image caption:

ਇੰਗਲੈਂਡ ਦੇ ਵੱਖ-ਵੱਖ ਗੁਰੂ ਘਰਾ ਵਿੱਚ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ

 * ਛੋਟੇ ਬੱਚਿਆਂ ਵੱਲੋਂ ਇਕ ਖਾਸ ਉਪਰਾਲਾ ਕਰਦਿਆਂ ਸਜਾਇਆ ਗਿਆ ਵਿਸ਼ਾਲ ਧਾਰਮਿਕ ਦੀਵਾਨ

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਦੁਨੀਆਂ ਦੇ ਵੱਖ-ਵੱਖ ਕੋਨੇ ਵਿੱਚ ਜਿੱਥੇ ਵੀ ਸਿੱਖ ਵੱਸਦੇ ਹਨ ਉਨ੍ਹਾਂ ਵੱਲੋਂ ਆਪਣੇ ਨੇੜਲੇ ਗੁਰੂ ਘਰਾ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਇਸੇ ਤਰ੍ਹਾਂ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਦੇ ਗੁਰੂ ਘਰਾ ਵਿੱਚ ਵੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੌਗ ਪਾਏਂ ਗਏ ਅਤੇ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਵਿਖੇ ਛੋਟੇ ਛੋਟੇ ਸਿੱਖ ਬੱਚਿਆਂ ਵੱਲੋਂ ਇਕ ਖਾਸ ਉਪਰਾਲਾ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸਿੱਖ ਬੱਚਿਆਂ ਦੇ ਵੱਖ-ਵੱਖ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆ ਵੱਲੋਂ ਕੀਰਤਨ ਅਤੇ ਢਾਡੀ ਅਤੇ ਕਵੀਸ਼ਰੀ ਵਾਰਾਂ ਰਾਹੀਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਤੇ ਬਲਵਿੰਦਰ ਸਿੰਘ, ਕੇਹਰ ਸਿੰਘ ਨੇ ਬੱਚਿਆਂ ਵੱਲੋਂ ਕੀਤੇ ਗਏ ਇਸ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਗੁਰੂ ਘਰ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਗੁਰੂ ਮਹਾਰਾਜ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤੇ ਗੁਰੂ ਘਰ ਵਿੱਚ ਪੀਜ਼ੇ ਅਤੇ ਹੋਰ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ।