image caption:

ਅਮਰੀਕਾ ਦੇ ਇਕ ਹਾਈ ਸਕੂਲ ਦੇ ਬਾਹਰ ਚੱਲੀਆਂ ਗੋਲੀਆਂ, ਇਕ ਵਿਦਿਆਰਥਣ ਦੀ ਮੌਤ ਦੋ ਜ਼ਖਮੀ

 ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਦੱਖਣੀ ਬਰੌਂਕਸੀ ਵਿਚ ਇਕ ਹਾਈਸਕੂਲ ਦੇ ਬਾਹਰ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਸਕੂਲ ਦੀ ਇਕ ਵਿਦਿਆਰਥਣ ਦੀ ਮੌਤ ਹੋ ਗਈ ਤੇ 2 ਹੋਰ ਜਖਮੀ ਹੋ ਗਏ। ਨਿਊਯਾਰਕ ਪੁਲਿਸ ਵਿਭਾਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਉਸ ਸਮੇ ਵਾਪਰੀ ਜਦੋਂ ਵਿਦਿਆਰਥੀ ਛੁੱਟੀ ਹੋਣ ਉਪਰੰਤ ਘਰਾਂ ਨੂੰ ਜਾ ਰਹੇ ਸਨ। ਪੁਲਿਸ ਅਨੁਸਾਰ ਦੋ ਵਿਦਿਆਰਥੀਆਂ ਵਿਚਾਲੇ ਝਗੜੇ ਦਰਮਿਆਨ ਕਿਸੇ ਹੋਰ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਇਕ ਨਬਾਲਗ ਵਿਦਿਆਰਥਣ ਮਾਰੀ ਗਈ। ਪੁਲਿਸ ਅਨੁਸਾਰ ਮਾਰੀ ਗਈ 16 ਸਾਲਾ ਵਿਦਿਆਰਥਣ ਦੀ ਛਾਤੀ ਵਿਚ ਗੋਲੀ ਵੱਜੀ ਹੈ ਜਦ ਕਿ ਇਕ 17 ਸਾਲ ਮੁੰਡੇ ਦੇ ਪੱਟ ਦੇ ਪਿੱਛੇ ਅਤੇ ਇਕ ਹੋਰ 16 ਸਾਲਾ ਵਿਦਿਆਰਥਣ ਦੀ ਲੱਤ ਦੇ ਹੇਠਲੇ ਹਿੱਸੇ ਵਿਚ ਗੋਲੀ ਵੱਜੀ ਹੈ ਜਿਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਵੀਡੀਓ ਵੇਖਣ ਤੋਂ ਪਤਾ ਲੱਗਦਾ ਹੈ ਕਿ ਇਕ ਵਿਅਕਤੀ ਵੱਲੋਂ ਗੰਨ ਨਾਲ ਗੋਲੀਆਂ ਚਲਾਉਣ ਤੋਂ ਪਹਿਲਾਂ ਸੜਕ ਦੇ ਦੋਨੋਂ ਪਾਸੇ ਖੜੇ ਦੋ ਜਣੇ ਇਕ ਦੂਸਰੇ ਨੂੰ ਕੁਝ ਬੋਲ ਰਹੇ ਹਨ। ਪੁਲਿਸ ਅਨੁਸਾਰ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਪਰੰਤੂ ਵੀਡੀਓ ਦੀ ਛਾਣਬੀਣ ਕੀਤੀ ਜਾ ਰਹੀ ਹੈ। ਨਿਊਯਾਰਕ ਪੁਲਿਸ ਵਿਭਾਗ ਦੇ ਕਮਿਸ਼ਨਰ ਕੀਚੈਂਟ ਸੈਵੈਲ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ  ਝਗੜੇ ਦੌਰਾਨ ਕਿਸੇ ਅਪਰਾਧੀ ਨੇ ਗੋਲੀਆਂ ਚਲਾਈਆਂ ਹਨ। ਉਨਾਂ ਕਿਹਾ ਕਿ ਮੈ ਇਹ ਗੱਲ ਵਿਸ਼ਵਾਸ਼ ਨਾਲ ਕਹਿ ਸਕਦਾ ਹਾਂ ਕਿ ਦੋਸ਼ੀ ਨੂੰ ਕਟਹਿਰੇ ਵਿਚ ਖੜਾ ਕਰਨ ਲਈ ਪੁਲਿਸ ਵਿਭਾਗ ਆਪਣੀ ਸਿਰਤੋੜ ਕੋਸ਼ਿਸ਼ ਕਰ ਰਿਹਾ ਹੈ ਤੇ ਉਹ ਛੇਤੀ ਆਪਣੀ ਇਸ ਕੋਸ਼ਿਸ਼ ਵਿਚ ਸਫਲ ਹੋਵੇਗਾ। ਮੇਅਰ ਏਰਿਕ  ਐਡਮਜ ਨੇ ਕਿਹਾ ਹੈ ਕਿ ਗੰਨ ਹਿੰਸਾ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਇਸ ਨੂੰ ਹਰ ਹਾਲਤ ਵਿਚ ਖਤਮ ਕਰਨਾ ਪਵੇਗਾ। ਉਨਾਂ ਨੇ ਵਿਦਿਆਰਥੀਆਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।