image caption:

ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ - ਬੂਹੇ ਆਈ ਜੰਨ ਤੇ ਵਿੰਨ੍ਹੋ ਕੁੜੀ ਦੇ ਕੰਨ

 ਪੰਜਾਬ ਕਾਂਗਰਸ ਵਿੱਚ ਦੋ ਸਿੱਧੂਆਂ (ਅਮਰਿੰਦਰ ਸਿੰਘ ਤੇ ਨਵਜੋਤ ਸਿੰਘ) ਵਿਚਕਾਰ ਪਿਛਲੇ ਲੰਮੇ ਸਮੇਂ ਤੋ ਚੱਲ ਰਿਹਾ ਕੁੱਕੜ ਕਲੇਸ਼ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਹੁਣ ਤੋਂ ਥੋੜ੍ਹਾ ਸਮਾਂ ਪਹਿਲਾਂ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਨਾਲ ਆਪਣੇ ਚਰਮ ਸਿਖਰ 'ਤੇ ਪਹੁੰਚ ਗਿਆ ਹੈ ।
ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇ । ਉਹਨਾਂ ਦੀ ਜਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਸ ਦਾ ਫੈਸਲਾ ਕਾਂਗਰਸ ਹਾਈ ਕਮਾਂਡ, ਕਾਂਗਰਸ ਲੈਗਸਲੇਟਿਵ ਪਾਰਟੀ ਦੀ ਮੱਦਦ ਨਾਲ ਤਹਿ ਕਰੇਗੀ, ਪਰ ਸੂਤਰਾ ਦੀ ਜਾਣਕਾਰੀ ਮੁਤਾਬਿਕ ਸ਼ੁਨੀਲ ਜਾਖੜ, ਲਾਲ ਸਿੰਘ, ਸ਼ਮਸ਼ੇਰ ਦੂਲੋ ਤੇ ਬੀਬੀ ਭੱਠਲ ਦੇ ਨਾਵਾਂ ਦੀ ਚਰਚਾ ਇਸ ਵੇਲੇ ਚੱਲ ਰਹੀ ਹੈ ।
ਅਮਰਿੰਦਰ ਸਿੰਘ ਦੇ ਅਸਤੀਫੇ ਨਾਲ ਜਿਥੇ ਪੰਜਾਬ ਦੀ ਸਿਆਸੀ ਫਿਜਾ ਇਕ ਨਾਰ ਫੇਰ ਗਰਮ ਹੋ ਗਈ ਹੈ, ਉਥੇ ਉਹਨਾ ਦੇ ਆਪਣੇ 52 ਸਾਲਾਂ ਦੇ ਸਿਆਸੀ ਕੈਰੀਅਰ ਅਤੇ ਸਾਢੇ ਨੌਂ ਸਾਲ ਪੰਜਾਬ ਦੇ ਮੁੱਖ ਮੰਤਰੀ ਕਾਲ 'ਤੇ ਵੀ ਸਵਾਲੀਆ ਚਿੰਨ ਲੱਗ ਗਿਆ ਹੈ । ਇਸ ਦੇ ਨਾਲ ਹੀ ੰਜਾਬ ਚ ਪਾਰਟੀ ਦੇ ਅੰਦਰ ਜੋ ਫੁੱਟ ਚੱਲ ਰਹੀ ਸੀ, ਜੋ ਧੂੰਆਂ ਵਾਰ ਵਾਰ ਉਠ ਰਿਹਾ ਸੀ ਤੇ ਜਿਸ ਨੁੰ ਭਾਂਬੜ ਬਣਨ ਤੌਂ ਰੋਕਣ ਦੀਆਂ ਕੋਸ਼ਿਸ਼ਾਂ ਵਾਰ ਵਾਰ ਕੀਤੀਆਂ ਜਾ ਰਹੀਆ ਸਨ, ਉਹ ਵੀ ਕੈਪਟਨ ਦੇ ਅਸਤੀਫੇ ਨਾਲ ਸਭ ਨਾਕਾਮ ਹੋ ਗਈਆ ।
ਜਿਥੋ ਤੱਕ ਅਸਤੀਫੇ ਦੇ ਕਾਰਨ ਦੀ ਗੱਲ ਹੈ, ਇਸ ਸੰਬੰਧੀ ਅਮਰਿੰਦਰ ਸਿੰਘ 'ਤੇ ਦਬਾਅ ਪਿਛਲੇ ਚਾਰ ਕੁ ਮਹੀਨਿਆ ਤੋ ਵਧੇਰਾ ਬਣਿਆ ਹੋਇਆ ਸੀ । ਬੇਸ਼ਕ ਉਸ ਉਤੇ ਇਹ ਇਲਜਾਮ ਆਮ ਹੀ ਲੱਗ ਰਹੇ ਸਨ ਕਿ ਉਹ ਕਾਂਗਰਸ ਵਰਕਰਾਂ ਜਾਂ ਆਮ ਲੋਕਾਂ ਨੁੰ ਤਾਂ ਕੀ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਨਹੀ ਮਿਲਦਾ ਤੇ ਨਾ ਹੀ ਜਨਤਾ ਦੀਆਂ ਮੁਸ਼ਕਲਾਂ ਸੁਣਨ ਵਿਚ ਦਿਲਚਸਪੀ ਲੈਂਦਾ ਹੈ । ਬਹਿਬਲ ਕਲਾਂ ਤੇ ਬਰਗਾੜੀ ਕਾਂਡਾ ਸੰਬੰਧੀ ਢਿੱਲੀ ਕਾਰਵਾਈ ਕਰਨ ਕਰਕੱ ਉਸ ਉਤੇ ਅਕਾਲੀਆ ਨਾਲ ਮਿਲੀ ਭੁਗਤ ਦੇ ਦੋਸ਼ ਅਕਸਰ ਹੀ ਲਗਦੇ ਰਹੇ ਹਨ । ਚੋਣ ਮੈਨੀਫੈਸਟੋ ਚ ਕੀਤੇ ਵਾਅਦਿਆ ਚੋ ਸਾਢੇ ਚਾਰ ਬੀਤ ਜਾਣ ਦੇ ਬਾਅਦ ਵੀ ਪੂਣੀ ਤੱਕ ਨਾ ਕੱਤਣ ਕਰਕੇ ਵਿਰੋਧੀ ਤਾਂ ਉਸ ਨੂੰ ਘੇਰਦੇ ਹੀ ਰਹੇ ਹਨ, ਹੁਣ ਅਗਾਮੀ ਚੋਣਾਂ ਨੂੰ ਮੁੱਖ ਰੱਖਕੇ ਪਾਰਟੀ ਦੇ ਅੰਦਰੋ ਵੀ ਕੈਪਟਨ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਕਿਸਾਨ ਅੰਦੋਲਨ ਪਰੀ ਅਪਣਾਈ ਦੋਗਲੀ ਨੀਤੀ ਵੀ ਅਸਤੀਫ਼ੇ ਦਾ ਇਕ ਕਾਰਨ ਮੰਨੀ ਜਾ ਸਕਦੀ ਹੈ ।
ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਵਿਚਕਾਰ ਕਲਾ ਕਲੇਸ਼ ਨਿਪਟਾ ਕੇ ਤਾਲਮੇਲ ਬਿਠਾਉਣ ਦੀਆਂ ਕੋਸ਼ਿਸ਼ਾਂ ਵਜੋਂ ਦੁਪਹਿਰ ਤੇ ਰਾਤ ਦੇ ਖਾਣਿਆ ਦੀ ਕਵਾਇਦ ਵੀ ਚੱਲੀ, ਦੋਹਾਂ ਦੀਆ ਬੰਦ ਕਮਰੇ ਚ ਮੀਟਿੰਗਾ ਵੀ ਹੋਈਆ, ਪਰ ਨਤੀਜਾ ਢਾਕ ਕੇ ਤੀਨ ਪਾਤ ਹੀ ਰਿਹਾ । ਹਾਈ ਕਮਾਂਡ ਵਲੋ ਤਿੰਨ ਮੈਬਰੀ ਕਮੇਟੀ ਬਣਾ ਕੇ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ । ਪੰਜਾਬ ਦੇ ਸਭ ਵਿਧਾਇਕਾਂ ਨੂੰ ਦਿੱਲੀ ਸੱਦ ਕੇ ਇੰਟਰਵਿਊ ਕੀਤਾ ਗਿਆ , ਨਵਜੋਤ ਸਿੱਧੂ ਨੁੰ ਹਾਈ ਕਮਾਂਡ ਵੱਲੋਂ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਗਈ, ਚੋਣ ਕਮੇਟੀ ਦਾ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਜਿਸ ਨੂੰ ਉਸ ਨੇ ਮੁੱਢੋ ਹੀ ਨਕਾਰ ਦਿੱਤਾ । ਅਜਿਹਾ ਕਰਨ ਪਿਛੇ ਅਸਲੀ ਵਜ੍ਹਾ ਇਹ ਸੀ ਕਿ ਉਸ ਨੁੰ ਕਾਂਗਰਸ ਚ ਸ਼ਾਮਿਲ ਕਰਨ ਵੇਲੇ ਉਸ ਨਾਲ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ 2017 ਚ ਕੁਰਸੀ 'ਤੇ ਬੈਠਦਿਆ ਹੀ ਖਾਰੱਜ ਕਰ ਦਿੱਤਾ ਸੀ । ਕਾਂਗਰਸ ਹਾਈ ਕਮਾਂਡ ਦੇ ਪਰੈਸ਼ਰ ਕਾਰਨ ਨਵਜੋਤ ਸਿੱਧੂ ਨੁੰ ਕੈਪਟਨ ਨੇ ਨਾ ਚਾਹੁੰਦਿਆ ਹੋਇਆ ਵੀ ਸਿੱਧੀ ਨੂੰ ਕੈਬਨਿਟ ਮੰਤਰੀ ਤਾਂ ਬਣਾ ਲਿਆ ਪਰ ਇਕ ਮੰਤਰੀ ਵਜੋਂ ਸਿੱਧੂ ਦੀ ਹਰ ਬੇਨਤੀ/ਤਜਵੀਜ ਨੁੰ ਉਹ ਜਾਂ ਤਾਂ ਰੱਦ ਕਰਦਾ ਰਿਹਾ ਜਾਂ ਫਿਰ ਅਣਗੌਲਿਆ ਕਰਦਾ ਰਿਹਾ, ਜਿਸ ਕਰਕੇ ਦੋਹਾਂ ਵਿਚਕਾਰ ਤਲਖੀ ਤੇ ਦੂਰੀ ਲਗਾਤਾਰ ਵਧਦੇ ਗਏ ।
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪਰਧਾਨ ਬਣਾਉਣ ਦੀ ਗੱਲ ਚੱਲੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਹਾਈਕਮਾਂਡ  ਕੋਲ ਇਸ ਦਾ ਤਗੜਾ ਵਿਰੋਧ ਕੀਤਾ ਉਥੇ ਪੰਜਾਬ ਚ ਦੁਪਹਿਰ ਤੇ ਸ਼ਾਮ ਦਾ ਭੋਜਨ ਕਰਕੇ ਆਪਣੇ ਹੱਕ ਵਿਚ ਪੰਜਾਬ ਦੇ ਕਾਂਗਰਸੀ ਐਮ ਐਲ ਏ ਇਕੱਠੇ ਕਰਕੇ ਸ਼ਕਤੀ ਪਰਦਰਸ਼ਨ ਵੀ ਕੀਤਾ ਤੇ ਇਸ ਦੇ ਨਾਲ ਹੀ ਜਦੋ ਜਦੋਂ ਵੀ ਹਾਈ ਕਮਾਂਡ ਨੇ ਉਸ ਨੂੰ ਸਮਝਾਉਣ ਵਾਸਤੇ ਦਿੱਲੀ ਸੱਦਿਆ ਤਾਂ ਉਹ ਵਾਰ ਵਾਰ ਇਹ ਕਹਿਰੇ ਵਾਪਿਸ ਮੁੜੇ ਕਿ ਜੇਕਰ ਸਿੱਧੁ ਨੁੰ ਪੰਜਾਬ ਕਾਂਗਰਸ ਤਾ ਪ੍ਰਧਾਨ ਜਾਂ ਉਪ ਮੁੱਖ ਮੰਤਰੀ ਬਣਾਉਣਾ ਹੈ ਤੇ &ldquoਮੈਂ ਅਸਤੀਫਾ ਦੇਵਾਂਗਾ &ldquo। ਨਵਜੋਤ ਸਿੱਧੂ ਨੂੰ ਪੰਜਾਬ ਰਾਂਗਰਸ ਦਾ ਪ੍ਰਧਾਨ ਐਲਾਨਣ ਸਮੇਂ ਵੀ ਕੈਪਟਨ ਵਲੋ ਅਸਕੀਫਾ ਦੇਣ ਦੀ ਧਮਕੀ ਹਾਈ ਕਮਾਂਡ ਨੁੰ ਦਿੱਤੀ ਗਈ ਸੀ ਜਿਸ ਦੇ ਜਵਾਬ ਚ ਹਾਈ ਕਮਾਂਡ ਨੇ ਉਹਨਾਂ ਨੂੰ ਸਮਝਾਇਆ ਸੀ ਕਿ ਉਹਨਾਂ ਦੇ ਅਜਿਹਾ ਕਰਨ ਦੀ ਸੂਰਤ ਚ ਨਵਜੋਤ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਥਾਪ ਦਿੱਤੇ ਜਾਣਗੇ । ਇਸ ਤੋ ਅਮਰਿੰਦਰ ਨੇ ਆਪਣਾ ਮਨ ਬਦਲ ਲਿਆ ਤੇ ਅਸਤੀਫ਼ਾ ਦੇਣ ਟਾਲਾ ਵੱਟਦੇ ਰਹੇ ਤਾਂ ਕਿ ਦੂਹਰਾ ਫਾਇਦਾ ਬਣਿਆ ਰਹੇ, ਕੁਰਸੀ ਵੀ ਬਚੀ ਰਹੇ ਤੇ ਨਵਜੋਤ ਸਿੱਧੂ ਨੂੰ ਵੀ ਦੂਰ ਰੱਖਿਆ ਦਾ ਸਕੇ ।
ਕੈਪਟਨ ਅਮਰਿੰਦਰ ਸਿੰਖ ਨੇ ਮੁੱਖ ਮੰਤਰੀ ਹੁੰਦਿਆ ਕਦੇ ਵੀ ਪੰਜਾਬ ਦੇ ਕਾਂਗਰਸ ਪਰਧਾਨਾਂ ਦੀ ਪਰਵਾਹ ਨਹੀ ਕੀਤੀ । ਭਾਵੇ ਉਹ ਪਰਤਾਪ ਬਾਜਵਾ, ਦੂਲੋ, ਲਾਲ ਸਿਂਘ ਜਾਂ ਫਿਰ ਸ਼ੁਨੀਲ ਜਾਖੜ ਹੋਵੇ, ਕੈਪਟਨ ਨੇ ਸਭਨਾ ਨੂੰ ਸਮੇ ਸਮੇ ਜਲੀਲ ਕੀਤਾ, ਉਹ ਮੀਟਿੰਗ ਵਾਸਤੇ ਸਮਾਂ ਨਾ ਦੇਣ ਦੀ ਗੱਲ ਹੋਵੇ, ਸਮੇ ਦੇ ਕੇ ਮੀਟਿੰਗ ਨਾ ਕਰਨ ਦਾ ਮਾਮਲਾ ਜਾਂ ਫਿਰ ਪਰਦੇਸ਼ ਪ੍ਰਧਾਨ ਦੀ ਕਿਸੇ ਗੱਲ ਨੂੰ ਅਣਗੌਲਿਆ ਕਰਨ ਦਾ, ਕੈਪਟਨ, ਹਰ ਸਮੇਂ ਇਹਨਾ ਪਰਧਾਨਾ ਨੂੰ ਟਿਚ ਕਰਕੇ ਹੀ ਜਾਣਦਾ ਰਿਹਾ ਹੈ ।
ਮੈ ਇਹ ਨਹੀ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਦੁੱਧ ਧੋਤਾ ਹੈ, ਪਰ ਇਹ ਜਰੂਰ ਮੰਨਦਾ ਹਾਂ ਕਿ ਉਸ ਦੀ ਸਿਆਸੀ ਛਵੀ ਦਾਗ ਰਹਿਤ ਹੈ, ਹਾਂ, ਨਿੱਜੀ ਜਿੰਦਗੀ ਵਿਚ ਕਿਸੇ ਤੋਂ ਵੀ ਗਲਤੀਆਂ ਹੋ ਜਾਂਦੀਆ ਹਨ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਜਿੰਨੀ ਕੁ ਮੈ ਸਮਝੀ ਹੈ ਉਸ ਵਿਚੋਂ ਲਾ ਪਰਵਾਹੀ ਤੇ ਰਾਜਾਸ਼ਾਹੀ ਹੀ ਸਾਹਮਣੇ ਆਈ ਹੈ ਤੇ ਇਹ ਦੋਵੇਂ ਢੰਗ ਲੋਕਤੰਤਰੀ ਸਿਆਸਤ ਦੇ ਦੁਸ਼ਮਣ ਹੁੰਦੇ ਹਨ ।
ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪਰਧਾਨ ਬਣਨ ਤੋ ਬਾਅਦ ਵੀ ਕੈਪਟਨ ਨੇ ਆਪਣੀ ਪਹਿਲੇ ਵਾਲੀ ਆਦਤ ਕਾਇਮ ਰੱਖੀ ਜਿਸ ਦੇ ਨਤੀਜੇ ਵਜੋਂ ਉਹ ਅੱਜ ਕੁਰਸੀ ਦੀ ਜੰਗ ਹਾਰ ਗਿਆ । ਜਿਹੜੀ ਗੱਲ ਉਹ ਵਾਰ ਵਾਰ ਕਹਿੰਦਾ ਸੀ ਕਿ ਮੈ ਤਾਂ ਆਪਣਾ ਅਸਤੀਫਾ ਜੇਬ ਚ ਪਾਈ ਫਿਰਦਾਂ, ਅੱਜ ਉਹੀ ਅਸਤੀਫਾ ਉਸ ਨੂੰ ਜੇਬ ਚੋਂ ਬਾਹਰ ਕੱਢਣ ਵਾਸਤੇ ਮਜਬੂਰ ਹੋਣਾ ਪੈ ਗਿਆ ।
ਸਿਆਸਤ ਵਿਚ ਕੁੱਜ ਵੀ ਸਥਿਰ ਨਹੀਂ, ਇਹ ਪਾਰੇ ਵਾਂਗ ਤਰਲ ਤੇ ਅਸਥਿਰ ਹੁੰਦੀ ਹੈ, ਏਹੀ ਕਾਰਨ ਹੈ ਕਿ ਮੰਤਰੀ ਨਿੱਤ ਬਿਆਨ ਦਿਂਦੇ ਹਨ ਤੇ ਬਦਲਦੇ ਹਨ, ਯੂ ਟਰਨਾਂ ਮਾਰਦੇ ਹਨ, ਮੁਕਰਦੇ ਹਨ ਜਾਂ ਥੁਕ ਕੇ ਚੱਟਦੇ ਹਨ । ਇਥੇ ਕੋਈ ਕਿਸੇ ਦਾ ਸਕਾ ਜਾਂ ਮਿੱਤ ਨਹੀ, ਮਤਲਬ ਪਰਸਤੀ ਪ੍ਰਧਾਨ ਹੈ, ਜੋ ਲੋਕ ਅਮਰਿੰਦਰ ਸਿੰਘ ਨਾਲ ਤੋੜ ਨਿਭਾਉਣ ਦਾ ਵਾਅਦਾ ਕਰਦੇ ਸਨ, ਤੁਸੀਂ ਖੁਦ ਦੇਖ ਲਿਓ, ਹੁਣ ਉਹਨਾਂ 'ਚੋ ਬਹੁਤੇ ਦੂਸਰੇ ਪਾਲੇ ਚ ਖੜ੍ਹੇ ਨਜਰ ਆਉਣਗੇ ।
ਅਮਰਿੰਦਰ ਸਿੰਘ ਨੇ ਆਪਣੇ 52 ਸਾਲ ਦੇ ਸਿਆਸੀ ਕੈਰੀਅਰ ਨੂੰ ਮੇਰੀ ਜਾਚੇ ਅੱਜ ਅਸਤੀਫਾ ਦੇ ਕੇ ਖੂਹ ਖਾਤੇ ਪਾ ਲਿਆ । ਉਸ ਨੂੰ ਬਹੁਤ ਮੌਕੇ ਮਿਲੇ ਜਿਹਨਾ ਦਾ ਲਾਹਾ ਲੈ ਕੇ ਉਹ ਇਸ ਤਰਾਂ ਦੇ ਹਾਲਾਤਾਂ ਤੋਂ ਬਹੁਤ ਅਸਾਨੀ ਨਾਲ ਬਚ ਸਕਦਾ ਸੀ, ਮਸਲਨ ਸਿੱਧੂ ਨੁੰ ਉਪ ਮੁੱਸ਼ ਮੰਤਰੀ ਬਣਾਉਣ ਨਾਲ ਉਸ ਦੀਆ ਬਹੁਤੀਆ ਮੁਸੀਬਤਾਂ ਹੱਲ ਹੋ ਜਾਂਦੀਆ, ਬੇਅਦਬੀ ਕਾਂਡ ਸਮੇਤ ਕੀਤੇ ਨਾਅਦੇ ਨਿਭਾਉਣ ਦੀ ਕਵਾਇਦ ਵੇਲੇ ਸਿਰ ਸ਼ੁਰੂ ਕਰਕੇ ਉਹ ਸੱਪ ਮਾਰਕੇ ਸੋਟਾ ਵੀ ਬਚਾ ਸਕਦਾ ਸੀ, ਪਰ ਜਿਸ ਵਿਅਕਤੀ ਅੰਦਰ ਚੌਧਰ ਨੂੰ ਜੱਫੇ ਮਾਰਨ ਦਾ ਜਨੂੰਨ ਹੋਵੇ ਉਸ ਨੂੰ ਕੌਣ ਸਮਝਾਵੇ !
ਖ਼ੈਰ ! ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ ਤੇ ਪੰਜਾਬ ਸਰਕਾਰ ਦਾ ਭਵਿੱਖ ਕੀ ਹੋਵੇਗਾ, ਇਸ ਗੱਲ ਦਾ ਫੈਸਲਾ ਤਾਂ ਇਕ ਦੋ ਦਿਨਾਂ ਚ ਹੋ ਜਾਵੇਗਾ, ਪਰ ਮੇਰੀ ਸਮਝ ਚ ਜੋ ਗੱਲ ਪੰਜਾਬ ਕਾਂਗਰਸ ਦੇ ਕਲੇਸ਼ ਵਿੱਚੋਂ ਸਾਹਮਣੇ ਆਈ ਹੈ, ਉਹ ਇਹ ਹੈ ਕਿ ਪੰਜਾਬ ਕਾਂਗਰਸ ਆਪਣੇ ਪਿਛਲੇ ਵਾਅਦੇ ਨਾ ਪੂਰੇ ਕਰ ਸਕਣ ਕਰਕੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੜਬੜੀ ਤੇ ਘਬਰਾਹਟ ਵਿੱਚ ਹੈ । ਪਾਰਟੀ ਅੰਦਰ ਹਾਲਾਤ ਬੂਹੇ ਆਈ ਜੰਨ ਤੇ ਵਿੰਨ੍ਹੋ ਕੁੜੀ ਦੇ ਕੰਨ ਵਾਲੇ ਬਣੇ ਹੋਏ ਹਨ, ਕਦੇ ਪ੍ਰਧਾਨ ਬਦਲੇ ਜਾ ਰਹੇ ਹਨ ਤੇ ਕਦੇ ਮੁੱਖ ਮੰਤਰੀ । ਦੇਖਣਾ ਇਹ ਹੋਵੇਗਾ ਕਿ ਪਾਰਟੀ ਦੀ ਇਸ ਘਬਰਾਹਟ ਵਿੱਚੋਂ ਪੰਜਾਬ ਦੇ ਹਿੱਤ ਚ ਕੀ ਨਿਕਲਕੇ ਸਾਹਮਣੇ ਆਉਦਾ ਹੈ ।
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
18/08/2021