image caption:

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਏ ਜਾਣ ਦੀ ਮੰਗ ਨੂੰ ਲੈਕੇ ਸਿਮਰਨਜੀਤ ਸਿੰਘ ਮਾਨ ਨੇ 18 ਸਤੰਬਰ ਨੂੰ ਇਕੱਠੇ ਹੋਣ ਦਾ ਦਿੱਤਾ ਸੱਦਾ

ਅੰਮ੍ਰਿਤਸਰ : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਥ ਨੂੰ ਸੱਦਾ ਦਿੱਤਾ ਹੈ ਕਿ 18 ਸਤੰਬਰ ਨੂੰ ਵੱਡੀ ਗਿਣਤੀ ਵਿਚ ਸ੍ਰੀ ਦਰਬਾਰ ਸਾਹਿਬ ਸਰਾਂ ਦੇ ਗੇਟ ਤੇ ਹਾਜਰੀਆਂ ਭਰੋ ਤਾਂ ਕਿ ਕੇਂਦਰ ਸਰਕਾਰ  ਤੇ ਦਬਾਅ ਬਣਾਇਆ ਜਾ ਸਕੇ ਕਿ ਸ਼੍ਰੋਮਣੀ ਕਮੇਟੀ ਦੀਆਂ ਲਟਕਦੀਆਂ ਚੋਣਾਂ ਜਲਦ ਤੋਂ ਜਲਦ ਕਰਵਾਈਆਂ ਜਾਣ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਹੈ ਕਿ 18 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ 10 ਸਾਲ ਦਾ ਸਮਾਂ ਬੀਤ ਜਾਣਾ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈ ਤੇ ਏਸ਼ੀਆ ਦੀ ਪਹਿਲੀ ਚੁਣੀ ਸੰਸਥਾ ਹੈ ਜਿਸ ਵਿਚ ਔਰਤਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਹਿੰਦੂਤਵ ਦੀ ਸਰਕਾਰ ਨੇ ਸਿੱਖਾਂ ਦੀ ਇਸ ਪਾਰਲੀਮੈਂਟ ਦੀਆਂ ਚੋਣਾਂ ਕਰਵਾਉਣ ਵਿਚ ਕਦੇ ਵੀ ਦਿਲਚਸਪੀ ਨਹੀਂ ਦਿਖਾਈ। 1947 ਤੋਂ ਬਾਅਦ ਭਾਰਤੀ ਪਾਰਲੀਮੈਂਟ ਦੀਆਂ 17 ਵਾਰ ਚੋਣਾਂ ਹੋਈਆਂ ਪਰ ਸਿੱਖਾਂ ਦੀ ਪਾਰਲੀਮੈਂਟ ਦੀਆਂ ਸਿਰਫ਼ 8 ਵਾਰ ਚੋਣਾਂ ਹੋਈਆਂ ਜੋ ਸਿੱਖਾਂ ਨਾਲ ਸ਼ਰੇਆਮ ਧੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਦੇ ਵੀ 1925 ਦੇ ਸਿੱਖ ਗੁਰਦੁਆਰਾ ਐਕਟ ਦੀ ਸਮੀਖਿਆ ਨਹੀਂ ਕੀਤੀ। ਭਾਰਤ ਵਿਚ ਵੋਟ ਪਾਉਣ ਦਾ ਅਧਿਕਾਰ 18 ਸਾਲ ਦੇ ਹਰੇਕ ਵਿਅਕਤੀ ਨੂੰ ਹੈ ਪਰ ਕਮੇਟੀ ਚੋਣਾਂ ਵਿਚ ਇਹ ਹੱਦ 21 ਸਾਲ ਦੀ ਹੈ। ਇਸ ਦੇ ਨਾਲ-ਨਾਲ ਜੇਕਰ ਕਮੇਟੀ ਦਾ ਕੋਈ ਮੈਂਬਰ ਅਚਾਨਕ ਅਕਾਲ ਚਲਾਣਾ ਕਰ ਜਾਵੇ ਤਾਂ ਜ਼ਿਮਨੀ ਚੋਣ ਵੀ ਨਹੀਂ ਕਰਵਾਈ ਜਾ ਸਕਦੀ।