image caption:

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੇ ਹਵਾਈ ਸਫਰ ਦੇ ਖਰਚ ਵੇਰਵੇ ਦੱਸਣ ਤੋਂ ਇਨਕਾਰ

 ਚੰਡੀਗੜ੍ਹ, - ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਵਾਈ ਸਫਰ ਬਾਰੇ ਸਾਰੀ ਜਾਣਕਾਰੀ ਨੂੰ ਸੂਚਨਾ ਅਧਿਕਾਰ ਕਾਨੂੰਨ (ਆਰ ਟੀ ਆਈ) ਦੇ ਘੇਰੇ ਤੋਂ ਬਾਹਰ ਕਰਦਿਆਂ ਮੁੱਖ ਮੰਤਰੀ ਦੇ ਹਵਾਈ ਸਫਰ ਦੇ ਖਰਚ ਬਾਰੇ ਆਰ ਟੀ ਆਈ ਅਰਜ਼ੀ ਰੱਦ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਇੱਕ ਆਰ ਟੀ ਆਈ ਕਾਰਕੁੰਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ 11 ਮਾਰਚ 2022 ਤੋਂ ਵੀਹ ਜੂਨ ਤਕ ਦੇ ਹਵਾਈ ਸਫਰ ਦੇ ਖਰਚ, ਪਾਇਲਟ ਦੀ ਤਨਖਾਹ, ਰਹਿਣ ਸਹਿਣ, ਹੈਲੀਕਾਪਟਰ ਦੀ ਰਿਪੇਅਰ ਤੇ ਤੇਲ ਖਰਚ ਦੀ ਜਾਣਕਾਰੀ ਮੰਗੀ ਸੀ। ਸੂਬਾ ਸਰਕਾਰ ਨੇ ਮੁੱਖ ਮੰਤਰੀ ਦੀ ਸੁਰੱਖਿਆ ਦੀ ਦਲੀਲ ਨਾਲ ਆਰ ਟੀ ਆਈ ਐਕਟ ਹੇਠ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲੀਆਂ ਸਰਕਾਰਾਂ ਵੱਲੋਂ ਮੁੱਖ ਮੰਤਰੀਆਂ ਦੇ ਹਵਾਈ ਸਫਰ ਦੀ ਜਾਣਕਾਰੀ ਆਰ ਟੀ ਆਈ ਵਿੱਚ ਦੇਂਦੀਆਂ ਰਹੀਆਂ ਸਨ। ਜਾਣਕਾਰ ਸੂਤਰਾਂ ਮੁਤਾਬਕ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਬਣਨ ਮਗਰੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਸਫਰ ਕੀਤਾ ਹੈ ਅਤੇਆਮ ਆਦਮੀ ਪਾਰਟੀ ਦੇ ਦਿੱਲੀ ਦੇ ਕਈ ਆਗੂ ਵੀ ਇਸ ਹੈਲੀਕਾਪਟਰ ਵਿੱਚ ਸਫਰ ਕਰ ਚੁੱਕੇ ਹਨ। ਨਿਯਮਾਂ ਅਨੁਸਾਰ ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਸਿਰਫ ਮੁੱਖ ਮੰਤਰੀ ਕਰ ਸਕਦੇ ਹਨ। ਆਰ ਟੀ ਆਈ ਕਾਰਕੁੰਨ ਨੇ ਕਿਹਾ ਕਿ ਉਸ ਵੱਲੋਂ ਮੁੱਖ ਮੰਤਰੀ ਦੇ ਹਵਾਈ ਸਫਰ ਦੀ ਜਾਣਕਾਰੀ ਬਾਰੇ ਅਰਜ਼ੀ ਬਹਾਨਾਲਾ ਕੇ ਰੱਦ ਕਰਨਾ ਗਲਤ ਹੈ।