image caption: ਕੁਲਵੰਤ ਸਿੰਘ ਢੇਸੀ

ਤਖਤਿ-ਸ਼ਾਹੀਂ ਤਖਤ-ਨਸ਼ੀਂ ਪਰ ਅਪਨਾ ਰੰਗ ਚੜ੍ਹਾ ਦੇਤੀਂ ਹੈਂ ਰਫਤਾ ਰਫਤਾ ਹਰ ਹਾਕਿਮ ਕੋ ਔਰੰਗਜ਼ੇਬ ਬਨਾ ਦੇਤੀਂ ਹੈਂ ਆਮ ਆਦਮੀ ਦੇ ਖਾਸ ਬੰਦੇ ਛੱਕ ਦੇ ਘੇਰੇ ਵਿਚ ਕਿਓਂ ਹਨ?

 

ਭਾਰਤੀ ਰਾਜ ਸਭਾ ਵਿਚ ਪੰਜਾਬ ਦੀਆਂ ੭ ਸੀਟਾਂ ਹਨ ਜਿਹਨਾ ਵਿਚੋਂ ੫ ਸੀਟਾਂ ੯ ਅਪ੍ਰੈਲ ਨੂੰ ਖਾਲੀ ਹੋ ਰਹੀਆਂ ਹਨ । ਹੁਣ ਆਮ ਆਦਮੀ ਨੇ ਸ: ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਤੇ ਸ਼ਵੇਤ ਮਲਿਕ ਦੀ ਥਾਂ ਤੇ ਜਿਹਨਾ ਪੰਜ ਸਾਂਸਦਾਂ ਦੀ ਚੋਣ ਕੀਤੀ ਹੈ ਉਹਨਾ ਨੂੰ ਲੈ ਕੇ ਹਰ ਪਾਸਿਓਂ ਵਿਰੋਧ ਦੀਆਂ ਆਵਾਜ਼ਾਂ ਆ ਰਹੀਆਂ ਹਨ ਕਿ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਦੇ ਰਿਮੋਟ ਨਾਲ ਚਲ ਰਹੀ ਪੰਜਬਾ ਦੀ ਸਰਕਾਰ ਨੇ ਉਹੀ ਗੱਲ ਕੀਤੀ ਜਿਸ ਦਾ ਕਿ ਪਹਿਲਾਂ ਹੀ ਛੱਕ ਸੀ। ਰਾਜ ਸਭਾ ਦੇ ਬਾਕੀ ਦੋ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ ਅਤੇ ਅੰਬਿਕਾ ਸੋਨੀ ਦਾ ਕਾਰਜਕਾਲ ੪ ਜੁਲਾਈ ਨੂੰ ਖਤਮ ਹੋਵੇਗਾ। ਹੁਣ ਜੋ ਨਾਮ ਸਾਹਮਣੇ ਆਏ ਹਨ ਉਹਨਾ ਨਾਵਾਂ ਨੂੰ ਲੈ ਕੇ ਵੱਡਾ ਵਿਰੋਧ ਇਹ ਹੈ ਕਿ ਪੰਜਾਬ ਦੇ ਕੋਟੇ ਵਿਚੋਂ ਰਾਜ ਸਭਾ ਲਈ ਦੂਜੇ ਰਾਜਾਂ ਦੇ ਵਿਅਕਤੀ ਕਿਓਂ ਭੇਜੇ ਜਾ ਰਹੇ ਹਨ ਪੰਜਾਬ ਦੇ ਕਿਓਂ ਨਹੀਂ। ਇਸ ਵੇਲੇ ਕੇਜਰੀਵਾਲ ਨੇ ਜਿਹਨਾ ਪੰਜ ਨਾਵਾਂ ਦੀ ਚੋਣ ਕੀਤੀ ਹੈ ਉਹਨਾ ਦੇ ਨਾਮ ਕ੍ਰਮਵਾਰ ਸ੍ਰੀ ਰਾਘਵ ਚੱਢਾ, ਪ੍ਰੋ: ਸੰਦੀਪ ਪਾਠਕ, ਅਸ਼ੋਕ ਮਿੱਤਲ, ਸੰਜੀਵ ਅਰੋੜਾ ਅਤੇ ਸਾਬਕਾ ਕ੍ਰਿਕਟਰ ਹਰਭਜਨ ਭਜੀ ਹਨ। ਇਹਨਾ ਵਿਅਕਤੀਆਂ ਬਾਬਤ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ-

ਪ੍ਰੋਫੈਸਰ ਸੰਦੀਪ ਪਾਠਕ

ਸ੍ਰੀ ਸੰਦੀਪ ਪਾਠਕ ਕੇਜਰੀਵਾਲ ਦੇ ਚਹੇਤਿਆਂ ਵਿਚੋਂ ਹੈ ਜੋ ਕਿ ਦਿੱਲੀ ਆਈ ਆਈ ਟੀ ਦੇ ਅਸੋਸੀਏਟਡ ਪ੍ਰੋਫੈਸਰ ਰਹੇ ਹਨ। ਸੰਦੀਪ ਪਾਠਕ ਨੇ ੨੦੧੧ ਦੌਰਾਨ ਬਰਤਾਨੀਆਂ ਦੀ ਕੇਂਬਰਿਜ ਯੂਨੀਵਰਸਟੀ ਤੋਂ ਆਪਣੀ ਪੀ ਐਚ ਦੀ ਡਿਗਰੀ ਲਈ ਸੀ ਅਤੇ ਉਹ ਦਿੱਲੀ ਦੀ ਆਈ ਆਈ ਟੀ ਵਿਚ ਡਿਪਾਰਟਮੈਂਟ ਆਫ ਐਨਰਜੀ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵਿਚ ਸੇਵਾ ਯੁਕਤ ਰਹੇ ਹਨ। ਕਿਹਾ ਜਾਂਦਾ ਹੈ ਕਿ ਸੰਦੀਪ ਪਾਠਕ ਨੇ ਪਹਿਲਾਂ ਦਿੱਲੀ ਵਿਚ ੨੦੨੦ ਨੂੰ ਹੋਈਆਂ ਚੋਣਾਂ ਵਿਚ ਅਤੇ ਫਿਰ ਪੰਜਾਬ ਦੀਆਂ ੨੦੨੨ ਨੂੰ ਹੋਈਆਂ ਚੋਣਾਂ ਵਿਚ ਆਮ ਆਦਮੀ ਦੇ ਹਿੱਤ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਅਰਵਿੰਦ ਕੇਜਰੀਵਾਲ ਨੇ ਸਦਾ ਹੀ ਉਸ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਸੰਦੀਪ ਪਾਠਕ ਦਾ ਨਾਮ ਆਮ ਆਦਮੀ ਪਾਰਟੀ ਦੇ ਨੀਤੀ ਘਾੜਿਆਂ ਵਿਚ ਵੀ ਆਉਂਦਾ ਹੈ। ਕਿਹਾ ਤਾਂ ਇਹ ਜਾਂਦਾ ਰਿਹਾ ਹੈ ਕਿ ਸੰਦੀਪ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਨਾ ਪਸੰਦ ਕਰਦੇ ਹਨ ਪਰ ਹੁਣ ਤਾਂ ਇਸ ਗੱਲ ਦਾ ਵੀ ਪਰਦਾ ਉੱਠ ਗਿਆ ਹੈ ਕਿ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਖਾਸ ਬੰਦਿਆਂ ਨੂੰ ਕਦੋਂ, ਕਿਵੇਂ ਅਤੇ ਕਿਥੇ ਪ੍ਰਗਟ ਕਰਨਾ ਹੈ। ਲੋਕਾਂ ਵਿਚ ਇਸ ਗੱਲ ਦਾ ਤੌਖਲਾ ਹੈ ਕਿ ਪੰਜਾਬ ਤੋਂ ਬਾਹਰ ਦੇ ਲੋਕ ਰਾਜ ਸਭਾ ਵਿਚ ਕੀ ਕੇਂਦਰੀ ਰਾਜਨੀਤੀ ਦੇ ਹੱਕ ਵਿਚ ਭੁਗਤਣ ਤਕ ਹੀ ਸੀਮਤ ਰਹਿਣਗੇ ਜਾਂ ਉਹ ਆਪਣੀ ਯੋਗਤਾ ਅਤੇ ਸੰਜੀਦਗੀ ਨਾਲ ਪੰਜਾਬ ਦੀ ਨੁਮਾਇੰਦਗੀ ਵੀ ਕਰਨਗੇ। ਪੰਜਾਬ ਵਿਧਾਨ ਸਭਾ ਚੋਣਾ ਦੌਰਾਨ ਆਮ ਆਦਮੀ ਪਾਰਟੀ ਨੇ ਸੂਬੇ ਨੂੰ ਪੰਜ ਜੋਨਾ ਵਿਚ ਵੰਡ ਕੇ ਜਿਹਨਾ ਚਹੇਤਿਆਂ ਨੂੰ ਜਿੰਮਵਾਰੀਆਂ ਸੌਂਪੀਆਂ ਸਨ ਉਹਨਾ ਵਿਚ ਪ੍ਰੋਫੈਸਰ ਸੰਦੀਪ ਪਾਠਕ ਦਾ ਨਾਮ ਵੀ ਪ੍ਰਮੁਖ ਰਿਹਾ ਸੀ

ਰਾਘਵ ਚੱਢਾ

ਸ੍ਰੀ ਚੱਢਾ ਦਿੱਲੀ ਦੇ ਰਜਿੰਦਰ ਨਗਰ ਹਲਕੇ ਤੋਂ ਆਮ ਆਦਮੀ ਦੇ ਵਿਧਾਇਕ ਹਨ ਅਤੇ ਕਿੱਤੇ ਵਜੋਂ ਚਾਰਟਡ ਆਊਂਟੈਂਟ ਰਹੇ ਹਨ। ਹੁਣ ਕੇਜਰੀਵਾਲ ਵਲੋਂ ਚੱਢਾ ਨੂੰ ਦਿੱਲੀ ਵਿਧਾਨ ਸਭਾ ਹਲਕੇ ਤੋਂ ਅਸਤੀਫਾ ਦਿਵਾ ਕੇ ਦਿੱਲੀ ਰਾਜ ਸਭਾ ਵਿਚ ਭੇਜਿਆ ਜਾ ਰਿਹਾ ਹੈ ਅਤੇ ਉਹ ਵੀ ਪੰਜਾਬ ਦੇ ਕੋਟੇ ਵਿਚੋਂ। ਰਾਘਵ ਚੱਢਾ ਦਿੱਲੀ ਯੂਨੀਵਰਸਟੀ ਤੋਂ ਗ੍ਰੈਜੂਏਟ ਦੱਸੇ ਜਾਂਦੇ ਹਨ ਅਤੇ ਉਹ ਆਮ ਆਦਮੀ ਦੇ ਕੇਂਦਰੀ ਕਾਰਜ-ਕਾਰਨੀ ਹੋਣ ਦੇ ਨਾਲ ਨਾਲ ਪਾਰਟੀ ਬੁਲਾਰੇ ਵੀ ਹਨ। ਪੰਜਾਬ ਦੇ ਸਹਿ ਇੰਚਾਰਜ ਦੱਸੇ ਜਾਂਦੇ ਰਾਘਵ ਚੱਢਾ ਨੇ ਰੂਪਨਗਰ ਤੋਂ ਉਮੀਦਵਾਰ ਦਿਨੇਸ਼ ਚੱਢਾ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ। ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਚੋਣ ਮੈਨੀਫੈਸਟੋ ਬਨਾਉਣ ਵਿਚ ਰਾਘਵ ਚੱਢਾ ਦੀ ਅਹਿਮ ਭੂਮਿਕਾ ਦੱਸੀ ਜਾਂਦੀ ਹੈ ਤੇ ਪੰਜਾਬ ਵਿਚ ਆਮ ਆਦਮੀ ਦੀ ਜਿੱਤ ਪਿੱਛੇ ਵੀ ਰਾਘਵ ਚੱਢਾ ਦਾ ਨਾਮ ਅਰਵਿੰਦ ਕੇਜਰੀਵਾਲ ਦੇ ਅਹਿਮ ਵਿਅਕਤੀਆਂ ਵਿਚੋਂ ਇਕ ਹੈ

ਅਸ਼ੋਕ ਮਿੱਤਲ

ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਜਲੰਧਰ ਦੇ ਚਾਂਸਲਰ ਹਨ ਅਤੇ ਉਹਨਾ ਦਾ ਨਾਮ ਵੱਡੇ ਕਾਰੋਬਾਰੀਆਂ ਵਿਚ ਸ਼ਾਮਲ ਹੈ। ਕਿਸੇ ਸਮੇਂ ਇਹਨਾ ਦੇ ਪਰਿਵਾਰ ਨੇ ਜਲੰਧਰ ਛਉਣੀ ਵਿਚ ਜਾਣੀ ਪਹਿਚਾਣੀ ਲਵਲੀ ਸਵੀਟਸ ਨਾਂਅ ਦੀ ਦੁਕਾਨ ਸ਼ੁਰੂ ਕੀਤੀ ਸੀ ਅਤੇ ਫਿਰ ਲਵਲੀ ਦਾ ਕਾਰੋਬਾਰ ਵਧਦਾ ਹੀ ਚਲਾ ਗਿਆ। ਦੇਸ਼ ਭਰ ਵਿਚ ਸਕੂਟਰ ਕਾਰਾਂ ਵੇਚਣ ਵਿਚ ਵੀ ਲਵਲੀ ਆਟੋ ਦਾ ਨਾਮ ਸਭ ਤੋਂ ਅੱਗੇ ਹੈ। ਅੱਜਕਲ ਲਵਲੀ ਯੂਨੀਵਰਸਿਟੀ ਦਾ ਨਾਮ ਦੇਸ਼ ਦੀਆਂ ਪ੍ਰਮੁਖ ਯੂਨੀਵਰਸਿਟੀਆਂ ਵਿਚ ਸ਼ਾਮਲ ਹੈ ਜਿਥੇ ਕਿ ਬਦੇਸ਼ਾਂ ਤੋਂ ਵੀ ਵਿਦਿਆਰਥੀ ਪੜ੍ਹਨ ਵਾਸਤੇ ਆਉਂਦੇ ਹਨ। ਭਾਰਤੀ ਰਾਜਨੀਤੀ ਵਿਚ ਅਸ਼ੋਕ ਮਿੱਤਲ ਨੇ ਆਪਣੇ ਸੰਪਰਕ ਕੁਝ ਇਸ ਤਰਾਂ ਨਾਲ ਬਣਾਏ ਹੋਏ ਹਨ ਕਿ ਲਵਲੀ ਯੂਨੀਵਰਸਿਟੀ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਹੀ ਨਹੀਂ ਸਗੋਂ ਪ੍ਰਦੇਸਾਂ ਦੇ ਆਗੂ ਵੀ ਆਉਂਦੇ ਹਨ। ਹੁਣ ਸੰਸੇ ਵਾਲੀ ਗਲ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿੱਤਲ ਦੇ ਏਨੇ ਨੇੜੇ ਦੇ ਸਬੰਧ ਹਨ ਕਿਧਰੇ ਐਸਾ ਤਾਂ ਨਹੀਂ ਕਿ ਰਾਜ ਸਭਾ ਵਿਚ ਭਾਜਪਾ ਦੀ ਬਣਦੀ ਲੋੜ ਨੂੰ ਪੰਜਾਬ ਦੇ ਕੋਟੇ ਵਿਚੋਂ ਗਏ ਇਹ ਆਗੂ ਹੀ ਪੂਰੀ ਕਰਦੇ ਰਹਿਣਗੇ ਕਿਓਂਕਿ ਇਸੇ ਸ਼ੱਕ ਕਰਕੇ ਕੁਝ ਲੋਕ ਤਾਂ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਵੀ ਕਹਿੰਦੇ ਰਹੇ ਹਨ।

ਸੰਜੀਵ ਅਰੋੜਾ

ਸ੍ਰੀ ਸੰਜੀਵ ਅਰੋੜਾ ਦਾ ਨਾਮ ਵੱਡੇ ਉਦਯੋਗਪਤੀਆਂ ਦੇ ਨਾਲ ਨਾਲ ਸਮਾਜ ਸੇਵੀ ਹੋਣ ਵਿਚ ਵੀ ਆਉਂਦਾ ਹੈ। ਉਹ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰਸਟ ਚਲਾਉਂਦੇ ਹਨ। ਕਿਹਾ ਜਾਂਦਾ ਹੈ ਕਿ ਸ੍ਰੀ ਅਰੋੜਾ ਨੇ ਇਹ ਸੇਵਾ ਕਰੀਬ ੧੫ ਸਾਲ ਪਹਿਲਾਂ ਉਦੋਂ ਸ਼ੁਰੂ ਕੀਤੀ ਸੀ ਜਿਸ ਸਮੇਂ ਉਹਨਾ ਦੇ ਆਪਣੇ ਮਾਤਾ ਪਿਤਾ ਕੈਂਸਰ ਦੇ ਸ਼ਿਕਾਰ ਹੋ ਗਏ ਸਨ। ਵਿਰੋਧੀ ਧਿਰਾਂ ਦੇ ਨੇਤਾ ਸੰਜੀਵ ਅਰੋੜਾ ਦੇ ਇਸ ਕਾਰਜ ਨੂੰ ਉਹਨਾ ਪੂੰਜੀਪਤੀਆਂ ਦੇ ਨਾਲ ਹੀ ਰਲ ਗੱਡ ਕਰ ਰਹੇ ਹਨ ਜੋ ਕਿ ਟੈਕਸ ਦੀਆਂ ਛੋਟਾਂ ਲਈ ਦਾਨ ਪੁੰਨ ਕਰਦੇ ਹਨ ਪਰ ਇਸ ਵੇਲੇ ਸੰਜੀਵ ਅਰੋੜਾ ਦੀ ਸ਼ਖਸੀਅਤ ਦਾ ਸਬੰਧ ਭਾਰਤੀ ਰਾਜ ਸਭਾ ਵਿਚ ਬਤੌਰ ਸਾਂਸਦ ਹੁੰਦੇ ਹੋਏ ਪੰਜਾਬ ਦੀ ਨੁਮਾਂਇੰਦਗੀ ਕਰਨ ਨਾਲ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਪੂੰਜੀਪਤੀ ਸ਼ਖਸੀਅਤਾਂ ਪੰਜਾਬ ਨਾਲ ਕਿਸ ਹੱਦ ਤਕ ਵਫਾ ਕਰਦੇ ਹਨ ਜਾਂ ਬੇਵਫਾਈਆਂ।

ਹਰਭਜਨ ਸਿੰਘ ਭਜੀ

ਸਾਬਕਾ ਕ੍ਰਿਕਟਰ ਹਰਭਜਨ ਭਜੀ ਕਿਸੇ ਵੀ ਜਾਣਕਾਰੀ ਦਾ ਮੁਹਤਾਜ ਨਹੀਂ ਹੈ ਪਰ ਕਿਸਾਨ ਅੰਦੋਲਨ ਦੌਰਾਨ ਉਹ ਜਿਸ ਤਰੀਕੇ ਨਾਲ ਮੋਦੀ ਦੇ ਪੱਖ ਵਿਚ ਬੋਲਦਾ ਰਿਹਾ ਹੈ ਇਸ ਕਾਰਨ ਉਸ ਦਾ ਭਾਜਪਾਈ ਕਿਰਦਾਰ ਚਿੰਤਾਜਨਕ ਹੈ। ਉਹ ਰਾਜ ਸਭਾ ਵਿਚ ਭਾਜਪਾ ਦਾ ਪੱਖ ਪੂਰੇਗਾ ਜਾਂ ਪੰਜਾਬ ਦਾ ਵੱਡਾ ਸਵਾਲ ਹੈ

ਆਪ ਦੀ ਜਨਤਕ ਜਵਾਬਦੇਹੀ

ਜਿਥੋਂ ਤਕ ਆਮ ਆਦਮੀ ਦੇ ਰਾਜਨੀਤਕ ਵਿਰੋਧੀਆਂ ਦਾ ਸਵਾਲ ਹੈ ਉਹਨਾ ਵਲੋਂ ਤਾਂ ਅੱਜ ਆਪ ਦੀ ਹਰ ਤਰਾਂ ਦੀ ਜਵਾਬਦੇਹੀ ਵੀ ਕੀਤੀ ਜਾ ਰਹੀ ਹੈ ਅਤੇ ਝੇਡਾਂ ਵੀ ਕੀਤੀਆਂ ਜਾ ਰਹੀਆਂ ਹਨ। ਸ: ਪ੍ਰਕਾਸ਼ ਸਿੰਘ ਬਾਦਲ ਵਰਗਾ ਬਜ਼ੁਰਗ ਸਿਆਸਤਦਾਨ ਵੀ ਇਸ ਮਾਮਲੇ ਵਿਚ ਆਪ ਨੂੰ ਲੋਕਾਂ ਦੇ ਕਟਹਿਰੇ ਵਿਚ ਖੜ੍ਹਿਆਂ ਕਰ ਰਿਹਾ ਹੈ ਕਿ ਪੰਜਾਬ ਵਿਚ ਭਗਵੰਤ ਮਾਨ ਦਾ ਮੁਖ ਮੰਤਰੀ ਵਜੋਂ ਨਾਮ ਐਵੇਂ ਕਹਿਣ ਨੂੰ ਹੈ ਜਦ ਕਿ ਅਹਿਮ ਫੈਸਲੇ ਤਾਂ ਜ਼ਾਹਰਾ ਤੌਰ ਤੇ ਕੇਜਰੀਵਾਲ ਕਰ ਰਿਹਾ ਹੈ: ਬਾਦਲ ਨੇ ਤਾਂ ਇਹ ਵੀ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਦੇ ਪਾਣੀ ਹਥਿਆ ਲਵੇਗਾ ਅਤੇ ਪੰਜਾਬੀ ਦੇਖਦੇ ਰਹਿ ਜਾਣਗੇਬਹੁਤ ਸਾਰੇ ਵਿਰੋਧੀ ਧਿਰ ਦੇ ਨੇਤਾ ਲਗਾਤਾਰ ਕਹਿ ਰਹੇ ਹਨ ਕਿ ਰਾਜ ਸਭਾ ਵਿਚ ਗੈਰ ਪੰਜਾਬੀਆਂ ਦੀ ਨਾਮਜ਼ਦਗੀ ਕਰਕੇ ਕੇਜਰੀਵਾਲ ਬੀ ਜੇ ਪੀ ਨੂੰ ਅਸਿੱਧੇ ਤੌਰ ਤੇ ਸਮਰਥਨ ਦੇ ਕੇ ਰਾਜਸਭਾ ਵਿਚ ਵੀ ਭਾਜਪਾ ਦਾ ਰਾਹ ਪੱਧਰਾ ਕਰ ਰਿਹਾ ਹੈ ਤਾਂ ਕਿ ਉਹ ਇੱਕਤਰਫਾ ਫੈਸਲੇ ਲੈ ਸਕੇ।

ਹੁਣ ਗੱਲ ਸਿਰਫ ਵਿਰੋਧੀ ਸਿਆਸਤਦਾਨਾਂ ਦੀ ਹੀ ਨਹੀਂ ਸਗੋਂ ਆਪ ਤੇ ਪੰਜਾਬ ਦਾ ਆਮ ਆਦਮੀ ਵੀ ਸ਼ੱਕ ਕਰਨ ਲੱਗ ਪਿਆ ਹੈ ਕਿ ਜਿਸ ਤਰੀਕੇ ਨਾਲ ਕੇਜਰੀਵਾਲ ਨੇ ਪੰਜ ਸਾਂਸਦਾਂ ਦੀ ਚੋਣ ਕੀਤੀ ਹੈ ਉਸ ਤੋਂ ਸਾਫ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਦਾਲ ਵਿਚ ਕੁਝ ਕਾਲਾ ਜਰੂਰ ਹੈ।

ਇੱਕ ਗੱਲ ਸਪੱਸ਼ਟ ਹੈ ਕਿ ਪੰਜਾਬ ਵਿਚ ਆਪ ਦੀ ਹੂੰਝਾ ਫੇਰ ਜਿੱਤ ਨਾਲ ਪੰਜਾਬੀਆਂ ਵਿਚ ਆਈ ਖੁਸ਼ੀ ਦੀ ਲਹਿਰ ਹੁਣ ਗ੍ਰਹਿਣੀ ਗਈ ਦਿਖਾਈ ਦਿੰਦੀ ਹੈ। ਜੇਕਰ ਹੁਣ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਨਿਰਾਸ਼ ਕਰ ਦਿੱਤਾ ਤਾਂ ਪੰਜਾਬ ਵਿਚ ਖੁਦਮੁਖਤਾਰੀ ਦੀ ਲਹਿਰ ਬੁਲੰਦ ਹੋਣੀ ਨਿਸ਼ਚਿਤ ਹੈ

 ਕੁਲਵੰਤ ਸਿੰਘ ਢੇਸੀ