image caption: -ਰਜਿੰਦਰ ਸਿੰਘ ਪੁਰੇਵਾਲ

ਇੰਗਲੈਂਡ ਦੀ ਨਿਘਰੀ ਅਰਥ ਵਿਵਸਥਾ ਬਨਾਮ ਆਸ ਦੀ ਕਿਰਨ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ

ਨਸਲਵਾਦ ਵਿਰੋਧੀ ਦ੍ਰਿਸ਼ਟੀਕੋਣ ਤੋਂ ਸੂਨਕ ਦਾ ਪ੍ਰਧਾਨ ਮੰਤਰੀ ਬਣਨਾ ਅਹਿਮ ਹੈ| ਉਹ ਪਹਿਲਾ ਪ੍ਰਧਾਨ ਮੰਤਰੀ ਹੈ ਜੋ ਗੋਰੀ ਨਸਲ ਵਿਚੋਂ ਨਹੀਂ| ਉਹ ਬਰਤਾਨੀਆ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ| ਅਹੁਦਾ ਸੰਭਾਲਣ ਤੋਂ ਪਹਿਲਾਂ ਸੂਨਕ ਨੇ ਬਰਤਾਨੀਆ ਦੇ ਸਮਰਾਟ ਚਾਰਲਸ 3 ਨਾਲ ਰਸਮੀ ਮੁਲਾਕਾਤ ਵੀ ਕੀਤੀ| ਉਧਰ ਅਹੁਦਾ ਛੱਡ ਰਹੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਬਕਿੰਘਮ ਪੈਲੇਸ ਜਾ ਕੇ ਆਪਣਾ ਅਸਤੀਫ਼ਾ ਸਮਰਾਟ ਨੂੰ ਸੌਂਪਣ ਤੋਂ ਪਹਿਲਾਂ ਡਾਊਨਿੰਗ ਸਟਰੀਟ ਵਿੱਚ ਆਪਣੀ ਆਖਰੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ| ਟਰੱਸ ਤੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਟਵੀਟ ਕਰਕੇ ਸੂਨਕ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ| ਅਹੁਦਾ ਸੰਭਾਲਣ ਤੋਂ ਫੌਰੀ ਮਗਰੋਂ ਸੂਨਕ ਨੇ ਆਪਣੀ ਕੈਬਨਿਟ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਵੀ ਕੀਤੀਆਂ| ਸੂਨਕ, ਜੋ ਹਿੰਦੂ ਧਰਮ ਨਾਲ ਸਬੰਧ ਰੱਖਦੇ ਹਨ, ਪਿਛਲੇ 210 ਸਾਲਾਂ ਵਿੱਚ ਬਰਤਾਨੀਆ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹਨ| ਸੂਨਕ ਨੇ  ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਮਨੋਨੀਤ ਕੀਤੇ ਜਾਣ ਮਗਰੋਂ ਆਪਣੇ ਪਲੇਠੇ ਸੰਬੋਧਨ ਵਿੱਚ ਕਿਹਾ ਸੀ, ਯੂਕੇ ਨੂੰ ਵੱਡੀ ਆਰਥਿਕ ਚੁਣੌਤੀ ਦਰਪੇਸ਼ ਹੈ| ਸਾਨੂੰ ਹੁਣ ਸਥਿਰਤਾ ਤੇ ਇਕਜੁੱਟਤਾ ਦੀ ਲੋੜ ਹੈ ਅਤੇ ਮੈਂ ਆਪਣੀ ਪਾਰਟੀ ਤੇ ਆਪਣੇ ਮੁਲਕ ਨੂੰ ਇਕਜੁੱਟ ਕਰਨ ਨੂੰ ਆਪਣੀ ਸਿਖਰਲੀ ਤਰਜੀਹ ਬਣਾਵਾਂਗਾ|ਇਸ ਨਾਲ ਅਸੀਂ ਸਾਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਦੇ ਨਾਲ ਆਪਣੇ ਬੱਚਿਆਂ ਤੇ ਅੱਗੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵਧੇਰੇ ਖ਼ੁਸ਼ਹਾਲ ਤੇ ਬਿਹਤਰ ਬਣਾ ਸਕਦੇ ਹਾਂ|
ਯੂਕੇ ਨੂੰ ਆਰਥਿਕ ਫਰੰਟ ਤੇ ਸਥਿਰ ਰੱਖਣ ਲਈ ਸੂਨਕ ਨੇ ਆਪਣੀ ਨਵੀਂ ਕੈਬਨਿਟ ਵਿੱਚ ਜੈਰੇਮੀ ਹੰਟ ਨੂੰ ਵਿੱਤ ਮੰਤਰੀ ਵਜੋਂ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ| ਇਸੇ ਤਰ੍ਹਾਂ ਜੇਮਸ ਕਲੈਵਰਲੀ, ਜੋ ਸੂਨਕ ਦੇ ਵਫ਼ਾਦਾਰਾਂ ਦੀ ਸੂਚੀ ਵਿੱਚ ਸ਼ੁਮਾਰ ਨਹੀ ਹਨ, ਵੀ ਵਿਦੇਸ਼ ਮੰਤਰੀ ਬਣੇ ਰਹਿਣਗੇ| ਡੋਮੀਨਿਕ ਰੌਬ, ਜੋ ਬੋਰਿਸ ਜੌਹਨਸਨ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਤੇ ਨਿਆਂ ਮੰਤਰੀ ਸਨ, ਸੂਨਕ ਦੀ ਅਗਵਾਈ ਵਾਲੀ ਕੈਬਨਿਟ &rsquoਚ ਇਨ੍ਹਾਂ ਦੋਵਾਂ ਅਹੁਦਿਆਂ &rsquoਤੇ ਵਾਪਸੀ ਕਰ ਸਕਦੇ ਹਨ| ਸਟੀਵ ਬਰਕਲੇ ਨੂੰ ਸਿਹਤ ਮੰਤਰੀ ਬਣਾਇਆ ਗਿਆ| ਉਂਜ ਸੂਨਕ ਵੱਲੋਂ 10 ਡਾਊਨਿੰਗ ਸਟਰੀਟ ਦਾ ਚਾਰਜ ਲੈਣ ਮਗਰੋਂ ਲਿਜ਼ ਟਰੱਸ ਤੇ ਬੋਰਿਸ ਜੌਹਨਸਨ ਧੜਿਆਂ ਨਾਲ ਸਬੰਧਤ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ|
ਮਾਹਿਰਾਂ ਦਾ ਮੰਨਣਾ ਹੈ ਕਿ ਬਰਤਾਨਵੀ ਸਰਕਾਰ ਦੀ ਕਮਾਨ ਭਾਰਤੀ ਮੂਲ ਦੇ ਰਿਸ਼ੀ ਸੂਨਕ ਹੱਥ ਆਉਣ ਨਾਲ ਭਾਰਤ-ਯੂਕੇ ਮੁਫ਼ਤ ਵਪਾਰ ਸਮਝੌਤਾ, ਜਿਸ ਨੂੰ ਪਹਿਲਾਂ ਦੀਵਾਲੀ ਤੱਕ ਅਮਲ ਵਿੱਚ ਲਿਆਂਦਾ ਜਾਣਾ ਸੀ, ਨੂੰ ਰਫ਼ਤਾਰ ਮਿਲੇਗੀ| ਮਾਹਿਰਾਂ ਦਾ ਕਹਿਣਾ ਹੈ ਕਿ ਯੂਕੇ ਵਿੱਚ ਸਿਆਸੀ ਸਥਿਰਤਾ ਨਾਲ ਸਮਝੌਤੇ ਬਾਰੇ ਗੱਲਬਾਤ ਮੁੜ ਰਫ਼ਤਾਰ ਫੜੇਗੀ| ਕਾਬਿਲੇਗੌਰ ਹੈ ਕਿ ਦੋਵਾਂ ਮੁਲਕਾਂ ਨੇ ਮੁਫ਼ਤ ਵਪਾਰ ਸਮਝੌਤੇ (ਐੱਫਟੀਏ) ਬਾਰੇ ਗੱਲਬਾਤ ਇਸੇ ਸਾਲ ਜਨਵਰੀ ਵਿੱਚ ਸ਼ੁਰੂ ਕੀਤੀ ਸੀ ਤੇ ਉਦੋਂ ਇਸ ਕਰਾਰ ਨੂੰ ਸਿਰੇ ਚਾੜ੍ਹਨ ਲਈ ਦੀਵਾਲੀ ਤੱਕ ਦੀ ਮਿਆਦ ਨਿਰਧਾਰਿਤ ਕੀਤੀ ਗਈ ਸੀ| ਹਾਲਾਂਕਿ ਸਹਿਮਤੀ ਦੀ ਘਾਟ ਕਰਕੇ ਦੋਵੇਂ ਧਿਰਾਂ ਸਮਝੌਤੇ ਨੂੰ ਕਿਸੇ ਤਣ-ਪੱਤਣ ਨਹੀਂ ਲਾ ਸਕੀਆਂ| ਜੌਹਨਸਨ ਸਰਕਾਰ ਵਿਚ ਵਿੱਤ ਮੰਤਰੀ ਰਹੇ ਸੂਨਕ ਨੇ ਉਦੋਂ ਐੱਫਟੀਏ ਨੂੰ ਹਮਾਇਤ ਦਿੰਦਿਆਂ ਕਿਹਾ ਸੀ ਕਿ ਉਹ ਇਸ ਕਰਾਰ ਨੂੰ ਦੋਵਾਂ ਮੁਲਕਾਂ ਲਈ ਫਿਨਟੈੱਕ ਤੇ ਇੰਸ਼ੋਰੈਂਸ ਖੇਤਰ ਵਿੱਚ ਵੱਡੇ ਮੌਕਿਆਂ ਵਜੋਂ ਵੇਖਦੇ ਹਨ|  ਮਾਹਿਰਾਂ ਦਾ ਮੰਨਣਾ ਹੈ ਕਿ ਐੱਫਟੀਏ ਸਦਕਾ 2030 ਤੱਕ ਦੋਵਾਂ ਮੁਲਕਾਂ ਵਿੱਚ ਦੁਵੱਲਾ ਵਪਾਰ ਲਗਪਗ ਦੁੱਗਣਾ ਹੋਣ ਦੇ ਅਸਾਰ ਹਨ| ਸਾਲ 2021-22 ਵਿੱਚ ਭਾਰਤ ਤੇ ਯੂਕੇ ਦਰਮਿਆਨ ਕੁੱਲ 17.5 ਅਰਬ ਡਾਲਰ ਦਾ ਵਪਾਰ ਹੈ| 
 ਰਿਸ਼ੀ ਸੁਨਕ ਦੇ ਦਾਦਕੇ ਅਣਵੰਡੇ ਪੰਜਾਬ ਦੇ ਗੁਜਰਾਂਵਾਲਾ ਇਲਾਕੇ ਨਾਲ ਸਬੰਧਤ ਸਨ| ਉਹ 1935 ਵਿਚ ਹਿਜਰਤ ਕਰ ਕੇ ਕੀਨੀਆ ਦੀ ਰਾਜਧਾਨੀ ਨੈਰੋਬੀ ਚਲੇ ਗਏ ਸਨ ਤੇ ਬਾਅਦ ਵਿਚ ਇੰਗਲੈਂਡ ਚਲੇ ਗਏ ਸਨ, ਜਿੱਥੇ ਰਿਸ਼ੀ ਸੁਨਕ ਦਾ ਜਨਮ 12 ਮਈ, 1980 ਨੂੰ ਹੋਇਆ ਸੀ| ਸੁਭਾਵਿਕ ਤੌਰ ਤੇ ਉਨ੍ਹਾਂ ਦੇ ਇੰਗਲੈਂਡ ਦੇ ਪੀਐੱਮ ਬਣਨ ਦੀ ਖ਼ੁਸ਼ੀ ਪੰਜਾਬ ਸਮੇਤ ਸਮੁੱਚੀ ਦੁਨੀਆ ਵਿਚ ਵੱਸਦੇ ਭਾਰਤੀਆਂ ਨੂੰ ਹੈ| ਉਹ ਇੰਗਲੈਂਡ &rsquoਚ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜੋ ਆਪਣੇ ਆਪ &rsquoਵਿਚ ਇਕ ਇਤਿਹਾਸਕ ਘਟਨਾ ਹੈ|  ਰਿਸ਼ੀ ਸੁਨਕ ਦੀ ਪਤਨੀ ਅਕਰਸ਼ਤਾ ਮੂਰਤੀ ਤਾਂ ਹਾਲੇ ਵੀ ਭਾਰਤੀ ਨਾਗਰਿਕ ਹਨ| ਉਹ ਦੁਨੀਆ ਦੀ ਪ੍ਰਸਿੱਧ ਕਾਰਪੋਰੇਟ ਕੰਪਨੀ ਇਨਫੋਸਿਸ ਦੇ ਮਾਲਕ ਨਾਰਾਇਣ ਮੂਰਤੀ ਦੀ ਧੀ ਹਨ| ਅਕਰਸ਼ਤਾ ਇਸ ਵੇਲੇ 120 ਕਰੋੜ ਡਾਲਰ ਦੀ ਸੰਪਤੀ ਦੀ ਮਾਲਕਣ ਹਨ| ਉਨ੍ਹਾਂ ਦਾ ਸ਼ੁਮਾਰ ਦੁਨੀਆ ਦੀਆਂ ਸਭ ਤੋਂ ਅਮੀਰ ਔਰਤਾਂ ਵਿਚ ਹੁੰਦਾ ਹੈ ਅਤੇ ਹੁਣ ਉਨ੍ਹਾਂ ਨੂੰ ਯੂਕੇ ਦੀ ਫਸਟ ਲੇਡੀ ਦਾ ਖ਼ਿਤਾਬ ਵੀ ਮਿਲ ਗਿਆ ਹੈ| 
ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਸ਼ੀ ਸੁਨਕ ਨੂੰ ਇੰਗਲੈਂਡ ਚ ਵੱਸਦੇ ਭਾਰਤੀਆਂ ਦਾ ਸਜੀਵ ਪੁਲ ਆਖ ਚੁੱਕੇ ਹਨ| ਰਿਸ਼ੀ ਸੁਨਕ ਦਾ ਮੂਲ ਗੁਜਰਾਂਵਾਲਾ ਹੋਣ ਕਾਰਨ ਇਸ ਵੇਲੇ ਪਾਕਿਸਤਾਨ &rsquoਚ ਵੀ ਖ਼ੁਸ਼ੀਆਂ ਵਾਲਾ ਮਾਹੌਲ ਹੈ ਤੇ ਖ਼ਾਸ ਕਰਕੇ ਸਮੁੱਚੇ ਏਸ਼ੀਆ ਨੂੰ ਹੀ ਉਨ੍ਹਾਂ ਤੇ ਮਾਣ ਹੈ| ਉੱਧਰ ਖ਼ੁਦ ਸੁਨਕ ਲਈ ਪ੍ਰਧਾਨ ਮੰਤਰੀ ਦਾ ਅਹੁਦਾ &lsquoਫੁੱਲਾਂ ਦਾ ਤਾਜ&rsquo ਨਹੀਂ ਸਗੋਂ &lsquoਕੰਡਿਆਂ ਦੀ ਸੇਜ&rsquo ਤਕ ਵੀ ਸਿੱਧ ਹੋ ਸਕਦਾ ਹੈ ਕਿਉਂਕਿ ਯੂਕੇ ਇਸ ਵੇਲੇ ਵੱਡੇ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ| ਪਿਛਲੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ ਹੀ ਇੰਗਲੈਂਡ ਨੂੰ ਤੀਜਾ ਪ੍ਰਧਾਨ ਮੰਤਰੀ ਨਿਯੁਕਤ ਕਰਨਾ ਪਿਆ ਹੈ| ਇਸ ਕਾਰਨ ਦੇਸ਼-ਵਿਦੇਸ਼ ਦੇ ਨਿਵੇਸ਼ਕ ਹੁਣ ਆਪਣਾ ਸਰਮਾਇਆ ਲਾਉਣ ਤੋਂ ਟਾਲਾ ਵੱਟਣ ਲੱਗ ਪਏ ਹਨ| ਹੋਰ ਭਾਈਵਾਲ ਦੇਸ਼ਾਂ ਵਿਚੋਂ ਵੀ ਇਸ ਮਾਮਲੇ ਚ ਕੋਈ ਨਿੱਤਰਨ ਲਈ ਤਿਆਰ ਨਹੀਂ ਹੈ| ਪਿਛਲੇ ਕੁਝ ਸਮੇਂ ਦੌਰਾਨ ਹੀ ਦੇਸ਼ ਦੀ ਸਰਕਾਰ ਨੂੰ ਆਪਣੇ ਖ਼ਰਚਿਆਂ ਵਿਚ 45 ਅਰਬ ਡਾਲਰ ਦੀ ਕਟੌਤੀ ਤਕ ਕਰਨੀ ਪਈ ਹੈ| ਕਰਜ਼ੇ ਤੇ ਵਿਆਜ ਦੇ ਖ਼ਰਚੇ ਵਧਦੇ ਜਾ ਰਹੇ ਹਨ, ਜਿਸ ਕਾਰਨ ਦੇਸ਼ ਦਾ ਅਰਥਚਾਰਾ ਇਕ ਅਜੀਬ ਕਿਸਮ ਦੀ ਘੁੰਮਣ-ਘੇਰੀ ਵਿਚ ਫਸਿਆ ਹੋਇਆ ਹੈ ਤੇ ਉਸ ਦੀ ਹਾਲਤ ਦਿਨ-ਬ-ਦਿਨ ਨਿੱਘਰਦੀ ਜਾ ਰਹੀ ਹੈ| ਇੰਗਲੈਂਡ ਵਿਚ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ| ਸਿਆਸੀ ਅਸਥਿਰਤਾ ਦਾ ਕਾਰਨ ਆਰਥਿਕਤਾ ਵਿਚ ਆ ਰਹੇ ਭੂਚਾਲ ਹੀ ਹਨ| ਦੂਸਰੀ ਆਲਮੀ ਜੰਗ ਦੌਰਾਨ ਦੁਨੀਆ ਤੇ ਇੰਗਲੈਂਡ ਦੇ ਗ਼ਲਬੇ ਦਾ ਦੌਰ ਖ਼ਤਮ ਹੋ ਗਿਆ| ਅਮਰੀਕਾ ਨੇ ਰੂਸ-ਯੂਕਰੇਨ ਜੰਗ ਨੂੰ ਬਹੁਤ ਚਲਾਕੀ ਨਾਲ ਰੂਸ ਦੇ ਨਾਲ ਨਾਲ ਯੂਰਪੀ ਦੇਸ਼ਾਂ ਵਿਰੁੱਧ ਵੀ ਵਰਤਿਆ ਹੈ| ਇੰਗਲੈਂਡ ਵੱਡੇ ਸੰਕਟ ਵਿਚ ਹੈ| 
ਨਵੇਂ ਪ੍ਰਧਾਨ ਮੰਤਰੀ ਨੂੰ ਅਨੇਕ ਸਿਆਸੀ ਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ| ਇਸੇ ਲਈ ਰਿਸ਼ੀ ਸੁਨਕ ਨੇ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਸਮੂਹ ਮੈਂਬਰਾਂ ਨੂੰ ਇਸ ਸੰਕਟ ਪ੍ਰਤੀ ਸਾਵਧਾਨ ਕੀਤਾ ਹੈ| ਹੁਣ ਸਰਕਾਰ ਨੂੰ ਸਿਹਤ, ਸਿੱਖਿਆ, ਰੱਖਿਆ, ਭਲਾਈ ਤੇ ਪੈਨਸ਼ਨਾਂ ਜਿਹੇ ਖੇਤਰਾਂ ਵਿਚ ਹੋ ਰਹੇ ਖ਼ਰਚਿਆਂ ਨੂੰ ਘਟਾਉਣ ਉੱਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ| ਆਸ ਕਰਦੇ ਹਾਂ ਕਿ ਪੰਜਾਬੀਆਂ ਦਾ ਮਾਣ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਇੰਗਲੈਂਡ ਨੂੰ ਆਰਥਿਕ ਸੰਕਟ ਵਿਚੋਂ ਕਢਣ ਵਿਚ ਕਾਮਯਾਬ ਹੋਣਗੇ|
-ਰਜਿੰਦਰ ਸਿੰਘ ਪੁਰੇਵਾਲ