image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਜੀ ਦੇ ਸਿਧਾਂਤਾਂ ਨੂੰ ਵੈਸਾਖੀ ਦਾ ਪੈਗਾਮ ਬਣਾਇਆ, ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦੀ ਸਿਰਜਨਾ ਦਾ ਸਫਰ ਸਿੱਖ ਇਨਕਲਾਬ ਦਾ ਨੀਂਹ ਪੱਥਰ ਹੈ ।

 ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥

1699 ਦੀ ਵੈਸਾਖੀ ਖ਼ਾਲਸਾ ਪੰਥ ਲਈ ਵੱਡੀ ਅਹਿਮੀਅਤ ਰੱਖਦੀ ਹੈ । ਇਹ ਦਿਨ ਸਿੱਖੀ ਦੇ 230 ਸਾਲਾਂ ਦੇ ਉਪਦੇਸ਼ ਦੀ ਸੰਪੂਰਨਤਾ ਦਾ ਦਿਨ ਹੈ । ਏਸ ਦਿਨ ਖੜਗਧਾਰੀ ਦਸ਼ਮੇਸ਼ ਨੇ ਵੱਡੇ ਇਕੱਠ ਵਿੱਚ ਗੁਰੂ ਗ੍ਰੰਥ ਸਾਹਿਬ (ਅੰਗ 1113) ਦੇ ਮਹਾਂਵਾਕ, ਸਤਿਗੁਰ ਆਗੈ ਸੀਸ ਭੇਟ ਦੇਉ ਦੇ ਅਨੁਸਾਰ ਸੀਸ ਭੇਟ ਕੌਤਕ ਵਰਤਾਕੇ ਉਸ ਅੰਮ੍ਰਿਤ ਦੀ ਦਾਤ ਮਨੁੱਖਤਾ ਨੂੰ ਬਖ਼ਸ਼ੀ ਜਿਸ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਨੇ ਚਰਣ ਪਾਹੁਲ ਦੀ ਮਰਿਯਾਦਾ ਨਾਲ ਅਰੰਭਿਆ ਸੀ ਅਤੇ ਜਿਸ ਦੇ ਕਾਬਲ ਬਣਨ ਲਈ ਸਿੱਖਾਂ ਨੂੰ ਢਾਈ ਸਦੀਆਂ ਦੀ ਸਾਧਨਾ ਕਰਨੀ ਪਈ ਸੀ । 1699 ਦੀ ਵੈਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਹੁਲ ਦੀ ਮਰਿਯਾਦਾ ਨੂੰ ਖੰਡੇ ਦੀ ਪਹੁਲ (ਅੰਮ੍ਰਿਤ) ਵਿੱਚ ਬਦਲ ਦਿੱਤਾ । ਚਰਨ ਪਹੁਲ ਬਾਰੇ ਭਾਈ ਕਾਹਨ ਸਿੰਘ ਨਾਭਾ ਗੁਰਮਤਿ ਮਾਰਤੰਡ ਦੇ ਪੰਨਾ 466 &lsquoਤੇ ਲਿਖਦੇ ਹਨ, ਜਾਤਿ ਅਭਿਮਾਨ ਦੂਰ ਕਰਨ ਅਤੇ ਨੇਮਤਾ ਦੇ ਪ੍ਰਚਾਰ ਲਈ ਚਰਨਾਮ੍ਰਿਤ ਦੀ ਰੀਤ ਚਲਾਈ ਸੀ । ਇਸੇ ਤਰ੍ਹਾਂ ਭਾਈ ਕਾਹਨ ਸਿੰਘ ਨਾਭਾ ਮਹਾਨਕੋਸ਼ (1981 ਸੰਸਕਰਣ) ਦੇ ਪੰਨਾ 457 &lsquoਤੇ ਲਿਖਦੇ ਹਨ : ਨੌਂ ਸਤਿਗੁਰਾਂ ਵੇਲੇ ਸਿੱਖ ਧਰਮ ਵਿੱਚ ਲਿਆਉਣ ਲਈ ਚਰਣਾਮ੍ਰਿਤ ਪਿਆਇਆ ਜਾਂਦਾ ਸੀ, ਇਸ ਦਾ ਨਾਮ ਚਰਣ ਪਹੁਲ ਅਤੇ ਪਗ ਪਾਹੁਲ ਵੀ ਲਿਖਿਆ ਹੈ । ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 23ਵੀਂ ਪੌੜੀ ਵਿੱਚ ਲਿਖਦੇ ਹਨ : ਸੁਣੀ ਪੁਕਾਰ ਦਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਰਾਇਆ । ਚਰਣ ਧੋਇ ਰਹਿਰਾਸ ਕਰਿ ਚਰਣਾਮ੍ਰਿਤ ਸਿੱਖਾਂ ਪੀਲਾਇਆ ।
ਸ੍ਰੀ ਲੰਕਾ ਪ੍ਰਚਾਰ ਯਾਤਰਾ (ਉਦਾਸੀ) ਸਮੇਂ ਗੁਰੂ ਨਾਨਕ ਸਾਹਿਬ ਦੁਆਰਾ ਰਾਜਾ ਸ਼ਿਵਨਾਭ ਨੂੰ ਸਿੱਖ ਸਜਾਉਣ ਬਾਰੇ ਭਾਈ ਸੰਤੋਖ ਸਿੰਘ ਜੀ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਹਨ, ਪ੍ਰੇਮ ਵਿਨਯ ਸਨ ਬਾਣੀ ਸੁਣਕੈ, ਪਗ ਪਾਹੁਲ ਦੀਨੀ ਸਿੱਖ ਗੁਨ ਕੈ, ਗੁਰੂ ਨਾਨਕ ਦੀ ਚਰਨ ਪਾਹੁਲ ਲੈਣ ਤੋਂ ਬਾਅਦ ਹਰ ਕੋਈ ਨਾਨਕ ਲੇਵਾ ਸਿੱਖ ਸੀ । ਗੁਰੂ ਨਾਨਕ ਦੀ ਸੰਗਤ ਲਈ ਦਰਵਾਜ਼ੇ ਸਾਰਿਆਂ ਲਈ ਖੁੱਲੇ੍ਹ ਸਨ, ਪਰ ਇਹ ਚੌਖਟ ਨਹੀਂ ਸਨ, ਭਾਵ ਜਿਥੇ ਰੰਗ ਨਸਲ, ਜ਼ਾਤ ਅਤੇ ਵਰਣ-ਵੰਡ ਦਾ ਕੋਈ ਭੇਦ-ਭਾਵ ਨਹੀਂ ਸੀ ਉਥੇ ਸਿੱਖੀ ਦੀ ਵਿਚਾਰਧਾਰਾ ਵਿੱਚ ਕੋਈ ਵੀ ਛੋਟ ਨਹੀਂ ਸੀ । ਨਾਵਾਂ ਨਾਲ ਸਿੰਘ ਤੇ ਕੌਰ ਲਾਉਣਾ ਖੰਡੇ-ਬਾਟੇ ਦੀ ਪਹੁੱਲ ਦੀ ਮਰਿਯਾਦਾ ਦੇ ਸਮੇਂ ਤੋਂ ਅਰੰਭ ਹੋਇਆ ਚਰਨ-ਪਹੁਲ ਦੀ ਰੀਤੀ ਨਾਲ ਸਿੱਖ ਬਣਾਉਣ ਸਮੇਂ ਨਾਵਾਂ ਦੀ ਬਦਲੀ ਨਹੀਂ ਸੀ ਕੀਤੀ ਜਾਂਦੀ, ਸਿੱਖਾਂ ਦੇ ਨਾਂਅ ਜਿਉਂ ਦੇ ਤਿਉਂ ਰਹਿਣ ਦਿੱਤੇ ਜਾਂਦੇ ਸਨ, ਮਿਸਾਲ ਦੇ ਤੌਰ ਤੇ ਗੁਰੂ ਤੇਗ ਬਹਾਦਰ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਲਿਆਉਣ ਵਾਲੇ ਭਾਈ ਜੈਤਾ ਸਿੱਖ ਸਨ ਅਤੇ 1699 ਦੀ ਵੈਸਾਖੀ ਵਾਲੇ ਦਿਨ ਖੜਗਧਾਰੀ ਦਸ਼ਮੇਸ਼ ਪਿਤਾ ਨੂੰ ਸੀਸ ਭੇਟ ਕਰਨ ਵਾਲੇ ਪੰਜ ਪਿਆਰੇ, ਦਇਆ ਰਾਮ, ਹਿੰਮਤ ਰਾਇ, ਧਰਮਚੰਦ, ਮੁਹਕਮ ਚੰਦ ਅਤੇ ਸਾਹਿਬ ਚੰਦ ਸਿੱਖ ਸਨ ਅਤੇ ਇਨ੍ਹਾਂ ਦੇ ਵੱਡੇ ਵਡੇਰਿਆਂ ਨੇ ਗੁਰੂ ਨਾਨਕ ਦੇ ਸਮੇਂ ਤੋਂ ਹੀ ਚਰਣ-ਪਹੁਲ ਦੀ ਰੀਤੀ ਅਨੁਸਾਰ ਸਿੱਖ ਧਰਮ ਧਾਰਨ ਕੀਤਾ ਹੋਇਆ ਸੀ । (ਨੋਟ-ਸਾਬਕਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਜੀ ਆਪਣੀ ਕਿਤਾਬ ਸਿੱਖ ਸਮਾਜ ਦੇ ਮਸਲੇ ਦੇ ਪੰਨਾ 14 ਉੱਤੇ ਲਿਖਦੇ ਹਨ ਕਿ : ਫਿਰ ਜਦੋਂ ਸਿੰਘ ਸਜੇ 1699 ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਭਾਰਤ ਵਿੱਚੋਂ ਪੰਜ ਹਿੰਦੂ ਹੀ ਪਹਿਲੇ ਪੰਜ ਪਿਆਰੇ ਸਾਜੇ । ਇਥੇ ਇਹ ਵੀ ਦੱਸਣਯੋਗ ਹੈ ਕਿ 1699 ਈ: ਵਿੱਚ ਭਾਰਤ ਦਾ ਕੋਈ ਵਜੂਦ ਹੀ ਨਹੀਂ ਸੀ । ਇਸੇ ਤਰ੍ਹਾਂ ਦੇਸ ਪ੍ਰਦੇਸ ਵਿਸ਼ੇਸ਼ ਵਿਸਾਖੀ ਅੰਕ 18-4-2014 ਦੇ ਸਫਾ 56 ਉੱਤੇ ਤਰਲੋਚਨ ਸਿੰਘ ਜੀ ਦਾ ਇਕ ਲੇਖ, ਸਮਾਜਿਕ ਬਰਾਬਰੀ ਦਾ ਤਿਉਹਾਰ ਵਿਸਾਖੀ ਦੇ ਸਿਰਲੇਖ ਹੇਠ ਛਪਿਆ ਸੀ, ਜਿਸ ਦੀ ਕਾਪੀ ਦਾਸ ਪਾਸ ਮੌਜੂਦ ਹੈ ਉਸ ਦਿਨ ਤਰਲੋਚਨ ਸਿੰਘ ਜੀ ਲਿਖਦੇ ਹਨ ਕਿ : 780 ਸਾਲ ਦੀ ਗੁਲਾਮੀ ਵਿੱਚ ਸਾਰੀ ਹਿੰਦੂ ਕੌਮ ਆਪਣੀਆਂ ਕਦਰਾਂ ਕੀਮਤਾਂ ਭੁੱਲ ਬੈਠੀ ਸੀ । ਹੁਣ ਇਸ ਵਿਸਾਖੀ ਨੂੰ ਸਾਰੀ ਹਿੰਦੂ ਕੌਮ ਨੂੰ ਮਨਾਉਣਾ ਚਾਹੀਦਾ ਹੈ, ਖ਼ਾਸ ਕਰਕੇ ਪੰਜਾਬੀ ਹਿੰਦੂ ਜਰੂਰ ਮਨਾਉਣ, ਜਿਸ ਦੇ ਫਲ ਸਰੂਪ ਪੰਜਾਬ ਵਿੱਚ ਜਾਗ੍ਰਿਤੀ ਆਈ । ਸ਼ਾਇਦ ਤਰਲੋਚਨ ਸਿੰਘ ਜੀ ਇਹ ਭੁੱਲ ਰਹੇ ਹਨ ਕਿ 1699 ਦੀ ਵੈਸਾਖੀ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦੀ ਸਾਜਨਾ ਸਿੱਖ ਕੌਮ ਦੀ ਇਕ ਰਾਜਨੀਤਕ ਕੌਮ ਵਜੋਂ ਪਛਾਣ ਅਤੇ ਖ਼ਾਲਸਾ ਪੰਥ ਦੀ ਅੱਡਰੀ ਸੁਤੰਤਰ ਹੋਂਦ ਹਸਤੀ ਦਾ ਐਲਾਨਨਾਮਾ ਸੀ ਅਤੇ ਸਿੱਖ ਇਨਕਲਾਬ ਦਾ ਨੀਂਹ ਪੱਥਰ ਸੀ । ਆਰ।ਐੱਸ।ਐੱਸ। ਤੇ ਹਿੰਦੂਤਵੀ ਸਰਕਾਰ ਇਹ ਪ੍ਰਚਾਰ ਰਹੀ ਹੈ ਕਿ ਖ਼ਾਲਸਾ ਹਿੰਦੂਆਂ ਤੋਂ ਵੱਖਰਾ ਨਹੀਂ ਸਗੋਂ ਹਿੰਦੂਆਂ ਦਾ ਜੁਝਾਰੂ ਦਸਤਾ ਹੈ । ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਜੇ ਜੀਵੈ ਪਤਿ ਲਖੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ ਦਾ ਸਬਕ ਪੜ੍ਹਾਇਆ ਅਤੇ ਸੱਚ ਦੇ ਰਾਹ ਉੱਤੇ ਚੱਲਣ ਲਈ ਮੌਤ ਕਬੂਲਣ ਨੂੰ ਸਿੱਖੀ ਜੀਵਨ ਦਾ ਅਰੰਭ ਹੀ ਇਹ ਦੱਸਿਆ ਕਿ : ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣ ਨਾ ਕੀਜੈ ॥ (ਗੁ: ਗ੍ਰੰ: ਸਾ: ਪੰਨਾ 1412) ਸਤਿਗੁਰ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਅਤੇ ਰਾਜੇ ਸ਼ੀਹ ਮੁਕਦਸ ਕੁੱਤੇ ਆਖ ਕੇ ਇਕ ਵੱਡੇ ਇਨਕਲਾਬ ਦੀ ਵੱਡੀ ਸਰਗਰਮੀ ਨਾਲ ਨੀਂਹ ਰੱਖ ਦਿੱਤੀ ਸੀ । 1486 ਈ: ਤੋਂ 1699 ਤੱਕ ਦਾ ਇਤਿਹਾਸ, ਨਿਰਮਲ ਪੰਥ ਤੋਂ ਖ਼ਾਲਸਾ ਪੰਥ ਬਣ ਜਾਣ ਦੀ ਵਚਿੱਤਰ ਗਾਥਾ ਹੈ । ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਕਿਧਰੇ ਨਾ ਕੋਈ ਵਿਰੋਧਤਾਈ ਸੀ ਨਾ ਕੋਈ ਭੇਦ ਭਿੰਨਤਾ ਸਮੇਂ ਦੇ ਬਦਲਦੇ ਹਾਲਾਤ ਅਨੁਸਾਰ ਕੁਝ ਨਵੇਂ ਕਦਮ ਉਠਾਏ ਪਰ ਉਹ ਕਦਮ ਗੁਰੂ ਨਾਨਕ ਦੇ ਆਦਰਸ਼ਾਂ ਅਤੇ ਨਾਨਕਿ ਰਾਜੁ ਚਲਾਇਆ ਸੱਚੁ ਕੋਟੁ ਸਤਾਣੀ ਨੀਵ ਦੈ ਦੇ ਰਾਜ ਸੰਕਲਪ ਦੇ ਅਨਕੂਲ ਸਨ ਅਤੇ ਹਰ ਗੁਰੂ ਜੋਤਿ ਨੇ ਗੁਰੂ ਨਾਨਕ ਦੇ ਮਾਰਗ ਦਾ ਹੀ ਅਨੁਸਰਣ ਕੀਤਾ । ਜਦੋਂ ਅਸੀਂ ਦੱਸ ਗੁਰੂ ਸਰੂਪ ਨੂੰ ਇਕ ਜੋਤਿ ਦੇ ਰੂਪ ਵਜੋਂ ਵੇਖਦੇ ਅਤੇ ਮਹਿਸੂਸ ਕਰਦੇ ਹਾਂ ਕਿ ਸਿੱਖ ਧਰਮ ਦੇ ਵਿਕਾਸ ਨੇ ਇਨਕਲਾਬ ਦੀ ਸਿਖਰ ਨੂੰ ਜਾਂਦਿਆਂ ਸਮੇਂ-ਸਮੇਂ ਅਨੁਸਾਰ ਸਿਧਾਂਤ ਸਿਰਜੇ । ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਸ ਮੰਤਵ ਦੀ ਪੂਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ।
ਅਕਾਲ ਤਖ਼ਤ ਜਿਸ ਦਾ ਸਿਧਾਂਤ ਤੇ ਸੁਭਾਉ ਸੰਸਾਰੀ ਤਖ਼ਤਾਂ ਨਾਲੋਂ ਨਿਰਾਲਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ, ਨਾਨਕ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਦਾ ਇਕ ਮਹੱਤਵਪੂਰਨ ਪੜਾਅ ਹੈ । ਸਿੱਖ ਧਰਮ ਦੇ ਵਿਕਾਸ ਅਤੇ ਸਥਾਪਤੀ ਲਈ ਸ੍ਰੀ ਅਕਾਲ ਤਖ਼ਤ ਦੀ ਸਿਰਜਣਾ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਧਰਮਸਾਲ, ਸੰਗਤ, ਪੰਗਤ ਦੀਆਂ ਸੰਸਥਾਵਾਂ ਕਾਇਮ ਕਰ ਚੁੱਕੇ ਸਨ । ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮੁਲਕ ਦੇ ਵੱਖ-ਵੱਖ 22 ਹਿੱਸਿਆਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ 22 ਮੰਜੀਆਂ ਸਥਾਪਤ ਕਰ ਚੁੱਕੇ ਸਨ । ਗੁਰੂ ਅਰਜਨ ਪਾਤਸ਼ਾਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਹਰਿਮੰਦਰ ਸਾਹਿਬ ਵਿਖੇ ਆਦਿ ਗ੍ਰੰਥ (ਗੁਰੂ ਗ੍ਰੰਥ) ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਨੂੰ ਵਿਲੱਖਣ ਹੋਂਦ ਹਸਤੀ ਵਾਲੇ ਧਰਮ ਵਜੋਂ ਸਥਾਪਤ ਕਰ ਚੁੱਕੇ ਸਨ । ਗੁਰੂ ਹਰਗੋਬਿੰਦ ਪਾਤਸ਼ਾਹ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਕੀਤੀ ਸਿਰਜਣਾ ਨਾਲ ਗੁਰੂ ਨਾਨਕ ਦਾ ਸਿੱਕਾ ਮਾਰਕੇ ਜਗਤ ਵਿੱਚ ਚਲਾਇਆ ਨਿਰਮਲ ਪੰਥ ਇਕ ਸੁਤੰਤਰ ਤੇ ਪ੍ਰਭੂ ਸੱਤਾ ਸੰਪਨ ਦੈਵੀ ਗੁਣਾਂ ਆਧਾਰਿਤ ਤੇ ਸਿੱਖ ਕੌਮ ਦੇ ਰੂਪ ਵਿੱਚ ਪ੍ਰਗਟ ਹੋਇਆ । ਸਿੱਖ ਲਹਿਰ ਦੇ ਇਤਿਹਾਸ ਦਾ ਪਤਰਾ ਪਤਰਾ ਗਵਾਹ ਹੈ ਕਿ ਕਿਵੇਂ ਨਿਰੰਤਰ ਯਤਨਾਂ ਨਾਲ ਸਿੱਖਾਂ ਨੂੰ ਹਿੰਦੂ ਸਮਾਜ ਨਾਲੋਂ ਨਿਖੇੜ ਕੇ ਨਿਰਮਲ ਪੰਥ (ਸਿੱਖ ਪੰਥ) ਉਸਾਰਿਆ ਗਿਆ । ਜਿਨ੍ਹਾਂ ਕਾਰਨਾਂ ਕਰਕੇ ਸਿੱਖ ਪੰਥ ਨੂੰ ਵਰਣ-ਆਸ਼ਰਮ ਵਿੱਚ ਵੰਡੇ ਹਿੰਦੂ ਸਮਾਜ ਨਾਲੋਂ ਨਿਖੇੜਨਾ ਜਰੂਰੀ ਹੋ ਗਿਆ ਸੀ, ਉਨ੍ਹਾਂ ਕਾਰਨਾਂ ਕਰਕੇ ਹੀ ਸਿੱਖ ਪੰਥ ਦਾ ਸਮਕਾਲੀ ਮੁਗਲ ਹਕੂਮਤ ਨਾਲ ਟਕਰਾਉ ਅੱਟਲ ਹੋ ਗਿਆ ਸੀ, ਸਿੱਖ ਗੁਰੂ ਸਾਹਿਬਾਨ ਜੋ ਕਰਨ ਜਾ ਰਹੇ ਸਨ, ਉਨ੍ਹਾਂ ਨੂੰ ਉਸ ਦੇ ਅਰਥਾਂ ਦੀ ਗਹਿਰਾਈ ਅਤੇ ਇਸ ਦੇ ਸੰਭਾਵਿਤ ਨਤੀਜਿਆਂ ਅਤੇ ਪ੍ਰਤਿਕਰਮਾਂ ਦਾ ਪੂਰਾ ਗਿਆਨ ਸੀ । ਉਨ੍ਹਾਂ ਨੂੰ ਪਤਾ ਸੀ ਕਿ ਉਹ ਇਕ ਮਹਾਨ ਤੇ ਅਨੂਠੀ ਇਨਕਲਾਬੀ ਕਾਇਆ-ਪਲਟੀ ਕਰਨ ਜਾ ਰਹੇ ਸਨ, ਜਿਸ ਵਿੱਚ ਰਾਜਸੀ, ਸਮਾਜੀ ਪ੍ਰਬੰਧਾਂ, ਇਨਸਾਨਾਂ ਤੇ ਇਨਸਾਨੀ ਰਿਸ਼ਤਿਆਂ ਨੇ ਵਰਣ-ਆਸ਼ਰਮ ਵੰਡ ਦੀਆਂ ਜੜ੍ਹਾਂ ਉਖੇੜ ਕੇ ਇਸ ਧਰਤੀ ਉੱਤੇ ਪਹਿਲੀ ਵਾਰ ਕਾਦਰ ਅਤੇ ਉਸ ਦੀ ਕੁਦਰਤ ਦੇ ਨਿਯਮਾਂ ਦੇ ਰੰਗ ਰੰਗ ਵਿੱਚ ਰੰਗਿਆ ਜਾਣਾ ਸੀ । ਇਹ ਕਾਰਜ ਕਿਸੇ ਪੱਖੋਂ ਵੀ ਸੁਖਾਲਾ ਨਹੀਂ ਸੀ ਤੇ ਛਿਣ ਭੰਗਰ ਵਿੱਚ ਹੋਣ ਵਾਲਾ ਵੀ ਨਹੀਂ ਸੀ । ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੁਗਲ ਹਕੂਮਤ ਨਾਲ ਚਾਰ ਲੜਾਈਆਂ ਲੜੀਆਂ ਤੇ ਚਾਰੇ ਜਿੱਤੀਆਂ । ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤਖ਼ਤ ਦੀ ਜ਼ਿੰਮੇਦਾਰੀ ਗੁਰੂ ਹਰਿ ਰਾਇ ਨੂੰ ਸੌਂਪਦਿਆਂ ਹੁਕਮ ਕੀਤਾ ਕਿ 2200 ਘੋੜ ਸੁਆਰਾਂ ਦੀ ਫੌਜ ਹਮੇਸ਼ਾ ਆਪਣੇ ਕੋਲ ਰੱਖਣੀ ਹੈ । ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਤੋਂ ਨੌਵੇਂ ਗੁਰੂ ਤੇਗ ਬਹਾਦਰ ਤੱਕ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ (1675 ਈ:) ਤੋਂ 1699 ਦੀ ਵੈਸਾਖੀ ਤੱਕ, ਮੁਗਲ ਹਕੂਮਤ ਤੇ ਬਾਈਪਾਰ ਦੇ ਹਿੰਦੂ ਰਾਜਿਆਂ ਨਾਲ ਸਿੱਖ ਪੰਥ ਦੇ ਤਖ਼ਤ ਨਾਲ ਟਕਰਾਅ ਹੁੰਦਾ ਰਿਹਾ । ਭਾਵੇਂ ਗੁਰੂ ਹਰਗੋਬਿੰਦ ਸਾਹਿਬ ਮਗਰੋਂ ਕੋਈ ਗੁਰੂ ਤਖ਼ਤ &lsquoਤੇ ਨਹੀਂ ਬੈਠੇ, ਪਰ ਉਨ੍ਹਾਂ ਨੇ ਹੁਕਮਨਾਮੇ ਜਾਰੀ ਕਰਨ ਦੀ ਪ੍ਰਥਾ ਜਾਰੀ ਰੱਖੀ । ਇਹ ਬਿਲਕੁੱਲ ਜਾਇਜ਼ ਵੀ ਸੀ, ਕਿਉਂਕਿ ਤਖ਼ਤ ਉਥੇ ਹੀ ਸੀ, ਜਿਥੇ ਗੁਰੂ ਸੀ । ਔਰੰਗਜ਼ੇਬ ਨੇ ਗੁਰੂ ਹਰਿ ਰਾਇ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਤਿੰਨ ਜਰਨੈਲ ਭੇਜੇ, ਪਰ ਤਿੰਨਾਂ ਵਿੱਚੋਂ ਕੋਈ ਵੀ ਗੁਰੂ ਸਾਹਿਬ ਤੱਕ ਨਾ ਪਹੁੰਚ ਸਕਿਆ । ਪਹਿਲਾ ਹੱਲਾ ਔਰੰਗਜ਼ੇਬ ਦੇ ਜਰਨੈਲ ਦਸ ਹਜ਼ਾਰੀ ਮਨਸਬ ਵਾਲੇ ਜ਼ਾਲਿਮ ਖਾਨ ਨੇ ਕੀਤਾ, ਅਜੇ ਉਸ ਨੇ ਇਕ ਪੜਾਅ ਹੀ ਕੀਤਾ ਸੀ ਕਿ ਕੱਚਾ ਮਾਸ ਖਾਣ ਨਾਲ ਉਸ ਦੇ ਪੇਟ ਵਿੱਚ ਐਸਾ ਸੂਲ ਉੱਠਿਆ ਕਿ ਉਹ ਜਾਨ ਲੇਵਾ ਸਾਬਤ ਹੋਇਆ, ਭਾਵ ਉਸ ਦੀ ਮੌਤ ਹੋ ਗਈ । ਦੂਜਾ ਹੱਲਾ, ਫਿਰ ਕੰਧਾਰ ਦੇ ਇਕ ਜਰਨੈਲ ਦੂੰਦੇ ਖਾਨ ਨੂੰ ਔਰੰਗਜ਼ੇਬ ਨੇ ਭੇਜਿਆ, ਉਹ ਜਦ ਕਰਤਾਰਪੁਰ (ਜਲੰਧਰ) ਲਾਗੇ ਪੁੱਜਾ ਤਾਂ ਉਸ ਨੂੰ ਸੁਤਿਆਂ ਹੀ ਉਸ ਦੇ ਇਕ ਦੁਸ਼ਮਣ ਨੇ ਮਾਰ ਦਿੱਤਾ । ਫੌਜਾਂ ਵਿੱਚ ਐਸੀ ਭਗਦੜ ਮਚੀ ਕਿ ਸਭ ਸਿਪਾਹੀ ਆਪਣੇ ਆਪਣੇ ਟਿਕਾਣਿਆਂ &lsquoਤੇ ਵਾਪਸ ਚਲੇ ਗਏ । 
ਤੀਜਾ ਹੱਲਾ - ਤੀਜੀ ਵਾਰ ਸਹਾਰਨਪੁਰ ਦੇ ਨਾਹਰ ਖਾਨ ਨੇ ਪੂਰੀ ਤਿਆਰੀ ਕਰਕੇ ਕੀਰਤਪੁਰ &lsquoਤੇ ਚੜ੍ਹਾਈ ਕਰਨ ਲਈ ਕੂਚ ਕੀਤਾ । ਅਜੇ ਉਹ ਫੌਜ ਲੈ ਕੇ ਯਮਨਾ ਨਗਰ ਤੋਂ ਚਾਰ ਮੀਲ ਦੂਰ ਦਾਲਮਾ ਹੀ ਪੱੁਜਾ ਸੀ ਕਿ ਹੈਜ਼ੇ ਦੀ ਅਜਿਹੀ ਵਬਾ ਫੌਜਾਂ ਵਿੱਚ ਫੈਲੀ ਕਿ ਨਾਹਰ ਖਾਂ ਸਮੇਤ ਹੋਰ ਫੌਜੀਆਂ ਦੀਆਂ ਮੌਤਾਂ ਹੋ ਗਈਆਂ । ਜਿਹੜੀ ਫੌਜ ਬਚ ਗਈ ਉਸ ਨੇ ਵੀ ਪਿੱਛੇ ਪਰਤ ਜਾਣਾ ਹੀ ਠੀਕ ਸਮਝਿਆ । ਆਪਣੀ ਕੋਈ ਵੀ ਹੋਰ ਵਾਹ ਨਾ ਚੱਲਦੀ ਵੇਖਕੇ ਔਰੰਗਜ਼ੇਬ ਨੇ ਕਪਟ ਦਾ ਸਹਾਰਾ ਲਿਆ । ਔਰੰਗਜ਼ੇਬ ਨੇ ਗੁਰੂ ਹਰਿ ਰਾਇ ਸਾਹਿਬ ਨੂੰ ਆਪਣੇ ਹੱਥੀਂ ਚਿੱਠੀ ਲਿਖੀ ਜਿਸ ਵਿੱਚ ਲਿਖਿਆ ਸੀ : ਗੁਰੂ ਨਾਨਕ ਦਾ ਘਰ ਬੇਲਾਗ ਸੱਚੇ ਫ਼ਕੀਰਾਂ ਦਾ ਹੈ । ਤੁਮ ਹਮਾਰੀ ਸਲਤਨਤ ਮੇਂ ਖਲਲ ਕਰਤੇ ਹੋ । ਭਲਾ ਨਾਹੀ । ਆਪਕੋ ਤੋ ਹਮਸੇ ਮੇਲ ਕੀਆ ਚਾਹੀਏ । ਦਾਰਾ ਕੋ ਤੁਮ ਬਾਦਸ਼ਾਹੀ ਦੀ ਥੀ ਸੋ ਕਹਾਂ ਗਈ ! ਅਬ ਤੁਮਰੇ ਕੋ ਮਿਲਨੇ ਕਾ ਹਮ ਕੋ ਸ਼ੌਕ ਹੈ, ਜਰੂਰ ਮਿਲਣਾ ਚਾਹੀਏ (ਮਹਿਮਾ ਪ੍ਰਕਾਸ਼ ਵਾਰਤਿਕ) ਗੁਰੂ ਹਰਿ ਰਾਇ ਪਾਤਸ਼ਾਹ ਨੇ ਔਰੰਗਜ਼ੇਬ ਦੀ ਚਿੱਠੀ ਦਾ ਜੁਆਬ ਦਿੱਤਾ ਕਿ ਤੁਸੀਂ ਸਾਡੇ ਤੇ ਹੱਲੇ ਅਤੇ ਹਮਲੇ ਕਰਵਾਕੇ ਵੇਖ ਲਿਆ ਹੈ ਕਿ ਤੁਸੀਂ ਗੁਰੂ ਘਰ ਦਾ ਕੁਝ ਨਹੀਂ ਵਿਗਾੜ ਸਕੇ ਤੇ ਨਾਲੇ ਨਾ ਅਸੀਂ ਤੈਨੂੰ ਕੋਈ ਖਿਰਾਜ ਦੇਣਾ ਹੈ ਤੇ ਨਾਂ ਹੀ ਕੁਝ ਲੈਣ ਦੀ ਖਾਹਿਸ਼ ਹੈ । ਅਰਥਾਤ : ਮੇਰਾ ਕੋਈ ਵਾਸਤਾ ਤੇਰੇ ਸਿਉਂ ਨਹੀਂ ਹੈ, ਮੈਂ ਕਿਸੇ ਦਾ ਮੁਲਕ ਨਹੀਂ ਨਪਿਆ । ਤੇਰੇ ਦਾਮ ਨਹੀਂ ਹਮ ਦੇਨੇ । ਅਰ ਨਹਿ ਖਾਹਸ਼ ਤੁਮ &lsquoਤੇ ਲੇਨੇ । (ਸ੍ਰੀ ਗੁਰ ਪ੍ਰਤਾਪ ਸੂਰਜ ਰਾਸ 9 ਅੰਸ਼ 34)
ਗੁਰੂ ਹਰਿ ਰਾਏ ਸਾਹਿਬ ਨੇ ਵੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਤਖ਼ਤ ਦੀ ਜ਼ਿੰਮੇਵਾਰੀ ਸੰਭਾਲਣ ਸਮੇਂ ਬਚਨ ਕੀਤੇ ਕਿ : ਗੁਰੂ ਕੋਈ ਸਰੀਰ ਨਹੀਂ, ਜੋਤਿ ਹੈ ਆਪ ਜੀ ਸਿੰਘਾਸਨ ਤੋਂ ਉੱਠੇ ਤੇ ਤਖ਼ਤ &lsquoਤੇ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਬਿਠਾਲ ਕੇ ਤਿੰਨ ਪ੍ਰਕਰਮਾ ਕੀਤੀਆਂ । ਮੱਥਾ ਟੇਕਿਆ ਅਤੇ ਗੁਰੂ ਨਾਨਕ ਸਮਾਨ ਹੀ ਆਦਰ ਦਿੱਤਾ । ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗੁਰਦਿੱਤਾ ਜੀ ਨੇ ਗੁਰ ਗੱਦੀ ਸਮਰਪਨ ਦੀ ਮਰਿਯਾਦਾ ਨਿਭਾਈ । ਸੰਗਤਾਂ ਨੇ ਵੀ ਗੁਰੂ ਹਰਿ ਕ੍ਰਿਸ਼ਨ ਨੂੰ ਮੱਥਾ ਟੇਕਿਆ, ਭੇਟਾਵਾਂ ਚਰਨੀਂ ਰੱਖੀਆਂ । ਸਿੱਖ ਫੌਜਾਂ ਨੇ ਬੰਦੂਕਾਂ ਨਾਲ ਸਲਾਮੀ ਦਿੱਤੀ, ਨਗਾਰੇ ਵੱਜੇ, ਧੁਜਨਿ ਮਹਿ ਧੌਸੇ ਧੁੰਕਾਰੇ, ਇਹ ਯਾਦ ਰਹੇ ਕਿ ਨਗਾਰੇ ਵਜਾਉਣਾ ਸੁੰਤਤਰਤਾ ਦੀ ਨਿਸ਼ਾਨੀ ਹੈ, ਗੁਰੂ ਨਾਨਕ ਦੀ ਅੱਠਵੀਂ ਜੋਤ, ਗੁਰੂ ਹਰਿ ਕ੍ਰਿਸ਼ਨ ਜੀ ਨੇ ਉਦੋਂ ਗੁਰੂ-ਜੋਤ ਦੀ ਦ੍ਰਿੜਤਾ ਦੀ ਹੱਦ ਦੱਸ ਦਿੱਤੀ ਜਦੋਂ ਦਿੱਲੀ ਵਿਖੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਔਰੰਗਜ਼ੇਬ ਦੇ ਸਾਹਮਣੇ ਦਰਬਾਰ ਲਗਾ ਕੇ ਸਿੱਖਾਂ ਨੂੰ ਵਿਸ਼ਵਾਸ਼ ਕਰਾ ਦਿੱਤਾ ਕਿ ਗੁਰੂ ਨਾਨਕ ਜੋਤ ਦੀ ਸਾਰੀ ਸ਼ਕਤੀ ਹੈ, ਕਿਸੇ ਸਰੀਰ ਜਾਂ ਭੌਤਿਕ ਬਲ ਦੀ ਨਹੀਂ । ਉਹ ਹੀ ਗੁਰੂ ਨਾਨਕ ਦੀ ਜੋਤ 93 ਸਾਲ ਬ੍ਰਿਧ ਗੁਰੂ ਵਿੱਚ ਪ੍ਰਵੇਸ਼ ਕਰਕੇ ਝਖੜ ਵਾਉ ਨ ਡੋਲਈ ਪਰਬਤੁ ਮੇਰਾਣੁ ਬਣਾ ਦਿੰਦੀ ਹੈ ਤਾਂ ਉਹ ਹੀ ਗੁਰੂ ਨਾਨਕ ਦੀ ਜੋਤ ਸਾਢੇ ਪੰਜ ਸਾਲ ਦੇ ਗੁਰੂ ਹਰਿ ਕ੍ਰਿਸ਼ਨ ਵਿੱਚ ਆ ਕੇ ਅਹਿਲ, ਅਟਲ ਤੇ ਅਡੋਲ ਕਰ ਦਿੰਦੀ ਹੈ, ਅਸਲ ਗੱਲ ਗੁਰੂ ਨਾਨਕ ਦੀ ਜੋਤ ਦੇ ਪ੍ਰਕਾਸ਼ ਦੀ ਹੈ । 
ਗੁਰੂ ਹਰਿ ਕ੍ਰਿਸ਼ਨ ਜੀ ਨੇ ਨਾਨਕ ਨਿਰਮਲ ਪੰਥ ਦੀ ਸੁਤੰਤਰ ਅਗਵਾਈ ਕਰਕੇ ਤਖ਼ਤ ਦੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਨੂੰ ਉਸ ਵੇਲੇ ਸੌਂਪ ਦਿੱਤੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪੂਰਬ ਦੇ ਦੌਰਿਆਂ ਤੋਂ ਵਾਪਸ ਆ ਕੇ ਦਿੱਲੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਮਿਲਣ ਗਏ । ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਆਪਣੇ ਪਿਤਾ ਗੁਰੂ ਹਰਿ ਗੋਬਿੰਦ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਚੈਲਿੰਜ ਕੀਤਾ ਤੇ ਸਿੱਖ ਇਨਕਲਾਬ ਦੇ ਨਿਸ਼ਾਨੇ ਤਹਿਤ ਮਨ ਵਿੱਚ ਨਿਸ਼ਚਾ ਕਰ ਲਿਆ ਕਿ ਹੁਣ ਆਪਣਾ ਸੀਸ ਦੇ ਕੇ ਮੁਗਲਾਂ ਨੂੰ ਸ਼ਰਮਿੰਦਾ ਤੇ ਝੂਠਾ ਕਰਕੇ ਹਲੇਮੀ ਰਾਜ ਦੇ ਸੰਕਲਪ ਨੂੰ ਅੱਗੇ ਤੋਰਨਾ ਹੈ । ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਸ਼ਹਾਦਤ ਦੇਣ ਦਾ ਮਨ ਬਣਾ ਲਿਆ ਤਾਂ ਉਨ੍ਹਾਂ ਤਖ਼ਤ ਦੀ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ (ਪਹਿਲਾ ਨਾਂਅ ਗੋਬਿੰਦ ਰਾਏ, ਇਤਿਹਾਸ ਵਿੱਚ ਇਕ ਥਾਂ ਗੋਬਿੰਦ ਦਾਸ ਵੀ ਆਉਂਦਾ ਹੈ) ਨੂੰ ਸੌਂਪ ਦਿੱਤੀ । ਗੁਰੂ ਤੇਗ ਬਹਾਦਰ ਸਾਹਿਬ ਨੇ ਗੋਬਿੰਦ ਰਾਏ ਦੇ ਕਮਰਕੱਸਾ ਆਪ ਕਰਵਾਇਆ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸ਼ਸ਼ਤਰ ਪਹਿਨਾਏ ਅਤੇ ਫਿਰ ਗੋਬਿੰਦ ਦਾਸ ਨੂੰ ਮੱਥਾ ਟੇਕ ਦਿੱਤਾ । ਸ਼ਹੀਦ ਬਿਲਾਸ ਦੇ ਕਰਤਾ ਅਨੁਸਾਰ, ਤਬ ਸਤਿਗੁਰ ਇਵ ਮਨ ਠਹਿਰਾਈ । ਬਿਨ ਸਿਰ ਦੀਏ ਜਗਤ ਦੁੱਖ ਪਾਈ । ਦਾਸ ਗੋਬਿੰਦ ਥੀ ਪਾਸ ਬਹਾਯੋ, ਕਮਰ ਕਸਾ ਸਤਿਗੁਰ ਕਰਾਯੋ । ਬਾਲ ਗੁਰੂ ਤਬ ਕਹਿਯੋ ਅਲਾਇ । ਪਿਤਾ ਗੁਰੂ ਤਉ ਕਰੋ ਸਹਾਇ । ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ (1675) ਤੋਂ ਲਗਪਗ 24 ਸਾਲ ਬਾਅਦ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਕੇਸ ਗੜ੍ਹ ਸਾਹਿਬ ਵਿਖੇ ਸੀਸ ਭੇਟ ਕੌਤਕ ਵਰਤਾਕੇ ਦਸਮੇਸ਼ ਪਿਤਾ ਨੇ 80 ਹਜ਼ਾਰ ਦੇ ਇਕੱਠ ਵਿੱਚ ਐਲਾਨ ਕੀਤਾ ਕਿ ਮੈਂ ਜਿਸ ਨਿਰਮਲ ਪੰਥ ਨੂੰ ਖ਼ਾਲਸੇ ਦੀ ਸਿਰਜਣਾ ਕਰਕੇ ਖ਼ਾਲਸਾ ਪੰਥ ਦਾ ਨਾਂਅ ਦੇ ਰਿਹਾ ਹਾਂ ਉਹ ਪੰਥ ਗੁਰੂ ਨਾਨਕ ਨੇ ਚਲਾਇਆ ਅਰਥਾਤ : ਪੰਥ ਚਲਯੋ ਹੈ ਜਗਤ ਮੈਂ, ਗੁਰ ਨਾਨਕ ਪ੍ਰਸਾਦਿ । ਇਸੇ ਪੰਥ ਦਾ ਪ੍ਰਚਾਰ ਪਹਿਲੀਆਂ ਨਾਨਕ ਜੋਤਾਂ ਨੇ ਕੀਤਾ । ਇਹ ਤੀਸਰਾ ਪੰਥ ਹੈ ਭਾਵ ਹਿੰਦੂ ਧਰਮ ਅਤੇ ਇਸਲਾਮ, ਆਰੀਅਨ ਅਤੇ ਸਾਮੀ ਧਰਮਾਂ ਤੋਂ ਵੱਖਰਾ ਹੈ, ਇਹ ਸਿੱਖ ਧਰਮ ਆਪਣੇ ਆਪ ਵਿੱਚ ਸੰਪੂਰਨ ਤੇ ਇਨ੍ਹਾਂ ਦੋਨਾਂ ਤੋਂ ਅੱਡਰਾ ਤੇ ਨਿਆਰਾ ਹੈ । 
ਖ਼ਾਲਸੇ ਦੀ ਸਿਰਜਣਾ ਦੀ ਲੰਬੀ ਚੌੜੀ ਭੂਮਿਕਾ ਇਸ ਕਰਕੇ ਲਿਖਣੀ ਪਈ ਤਾਂ ਕਿ ਇਹ ਸਪੱਸ਼ਟ ਹੋ ਸਕੇ ਕਿ ਦਸਾਂ ਗੁਰੂ ਜੋਤਾਂ ਦੀ ਨਿਰੰਤਰਤਾ, ਸੰਕਲਪ, ਸਰੂਪ, ਸਿਧਾਂਤ, ਨਿਸ਼ਾਨੇ ਤੇ ਮਨੋਰਥ ਸਮਰੂਪ ਹਨ । 30 ਮਾਰਚ 1699 ਦੀ ਵੈਸਾਖੀ ਦੇ ਦਿਨ ਸ੍ਰੀ ਕੇਸ ਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਵੱਲੋਂ ਸਾਜਿਆ ਖ਼ਾਲਸਾ ਪੰਥ, ਨਿਰਮਲ ਪੰਥ ਦੀ ਸਿੱਖਰ, ਗੁਰੂ ਨਾਨਕ ਦੇ ਮਿਸ਼ਨ ਦੀ ਸੰਪੂਰਨਤਾ ਅਤੇ ਖ਼ਾਲਸੇ ਦਾ ਪ੍ਰਗਟ ਦਿਹਾੜਾ ਹੈ, ਖ਼ਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿE ਖ਼ਾਲਸਾ ਪਰਮਾਤਮ ਦੀ ਮੌਜ, ਤਿਉਹਾਰੀ ਵੈਸਾਖੀ ਤਾਂ ਹਰ ਸਾਲ ਆਉਂਦੀ ਹੈ ਅਤੇ ਆਉਂਦੀ ਰਹੇਗੀ, ਪਰ 1699 ਦੀ ਇਤਿਹਾਸਕ ਵੈਸਾਖੀ ਇਕੋ ਵਾਰ ਹੀ ਆਈ । ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਫਿਰ ਆਪ ਉਨ੍ਹਾਂ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋਏ ਕਿ ਮੈਨੂੰ ਵੀ ਉਸੇ ਤਰ੍ਹਾਂ ਅੰਮ੍ਰਿਤ ਦੀ ਦਾਤ ਬਖ਼ਸ਼ੋ ਜਿਵੇਂ ਤੁਹਾਨੂੰ ਬਖ਼ਸ਼ੀ ਗਈ ਹੈ ਤਾਂ ਕਿ ਗੁਰੂ ਆਪ ਵੀ ਸਿੱਖ ਅਤੇ ਖ਼ਾਲਸਾ ਪੰਥ ਵਿੱਚ ਅਭੇਦ ਹੋ ਜਾਵੇ ਅਰਥਾਤ : ਖ਼ਾਲਸਾ ਗੁਰੂ ਹੈ ਗੁਰੂ ਖ਼ਾਲਸਾ ਕਰੋ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕਿਉਂ ਕੀਨਿE । ਸੰਕ ਨ ਕਰੀਜੇ ਸਾਵਧਾਨ ਹੋਇ ਦੀਜੈ, ਅਬ ਅੰਮ੍ਰਿਤ ਛਕਾਵੋ ਮੋਹਿ, ਜੈਸੇ ਤੁਮ ਲੀਨਿE (ਹਵਾਲਾ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰੁੱਤ ਤੀਸਰੀ ਅੰਸ਼ 20) ਫਿਰ ਪੰਜਾਂ ਪਿਆਰਿਆਂ ਨੇ ਉਸੇ ਮਰਿਯਾਦਾ ਅਨੁਸਾਰ ਗੋਬਿੰਦ ਰਾਏ ਨੂੰ ਅੰਮ੍ਰਿਤ ਛਕਾ ਕੇ ਗੋਬਿੰਦ ਸਿੰਘ ਦਾ ਨਾਂਅ ਦਿੱਤਾ । ਜਿਸ ਮਰਿਯਾਦਾ ਅਨੁਸਾਰ ਉਨ੍ਹਾਂ ਨੂੰ ਗੁਰੂ ਨੇ ਅੰਮ੍ਰਿਤ ਛਕਾਇਆ ਸੀ ਤੇ ਉਨ੍ਹਾਂ ਦੇ ਨਾਵਾਂ ਨਾਲ ਸਿੰਘ ਲਾਇਆ ਸੀ । ਖ਼ਾਲਸਾ ਸ਼ਬਦ ਉਸ ਸਮੇਂ ਉਸ ਸਿੱਖ ਸੰਗਤ ਦਾ ਨਾਂਅ ਸੀ, ਜਿਸ ਦਾ ਸਿੱਧਾ ਸਬੰਧ ਗੁਰੂ ਨਾਲ ਹੋਵੇ (ਅੱਜ ਵੀ ਸਿੱਖਾਂ ਦੀ ਦੋ ਵੇਲੇ ਦੀ ਅਰਦਾਸ ਵਿੱਚ ਸਿੱਖ ਦੀ ਥਾਂ ਖ਼ਾਲਸਾ ਸ਼ਬਦ ਵਰਤਿਆ ਜਾਂਦਾ, ਭਾਵੇਂ ਪ੍ਰਿਥਮੇ ਸਰਬਤ ਖ਼ਾਲਸਾ ਜੀ ਦੀ ਅਰਦਾਸ ਹੈ ਜੀ) ਚਰਨ ਪਾਹੁਲ ਨੂੰ ਖੰਡੇ ਦੀ ਪਹੁਲ ਵਿੱਚ ਬਦਲਣ ਤੋਂ ਬਾਅਦ 1699 ਦੀ ਵੈਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਰਨਾਂ ਗੱਲਾਂ ਤੋਂ ਇਲਾਵਾ ਇਹ ਵੀ ਆਖਿਆ : ਮੈਂ ਚਾਹੁੰਦਾ ਹਾਂ ਅੱਜ ਧਰਮ ਵਿੱਚ ਵਿਆਪਕ ਸਾਰੇ ਮੱਤਭੇਦਾਂ ਤੋਂ ਉੱਪਰ ਉੱਠ ਕੇ ਸਾਰੇ ਇਕ ਧਰਮ ਨੂੰ ਗ੍ਰਹਿਣ ਕਰੋ ਅਤੇ ਇਕ ਪੰਥ ਨੂੰ ਅਪਨਾਉ । ਹਿੰਦੂ ਸ਼ਾਸ਼ਤਰਾਂ ਵਿੱਚ ਵਰਣ-ਆਸ਼ਰਮ ਦੀ ਸੰਸਥਾ ਵਿੱਚ ਸ਼ਾਮਿਲ ਚਾਰ ਹਿੰਦੂ ਵਰਣਾਂ ਲਈ ਨਿਸ਼ਚਿਤ ਕੀਤੇ ਗਏ ਵਿਭਿੰਨ ਧਰਮਾਂ ਦਾ ਪੂਰੀ ਤਰ੍ਹਾਂ ਤਿਆਗ ਕਰੋ ਅਤੇ ਇਕ ਦੂਜੇ ਦੀ ਸਹਾਇਤਾ ਅਤੇ ਸਹਿਯੋਗ ਦਾ ਅਤੇ ਇਕ ਦੂਸਰੇ ਨਾਲ ਖੁੱਲ੍ਹ ਕੇ ਰਲ ਮਿਲਕੇ ਰਹਿਣ ਦਾ ਰਸਤਾ ਅਪਣਾ ਲਈਏ । ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੀਏ । ਗੰਗਾ ਅਤੇ ਹੋਰ ਤੀਰਥਾਂ, ਜਿਨ੍ਹਾਂ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ ਜਾਂ ਰਾਮ ਕ੍ਰਿਸ਼ਨ, ਬ੍ਰਹਮਾ ਤੇ ਦੁਰਗਾ ਆਦਿ ਦੇਵੀ ਦੇਵਤਿਆਂ ਦੀ ਕੋਈ ਪੂਜਾ ਨਾ ਕਰੋ, ਅਤੇ ਗੁਰੂ ਨਾਨਕ ਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਉਪਦੇਸ਼ਾਂ ਵਿੱਚ ਯਕੀਨ ਕਰੋ । ਆਉ ਚਾਰ ਵਰਣਾਂ ਦੇ ਵਿਅਕਤੀ ਸਾਰੇ ਦੋ ਧਾਰੇ ਖੰਡੇ ਦੀ ਪਹੁਲ ਲਉ ਅਤੇ ਇਕ ਬਰਤਨ ਵਿੱਚ ਛਕੋ ਅਤੇ ਕਿਸੇ ਤੋਂ ਅੱਡਰੇ ਮਹਿਸੂਸ ਨਾ ਕਰੋ ਜਾਂ ਇਕ ਦੂਜੇ ਨੂੰ ਨਫ਼ਰਤ ਨਾ ਕਰੋ । ਹਵਾਲਾ, ਫਾਰਸੀ ਦੀ ਜਿਸ ਲਿਖਤ ਦਾ ਪੰਜਾਬੀ ਅਨੁਵਾਦ ਸਿਰਦਾਰ ਕਪੂਰ ਸਿੰਘ ਨੇ ਆਪਣੀ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ ਪੁਸਤਕ ਵਿੱਚ ਕੀਤਾ ਹੈ ਇਹ ਉਹ ਫਾਰਸੀ ਲਿਖਤ ਹੈ ਜਿਹੜੀ ਔਰੰਗਜ਼ੇਬ ਦੇ ਖ਼ਬਰ-ਲੇਖਕ ਦੀ ਫਾਰਸੀ ਵਿੱਚ ਲਿਖੀ ਰਿਪੋਰਟ ਮੂਲ ਰਚਨਾ ਜੋ ਅਹਿਮਦਸ਼ਾਹ ਬਟਾਲੀਆ ਨੇ ਆਪਣੀ ਪੁਸਤਕ ਤਵਾਰੀਖ-ਇ-ਹਿੰਦ (1818 ਈ:) ਵਿੱਚ ਲਿਖੀ ਤੇ ਜੋ 30 ਮਾਰਚ 1699 ਨੂੰ ਔਰੰਗਜ਼ੇਬ ਦੇ ਖ਼ਬਰ-ਰਸਾਂ ਦੀ ਰਿਪੋਰਟ ਨੂੰ ਦਰਸਾਉਂਦੀ ਹੈ, (ਫਾਰਸੀ ਦੀ ਉਹ ਲਿਖਤ ਵੀ ਸਬੂਤ ਵਜੋਂ ਭੇਜ ਰਿਹਾ ਹਾਂ) ਫਰਾਂਸ ਦਾ ਇਨਕਲਾਬ 1789 ਵਿੱਚ ਸ਼ੁਰੂ ਹੋਇਆ । ਖ਼ਾਲਸਾ ਇਸ ਤੋਂ ਨੱਬੇ ਸਾਲ ਪਹਿਲਾਂ 1699 ਈ: ਵਿੱਚ ਸਾਜਿਆ ਗਿਆ, ਜਿਸ ਨੂੰ ਸਿੱਖ ਇਨਕਲਾਬ ਕਿਹਾ ਜਾਂਦਾ ਹੈ । ਇਹ ਲੇਖ ਖ਼ਾਲਸੇ ਦੀ ਸਿਰਜਨਾ &lsquoਤੇ ਹੋ ਰਹੇ ਸਿਧਾਂਤਕ ਹਮਲਿਆਂ ਦੇ ਜੁਆਬ ਵਿੱਚ ਲਿਖਿਆ ਗਿਆ ਹੈ । ਪਿਛਲੇ ਸਾਢੇ ਪੰਜ ਸੌ ਸਾਲਾਂ ਵਿੱਚ ਸਿੱਖਾਂ ਦਾ ਕਿਰਦਾਰ ਤੇ ਖ਼ਾਲਸੇ ਦੇ ਕਾਰਨਾਮਿਆਂ ਦਾ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਸਿੱਖ ਇਨਕਲਾਬ ਦਾ ਸਭ ਤੋਂ ਵੱਧ ਫਾਇਦਾ ਹਿੰਦੂ ਸਮਾਜ ਅਤੇ ਧਰਮ ਨੂੰ ਹੋਇਆ । ਇਹ ਵੀ ਸੱਚ ਹੈ ਕਿ ਸਿੱਖਾਂ ਦਾ ਸਮਾਜਿਕ ਅਤੇ ਰਾਜਸੀ ਵਿਰੋਧ ਜਿੰਨਾਂ ਇਨ੍ਹਾਂ ਸਮਿਆਂ ਵਿੱਚ ਹੋਇਆ ਹੈ ਉਹ ਕੱਟੜ ਹਿੰਦੂਆਂ (ਹਿੰਦੂਤਵੀਆਂ) ਵੱਲੋਂ ਹੋਇਆ, ਉਨਾ ਵਿਰੋਧ ਕਿਸੇ ਹੋਰ ਵੱਲੋਂ ਨਹੀਂ ਹੋਇਆ - ਸਮੇਤ ਮੁਗਲਾਂ, ਪਠਾਣਾਂ, ਅਫਗਾਨੀਆਂ ਅਤੇ ਇੰਗਲਸ਼ਤਾਨੀਆਂ ਦੇ । ਇਤਿਹਾਸ ਦੇ ਹਰ ਬਿੱਖੜੇ ਸਮੇਂ ਸਿੱਖਾਂ ਨੇ ਹਿੰਦੂਆਂ ਦੀ ਮਦਦ ਕੀਤੀ ਅਤੇ ਹਿੰਦੂਆਂ ਨੇ ਸਿੱਖਾਂ ਦੇ ਵਿਰੋਧੀਆਂ ਦੀ, ਅਜਿਹੇ ਕਈ ਹਵਾਲਿਆਂ ਨਾਲ ਇਤਿਹਾਸ ਭਰਿਆ ਪਿਆ ਹੈ । ਅੰਤ ਵਿੱਚ ਹੈਪੀ ਖ਼ਾਲਸਾ ਸਾਜਨਾ ਦਿਵਸ ਨਾ ਕਿ ਹੈਪੀ ਵੈਸਾਖੀ । 
ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਹਵਾਲੇ (1) ਸਹਿਜੇ ਰਚਿE ਖ਼ਾਲਸਾ, ਲੇਖਕ ਹਰਿੰਦਰ ਸਿੰਘ ਮਹਿਬੂਬ । (2) ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ, ਲੇਖਕ ਸਿਰਦਾਰ ਕਪੂਰ ਸਿੰਘ । (3) ਖ਼ਾਲਸੇ ਦੀ ਸਿਰਜਣਾ, ਸੰਕਲਪ, ਸਰੂਪ ਤੇ ਸਿਧਾਂਤ, ਲੇਖਕ ਡਾ: ਗੁਰਚਰਨ ਸਿੰਘ ਔਲਖ । (4) ਕਿਸ ਬਿਧੁ ਰੁਲੀ ਪਾਤਸ਼ਾਹੀ, ਲੇਖਕ ਅਜਮੇਰ ਸਿੰਘ । (5) ਸਿੱਖ ਇਤਿਹਾਸ (1469-1765) ਲੇਖਕ ਪ੍ਰਿੰਸੀਪਲ ਤੇਜਾ ਸਿੰਘ, ਡਾ: ਗੰਡਾ ਸਿੰਘ । (6) ਜੀਵਨੀ ਗੁਰੂ ਹਰਿ ਰਾਇ ਸਾਹਿਬ, ਜੀਵਨੀ ਗੁਰੂ ਹਰਿ ਕ੍ਰਿਸ਼ਨ ਸਾਹਿਬ, ਜੀਵਨੀ ਗੁਰੂ ਤੇਗ ਬਹਾਦਰ, ਜੀਵਨੀ ਗੁਰੂ ਗੋਬਿੰਦ ਸਿੰਘ ਲੇਖਕ ਪ੍ਰਿੰ: ਸਤਿਬੀਰ ਸਿੰਘ । (7) ਸ੍ਰੀ ਗੁਰੂ ਸਾਹਿਬ ਦੀ ਬੇ-ਅਦਬੀ ਦਾ ਕੱਚਾ ਚਿੱਠਾ, ਸੰਪਾਦਕ ਸ: ਗੁਰਤੇਜ ਸਿੰਘ, ਜਸਪਾਲ ਸਿੰਘ ਸਿੱਧੂ ਪੱਤਰਕਾਰ । (8) ਸਿੱਖ ਇਨਕਲਾਬ, ਲੇਖਕ ਸ: ਜਗਜੀਤ ਸਿੰਘ । (9) ਸਿੰਘ ਨਾਦ, ਲੇਖਕ ਸ: ਗੁਰਤੇਜ ਸਿੰਘ ।
-ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।