image caption: -ਰਜਿੰਦਰ ਸਿੰਘ ਪੁਰੇਵਾਲ

ਓਲੰਪੀਅਨ ਕਮਲਪ੍ਰੀਤ ਕੌਰ ਦਾ ਡੋਪ ਟੈਸਟ ਪਾਜ਼ੇਟਿਵ ਬਾਰੇ ਪਾਬੰਦੀ ਦਾ ਸ਼ੱਕੀ ਮਾਮਲਾ

ਬੀਤੇ ਦਿਨੀਂ ਭਾਰਤੀ ਓਲੰਪਿਕ ਅਥਲੀਟ ਕਮਲਪ੍ਰੀਤ ਕੌਰ, ਜੋ ਪਿਛਲੇ ਸਾਲ ਟੋਕੀਓ ਓਲੰਪਿਕਸ 2020 ਵਿੱਚ ਡਿਸਕਸ ਥਰੋਅ ਈਵੈਂਟ ਵਿੱਚ ਛੇਵੇਂ ਸਥਾਨ ਤੇ ਰਹੀ ਸੀ, ਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਕਰਕੇ ਤੇ ਟੈਸਟ ਪਾਜ਼ੇਟਿਵ ਆਉਣ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ (ਏਆਈਯੂ) ਨੇ ਉਸ ਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਸੀ| ਡੋਪਿੰਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਦੋਸ਼ੀ ਪਾਏ ਜਾਣ ਤੇ ਕਮਲਪ੍ਰੀਤ ਨੂੰ ਵੱਧ ਤੋਂ ਵੱਧ ਚਾਰ ਸਾਲ ਲਈ ਮੁਅੱਤਲ ਕੀਤਾ ਜਾ ਸਕਦਾ| ਦੂਸਰੇ ਪਾਸੇ ਕਮਲਪ੍ਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਅਤੇ ਹੋਰ ਰਿਸ਼ਤੇਦਾਰ ਚਿੰਤਤ ਸਨ| ਪਿਤਾ ਦਾ ਦਾਅਵਾ ਹੈ ਕਿ ਬੇਟੀ ਨੇ ਕਦੇ ਕੋਈ ਸਟੀਰਾਇਡ ਨਹੀਂ ਲਿਆ| ਜਾਂਚ ਵਿਚ ਬੇਟੀ ਬੇਕਸੂਰ ਸਾਬਤ ਹੋਵੇਗੀ|
ਉਹ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਪੌਸ਼ਟਿਕ ਪਾਊਡਰ ਦੀ ਹੀ ਵਰਤੋਂ ਕਰਦੀ ਹੈ| ਇਸ ਪਾਊਡਰ ਵਿੱਚ ਹੀ ਸਟੀਰੌਇਡ ਹੁੰਦਾ ਹੈ, ਜਿਸ ਦੀ ਜਾਂਚ ਵੀ ਹੋ ਚੁੱਕੀ ਹੈ| ਹੁਣ ਫਿਰ ਕਮਲਪ੍ਰੀਤ ਇਸ ਪਾਊਡਰ ਦਾ ਸੇਵਨ ਕਰਕੇ ਡੋਪ ਟੈਸਟ ਵਿਚ ਫੇਲ ਹੋ ਗਈ ਹੈ| ਸੁਆਲ ਤਾਂ ਇਹ ਹੈ ਕਿ ਖੇਡ ਵਿਭਾਗ ਨੇ ਨਾ ਖਿਡਾਰੀਆਂ ਦੀ ਖੁਰਾਕ ਤੇ ਸਿਹਤ ਵਲ ਧਿਆਨ ਦਿਤਾ ਹੈ| ਨਾ ਹੀ ਕਦੇ ਖੁਰਾਕ ਦੀ ਜਾਂਚ ਕੀਤੀ ਹੈ| ਇਹ ਬਹੁਤ ਹੀ ਸ਼ੱਕੀ ਮਾਮਲਾ ਹੈ| ਸਰਕਾਰ ਨੂੰ ਇਸ ਬਾਰੇ ਉਚ ਪੱਧਰ ਦੀ ਜਾਂਚ ਕਰਨੀ ਚਾਹੀਦੀ ਹੈ|
ਬੁੱਤਾਂ ਦਾ ਸ਼ਹਿਰ ਅੰਮ੍ਰਿਤਸਰ
ਗੁਰੂ ਸਾਹਿਬਾਨਾਂ ਦੀ ਵਰੋਸਾਈ ਪਾਵਨ ਧਰਤੀ ਅੰਮ੍ਰਿਤਸਰ ਸ਼ਹਿਰ ਦੀ ਪਹਿਚਾਣ ਤੇਜ਼ੀ ਨਾਲ ਬੁਤਾਂ ਦੀ ਬਸਤੀ ਵਜੋਂ ਬਦਲਦੀ ਜਾ ਰਹੀ ਹੈ| ਸ਼ਹਿਰ ਦੇ ਵੱਖ-ਵੱਖ ਚੌਕਾਂ, ਸਮਾਰਕਾਂ ਅਤੇ ਬਾਗ਼ਾਂ ਵਿਚ ਲਗਾਏ ਗਏ ਤਿੰਨ ਦਰਜਨ ਤੋਂ ਵਧੇਰੇ ਆਦਮ-ਕੱਦ ਬੁੱਤਾਂ ਦੀ ਮੌਜੂਦਗੀ ਨਾਲ ਅੰਮ੍ਰਿਤਸਰ ਬੁੱਤਾਂ ਦਾ ਸ਼ਹਿਰ ਬਣਨ ਵੱਲ ਵਧ ਰਿਹਾ ਹੈ| ਇਤਿਹਾਸ ਗਵਾਹ ਹੈ ਕਿ ਗੁਰੂ ਰਾਮਦਾਸ ਜੀ ਨੇ ਸ਼ਹਿਰ ਦੀ ਉਸਾਰੀ ਸ਼ੁਰੂ ਕਰਵਾਈ ਤਾਂ ਉਸ ਵੇਲੇ ਚੱਕ ਗੁਰੂ ਕਾ ਜਾਂ ਚੱਕ ਰਾਮਦਾਸ ਨਾਂਅ ਨਾਲ ਜਾਣੇ ਜਾਂਦੇ ਇਸ ਖੇਤਰ ਦੇ ਵਧੇਰੇ ਹਿੱਸੇ ਤੇ ਸਿਰਫ਼ ਸੰਘਣਾ ਜੰਗਲ ਅਤੇ ਪਾਣੀ ਦੀਆਂ ਢਾਬਾਂ ਹੀ ਸਨ| ਸਿੱਖ ਰਾਜ ਵੇਲੇ ਤੱਕ ਸ਼ਹਿਰ ਵਿਚ ਢਾਬ ਖਟੀਕਾਂ, ਢਾਬ ਵਸਤੀ ਰਾਮ, ਢਾਬ ਤਿੱਲੀ ਭੰਨਾ, ਮਾਤਾ ਕੌਲਾਂ ਢਾਬ, ਤੁੰਗ ਢਾਬ, ਆਹਲੂਵਾਲੀਆ ਢਾਬ, ਢਾਬ ਦੁਰਗਿਆਨਾ ਮਲ ਸਮੇਤ 22 ਦੇ ਲਗਪਗ ਢਾਬਾਂ ਮੌਜੂਦ ਸਨ, ਜਦਕਿ ਪੁਰਾਣੇ ਜੰਗਲ ਨੂੰ ਖ਼ਤਮ ਕਰਕੇ ਵੱਡੇ ਹਿੱਸੇ ਵਿਚ ਸਿੱਖ ਦਰਬਾਰ ਦੇ ਜਰਨੈਲਾਂ, ਦੀਵਾਨਾਂ ਅਤੇ ਹੋਰਨਾ ਰਈਸਾਂ ਨੇ ਆਪਣੇ ਨਾਂਅ ਤੇ ਰਾਮ ਬਾਗ਼, ਅਕਾਲੀ ਬਾਗ਼, ਬਾਗ਼ ਹਰੀ ਸਿੰਘ ਨਲਵਾ, ਬਾਗ਼ ਧਿਆਨ ਸਿੰਘ, ਬਾਗ਼ ਸੁਚੇਤ ਸਿੰਘ, ਬਾਗ਼ ਜਵਾਲਾ ਸਿੰਘ, ਬਾਗ਼ ਭਾਈਆਂ, ਬਾਗ਼ ਗਿਆਨੀਆਂ, ਖ਼ਵਾਜ਼ੇ ਦਾ ਬਾਗ਼ ਸਮੇਤ 36 ਆਲੀਸ਼ਾਨ ਬਾਗ਼ ਲਗਵਾ ਲਏ ਗਏ| ਅੰਗਰੇਜ਼ੀ ਦੌਰ ਵਿਚ ਪੁਰਾਣੇ ਬਾਗ਼ਾਂ ਦੇ ਨਾਲ-ਨਾਲ ਕੁੱਝ ਨਵੇਂ ਬਾਗ਼ ਲਗਵਾਏ ਗਏ, ਜਿਨ੍ਹਾਂ ਵਿਚ ਸਕੱਤਰੀ (ਨਿਕੋਲ) ਬਾਗ਼, ਐਚੀਸਨ ਬਾਗ਼ (ਗੋਲ ਬਾਗ਼), ਕੈਸਰੇ ਬਾਗ਼ ਆਦਿ ਵਧੇਰੇ ਮਹੱਤਵਪੂਰਨ ਸਨ| ਅੰਗਰੇਜ਼ੀ ਸ਼ਾਸਨ ਦੀ ਸ਼ੁਰੂਆਤ ਵਿਚ ਸ਼ਹਿਰ ਵਿਚਲੀਆਂ ਪਾਣੀ ਦੀਆਂ ਢਾਬਾਂ ਨੂੰ ਝੀਲਾਂ ਦਾ ਨਾਂ ਦਿੱਤਾ ਗਿਆ ਅਤੇ ਇਹ ਝੀਲਾਂ ਸ਼ਹਿਰ ਦੀ ਪਹਿਚਾਣ ਬਣੀਆਂ| ਕਿਲ੍ਹਾ ਗੋਬਿੰਦਗੜ੍ਹ ਤੋਂ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਤੱਕ ਆਉਣ ਵਾਲੀ ਤੁੰਗ ਝੀਲ ਤੇ ਮੋਤੀ ਝੀਲ ਸਭ ਤੋਂ ਵਧੇਰੇ ਆਵਾਜਾਈ ਵਾਲੀਆਂ ਝੀਲਾਂ ਸਨ| ਜਲਦੀ ਬਾਅਦ ਸਾਫ਼-ਸਫ਼ਾਈ ਦੀ ਘਾਟ ਕਾਰਨ ਮਲੇਰੀਆ ਅਤੇ ਹੋਰ ਬਿਮਾਰੀਆਂ ਦੇ ਫ਼ੈਲਣ ਕਰਕੇ ਇਹ ਢਾਬਾਂ ਬੰਦ ਕਰ ਕੇ ਉੱਥੇ ਰਿਹਾਇਸ਼ੀ ਆਬਾਦੀਆਂ ਅਤੇ ਬਾਜ਼ਾਰ ਉਸਾਰ ਦਿੱਤੇ ਗਏ| ਮੌਜੂਦਾ ਸਮੇਂ ਅੰਮ੍ਰਿਤਸਰ &rsquoਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 2 ਬੁੱਤ, ਸ਼ਹੀਦ ਊਧਮ ਸਿੰਘ ਦੇ 2 ਬੁੱਤ, ਸ਼ਹੀਦ ਮਦਨ ਲਾਲ ਢੀਂਗਰਾਂ ਦੇ 2 ਬੁੱਤ ਅਤੇ ਇਕ ਹੋਰ ਨਿਰਮਾਣ ਅਧੀਨ, ਡਾ: ਅੰਬੇਡਕਰ ਦੇ 3 ਬੁੱਤ, ਮਹਾਰਾਜਾ ਉਗਰਸੈਨ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਸ਼ਹੀਦ ਹਵਲਦਾਰ ਈਸ਼ਰ ਸਿੰਘ, ਹਰੀ ਸਿੰਘ ਨਲਵਾ, ਸ਼ਾਮ ਸਿੰਘ ਅਟਾਰੀ, ਡਾ: ਬਲਦੇਵ ਪ੍ਰਕਾਸ਼, ਡਾ: ਸੈਫ਼ੁਦੀਨ ਕਿਚਲੂ, ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਜਵਾਹਰ ਲਾਲ ਨਹਿਰੂ, ਰਾਮ ਸਿੰਘ ਘਾਲ਼ਾ-ਮਾਲ਼ਾ, ਮਦਰ ਟੈਰੇਸਾ ਆਦਿ ਸਮੇਤ ਕਈ ਅਣਜਾਣ ਸ਼ਖ਼ਸੀਅਤਾਂ ਦੇ ਬੁੱਤ ਲਗਾਏ ਗਏ ਹਨ| ਉਕਤ ਵਿਚੋਂ ਕੰਪਨੀ ਬਾਗ਼ ਵਿਚ ਸਥਾਪਤ ਮਹਾਤਮਾ ਗਾਂਧੀ ਦੇ ਬੁੱਤ ਦੀ ਲੱਤ ਵਿਚ ਕਿਸੇ ਸ਼ਰਾਰਤੀ ਅਨਸਰ ਵਲੋਂ ਗੋਲੀ ਮਾਰੇ ਜਾਣ ਤੋਂ ਬਾਅਦ ਉਸ ਨੂੰ ਸ਼ੀਸ਼ੇ ਦੇ ਫਰੇਮ ਨਾਲ ਕਵਰ ਕਰ ਦਿੱਤਾ ਗਿਆ ਹੈ, ਜਦਕਿ ਧਾਰਮਿਕ ਅਸਥਾਨਾਂ ਅਤੇ ਵਿੱਦਿਅਕ ਅਦਾਰਿਆਂ ਤੋਂ ਇਲਾਵਾ ਬਾਕੀ ਸਥਾਨਾਂ ਤੇ ਲਗਾਏ ਗਏ ਬੁੱਤਾਂ ਦੇ ਰੱਖ-ਰਖਾਅ ਜਾਂ ਸਫ਼ਾਈ ਵਲ ਉਨ੍ਹਾਂ ਨਾਲ ਸੰਬੰਧਤ ਦਿਹਾੜਿਆਂ ਤੋਂ ਇਲਾਵਾ ਕਦੇ ਧਿਆਨ ਨਹੀਂ ਦਿੱਤਾ ਜਾਂਦਾ| ਪੰਜਾਬ ਸਰਕਾਰ ਨੂੰ  ਅਜਿਹਾ ਅਜਾਇਬ ਘਰ ਬਣਾਉਣਾ ਚਾਹੀਦਾ ਜਿਸ ਵਿਚ ਇਤਿਹਾਸਕ ਸਖਸ਼ੀਅਤਾਂ ਦੇ ਬੁਤ ਹੋਣ| ਨਾ ਕਿ ਉਹ ਬੁਤ ਹੋਣ ਜਿਸ ਦਾ ਸਿਖ ਇਤਿਹਾਸ ਨਾਲ ਦੂਰ ਦਾ ਵਾਸਤਾ ਨਹੀਂ| ਚੌਕਾਂ ਵਿਚ ਬੁਤ ਲਗਾਕੇ ਗੁਰੂ ਨਗਰੀ ਦੀ ਦਿਖ ਨਹੀਂ ਵਿਗਾੜਨੀ ਚਾਹੀਦੀ| ਅੰਮ੍ਰਿਤਸਰ ਵਿਚ ਗੁਰੂ ਦੀ ਵਿਰਾਸਤ ਕਾਇਮ ਰਖਣੀ ਚਾਹੀਦੀ ਹੈ|
-ਰਜਿੰਦਰ ਸਿੰਘ ਪੁਰੇਵਾਲ