image caption:

ਲੋਹੜੀ ਦਾ ਤਿਉਹਾਰ ਅਤੇ ਇਸ ਨਾਲ ਜੁੜੇ ਰਿਵਾਜ

 ਸੁੰਦਰ ਮੁੰਦਰੀਏ- ਹੋ

ਤੇਰਾ ਕੌਣ ਵਿਚਾਰਾ - ਹੋ

ਦੁੱਲਾ ਭੱਟੀ ਵਾਲਾ- ਹੋ

ਅੰਗਰੇਜ਼ੀ ਮਹੀਨੇ ਦਾ ਨਵਾਂ ਸਾਲ ਚੜ੍ਹਦੇ ਹੀ ਮੱਧਿਅਮ ਦਰਜੇ ਦੇ ਮੁਹੱਲਿਆਂ ਜਾਂ ਪਿੰਡਾਂ ਦੀਆਂ ਗਲੀਆਂ ਵਿੱਚ ਛੋਟੇ ਛੋਟੇ ਬੱਚਿਆਂ ਦੇ ਮੂੰਹੋਂ ਇਹ ਗੀਤ ਤਾਂ ਸਭ ਦੇ ਕੰਨੀਂ ਪੈਂਦੇ ਹੋਣਗੇ।ਇਹ ਲੋਹੜੀ ਦੇ ਤਿਓਹਾਰ ਦਾ ਇੱਕ ਪ੍ਰਚਲਿੱਤ ਗੀਤ ਹੈ ਜੋ ਇਸ ਤਿਉਹਾਰ ਦੇ ਆਉਣ ਦਾ ਸੰਕੇਤ ਦਿੰਦਾ ਹੈ।ਲੋਹੜੀ ਪੰਜਾਬੀਆਂ ਦਾ ਮੁੱਖ ਤਿਉਹਾਰ ਹੈ। ਇਹ ਦੇਸੀ ਮਹੀਨਾ ਮਾਘੀ ਤੋਂ ਇੱਕ ਦਿਨ ਪਹਿਲਾਂ ਅਤੇ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ।

ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ ਇਸ ਤਿਉਹਾਰ ਨਾਲ ਕਈ ਕਥਾਵਾਂ ਜੜੀਆਂ ਹੋਈਆਂ ਹਨ ਇਸ ਤਿਉਹਾਰ ਨਾਲ ਇੱਕ ਲੋਕ-ਕਥਾ ਸੰਬੰਧਿਤ ਹੈ ਇਸ ਦਿਲ ਡਾਕੂ ਦੁੱਲੇ ਭੱਟੀ ਨੇ ਇੱਕ ਗਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੰਦਰੀ ਦਾ ਵਿਆਹ ਆਪਣੇ ਹੱਥੀਂ ਕਰਵਾ ਕੇ ਉਹਨਾਂ ਨੂੰ ਦੁਸ਼ਟ ਹਾਕਮ ਦੀ ਚੁੰਗਲ ਤੋਂ ਅਜ਼ਾਦ ਕਰਵਾਉਣ ਦੀ ਘਟਨਾ ਦੀ ਯਾਦ ਵਿੱਚ ਇਹ ਤਿਉਹਾਰ ਅੱਗ ਬਾਲ ਮਨਾਇਆ ਜਾਣ ਲੱਗਾ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਤਿਉਹਾਰ ਦਾ ਸੰਬੰਧ ਇੱਕ ਪੁਰਾਤਨ ਕਥਾ &lsquoਸਤੀ-ਦਹਿਨ ਨਾਲ ਵੀ ਹੈ। ਕਈ ਕਹਿੰਦੇ ਹਨ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ ਰਾਕਸ਼ ਨੂੰ ਮਾਰਿਆ ਸੀ।ਇਸ ਤਰ੍ਹਾਂ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਲੋਹੜੀ ਸ਼ਬਦ ਦਾ ਮੂਲ ਤਿਲ ਅਤੇ ਰੋੜੀ ਤੋਂ ਬਣਿਆ ਹੈ ਜੋ ਸਮਾਂ ਪਾ ਕੇ ਤਿਲੋੜੀ ਤੇ ਫੇਰ ਲੋਹੜੀ ਬਣਿਆ। ਇਸ ਤਿਉਹਾਰ ਦਾ ਸੰਬੰਧ ਸਰਦੀ ਰੁੱਤ ਨਾਲ ਵੀ ਹੈ। ਸਰਦੀ ਦੀ ਰੁੱਤ ਪੂਰੇ ਜੋ਼ਰਾਂ ਤੇ ਹੁੰਦੀ ਹੈ। ਕਈ ਲੋਕ ਇਸ ਤਿਉਹਾਰ ਦਾ ਸਬੰਧ ਠੰਢੇ ਪਏ ਸੂਰਜ ਨੂੰ ਗਰਮੀ ਦੇਣ ਨਾਲ ਵੀ ਜੋੜ ਕੇ ਦੇਖਦੇ ਹਨ।

ਸੰਧਾਰਾ ਦੇਣਾ

ਲੋਹੜੀ ਤੋਂ ਪਹਿਲਾ ਪੇਕੇ ਘਰ ਵੱਲੋਂ ਨਵੀਂਆਂ ਵਿਆਹੀਆਂ ਕੁੜੀਆਂ ਨੂੰ ਸੰਧਾਰਾ ਭੇਜਿਆ ਜਾਂਦਾ ਹੈੇ। ਪੇਕੇ ਪਰਿਵਾਰ ਵੱਲੋਂ ਕੁੜੀ ਅਤੇ ਸਹੁਰੇ ਪਰਿਵਾਰ ਲਈ ਸੰਧਾਰਾ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਹਨ ।ਕੁੜੀਆਂ ਨੂੰ ਦਿੱਤਾ ਜਾਣ ਵਾਲੇ ਸੰਧਾਰੇ ਵਿੱਚ ਤਿਲ਼ ,ਚੌਲਾਂ ਅਤੇ ਪੰਜੀਰੀ ਤੋਂ ਬਣੇ ਲੱਡੂ ਅਤੇ ਕੱਪੜੇ ਲੀੜੇ ਹੁੰਂਦੇ ਹਨ।। ਬਹੁਤ ਸਾਰੇ ਮਾਪੇ ਆਪਣੀ ਸਮਰੱਥਾ ਦੇ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਸੰਧਾਰੇ ਵਿੱਚ ਕੁਝ ਨਾ ਕੁਝ ਤੋਹਫ਼ੇ ਵਜੋਂ ਭੇਜਦੇ ਹਨ। ਪੰਜਾਬ ਦੇ ਕਈ ਖੇਤਰਾਂ ਵਿੱਚ ਇਸ ਨੂੰ ਭਾਜੀ ਦੇਣਾ ਵੀ ਕਹਿੰਦੇ ਹਨ।

ਲੋਹੜੀ ਵੰਡਣਾ ਜਾਂ ਗੁੜ ਫੇਰਨਾ

ਜਿੰਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੁੰਦਾ ਹੈ ਉਹ ਕੁਝ ਦਿਨ ਪਹਿਲਾਂ ਮੂੰਗਫਲੀ,ਗੁੜ ਅਤੇ ਰਿਉੜੀਆਂ ਪਿੰਡ ਵਿੱਚ ਵੰਡਦੇ ਹਨ।ਸਾਰੇ ਸ਼ਰੀਕੇ ਦੀਆਂ ਨੂੰਹਾਂ ਧੀਆਂ ਇਕੱਠੀਆਂ ਹੋ ਕੇ ਪਿੰਡ ਵਿੱਚ ਜਾਂ ਜਾਣ ਪਛਾਣ ਵਾਲਿਆਂ ਦੇ ਘਰਾਂ ਵਿੱਚ ਗੁੜ ਫੇਰਦੀਆਂ ਹਨ ਭਾਵ ਲੋਹੜੀ ਵੰਡ ਕੇ ਆਉਂਦੀਆਂ ਹਨ। ਕੁਝ ਖ਼ਾਸ ਮਿਲਵਰਤਣ ਵਾਲੇ ਘਰਾਂ ਵਿੱਚ ਗਿੱਧਾ ਪਾ ਕੇ ਖੁਸ਼ੀ ਮਨਾਉਂਦੀਆਂ ਹਨ। ਅੱਜ ਕੱਲ੍ਹ ਲੋਕ ਧੀਆਂ ਦੀ ਲੋਹੜੀ ਵੀ ਪੁੱਤਰਾਂ ਵਾਂਗ ਮਨਾਉਂਦੇ ਹਨ।

ਲੋਹੜੀ ਮੰਗਣਾ

ਲੋਹੜੀ ਤੋਂ ਦਸ ਕੁ ਦਿਨ ਪਹਿਲਾਂ ਛੋਟੇ ਛੋਟੇ ਬੱਚੇ ਟੋਲੀਆਂ ਬਣਾ ਕੇ ਘਰ ਘਰ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਜੁੜੇ ਗੀਤ ਗਾਉਂਦੇ ਹਨ :-

ਦੇਹ ਮਾਈ ਲੋਹੜੀ, ਜੀਵੇ ਤੇਰੀ ਜੋੜੀ।

ਦੇਹ ਗੁੜ ਦੀ ਰੋੜੀ, ਤੇਰਾ ਮੁੰਡਾ ਚੜਿਆ ਘੋੜੀ

ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।

ਸਾਡੇ ਪੈਰਾਂ ਹੇਠ ਸਲਾਈਆਂ,

ਅਸੀਂ ਕਿਹੜੇ ਵੇਲੇ ਦੀਆਂ ਆਈਆਂ।

ਜਦ ਕੋਈ ਘਰ ਵਾਲਾ ਲੋਹੜੀ ਨਹੀਂ ਦਿੰਦਾ ਤਾਂ ਕਹਿੰਦੇ ਹਨ

ਹੁੱਕਾ ਬਈ ਹੁੱਕਾ ਇਹ ਘਰ ਭੁੱਖਾ

ਖਾਸ ਪਕਵਾਨ ਪਕਾਉਣਾ

ਲੋਹੜੀ ਦੀ ਰਾਤ ਨੂੰ ਸਰੋਂ ਦਾ ਸਾਗ ਅਤੇ ਗੰਨੇ ਦੇ ਰਸ ( ਰੌਅ) ਦੀ ਖੀਰ ਬਣਾਕੇ ਰੱਖੀ ਜਾਂਦੀ ਹੈ। ਕਈ ਲੋਕ ਖਿਚੜੀ ਵੀ ਬਣਾਉਂਦੇ ਹਨ ਜਿਸ ਨੂੰ ਲੋਕ ਅਗਲੇ ਦਿਨ ਮਾਘੀ ਦੀ ਸਵੇਰ ਨੂੰ ਖਾਂਦੇ ਹਨ। ਇਸ ਬਾਰੇ ਇਹ ਤੁਕ ਪ੍ਰਚਲਿਤ ਹੈ "ਪੋਹ ਰਿੱਧਾ ਮਾਘ ਖਾਧਾ"। ਭਾਵ ਪੋਹ ਦੇ ਮਹੀਨੇ ਵਿੱਚ ਪਕਾਇਆ ਹੋਇਆ ਮਾਘ ਦੇ ਮਹੀਨੇ ਵਿੱਚ ਖਾਧਾ ਜਾਂਦਾ ਹੈ।

ਧੂਣੀ ਬਾਲਣਾ ਜਾਂ ਬੁਖਾਰਾ ਲਾਉਣਾ

ਲੋਹੜੀ ਦੀ ਰਾਤ ਨੂੰ ਵੈਸੇ ਤਾਂ ਹਰ ਘਰ ਵਿੱਚ ਪਾਥੀਆਂ ਬਾਲ਼ ਕੇ ਧੂਣੀ ਬਾਲ਼ ਕੇ ਸ਼ਗਨ ਕੀਤਾ ਜਾਂਦਾ ਹੈ ਪਰ ਜਿਨ੍ਹਾਂ ਘਰਾਂ ਵਿੱਚ ਨਵੇਂ ਜੰਮੇ ਲੜਕੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ ਉਹਨਾਂ ਘਰਾਂ ਵਿੱਚ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਨੂੰ ਬੁਲਾ ਕੇ ਵੱਡੀ ਧੂਣੀ ਬਾਲੀ ਜਾਂਦੀ ਹੈ। ਉਸ ਦੇ ਆਲੇ-ਦੁਆਲੇ ਦੁਆਲ਼ੇ ਸੱਤ ਚੱਕਰ ਲਗਾਉਂਦੇ ਹੋਏ ਤਿਲ਼ , ਖਿੱਲਾਂ ਅਤੇ ਚਿੜਬੜੇ ਪਾ ਕੇ ਗੀਤ ਗਾਉਂਦੇ ਹਨ:-

" ਇੱਛਰ ਆ ਦਲਿੱਦਰ ਜਾ,

ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ"

ਢੋਲ ਉੱਤੇ ਭੰਗੜੇ ਅਤੇ ਗਿੱਧੇ ਪਾਏ ਜਾਂਦੇ ਹਨ ,ਜਸ਼ਨ ਮਨਾਏ ਜਾਂਦੇ ਹਨ। ਇਸ ਤਰ੍ਹਾਂ ਲੋਹੜੀ ਦਾ ਤਿਉਹਾਰ ਨਵਾਂ ਸਾਲ ਚੜ੍ਹਦੇ ਹੀ ਢੇਰ ਸਾਰੀਆਂ ਖੁਸ਼ੀਆਂ ਲੈਕੇ ਆਉਂਦਾ ਹੈ। ਲੋਕਾਂ ਵਿੱਚ ਨਵਾਂ ਉਤਸ਼ਾਹ ਅਤੇ ਜੋਸ਼ ਪੈਦਾ ਕਰਦਾ ਹੈ।ਇਹ ਤਿਉਹਾਰ ਸਰਦੀ ਦੇ ਜਾਣ ਦਾ ਵੀ ਪ੍ਰਤੀਕ ਹੁੰਦਾ ਹੈ। ਅੱਜ ਕੱਲ੍ਹ ਲੋਕ ਧੀਆਂ ਅਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਸਮਝਦੇ ਇਸ ਲਈ ਧੀਆਂ ਦੀਆਂ ਲੋਹੜੀਆਂ ਵੀ ਇਸੇ ਤਰ੍ਹਾਂ ਮਨਾਈਆਂ ਜਾਣ ਲੱਗ ਪਈਆਂ ਹਨ। ਕਈ ਲੋਕ ਪਤੰਗ ਚੜ੍ਹਾਉਣ ਦੀ ਪ੍ਰਥਾ ਨੂੰ ਵੀ ਲੋਹੜੀ ਨਾਲ ਜੋੜਦੇ ਹਨ ਪਰੰਤੂ ਇਹ ਪ੍ਰਥਾ ਬਸੰਤ ਦੇ ਤਿਉਹਾਰ ਨਾਲ ਸਬੰਧਿਤ ਹੈ।

ਬਰਜਿੰਦਰ ਕੌਰ ਬਿਸਰਾਓ...

9988901324