image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਗੁਰੂ ਗੋਬਿੰਦ ਸਿੰਘ ਜੀ ਦਾ ਹਜੂਰੀ ਕਵੀ ਭਾਈ ਨੰਦ ਲਾਲ ਗੋਯਾ ਖੰਡੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਿਆ ਸੀ

ਗੁਰੂ ਗੋਬਿੰਦ ਸਿੰਘ ਜੀ ਦਾ ਹਜੂਰੀ ਕਵੀ ਭਾਈ ਨੰਦ ਲਾਲ ਗੋਯਾ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਸੀ । ਕਈ ਥਾਈਂ ਅੰਮ੍ਰਿਤ ਛਕਣ ਤੋਂ ਬਾਅਦ ਉਨ੍ਹਾਂ ਦਾ ਨਾਂਅ ਭਾਈ ਨੰਦ ਸਿੰਘ ਲਿਖਿਆ ਮਿਲਦਾ ਹੈ । ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਾਲਿਆਂ ਨੇ ਭਾਈ ਨੰਦ ਸਿੰਘ ਲਾਲ ਸਿੰਘ ਦੇ ਨਾਂਅ ਹੇਠ ਉਨ੍ਹਾਂ ਦੀ ਜੀਵਨੀ ਛਾਪੀ ਹੈ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ, ਦਮਦਮੀ ਟਕਸਾਲ ਜਥਾ ਭਿੰਡਰਾਂ (ਮਹਿਤਾ) ਵੀ ਆਪਣੀ ਕ੍ਰਿਤ ਖ਼ਾਲਸਾ ਜੀਵਨ ਅਤੇ ਗੁਰਮਤਿ ਰਹਿਤ ਮਰਿਯਾਦਾ ਦੇ ਪੰਨਾ 375 ਉੱਤੇ ਵੀ ਇਸੇ ਨਾਮ ਦੀ ਵਰਤੋਂ ਕਰਦੇ ਹਨ ਅਰਥਾਤ : ਹਜੂਰੀ ਕਵੀ ਭਾਈ ਨੰਦ ਲਾਲ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ ਕਿ ਕਲਗੀਧਰ ਪਿਤਾ ਜੀ ! ਅਸੀਂ ਤੁਹਾਡਾ ਦਰਸ਼ਨ ਕਿਥੋਂ ਕਰ ਸਕਦੇ ਹਾਂ । ਭਾਈ ਨੰਦ ਲਾਲ ਗੋਯਾ ਜੀ ਦੀਆਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਏਨਾ ਪਸੰਦ ਕੀਤਾ ਕਿ ਸਿੱਖ ਸੰਗਤਾਂ ਵਿੱਚ (ਉਹ) ਭਾਈ ਨੰਦ ਲਾਲ ਜੀ ਏਨੇ ਮਸ਼ਹੂਰ ਹੋ ਗਏ ਕਿ ਸਭਨਾਂ ਦੀ ਜਬਾਨ &lsquoਤੇ ਉਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਪਹਿਲਾਂ ਵਾਲਾ ਨਾਮ ਹੀ ਪ੍ਰਚੱਲਤ ਰਿਹਾ ਤੇ ਅੱਜ ਤੱਕ ਵੀ ਉਹੀ ਨਾਮ ਭਾਈ ਨੰਦ ਲਾਲ ਹੀ ਪ੍ਰਚੱਲਤ ਹੈ । ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਹਜੂਰੀ ਕਵੀ ਸੈਨਾਪਤਿ ਵੀ ਅੰਮ੍ਰਿਤ ਛੱਕ ਕੇ ਸੈਣਾ ਸਿੰਘ ਬਣਿਆ, ਪਰ ਉਸ ਦਾ ਨਾਂਅ ਵੀ ਕਵੀ ਸੈਨਾਪਤਿ ਹੀ ਪ੍ਰਚੱਲਤ ਰਿਹਾ ਜੋ ਸ੍ਰੀ ਗੁਰ ਸੋਭਾ ਦੇ ਸਰੋਤ ਦਾ ਲਿਖਾਰੀ ਹੈ । ਕਵੀ ਸੈਨਾਪਤਿ ਸ੍ਰੀ ਗੁਰ ਸੋਭਾ ਦੇ 78 ਸਫ਼ੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਗਟ ਕੀਤੇ ਖ਼ਾਲਸੇ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿੱਚ ਕਰਦੇ ਹਨ ਕਿ :
ਗੋਬਿੰਦ ਸਿੰਘ ਕਰੀ ਖੁਸ਼ੀ ਸੰਗਤਿ ਕਰੀ ਨਿਹਾਲ । ਕੀE ਪ੍ਰਗਟ ਤਬ ਖ਼ਾਲਸਾ ਚੁਕਿE ਸਗਲ ਜੰਜਾਲ ।
ਖੰਡੇ ਦੀ ਪਾਹੁਲ ਦਈ ਕਰਨਹਾਰ ਪ੍ਰਭ ਸੋਈ । ਕੀਉ ਦਸੋਂ ਦਿਸ ਖ਼ਾਲਸਾ ਤਾਂ ਬਿਨ ਅਵਰ ਨਾ ਕੋਈ ।
ਅਤੇ ਕਿਹਾ ਬੋਲੋ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਅਤੇ ਕਵੀ ਸੈਨਾਪਤਿ (ਅੰਮ੍ਰਿਤ ਛਕਣ ਤੋਂ ਬਾਅਦ ਸੈਣਾ ਸਿੰਘ ਖ਼ਾਲਸਾ) ਸ੍ਰੀ ਗੁਰ ਸੋਭਾ ਦੇ ਸਫ਼ਾ 81 ਉੱਤੇ ਲਿਖਦੇ ਹਨ ਕਿ ਅੱਜ ਤੋਂ ਬਾਅਦ ਸਿੱਖ ਚਰਨ ਪਾਹੁਲ ਦੀ ਥਾਂ ਖੰਡੇ ਦੀ ਪਹੁਲ ਅਰਥਾਤ ਖੰਡੇ ਦਾ ਅੰਮ੍ਰਿਤ ਛੱਕ ਕੇ ਜਨਮ ਸੁਹੇਲਾ ਕਰਿਆ ਕਰਨਗੇ । 
ਪੀਵਹੁ ਪਾਹੁਲ ਖੰਡੇਧਾਰ ਹੁਏ ਜਨਮ ਸੁਹੇਲਾ (ਰਾਮਕਲੀ ਦੀ ਵਾਰ ਪਾਤਸ਼ਾਹੀ ਦਸਵੀਂ ਕੀ)
ਰਚਿਤ ਗੁਰੂ ਗੋਬਿੰਦ ਸਿੰਘ ਜੀ ਦੇ ਹਜੂਰੀ ਕਵੀ ਗੁਰਦਾਸ ਜੋ 1699 ਦੀ ਵੈਸਾਖੀ ਨੂੰ ਅੰਮ੍ਰਿਤ ਛੱਕ ਕੇ ਗੁਰਦਾਸ ਸਿੰਘ ਬਣਿਆ, ਇਥੇ ਇਹ ਵੀ ਦੱਸਣਯੋਗ ਹੈ ਕਿ ਭਾਈ ਗੁਰਦਾਸ ਸਿੰਘ ਜੀ ਦੇ ਤਿੰਨ ਭਰਾ, ਹਜੂਰੀ ਕਵੀ ਭਾਈ ਚੌਪਾ ਸਿੰਘ, ਸ਼ਹੀਦ ਭਾਈ ਆਲਮ ਸਿੰਘ ਜੀ ਨਚਣਾ ਤੇ ਸ਼ਹੀਦ ਭਾਈ ਵੀਰ ਸਿੰਘ ਜੀ ਸਨ । ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਤ ਵਿੱਚ 41ਵੀਂ ਰਾਮਕਲੀ ਕੀ ਵਾਰ ਪਾਤਸ਼ਾਹੀ ਦਸਵੀਂ ਕੀ ਇਸੇ ਅੰਮ੍ਰਿਤਧਾਰੀ ਗੁਰਦਾਸ ਸਿੰਘ ਦੀ ਰਚਨਾ ਹੈ । ਹੇਠ ਲਿਖੀਆਂ ਪੰਗਤੀਆਂ ਇਸੇ ਵਾਰ ਵਿੱਚ ਅੰਕਿਤ ਹਨ ।
ਗੁਰਬਰ ਅਕਾਲ ਕੇ ਹੁਕਮ ਸੋ ਉਪਜਿE ਬਿਗਿਆਨਾ ॥
ਤਬ ਸਹਿਜੇ ਰਚਿE ਖ਼ਾਲਸਾ ਸਾਬਤ ਮਰਦਾਨਾ ॥ 
ਅਤੇ - ਵਹ ਪ੍ਰਗਟਿE ਮਰਦ ਅਗੰਮੜਾ ਵਰੀਆਮ ਇਕੇਲਾ ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ।
ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਨੇ ਖੋਜ ਭਰਪੂਰ, ਗੁਰ ਇਤਿਹਾਸ - ਸਿੱਖ ਇਤਿਹਾਸ ਬੈਂਤਾਂ ਵਿੱਚ ਲਿਖਿਆ ਹੈ । ਸਿਦਕ ਖ਼ਾਲਸਾ ਤੇਗ ਖ਼ਾਲਸਾ ਰਾਜ ਖ਼ਾਲਸਾ, ਬੀਰ ਸਪੁਤ੍ਰ ਤੇ ਸ੍ਰੀ ਗੁਰੂ ਦਮਸੇਸ਼ ਪ੍ਰਕਾਸ਼ ਉਨ੍ਹਾਂ ਦੀਆਂ ਵਰਨਣਯੋਗ ਰਚਨਾਵਾਂ ਹਨ । ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦਾ ਬੈਂਤਾਂ ਵਿੱਚ ਲਿਖਿਆ ਸ੍ਰੀ ਗੁਰੂ ਦਸਮੇਸ਼ ਪ੍ਰਕਾਸ਼ ਗ੍ਰੰਥ ਜਿਹੜਾ ਦਾਸ ਦੀ ਲਾਇਬ੍ਰੇਰੀ ਵਿੱਚ ਸਾਂਭਿਆ ਹੋਇਆ ਹੈ ਉਹ ਹੁਣ ਏਨਾ ਪੁਰਾਣਾ ਹੋ ਚੁੱਕਾ ਹੈ ਇਸ ਦੇ ਵਰਕੇ ਵੀ ਭੁਰਨ ਲੱਗ ਪਏ ਹਨ । ਸ੍ਰੀ ਗੁਰੂ ਦਸਮੇਸ਼ ਪ੍ਰਕਾਸ਼ ਦੇ ਪੰਨਾ 222-223 ਉੱਤੇ ਗਿਆਨੀ ਜੀ ਪਹਿਲਾਂ ਬੈਂਤ ਰਾਹੀਂ ਸਪੱਸ਼ਟ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਆਪਣੇ ਪਰਿਵਾਰ ਅਤੇ ਹਜੂਰੀਏ ਸਿੱਖਾਂ ਨੂੰ ਅੰਮ੍ਰਿਤ ਛਕਾਇਆ । ਤੇ ਫਿਰ ਨੋਟ-ਲਿਖਕੇ ਸਪੱਸ਼ਟ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਮੁੱਖ ਹਜੂਰੀਏ ਸਿੱਖ ਤੇ ਹਜੂਰੀ ਕਵੀ ਭਾਈ ਨੰਦ ਲਾਲ ਜੀ ਨੇ ਵੀ ਅੰਮ੍ਰਿਤ ਛੱਕਿਆ ਤੇ ਉਨ੍ਹਾਂ ਦਾ ਨਾਂ ਭਾਈ ਨੰਦ ਸਿੰਘ ਹੋਇਆ, ਕਈ ਇਤਿਹਾਸਕਾਰਾਂ ਨੇ ਭਾਈ ਨੰਦ ਲਾਲ ਸਿੰਘ ਲਿਖਿਆ ਹੈ । ਸਤਿਗੁਰਾਂ ਨੇ ਆਪਣੇ ਪਰਿਵਾਰ ਅਤੇ ਹਜੂਰੀਆਂ ਨੂੰ ਅੰਮ੍ਰਿਤ ਛਕਾਉਣਾ - ਬੈਂਤ - 
ਵੱਡੇ ਕੰਮ ਤੋਂ ਵੇਹਲਿਆਂ ਹੋ ਕਰਕੇ, ਘਰ ਵੱਲ ਧਿਆਨ ਪਰਤਾਇਆ ਜੀ, 
ਹੁਕਮ ਦੇ ਸਾਰੇ ਪਰਵਾਰ ਤਾਈਂ ਸਤਿਗੁਰਾਂ ਅੰਮ੍ਰਿਤ ਛਕਾਇਆ ਜੀ । 
ਪਿੱਛੋਂ ਫੇਰ ਹਜੂਰੀਆਂ ਸਾਰਿਆਂ ਨੂੰ ਬੇੜੇ ਚਾੜਕੇ ਨਾਲ ਰਲਾਯਾ ਜੀ । 
ਗੋਬਿੰਦ ਰਾਇ ਥੀ ਆਪ ਕਰਤਾਰ ਸਿੰਘਾਂ, ਗੋਬਿੰਦ ਸਿੰਘ ਅਖਵਾਇਆ ਜੀ ।
ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦੇ ਇਸ ਤੱਥ ਉੱਤੇ ਮੋਹਰ ਲਾਉਣ ਲਈ ਕਿ ਭਾਈ ਨੰਦ ਲਾਲ ਖੰਡੇ ਦੀ ਪਹੁਲ ਛੱਕ ਕੇ ਭਾਈ ਨੰਦ ਸਿੰਘ ਜਾਂ ਭਾਈ ਨੰਦ ਲਾਲ ਸਿੰਘ ਸਜ ਗਿਆ ਸੀ, ਬਾਰੇ ਭਾਈ ਨੰਦ ਲਾਲ ਦੀ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਦਾ ਜ਼ਿਕਰ ਕਰਨਾ ਵੀ ਜਰੂਰੀ ਹੈ । ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਆਪਣੀ ਸ਼ਰਧਾ ਫਾਰਸੀ ਦੇ ਇਨ੍ਹਾਂ ਸ਼ਬਦਾਂ ਰਾਹੀਂ ਦਰਸਾਉਂਦੇ ਹਨ : ਹਰ ਦੋ ਆਲਮ ਖ਼ੈਲਿ ਗੁਰੂ ਗੋਬਿੰਦ ਸਿੰਘ, ਜੁਮਲਾ ਅੰਦਰ ਜ਼ੈਲਿ ਗੁਰੂ ਗੋਬਿੰਦ ਸਿੰਘ । ਸਾਇਲ ਅਜ਼ ਇਨਆਮਿ ਗੁਰੂ ਗੋਬਿੰਦ ਸਿੰਘ । ਬਾਦ ਜਾਨਸ਼ ਫ਼ਿਦਾਇ ਗੁਰੂ ਗੋਬਿੰਦ ਸਿੰਘ ॥ ਉਕਤ ਫਾਰਸੀ ਦੀਆਂ ਸਤਰਾਂ ਦਾ ਪੰਜਾਬੀ ਵਿੱਚ ਤਰਜਮਾ ਡਾ: ਗੰਡਾ ਸਿੰਘ ਜੀ ਨੇ ਇਸ ਪ੍ਰਕਾਰ ਕੀਤਾ ਹੈ ਕਿ : ਦੋਵੇਂ ਦੁਨੀਆਂ ਗੁਰੂ ਗੋਬਿੰਦ ਸਿੰਘ ਦਾ ਕਬੀਲਾ ਹਨ । ਸਾਰੇ ਲੋਕ ਗੁਰੂ ਗੋਬਿੰਦ ਸਿੰਘ ਦਾ ਪੱਲਾ ਫੜਨ ਹਾਰੇ ਹਨ । ਇਹ ਦਾਸ (ਨੰਦ ਲਾਲ) ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਪਵਿੱਤਰ ਧੂੜੀ ਦੀ ਬਖ਼ਸ਼ਿਸ਼ ਦਾ ਜਾਚਕ ਹੈ । (ਰੱਬ ਕਰੇ) ਇਸ (ਨੰਦ ਲਾਲ) ਦੀ ਜਾਨ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਹੋਵੇ ਅਤੇ (ਰੱਬ ਕਰੇ) ਉਸ (ਨੰਦ ਲਾਲ) ਦਾ ਸੀਸ ਗੁਰੂ ਗੋਬਿੰਦ ਸਿੰਘ ਦੇ ਚਰਨਾਂ &lsquoਤੇ ਟਿਕਿਆ ਰਹੇ । ਹੁਣ ਇਥੇ ਵਿਚਾਰਨ ਯੋਗ ਤੱਥ ਇਹ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜਾ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ &lsquoਤੇ ਏਨੀ ਸ਼ਰਧਾ ਰੱਖਦਾ ਹੋਵੇ ਤੇ ਫਿਰ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਿਥਮ ਰਹਿਤ ਯਹਿ ਜਾਨ ਖੰਡੇ ਦੀ ਪਹੁਲ ਛਕੇ ਵਾਲਾ ਹੁਕਮ ਨਾ ਮੰਨਿਆ ਹੋਵੇ ? ਖੰਡੇ ਦੀ ਪਹੁਲ ਇਕ ਅਦੁੱਤੀ ਬਖ਼ਸ਼ਿਸ਼ ਹੈ ਤੇ ਫਿਰ ਇਹ ਵੀ ਕਿਵੇਂ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਏਡੇ ਵੱਡੇ ਸ਼ਰਧਾਵਾਨ ਸਿੱਖ ਭਾਈ ਨੰਦ ਲਾਲ ਨੂੰ ਖੰਡੇ ਦੀ ਪਹੁਲ ਦੀ ਅਦੁੱਤੀ ਬਖ਼ਸ਼ਿਸ਼ ਤੋਂ ਵਾਂਝਿਆਂ ਰੱਖਿਆ ਹੋਵੇ ? ਇਤਿਹਾਸਕ ਤੇ ਸਿਧਾਂਤਕ ਤੱਥ ਨਿਰਸੰਦੇਹ ਸਿੱਧ ਕਰਦੇ ਹਨ ਕਿ ਭਾਈ ਨੰਦ ਲਾਲ ਨੇ ਖੰਡੇ ਦੀ ਪਹੁਲ ਛਕੀ ਤੇ ਉਹ ਭਾਈ ਨੰਦ ਲਾਲ ਤੋਂ ਭਾਈ ਨੰਦ ਸਿੰਘ ਜਾਂ ਭਾਈ ਨੰਦ ਲਾਲ ਸਿੰਘ ਸੱਜ ਗਏ ਸਨ, ਪਰ ਆਮ ਲੋਕਾਂ ਵਿੱਚ ਉਨ੍ਹਾਂ ਦਾ ਨਾਂਅ ਭਾਈ ਨੰਦ ਲਾਲ ਹੀ ਪ੍ਰਚੱਲਤ ਰਿਹਾ । ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦੇ ਜਿਸ ਬੈਂਤ ਦਾ ਉੱਪਰ ਜ਼ਿਕਰ ਕੀਤਾ ਜਾ ਚੱੁਕਾ ਹੈ ਹੁਣ ਉਸ ਦੀ ਇਹ ਆਖਰੀ ਸੱਤਰ : ਗੋਬਿੰਦ ਰਾਏ ਥੀਂ ਆਪ ਕਰਤਾਰ ਸਿੰਘਾਂ ਗੋਬਿੰਦ ਸਿੰਘ ਅਖਵਾਇਆ ਜੀ ਦੀ ਵਿਆਖਿਆ ਕਰਦੇ ਹਾਂ । 
ਦਇਆ ਰਾਮ, ਧਰਮ ਦਾਸ, ਮੁਹਕਮ ਚੰਦ, ਸਾਹਿਬ ਚੰਦ ਤੇ ਹਿੰਮਤ ਰਾਏ ਜਦੋਂ,
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰ ਧਰਿ ਗਲੀ ਮੇਰੀ ਆਉ ॥ (ਗੁ: ਗ੍ਰੰ: ਸਾ: ਪੰਨਾ 1412)
ਅਤੇ ਸਤਿਗੁਰ ਆਗੇ ਸੀਸ ਭੇਟ ਦੇਉ ॥ (ਗੁ: ਗ੍ਰੰ: ਸਾ: ਪੰਨਾ 1113) ਦੇ ਸਿੱਖੀ ਸਿਧਾਂਤਾਂ ਅਨੁਸਾਰ ਦਮਸ਼ੇਸ਼ ਪਿਤਾ ਨੂੰ ਸੀਸ ਭੇਟ ਕਰਕੇ, ਖੰਡੇ ਦੀ ਪਹੁਲ ਦੀ ਅਦੁੱਤੀ ਬਖ਼ਸ਼ਿਸ ਪ੍ਰਾਪਤ ਕਰਕੇ, ਦਇਆ ਸਿੰਘ, ਧਰਮ ਸਿੰਘ, ਮੁਹਕਮ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ ਨਾਂਅ ਵਾਲੇ ਗੁਰੂ ਖ਼ਾਲਸਾ ਸਰੂਪ ਹੋ ਗਏ ਤਾਂ ਹਜ਼ੂਰ ਨੇ ਹੱਥ ਬੰਨ ਕੇ ਕਿਹਾ ਗੁਰੂ ਖ਼ਾਲਸਾ ਜੀ ਹੁਣ ਮੈਨੂੰ ਵੀ ਖੰਡੇ ਦੀ ਪਹੁਲ ਦੀ ਦਾਤ ਬਖ਼ਸ਼ ਕੇ ਗੋਬਿੰਦ ਰਾਏ ਤੋ ਗੋਬਿੰਦ ਸਿੰਘ ਬਣਾ ਲਵੋ ! ਇਸ ਘਟਨਾ ਦਾ ਵਰਨਣ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਹੇਠ ਲਿਖੇ ਅਨੁਸਾਰ ਕੀਤਾ ਹੈ । 
ਖ਼ਾਲਸਾ ਗੁਰੂ ਹੈ ਗੁਰੂ ਖ਼ਾਲਸਾ ਕਰੋ ਮੈਂ ਅਬ,
ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿE, ਸੰਕ ਨਾ ਕਰੀ ਜੈ ਸਾਵਧਾਨ ਹੋਇ ਦੀਜੈ ।
ਅਬ ਅੰਮ੍ਰਿਤ ਛਕਾਵੋ ਮੋਹਿ ਜੈਸੇ ਤੁਮ ਲੀਨਿE ।
ਗੁਰੂ ਖ਼ਾਲਸੇ ਨੇ ਗੋਬਿੰਦ ਰਾਏ ਨੂੰ ਖੰਡੇ ਦੀ ਪਹੁਲ ਛਕਾ ਕੇ ਉਨ੍ਹਾਂ ਦਾ ਨਾਂਅ ਗੋਬਿੰਦ ਸਿੰਘ ਰੱਖਿਆ । ਭਾਈ ਗੁਰਦਾਸ ਸਿੰਘ ਨੇ ਰਾਮਕਲੀ ਕੀ ਵਾਰ ਪਾਤਸ਼ਾਹੀ ਦਸਵੀਂ ਵਿੱਚ ਗੁਰੂ ਖ਼ਾਲਸੇ ਵੱਲੋਂ ਗੋਬਿੰਦ ਰਾਏ ਨੂੰ ਅੰਮ੍ਰਿਤ ਛਕਾਉਣ ਦੀ ਘਟਨਾ ਨੂੰ ਇਨ੍ਹਾਂ ਸ਼ਬਦਾਂ ਵਿੱਚ ਵਰਨਣ ਕੀਤਾ ਹੈ : ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਪੇ ਗੁਰ ਚੇਲਾ ਦਾ ਸਿਧਾਂਤ ਮੌਜੂਦ ਹੈ ਅਰਥਾਤ - ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭ ਚੋਜ ਵਿਡਾਨੀ (ਗੁ: ਗ੍ਰੰ: ਸਾ: ਪੰਨਾ 669) 
ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਕੱਲ੍ਹ ਬਹੁਤ ਸਾਰੇ ਪੜੇ੍ਹ ਲਿਖੇ ਗੈਰ-ਸਿੱਖ ਅਤੇ ਸਿੱਖ ਵਿਦਵਾਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਤੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਵਿੱਚ ਵੱਖਰੇਵਾਂ ਨਜ਼ਰ ਆਉਂਦਾ ਹੈ । ਸਿੱਖ ਧਰਮ ਦੇ ਵਿਰੋਧੀਆਂ ਦਾ ਇਕਾ ਬਾਣੀ ਗੁਰੁ ਇਕੋ ਸਬਦੂ ਵੀਚਾਰਿ (ਗੁ: ਗ੍ਰੰ: ਸਾ: ਪੰਨਾ 646) ਦੇ ਸਿੱਖੀ ਸਿਧਾਂਤ ਨੂੰ ਖੋਰਾ ਲਾਉਣ ਲਈ ਅੱਡੀ-ਚੋਟੀ ਤੱਕ ਜੋਰ ਲੱਗਾ ਹੋਇਆ ਹੈ । ਸਾਬਕਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਤਰਲੋਚਨ ਸਿੰਘ ਨੂੰ ਤਾਂ ਭਾਈ ਜੈਤਾ ਜੀ ਦੇ ਅੰਮ੍ਰਿਤ ਛਕਣ ਤੋਂ ਬਾਅਦ ਦਾ ਨਾਂਅ ਜੀਵਨ ਸਿੰਘ ਵੀ ਪ੍ਰਵਾਨ ਨਹੀਂ ਹੈ । ਸ: ਤਰਲੋਚਨ ਸਿੰਘ ਆਪਣੀ ਕਿਤਾਬ ਸਿੱਖੀ ਸੋਚ ਦੇ ਪਹਿਰੇਦਾਰ ਦੇ ਸਫ਼ਾ 40-41-42 &lsquoਤੇ ਸਿੱਖ ਇਤਿਹਾਸਕ ਤੱਥ ਨਾ ਬਦਲੇ ਜਾਣ ਦੇ ਸਿਰਲੇਖ ਹੇਠਾਂ ਲਿਖਦੇ ਹਨ : ਮੈਨੂੰ ਹੈਰਾਨੀ ਹੋਈ ਜਦ ਦਿੱਲੀ ਵਿੱਚ ਭਾਈ ਜੈਤਾ ਨੂੰ ਸ਼ਰਧਾਂਜਲੀ ਦੇਣ ਲਈ ਲੰਗਰ ਹਾਲ ਦਾ ਨਾਂ ਉਨ੍ਹਾਂ ਦੇ ਨਾਂ &lsquoਤੇ ਰੱਖਣ ਦਾ ਫੈਸਲਾ ਹੋਇਆ ਤੇ ਨਾਂ ਭਾਈ ਜੀਵਨ ਸਿੰਘ ਹਾਲ ਰੱਖ ਦਿੱਤਾ ਗਿਆ । ਕੀ ਅਸੀਂ ਇਤਿਹਾਸ ਬਦਲ ਸਕਦੇ ਹਾਂ ? ਸ: ਤਰਲੋਚਨ ਸਿੰਘ ਅੱਗੇ ਚੱਲਕੇ ਹੋਰ ਲਿਖਦੇ ਹਨ ਕਿ : ਅੱਜ ਕੱਲ੍ਹ ਇਕ ਫੈਸ਼ਨ ਬਣ ਰਿਹਾ ਹੈ ਕਿ ਹਰ ਕੋਈ ਸਿੱਖ ਪਛਾਣ ਦੇ ਨਾਂ ਹੇਠ ਕਈ ਕਿਸਮ ਦੇ ਉਪਰਾਲੇ ਕਰ ਰਿਹਾ ਹੈ । ਮਾਤਾ ਗੁਜਰੀ ਨੂੰ ਕਈ ਥਾਂ ਮਾਤਾ ਗੁਜਰ ਕੌਰ ਲਿਖ ਰਹੇ ਹਨ । ਕਈ ਇਸ ਤੋਂ ਵੀ ਹੋਰ ਅੱਗੇ ਨਿਕਲ ਗਏ, ਮਾਤਾ ਸੁੰਦਰੀ ਹੁਣ ਮਾਤਾ ਸੁੰਦਰ ਕੌਰ ਬਣਾ ਦਿੱਤੀ ਗਈ ਹੈ । ਆਪ ਮੁਹਾਰੇ ਕੌਮ ਦੇ ਵੱਡੇ ਖੈਰ-ਖੁਹਾ ਇਹ ਨਾਂ ਆਪਣੀ ਮਰਜ਼ੀ ਨਾਲ ਬਦਲ ਰਹੇ ਹਨ । ਅੱਗੇ ਹੋਰ ਲਿਖਦੇ ਹਨ ਕਿ ਸਾਡੀ ਪਰੰਪਰਾ ਅਨੁਸਾਰ ਕੇਵਲ ਭਾਈ ਨੰਦ ਲਾਲ ਦੀ ਕਵਿਤਾ ਗੁਰਦੁਆਰੇ ਅੰਦਰ ਰਾਗੀ (ਰਾਗੀ ਸਿੰਘ) ਪੜ੍ਹ ਸਕਦੇ ਹਨ । ਮੈਨੂੰ ਡਰ ਹੈ ਕਿ ਭਾਈ ਨੰਦ ਲਾਲ ਦਾ ਵੀ ਨਾਂ ਬਦਲਣ ਦਾ ਖਿਆਲ ਕਿਸੇ ਸ਼ਰਧਾਲੂ ਨੂੰ ਨਾ ਆ ਜਾਵੇ । (ਨੋਟ-ਭਾਈ ਨੰਦ ਲਾਲ ਦਾ ਨਾਂ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਨੰਦ ਲਾਲ ਸਿੰਘ ਹੋ ਗਿਆ ਸੀ, ਜਿਸ ਦਾ ਜ਼ਿਕਰ ਉੱਪਰ ਵਿਸਥਾਰ ਨਾਲ ਕੀਤਾ ਜਾ ਚੁੱਕਾ ਹੈ) ਆਪਣੇ ਲੇਖ ਸਿੱਖ ਇਤਿਹਾਸਕ ਤੱਥ ਨਾ ਬਦਲੇ ਜਾਣ ਦੇ ਅੰਤ ਵਿੱਚ ਸ: ਤਰਲੋਚਨ ਸਿੰਘ ਜੀ ਲਿਖਦੇ ਹਨ ਕਿ : ਸਾਰੇ ਜਾਣਦੇ ਹਨ ਕਿ ਸਰਕਾਰੀ ਕਾਨੂੰਨ ਅਨੁਸਾਰ ਨਾਂ ਬਦਲਣ ਦੀ ਕੀ ਕਾਰਵਾਈ ਹੁੰਦੀ ਹੈ, ਕਿੰਨਾਂ ੁਮੁਸ਼ਕਿਲ ਕੰਮ ਹੈ । ਪਿੰਡਾਂ ਦਾ ਨਾਂ ਵੀ ਸਹਿਜੇ ਕੀਤੇ ਕੋਈ ਬਦਲ ਨਹੀਂ ਸਕਦਾ । ਮੇਰੀ (ਤਰਲੋਚਨ ਸਿੰਘ ਦੀ) ਇਹ ਬੇਨਤੀ ਹੈ ਕਿ ਸ਼ਰਧਾ ਨੂੰ ਕਾਇਮ ਰੱਖੋ, ਪਰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇਤਿਹਾਸ ਸਬੰਧੀ ਗਲਤ ਫਹਿਮੀਆਂ ਪੈਦਾ ਨਾ ਕਰੋ । ਇਤਿਹਾਸਕਾਰ ਜਦ ਖੋਜ ਕਰਨਗੇ, ਫਿਰ ਕੀ ਲੱਭਣਗੇ ? ਇਹ ਵੀ ਦਰਜ ਕਰੋ ਕਿ ਕਿਸ ਖੋਜੀ ਨੇ ਇਹ ਨਾਂਅ (ਭਾਈ ਜੀਵਨ ਸਿੰਘ, ਭਾਈ ਨੰਦ ਲਾਲ ਸਿੰਘ, ਮਾਤਾ ਗੁਜ਼ਰ ਕੌਰ, ਮਾਤਾ ਸੁੰਦਰ ਕੌਰ) ਕਿਸ ਨੇ ਲੱਭੇ ਹਨ ਤੇ ਇਨ੍ਹਾਂ ਦੀ ਪ੍ਰਵਾਨਗੀ ਕਿਸ ਨੇ ਦਿੱਤੀ ਹੈ ? (ਨੋਟ 1699 ਦੀ ਵੈਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਪੁਰਸ਼ਾਂ ਨੂੰ ਸਿੰਘ ਤੇ ਇਸਤਰੀਆਂ ਨੂੰ ਕੌਰ ਆਪਣੇ ਨਾਂਅ ਨਾਲ ਲਾਉਣ ਦੀ ਪ੍ਰਵਾਨਗੀ ਦਿੱਤੀ ਹੈ) 
ਸ: ਤਰਲੋਚਨ ਸਿੰਘ ਨੇ ਸਿੰਘ ਸਾਹਿਬਾਨਾਂ ਨੂੰ ਵੀ ਇਸ ਬੇਲੋੜੀ ਨਵੀਂ ਸਮੱਸਿਆ ਨੂੰ ਹੁਣ ਤੋਂ ਹੀ ਰੋਕਣ ਲਈ ਉਪਰਾਲੇ ਕਰਨ ਦੀ ਸਲਾਹ ਦਿੱਤੀ ਹੈ ਭਾਵ ਸਿੱਖ ਇਤਿਹਾਸ ਵਿੱਚ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਜਿਨ੍ਹਾਂ ਨੂੰ ਸਿੱਖ ਦੋ ਵੇਲੇ ਦੀ ਰੋਜ਼ਾਨਾ ਅਰਦਾਸ ਵਿੱਚ ਯਾਦ ਕਰਦੇ ਹਨ, ਜਦੋਂ ਉਨ੍ਹਾਂ ਦਾ ਇਤਿਹਾਸ ਹੁਣ ਦੁਬਾਰਾ ਲਿਖਿਆ ਜਾਣਾ ਹੈ ਤਾਂ ਉਨ੍ਹਾਂ ਦੇ ਨਾਂਅ ਨਾਲ ਸਿੰਘ ਤੇ ਕੌਰ ਦੀ ਵਰਤੋਂ ਨਾ ਕੀਤੀ ਜਾਵੇ । ਖ਼ਾਲਸਾ ਪੰਥ ਦੇ ਵਿਰੋਧੀ ਸੰਗਠਨਾਂ ਅਤੇ ਸ: ਤਰਲੋਚਨ ਸਿੰਘ ਹੋਰਾਂ ਦਾ ਅਸਲ ਨਿਸ਼ਾਨਾ ਹੈ : ਦਸਮੇਸ਼ ਦੇ ਅੰਮ੍ਰਿਤ, ਸਿੱਖੀ ਦੀ ਰਹਿਤ, ਗੁਰੂ ਗ੍ਰੰਥ-ਪੰਥ ਦੀ ਗੁਰਆਈ ਤੇ ਸਿੱਖ ਇਤਿਹਾਸ ਦੇ ਜੁਝਾਰੂ ਖਾਸੇ ਨੂੰ ਖਤਮ ਕਰਕੇ ਸਥਾਈ-ਬਹੁਗਿਣਤੀ ਦੇ ਸੱਭਿਆਚਾਰ ਵਿੱਚ ਇਸ ਤਰ੍ਹਾਂ ਰੰਗ ਦੇਵਾਂ ਕਿ ਸਿੱਖਾਂ ਦੀ ਵੱਖਰੀ ਪਛਾਣ ਮਿੱਟ ਜਾਵੇ ਤੇ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲਿਆ ਜਾਵੇ ।
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰ