image caption:

ਭਾਜਪਾ ਵਾਲੇ ਮੇਰੇ ਤੋਂ ਨਹੀਂ ਜਨਤਾ ਕੋਲੋਂ ਡਰ ਰਹੇ ਹਨ : ਕੇਜਰੀਵਾਲ

 ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਲਗਾਤਾਰ ਹੋਰ ਸੂਬਿਆਂ ਵਿੱਚ ਵੀ ਝੰਡਾ ਗੱਡਣ ਦੀ ਤਿਆਰੀ ਵਿੱਚ ਹਨ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ CM ਭਗਵੰਤ ਮਾਨ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਵੱਡਾ ਰੋਡ ਸ਼ੋਅ ਕੀਤਾ, ਜਿੱਥੇ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲਿਆ।
ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਿੱਚ ਅਦਲਾ-ਬਦਲੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ । ਇਸੇ ਵਿਚਾਲੇ ਅਰਵਿੰਦ ਕੇਜਰੀਵਾਲ ਨੇ ਭਾਜਪਾ &lsquoਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਲੋਕ ਮੇਰੇ ਤੋਂ ਨਹੀਂ ਸਗੋਂ ਜਨਤਾ ਤੋਂ ਡਰਦੇ ਹਨ।
ਇਸ ਸਬੰਧੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਵਾਲਿਓ, ਜੇ ਇਮਾਨਦਾਰੀ ਨਾਲ ਜਨਤਾ ਲਈ ਕੰਮ ਕੀਤਾ ਹੁੰਦਾ ਤਾਂ ਇੰਨਾ ਡਰ ਨਾ ਹੁੰਦਾ, CM ਬਦਲਣ ਦੀ ਨੌਬਤ ਨਾ ਆਉਂਦੀ, ਦੂਜੀਆਂ ਪਾਰਟੀਆਂ ਦੇ ਦਾਗ਼ੀ ਆਗੂਆਂ ਦੇ ਪੈਰ ਫੜ੍ਹਨ ਦੀ ਜ਼ਰੂਰਤ ਨਾ ਪੈਂਦੀ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਵਿੱਚ ਇੱਕ ਕੱਟੜ ਅਤੇ ਇਮਾਨਦਾਰ ਸਰਕਾਰ ਦੇਵੇਗੀ।