image caption:

‘ਆਪ’ ਵਿਧਾਇਕਾ ਅਨਮੋਲ ਗਗਨ ਮਾਨ ਨੇ ਡੀ. ਐਸ. ਪੀ. ਦੀ ਕੁਰਸੀ ’ਤੇ ਬੈਠ ਕੇ ਸੁਣੀਆਂ ਸ਼ਿਕਾਇਤਾਂ, ਫੋਟੋ ਹੋਈ ਵਾਇਰਲ

 ਮੋਹਾਲੀ, - ਖਰੜ ਤੋਂ ਆਮ ਆਦਮੀ ਪਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਡੀ ਐਸ ਪੀ ਖਰੜ ਸਿਟੀ-2 ਅਮਰਪ੍ਰੀਤ ਸਿੰਘ ਦੇ ਦਫਤਰ ਦੀ ਮੇਨ ਚੇਅਰ ਉੱਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦੀ ਇੱਕ ਫੋਟੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਆਪੋਜ਼ੀਸ਼ਨ ਪਾਰਟੀਆਂ ਨੇ ਇਸ ਨੂੰ ਵਾਇਰਲ ਕੀਤਾ ਅਤੇ ਉਨ੍ਹਾਂ ਨੇ ਆਲੋਚਨਾ ਵੀ ਕੀਤੀ ਹੈ।ਦੋਸ਼ ਹੈ ਕਿ ਇਹ ਦਰਬਾਰ ਓਦੋਂ ਲਾਇਆ ਗਿਆ, ਜਦੋਂ ਡੀ ਐਸ ਪੀ ਆਪਣੇ ਦਫਤਰ ਵਿੱਚ ਨਹੀਂ ਸਨ। ਉਨ੍ਹਾਂ ਦੀ ਗੈਰ ਹਾਜ਼ਰੀ ਦੇ ਕਾਰਨ ਮਾਮਲਾ ਹੋਰ ਜ਼ੋਰ ਫੜ ਗਿਆ ਹੈ।
ਉਂਜ ਇਹ ਸਪੱਸ਼ਟ ਨਹੀਂ ਕਿ ਇਹ ਘਟਨਾ ਕਦੋਂ ਦੀ ਹੈ। ਸੰਬੰਧਤ ਡੀ ਐਸ ਪੀ ਅਮਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਉਸ ਦਿਨ ਦਫਤਰ ਵਿੱਚ ਨਹੀਂ ਸਨ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਕਿਸ ਦਿਨ ਦੀ ਗੱਲ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ। ਫੋਟੋ ਵਿੱਚ ਅਨਮੋਲ ਗਗਨ ਮਾਨ ਕਿਸੇ ਦਫਤਰ ਦੀ ਮੇਨ ਚੇਅਰ ਉੱਤੇ ਬੈਠੀ ਹੈ। ਉਸ ਦੇ ਪਿੱਛੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦੇ ਨਾਂਅ ਦਾ ਬੋਰਡ ਲੱਗਾ ਦਿੱਸਦਾ ਹੈ। ਉਸ ਉਪਰ ਉਪ ਕਪਤਾਨ ਪੁਲਸ ਸਬ ਡਵੀਜ਼ਨ ਖਰੜ-2 ਮੁੱਲਾਂਪੁਰ ਗਰੀਬਦਾਸ ਲਿਖਿਆ ਹੈ। ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਕਿਸੇ ਦੀ ਗੈਰ ਹਾਜ਼ਰੀ ਵਿੱਚ ਉਸ ਦੀ ਕੁਰਸੀ ਉੱਤੇ ਬੈਠਣ ਨਹੀਂ ਚਾਹੀਦਾ। ਜਦ ਅਫਸਰ ਆਪਣੇ ਦਫਤਰ ਵਿੱਚ ਹੋਵੇ ਅਤੇ ਕਰਟਸੀ ਵਿੱਚ ਕੁਰਸੀ ਪੇਸ਼ ਕਰੇ ਤਾਂ ਬੈਠਣ ਵਿੱਚ ਹਰਜ ਨਹੀਂ।