image caption:

ਕਿਸਾਨ ਅੰਦਲੋਨ ਕਾਰਨ ਰੇਲਵੇ ਨੂੰ ਹੋਇਆ ਕਰੋੜਾਂ ਦਾ ਨੁਕਸਾਨ : ਰੇਲ ਮੰਤਰੀ

 ਨਵੀਂ ਦਿੱਲੀ- ਕਰੀਬ ਇੱਕ ਸਾਲ ਤੋਂ ਚੱਲ ਰਹੇ ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਨੁਕਸਾਨ ਰੇਲਵੇ ਦੇ ਵੱਖ-ਵੱਖ ਜ਼ੋਨਾਂ ਵਿੱਚ ਹੋਇਆ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਦੱਸਿਆ ਗਿਆ ਹੈ ਕਿ ਇਸ ਸਾਲ 1 ਦਸੰਬਰ ਤੱਕ ਜਿਸ ਜ਼ੋਨ 'ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ, ਉਸ 'ਚ ਉੱਤਰੀ ਰੇਲਵੇ  ਪਹਿਲੇ ਨੰਬਰ 'ਤੇ ਹੈ।

ਰੇਲਵੇ ਵੱਲੋਂ ਦੱਸਿਆ ਗਿਆ ਹੈ ਕਿ ਇਸ ਸਾਲ ਅਕਤੂਬਰ ਮਹੀਨੇ ਤੱਕ ਉੱਤਰੀ ਰੇਲਵੇ ਦੇ ਖੇਤਰ ਵਿੱਚ 1212 ਧਰਨੇ-ਪ੍ਰਦਰਸ਼ਨ ਹੋਏ। ਇਸ ਕਾਰਨ ਰੇਲਵੇ ਨੂੰ ਕਰੀਬ 22 ਕਰੋੜ 58 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦਿੱਲੀ, ਪੰਜਾਬ, ਹਰਿਆਣਾ ਅਜੋਕੇ ਸਮੇਂ ਵਿੱਚ ਕਿਸਾਨ ਅੰਦੋਲਨ ਦੇ ਸਭ ਤੋਂ ਵੱਡੇ ਖੇਤਰ ਰਹੇ ਹਨ। ਇਨ੍ਹਾਂ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਜਿਸ ਦਾ ਅਸਰ ਰੇਲਵੇ ਦੀ ਆਮਦਨ 'ਤੇ ਪਿਆ ਅਤੇ ਉਸ ਨੂੰ ਭਾਰੀ ਨੁਕਸਾਨ ਹੋਇਆ ਹੈ।

ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਅਪਰਾਧ ਨੂੰ ਰੋਕਣ, ਪਤਾ ਲਗਾਉਣ, ਦਰਜ ਕਰਨ ਅਤੇ ਜਾਂਚ ਕਰਨ ਅਤੇ ਕਾਨੂੰਨ ਬਣਾਏ ਰੱਖਣ ਲਈ ਜ਼ਿੰਮੇਵਾਰ ਹਨ। ਰੇਲਵੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਚਾਲੂ ਵਿੱਤੀ ਸਾਲ 2021 ਦੌਰਾਨ ਅਕਤੂਬਰ ਤੱਕ ਰੇਲਵੇ ਨੂੰ ਜੋ ਵੀ ਅਨੁਮਾਨਿਤ ਨੁਕਸਾਨ ਹੋਇਆ ਹੈ, ਉਸ ਲਈ ਹੋਰ ਸੰਗਠਨਾਂ ਦੇ ਅੰਦੋਲਨ ਦੇ ਨਾਲ-ਨਾਲ ਕਿਸਾਨ ਅੰਦੋਲਨ ਜ਼ਿੰਮੇਵਾਰ ਹੈ। ਇਸ ਕਾਰਨ ਰੇਲਾਂ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।