image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਮਾਨਿਉ ਗ੍ਰੰਥ । ਸਿੱਖ ਧਰਮ ਵਿਸ਼ਵ ਭਰ ਦੇ ਧਰਮਾਂ ਨਾਲੋਂ ਮੌਲਿਕ ਵਿਲੱਖਣ ਤੇ ਸੰਪੂਰਨ ਧਰਮ ਹੈ, ਇਹ ਕਿਸੇ ਧਰਮ ਦੀ ਨਕਲ ਜਾਂ ਸੁਧਰਿਆ ਹੋਇਆ ਰੂਪ ਨਹੀਂ ਹੈ ।

 ਸਿੱਖ ਧਰਮ ਵਿੱਚ ਸ਼ਬਦ-ਗੁਰੂ ਦੇ ਸਿਧਾਂਤ ਦੀ ਸਰਵਉੱਚਤਾ ਹੋਣ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਪੰਥ  ਗੁਰੂ ਗੋਬਿੰਦ ਸਿੰਘ ਜੀ ਦੇ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਦੇ ਹੁਕਮ ਅਨੁਸਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਮੰਨਦਾ ਤੇ ਸਵੀਕਾਰਦਾ ਹੈ । ਦੱਸ ਰੂਪ ਧਾਰੀ ਗੁਰੂ ਨਾਨਕ ਸਾਹਿਬ ਨੇ ਹੀ ਸ਼ਬਦ-ਗੁਰੂ ਦੀ ਸਥਾਪਨਾ ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ਦੇ ਸ਼ਬਦ ਰਾਹੀਂ ਕਰ ਦਿੱਤੀ ਸੀ । ਸਿੱਖ ਧਰਮ ਨੂੰ ਬ੍ਰਹਿਮੰਡੀ ਵਿਸ਼ਾਲਤਾ ਅਤੇ ਦੀਰਘਤਾ ਪ੍ਰਦਾਨ ਕਰਨ ਲਈ ਦੱਸ ਰੂਪ ਧਾਰੀ ਗੁਰੂ ਨਾਨਕ ਨੂੰ ਦੱਸ ਜੋਤਾਂ ਦੀ ਲੋੜ ਸੀ । ਆਦਿ ਸ੍ਰੀ ਗੁਰੂ ਗ੍ਰੰਥ ਦਸੇ ਗੁਰੂ ਸਾਹਿਬਾਨ ਰਾਹੀਂ ਪ੍ਰਵਾਣਿਤ ਅਤੇ ਉਨ੍ਹਾਂ ਦੀ ਆਪਣੀ ਨਿਗਰਾਨੀ ਹੇਠ ਸੰਪੂਰਨ ਹੋਇਆ ਪੋਥੀ ਪਰਮੇਸਰ ਕਾ ਥਾਨ (ਅੰਗ 1226) ਗ੍ਰੰਥ ਹੈ। ਇਸ ਕਰਕੇ ਇਸ ਵਿੱਚ ਕਿਸੇ ਰਲਾਵਟ ਜਾਂ ਆਖੇਪ ਲਿਖਤ ਹੋਣ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ । ਇਸ ਵਿੱਚ ਤਾਂ ਵਿਆਕਰਣ ਵੀ ਇਸ ਤਰ੍ਹਾਂ ਪਰੋਈ ਹੋਈ ਹੈ ਕਿ ਦੋ ਅਰਥ ਕਰਨੇ ਵੀ ਸੰਭਵ ਨਹੀਂ । ਸਿੱਖ ਮਤ ਤੇ ਹੋਰ ਮਤਾਂ ਵਿੱਚ ਇਹ ਇਕ ਵੱਡਾ ਫਰਕ ਹੈ ਕਿ ਸਿੱਖੀ ਸਿਧਾਂਤ ਸਾਡੇ ਪਾਸ ਬਿਲਕੱਲ ਠੀਕ ਤੇ ਸ਼ੁੱਧ ਰੂਪ ਵਿੱਚ ਮੌਜੂਦ ਹਨ । ਸਿੱਖ ਗੁਰੂਆਂ ਦੀ ਬਾਣੀ ਬਿਨਾਂ ਕਿਸੇ ਮਿਲਾਵਟ ਦੇ ਐਨ ਉਸੇ ਤਰ੍ਹਾਂ ਸਾਡੇ ਤੱਕ ਪਹੁੰਚੀ ਹੈ, ਜਿਸ ਤਰ੍ਹਾਂ ਕਿ ਉਨ੍ਹਾਂ ਆਪ ਉਚਾਰੀ ਸੀ । ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਬਾਣੀ ਦੀ ਸੰਭਾਲ ਹੋਣੀ ਸ਼ੁਰੂ ਹੋ ਗਈ ਸੀ । ਹਰ ਉੱਤਰ-ਅਧਿਕਾਰੀ ਗੁਰੂ ਨੂੰ ਗੁਰ-ਸਿੰਘਾਸਨ ਮਿਲਣ ਦੇ ਸਮੇਂ ਪੂਰਵ ਗੁਰੂ ਦੀ ਬਾਣੀ ਵੀ ਪ੍ਰਾਪਤ ਹੁੰਦੀ ਸੀ । 
  ਇਸੇ ਤਰ੍ਹਾਂ ਦੂਸਰੇ  ਤੀਸਰੇ ਅਤੇ ਚੌਥੇ ਗੁਰੂ ਦੇ ਸਮੇਂ ਪ੍ਰਵਾਣਿਤ ਲਿਖਤ ਸੰਭਾਲ ਕੇ ਰੱਖੀ ਜਾਂਦੀ ਸੀ । ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ, ਸਮੇਤ ਪਿਛਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਪਹਿਲੀ ਵਾਰ ਸੰਪਾਦਤ ਕਰਕੇ 1604 ਈਸਵੀ ਨੂੰ ਬਕਾਇਦਾ ਗ੍ਰੰਥ ਦਾ ਰੂਪ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਾਸ਼ ਕਰ ਦਿੱਤਾ । (ਨੋਟ - ਨੌਵੇਂ ਪਾਤਸ਼ਾਹ ਦੇ ਸ਼ਬਦ ਤੇ ਸਲੋਕ, ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਆਪ ਆਦਿ ਗ੍ਰੰਥ ਵਿੱਚ ਦਰਜ ਕੀਤੇ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਪ੍ਰਕਿਰਿਆ ਨਿਰਵਿਘਨ ਦੈਵੀ ਪ੍ਰਕਾਸ਼ ਹੈ । ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਬਲੇ ਸਭ ਧਰਮ ਗ੍ਰੰਥ ਪਰੰਪਰਾਵਾਂ ਅਤੇ ਯਾਦ-ਦਾਸਤਾਂ ਵਿੱਚੋਂ ਕਸੀਦੇ ਗਏ ਸਨ । ਵੇਦ ਅਤੇ ਉਪਨਿਸ਼ਦ ਉਨ੍ਹਾਂ ਦੇ ਰਚਨਹਾਰ ਰਿਸ਼ੀਆਂ ਦੇ ਆਵੇਸ਼ ਦਾ ਸਿੱਧਾ ਪ੍ਰਸਾਰਣ ਨਹੀਂ ਸਨ, ਸਗੋਂ ਲੰਮਾ ਸਮਾਂ ਬੀਤਣ ਪਿੱਛੋਂ ਸਮੂਹਿਕ ਚੇਤਨਾ ਦੇ ਲੰਬੇ ਚੌੜੇ ਪਸਾਰਾਂ ਵਿੱਚੋਂ ਬੁਧੀਮਾਨਾਂ ਨੇ ਇਨ੍ਹਾਂ ਨੂੰ ਤਰਤੀਬ ਦਿੱਤੀ । ਪੁਰਾਤਨ ਬਾਈਬਲ ਘੱਟੋ-ਘੱਟ 38 ਸੰਪਾਦਕਾਂ ਦਾ ਰਿਣੀ ਹੈ । ਜਿਨ੍ਹਾਂ ਵਿੱਚ ਅਨਿਸ਼ਚਿਤ ਲੰਮੇ ਕਾਲ ਵਿੱਚ ਫੈਲੇ ਇਤਿਹਾਸਕ, ਕਵੀ ਅਤੇ ਕਈ ਤਰ੍ਹਾਂ ਦੇ ਸਿਧਾਂਤਕਾਰ ਸ਼ਾਮਿਲ ਹਨ । ਮਾਰਕਸ ਅਤੇ ਫਰੈਡਰਿਕ ਐਂਜਿਲ ਦੀ ਪ੍ਰਮਾਣਿਕ ਖੋਜ ਅਨੁਸਾਰ ਨਵੀਂ ਬਾਈਬਲ ਦੀ ਪ੍ਰਸਿੱਧ ਆਖਰੀ ਪੁਸਤਕ ਪ੍ਰਕਾਸ਼ (ਰੇਵੀਲੇਸ਼ਨ) ਹਜਰਤ ਈਸਾ ਦੇ ਸੂਲੀ ਚੜ੍ਹਨ ਤੋਂ 300 ਸਾਲ ਪਿੱਛੋਂ ਰੋਮਨ ਸਾਮਰਾਜ ਦੀਆਂ ਸਿਆਸੀ ਇਛਾਵਾਂ ਅਨੁਸਾਰ ਹੋਂਦ ਵਿੱਚ ਆਈ । ਕੁਰਾਨ ਮਜੀਦ ਨੂੰ ਹਜਰਤ ਮੁਹੰਮਦ ਸਾਹਿਬ ਦੇ ਦੇਹਾਂਤ ਤੋਂ 60 ਸਾਲ ਪਿੱਛੋਂ ਖ਼ਲੀਫਾ ਉਸਮਾਨ ਦੇ ਸਮਿਆਂ ਵਿੱਚ ਮੋਮਨਾਂ, ਆਰਿਫਾਂ ਅਤੇ ਮੁਜਾਹਿਦਾਂ ਦੀ ਪਵਿੱਤਰ ਯਾਦ-ਦਾਸ਼ਤ ਅਨੁਸਾਰ ਸੰਪਾਦਿਤ ਕੀਤਾ ਗਿਆ । ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਰਾਜ ਦੂਜੇ ਧਰਮ ਦੇ ਧਰਮ ਗ੍ਰੰਥਾਂ ਨਾਲੋਂ ਵਧੇਰੇ ਡੂੰਘਾ ਅਤੇ ਪ੍ਰਮਾਣਿਕ ਹੈ ।
  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਣਕਾਰੀ ਕੋਈ ਕਾਹਲੀ ਜਾਂ ਕਲਪਨਾ ਰਾਹੀਂ ਪਾ ਸਕਣ ਦਾ ਯਤਨ ਕਰੇ ਤਾਂ ਉਸ ਨੂੰ ਠੇਡੇ ਹੀ ਖਾਣੇ ਪੈਣਗੇ, ਜੇ ਗੁਰਬਾਣੀ ਦੇ ਅਰਥ ਕੇਵਲ ਵਿੱਦਿਆ ਦੀ ਚਾਤੁਰੀ ਨਾਲ ਕੀਤੇ ਜਾਣ ਅਤੇ ਅਨੁਭਵ ਦੀ ਸਹਾਇਤਾ ਨਾ ਲਈ ਜਾਵੇ ਤਾਂ ਅਰਥ ਦੇ ਅਨਰਥ ਹੋ ਜਾਣਗੇ । ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਨ ਦਾ ਵਰਤਾਰਾ ਤੇ ਹੁਣ ਸਿੱਖੀ ਵਿਰੋਧੀ ਨੀਤੀ ਅਨੁਸਾਰ ਆਮ ਹੀ ਵੇਖਣ ਵਿੱਚ ਆ ਰਿਹਾ ਹੈ ਗੁਰਬਾਣੀ ਦੀ ਟੀਕਾਕਾਰੀ ਵਿੱਚ ਸਹਜ ਪ੍ਰਣਾਲੀ ਕੋਈ ਪ੍ਰਚੱਲਿਤ ਨਾਮ ਨਹੀਂ ਹੈ । ਇਹ ਨਾਮ ਇਥੇ ਸੁਝਾਇਆ ਜਾ ਰਿਹਾ ਹੈ । ਬਾਣੀ ਦੇ ਅੰਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ, ਇਕ ਟੀਕਾਕਾਰੀ ਪ੍ਰਣਾਲੀ ਚੱਲ ਰਹੀ ਹੈ । ਉਸ ਨੂੰ ਸਹਜ ਪ੍ਰਣਾਲੀ ਕਿਹਾ ਹੈ । ਜਿਵੇਂ ਇਸਲਾਮ ਵਿੱਚ ਸਿਧਾਂਤ ਹੈ ਕਿ ਕੁਰਾਨ ਦੇ ਅਰਥ ਕੁਰਾਨ ਤੋਂ ਹੀ ਪੁੱਛੋ । ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਕਈ ਸਿਧਾਂਤਾਂ, ਵਿਚਾਰਾਂ ਤੇ ਤੁਕਾਂ ਦੀ ਟੀਕਾ ਤੇ ਵਿਆਖਿਆ ਗੁਰੂ ਨਾਨਕ ਸਾਹਿਬ ਨੇ ਆਪ ਹੀ ਆਪਣੀ ਬਾਣੀ ਵਿੱਚ ਕੀਤੀ ਹੈ, ਮਿਸਾਲ ਵਜੋਂ ਪਹਿਲਾ ਸੁਆਲ ਹੈ, ਕਿਵ ਸਚਿਆਰਾ ਹੋਈਐ, ਕਿਵ ਕੁੜੈ ਤੁਟੈ ਪਾਲਿ॥ ਤੇ ਦੂਸਰੀ ਪੰਗਤੀ ਵਿੱਚ ਜੁਆਬ ਵੀ ਨਾਲ ਹੀ ਲਿਖ ਦਿੱਤਾ, ਹੁਕਮ ਰਜਾਈ ਚਲਣਾ, ਨਾਨਕ ਲਿਖਿਆ ਨਾਲਿ ॥ ਆਪ ਜੀ ਦੀ ਬਾਣੀ ਦੇ ਕਈ ਭਾਗਾਂ ਦਾ ਟੀਕਾ ਤੇ ਵਿਆਖਿਆ ਮਗਰਲੇ ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ । ਮਗਰਲੇ ਗੁਰੂ ਸਾਹਿਬਾਨ ਦੀ ਬਾਣੀ ਦੀ ਵਿਆਖਿਆ ਉਤਰਾਧਿਕਾਰੀ ਗੁਰੂ ਸਾਹਿਬਾਨ ਕਰਦੇ ਹਨ । ਗੁਰੂ ਸਾਹਿਬਾਨ ਦਾ ਮੰਤਵ ਆਪਣੇ ਵਿਚਾਰ ਵੱਧ ਤੋਂ ਵੱਧ ਸਪੱਸ਼ਟ ਕਰਨ ਦਾ ਸੀ । ਕਈ ਰਹੱਸ ਤੇ ਰਮਜ਼ ਇਕੋ ਥਾਂ ਪੂਰੇ ਸਪੱਸ਼ਟ ਨਹੀਂ ਕੀਤੇ ਜਾ ਸਕਦੇ, ਸੋ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ, ਗੁਰੂ ਤੇਗ ਬਹਾਦਰ ਆਪਣੀ ਬਾਣੀ ਵਿੱਚ ਦਿੱਤੇ ਵਿਚਾਰਾਂ ਦੀ ਆਪਣੀ ਰਚਨਾ ਵਿੱਚ ਹੋਰ ਥਾਂਈਂ ਵਿਆਖਿਆ ਵੀ ਕਰਦੇ ਹਨ ਅਤੇ ਹੋਰ ਗੁਰੂ ਸਾਹਿਬਾਨ ਦੀ ਬਾਣੀ ਦੀ ਵਿਆਖਿਆ ਕਰਦੇ ਹਨ । ਗੁਰੂ ਗ੍ਰੰਥ ਸਾਹਿਬ ਅੰਦਰ ਚੱਲ ਰਹੀ ਇਸ ਟੀਕਾ ਪ੍ਰਣਾਲੀ ਨੂੰ ਸਹਜ ਪ੍ਰਣਾਲੀ ਕਿਹਾ ਹੈ । ਸਹਜ ਵਿੱਚ ਤਿੰਨ ਵਿਚਾਰ ਸ਼ਾਮਿਲ ਹਨ । (1) ਸਹਜ ਦੀ ਟੀਕਾਕਾਰੀ ਨਿਰਯਤਨ, ਸੁਤੇ ਸਿਧ ਆਪਣੇ ਆਪ ਆਉਂਦੀ ਹੈ । (2) ਸਹਜ ਦੀ ਅਵਸਥਾ ਬਾਣੀ ਵਿੱਚ ਉਚਤਮ ਬ੍ਰਹਮ ਗਿਆਨ, ਪੂਰਨ ਗਿਆਨ, ਪੂਰਨ ਪ੍ਰਕਾਸ਼, ਪੂਰੀ ਜੀਵਨ ਮੁਕਤੀ ਦੀ ਮੰਨੀ ਹੈ । (3) ਸਿੱਖੀ ਜਾਂ ਬਾਣੀ ਦੀ ਜੀਵਨ-ਜਾਚ ਸਹਜ ਹੈ, ਜਿਸ ਵਿੱਚ ਪੂਰਨ ਸੰਤੁਲਨ ਹੈ । ਸਹਜ ਵਿੱਚ ਹੋਇਆ ਟੀਕਾ ਕਿਸੇ ਪਾਸੇ ਉਲਾਰ ਨਹੀਂ ਹੈ । 
(1) ਸਹਜ ਪ੍ਰਣਾਲੀ ਦੀ ਟੀਕਾਕਾਰੀ ਉਤਨੀ ਹੀ ਸਰਵੋਤਮ ਹੈ ਜਿਤਨੀ ਬਾਣੀ ਹੈ । ਇਹ ਧੁਰ ਕੀ ਬਾਣੀ ਹੀ ਹੈ । ਜਿਵੇਂ ਹਰ ਮਨੁੱਖ ਆਪਣੇ ਆਪ ਨੂੰ ਸਪੱਸ਼ਟ ਕਰਨ ਲਈ ਆਪਣੇ ਵਿਚਾਰ ਮੁੜ ਮੁੜ ਹੋਰ ਹੋਰ ਰੂਪਾਂ ਤੇ ਸ਼ਬਦਾਂ ਵਿੱਚ ਪ੍ਰਗਟ ਕਰਦਾ ਹੈ, ਤਿਵੇਂ ਹੀ ਪ੍ਰਭੂ ਖਸਮ ਆਪਣੇ ਹੁਕਮਾਊ ਨੂੰ ਹੋਰ ਸ਼ਬਦਾਂ ਵਿੱਚ ਟੀਕਾ ਕਰਕੇ ਪ੍ਰਗਟ ਕਰਦਾ ਹੈ । ਮਿਸਾਲ ਦੇ ਤੌਰ &lsquoਤੇ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਜੈਸੀ ਮੈ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨ ਵੇ ਲਾਲੋ ॥ ਕਾਜੀਆ ਬਾਮਣਾਂ ਕੀ ਗਲ ਥਕੀ ਅਗਦੁ ਪੜੇ ਸ਼ੈਤਾਨ ਵੇ ਲਾਲੋ ॥ (ਗੁ: ਗ੍ਰੰ: ਸਾ: ਪੰਨਾ 722-723) ਜੋ ਕਿਸੇ ਸਿਧਾਂਤ, ਤੁਕ, ਰਹੱਸ ਦੀ ਵਿਆਖਿਆ ਗੁਰੂ ਗ੍ਰੰਥ ਵਿੱਚੋਂ ਮਿਲਦੀ ਹੈ, ਉਸ ਤੁਲ ਹੋਰ ਕੋਈ ਵਿਆਖਿਆ ਨਹੀਂ ਹੈ । ਸੋ ਇਹ ਟੀਕਾ-ਪਧਤੀ  ਸਰਬਸ਼ੇ੍ਰਸ਼ਟ  ਸਰਵੋਤਮ  ਪੂਰਨ ਅਧਿਕਾਰ ਸੰਪੰਨ ਹੈ ਸੋ ਇਸ ਨੂੰ ਪ੍ਰਮਾਣ ਪਧਤੀ ਕਿਹਾ ਜਾਂਦਾ ਹੈ । ਕਥਾਕਾਰ ਰਾਗੀ  ਲੈਕਚਰਾਰ ਕਿਸੇ ਗੁਰਮਤਿ ਸਿਧਾਂਤ ਨੂੰ ਸਿੱਧ ਕਰਨ ਲਈ ਅਤੇ ਮਾਨਤਾ ਦੇਣ ਲਈ ਬਾਣੀ ਵਿੱਚੋਂ ਹੀ ਪ੍ਰਮਾਣ ਦਿੰਦੇ ਹਨ ।
(2) ਇਹ ਟੀਕਾ ਪਧਤੀ ਗੁਰ-ਜੋਤਿ ਦੀ ਹੈ। ਇਕੋ ਜੋਤਿ ਸਾਰੇ ਗੁਰੂ ਸਾਹਿਬਾਨ ਵਿੱਚ ਹੈ  ਉਹ ਜੋਤਿ ਆਪਣੇ ਵਿਚਾਰਾਂ ਦੀ ਵਿਆਖਿਆ ਆਪ ਕਰ ਰਹੀ ਹੈ । 
(3) ਇਹ ਗੁਰ-ਪ੍ਰਮੇਸ਼ਰ ਦੀ ਦਿੱਤੀ ਵਿਆਖਿਆ ਹੈ । ਪਹਿਲੀ ਤੁਕ ਵੀ ਪੂਰਨ ਹੈ ਉਸ ਦੀ ਹੋਰ ਥਾਂ ਦਿੱਤੀ ਵਿਆਖਿਆ ਵੀ ਪੂਰਨ ਹੈ ।
  ਮੁਕਤੀ ਦਾ ਅਰਥ ਗੁਰੂ ਦੁਆਰਾ ਪ੍ਰਗਟ ਕੀਤੇ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਸੁਭਾਅ ਅਤੇ ਕਰਮ ਵਿੱਚ ਸਮੋਕੇ ਉਸ ਵਰਗਾ ਹੀ ਬਣ ਜਾਣਾ ਹੈ । ਇਹ ਮੁਕਾਮ ਹਾਸਲ ਕਰਕੇ ਮਨੁੱਖ ਮਾਤਰ ਦੀ ਸੇਵਾ ਲਈ ਸਮਾਜ ਦੀ ਆਰਥਿਕ ਅਤੇ ਅਧਿਆਤਮਕ ਉੱਨਤੀ ਨੂੰ ਚਰਮ-ਸੀਮਾ ਉੱਤੇ ਲੈ ਜਾਣ ਲਈ ਨਿਰੰਤਰ ਜੂਝਣਾ ਹੈ ਏਸ ਅਵਸਥਾ ਨੂੰ ਪਹੁੰਚਣ ਲਈ ਗੁਰਬਾਣੀ ਵਿੱਚ ਦੱਸੇ ਰਾਹ ਉੱਤੇ ਚਲਦਿਆਂ ਆਪਣੇ ਤਨ ਮਨ ਨੂੰ ਨਿਰੰਤਰ ਯਤਨ ਕਰਕੇ ਆਪਣੇ ਮੂਲ, ਅੰਤਮ ਸੱਚ, ਨਾਲ ਇਕਸੁਰ ਕਰਨਾ ਹੈ । ਅਕਾਲ ਪੁਰਖ ਨਿਰਭਉ, ਨਿਰਵੈਰ ਹੈ ਅਤੇ ਸੱਚ-ਨਿਆਂ ਪਿਆਰ ਉਸ ਦਾ ਸਰੂਪ ਹੈ । ਜੀਵਨ ਮੁਕਤ ਮਨੁੱਖ ਦਾ ਨਾਂਅ ਗੁਰੂ ਨੇ ਖਾਲਸਾ ਰੱਖਿਆ ਅਤੇ ਮਨੁੱਖਤਾ ਦੇ ਪ੍ਰਿਤਪਾਲਣ, ਸੇਵਾ ਸੰਭਾਲ ਸੁਰੱਖਿਆ ਦਾ ਕੰਮ ਉਸ ਦੇ ਜਿੰਮੇ ਧਾਰਮਿਕ ਫਰਜ ਵਜੋਂ ਲਗਾਇਆ । ਸਾਰੀ ਸ੍ਰਿਸ਼ਟੀ ਅਕਾਲ ਪੁਰਖ ਵਿੱਚ ਸਮਾਈ ਹੋਈ ਹੈ, ਅਕਾਲ ਪੁਰਖ ਤੋਂ ਬਾਹਰ ਕੁਝ ਵੀ ਨਹੀਂ। ਅੰਤ ਵਿੱਚ ਇਸ ਸ਼ਬਦ ਰਾਹੀਂ ਸਮਾਪਤੀ ਕਰਦਾ ਹੈ : ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ । ਡਿਠੈ ਮੁਕਤਿ ਨ ਹੋੋਵਈ ਜਿਚਰੁ ਸਬਦਿ ਨ ਕਰ ਵੀਚਾਰੁ (ਗੁ: ਗ੍ਰੰ: ਸਾ: ਪੰਨਾ 594) 
  -ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।