੈਂਪਟਨ ਕੌਂਸਲ ਵਲੋਂ ਸਾਂਝੇ ਯਤਨਾਂ ਨਾਲ ਸਾਰਾਗੜ੍ਹੀ ਯਾਦਗਾਰ ਦੀ ਉਸਾਰੀ ਕਰਵਾਈ ਹੈ । ਵੁਲਵਰਹੈਂਪਟਨ ਕੌਂਸਲ ਨੇ ਇਸ ਯਾਦਗਾਰ ਲਈ ਜ਼ਮੀਨ 99 ਸਾਲ ਲਈ ਲੀਜ਼ 'ਤੇ ਦਿੱਤੀ ਹੈ। ਸ਼ਹੀਦ ਦੇ ਬੁੱਤ ਨੂੰ ਬੁੱਤ ਤਰਾਸ਼ ਲੁਕ ਪੈਰੀ ਨੇ ਸੁੰਦਰ ਰੂਪ ਦਿੱਤਾ ਹੈ ਜੋ 10 ਫੁੱਟ ਉੱਚਾ ਅਤੇ ਵੱਡ ਅਕਾਰੀ ਥੜ੍ਹੇ ਉਤੇ ਸਥਾਪਤ ਕੀਤਾ ਗਿਆ ਹੈ।