image caption: ਕੁਲਵੰਤ ਸਿੰਘ ਢੇਸੀ

ਪੈਰੋਲ ਤੇ ਆਏ ਸੌਦੇ ਵਾਲੇ ਦੇ ਪੈਰੀਂ ਪੈ ਗਏ ਭਾਜਪਾ ਵਾਲੇ ਵਾਜਪਾਈ ਤੋਂ ਨੰਬਰ ਲੈ ਗਈ ਲਿਜ਼ ਟਰੱਸ ਕਰੋੜਪਤੀ ਬਣੇਗਾ ਪ੍ਰਧਾਨ ਮੰਤਰੀ

 ਹਰ ਸ਼ਾਖ ਪੇ ਉੱਲੂ ਕਾਬਜ਼ ਹੈ, ਅੰਜਾਮਿ ਗੁਲਿਸਤਾਂ ਕਿਆ ਹੋਗਾ?

ਦੇਸ਼ ਭਗਤ ਦਾ ਤਮਗਾ ਪਾ ਕੇ ਘੁੰਮ ਰਹੇ ਨੇ ਗੁੰਡੇ, ਅੰਨ ਦਾਤਾ ਪਰ ਬਣਿਆ ਹੈ ਅੱਜ ਇਥੇ ਦੇਸ਼ ਧਰੋਹੀ


ਰੋਹਤਕ ਦੀ ਸੁਨਾਰੀਆ ਜਿਹਲ ਵਿਚ ਸਾਧਵੀ ਯੌਨ ਸ਼ੋਸ਼ਣ ਦੇ ਸਬੰਧ ਵਿਚ ੨੦ ਸਾਲ ਦੀ ਸਜ਼ਾ ਭੁਗਤ ਰਿਹਾ ਸੌਦੇ ਵਾਲਾ ਸਾਧ ਇੱਕ ਸਾਲ ਵਿਚ ਤੀਸਰੀ ਵਾਰ ਪੇਰੋਲ ਤੇ ਆਇਆ ਹੈ ਅਤੇ ਅੱਜਕਲ ਉਹ ਆਨਲਾਈਨ ਸਤਸੰਗ ਕਰ ਰਿਹਾ ਹੈ। ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਆਦਮਪੁਰ ਹਲਕੇ ਦੀ ਜਿਮਨੀ ਚੋਣ ਅਤੇ ਹਰਿਆਣਾ ਵਿਚ ਹੋ ਰਹੀਆਂ ਆਮ ਚੋਣਾਂ ਵਿਚ ਸਿਆਸੀ ਲਾਹਾ ਲੈਣ ਲਈ ਭਾਜਪਾ ਵਾਲਿਆਂ ਨੇ ਸੌਦੇ ਵਾਲੇ ਨੂੰ ਪੈਰੋਲ ਤੇ ਰਿਹਾ ਕਰ ਦੇਣਾ ਹੈ ਜੋ ਕਿ ਸੱਚ ਸਾਬਤ ਹੋਇਆਹੁਣ ਜਦੋਂ ਭਾਜਪਾ ਦੇ ਆਗੂ ਸਭ ਸੰਗ ਸ਼ਰਮ ਤਿਆਗ ਕੇ ਉਸ ਦਾ ਆਨਲਾਈਨ ਪ੍ਰਵਚਨ ਸੁਣ ਕੇ ਮੀਡੀਏ ਵਿਚ ਉਸ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੇ ਹਨ ਤਾਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਨੇ ਰਾਜਨੀਤਕ ਖੁਦਗਰਜ਼ੀ ਲਈ ਪਤਾਲਾਂ ਤਕ ਗਰਕ ਜਾਣ ਨੂੰ ਤਰਜੀਹ ਦੇ ਰੱਖੀ ਹੈ।


ਜਿਸ ਵਿਅਕਤੀ ਨੂੰ ਮਾਣਯੋਗ ਅਦਾਲਤ ਨੇ ਵੀਹ ਸਾਲ ਲਈ ਕਤਲ ਅਤੇ ਜਬਰਜਨਾਹ ਦੇ ਦੋਸ਼ਾਂ ਤਹਿਤ ਸੀਖਾਂ ਪਿੱਛੇ ਬੰਨ੍ਹਿਆ ਹੋਵੇ ਉਸ ਗੁਨਾਹਗਾਰ ਦੇ ਪੈਰਾਂ ਵਿਚ ਵਿਛੇ ਰਾਜਨੀਤਕ ਲੋਕ ਆਖਿਰ ਜਨਤਾ ਸਾਹਮਣੇ ਕੀ ਸਾਬਤ ਕਰਨਾ ਚਹੁੰਦੇ ਹਨ। ਜਿਸ ਵੇਲੇ ਪੱਤਰਕਾਰ ਰਾਮ ਚੰਦਰ ਛਤਰਪਤੀ ਨੇ ਸੌਦੇ ਵਾਲੇ ਦਾ ਭਾਂਡਾ ਭੰਨਣ ਦੀ ਕੋਸ਼ਿਸ਼ ਕੀਤੀ ਤਾਂ ਸੌਦੇ ਵਾਲੇ ਨੇ ਉਸ ਨੂੰ ਕਤਲ ਕਰਵਾ ਦਿੱਤਾ ਅਤੇ ਸੌਦੇ ਵਾਲੇ ਦੇ ਸਿਰ &lsquoਤੇ ਡੇਰੇ ਦੇ ਹੀ ਇੱਕ ਸ਼ਰਧਾਲੂ ਰਣਜੀਤ ਸਿੰਘ ਦੇ ਕਤਲ ਦਾ ਵੀ ਦੋਸ਼ ਹੈ। ਇਹਨਾ ਸੰਗੀਨ ਦੋਸ਼ਾਂ ਤਹਿਤ ਉਮਰ ਕੈਦ ਭੁਗਤ ਰਹੇ ਸੌਦੇ ਵਾਲੇ ਦੇ ਧਾਰਮਕ ਪ੍ਰਵਚਨਾ ਦੇ ਕੀ ਅਰਥ ਰਹਿ ਜਾਂਦੇ ਹਨ। ਭੋਲੇ ਭਾਲੇ ਸਧਾਰਨ ਲੋਕ ਤਾਂ ਮੰਨਿਆਂ ਜਾ ਸਕਦਾ ਹੈ ਕਿ ਮੂਰਖ ਹਨ ਪਰ ਕੀ ਭਾਜਪਾ ਦੇ ਰਾਜਨੀਤਕ ਆਗੂ ਇਹ ਗੱਲ ਨਹੀਂ ਸਮਝਦੇ ਕਿ ਸਮਾਜ ਵਿਚ ਇਸ ਤਰਾਂ ਦੇ ਦਾਨਵੀ ਵਿਅਕਤੀ ਦੀ ਪੈੜ ਮਿੱਧ ਕੇ ਉਹ ਆਪਣੇ ਸਮਾਜ ਨੂੰ ਕਿਸ ਪਾਸੇ ਵਲ ਲੈ ਕੇ ਜਾ ਰਹੇ ਹਨ।


ਇੱਕ ਗੱਲ ਹੋਰ ਵੀ ਵਿਚਾਰਨਯੋਗ ਹੈ ਕਿ ਭਾਰਤ ਵਿਚ ਜਦੋਂ ਕਿਸੇ ਸਵਰਨ ਜਾਤੀ ਦੀ ਹਿੰਦੂ ਲੜਕੀ ਨਾਲ ਬਲਾਤਕਾਰ ਹੁੰਦਾ ਹੈ ਤਾਂ ਉਸ ਦਾ ਸਾਰੇ ਹੀ ਦੇਸ਼ ਵਿਚ ਤਿੱਖਾ ਪ੍ਰਤੀਕਰਮ ਹੁੰਦਾ ਹੈ ਪਰ ਜਦੋਂ ਕਿਸੇ ਦਲਿਤ, ਮੁਸਲਮਾਨ ਜਾਂ ਕਿਸੇ ਹੋਰ ਘੱਟਗਿਣਤੀ ਲੜਕੀ ਦਾ ਬਲਾਤਕਾਰ ਹੁੰਦਾ ਹੈ ਤਾਂ ਰਾਜਸੀ ਸ਼ਕਤੀਆਂ ਉਸ ਨੂੰ ਦਬਾਉਣ ਵਿਚ ਅੱਡੀ ਚੋਟੀ ਦਾ ਜੋਰ ਲਾ ਦਿੰਦੀਆਂ ਹਨ। ਕਸ਼ਮੀਰ ਵਿਚ ਇੱਕ ਅੱਠ ਸਾਲਾ ਬੱਚੀ ਦੇ ਹੋਏ ਬਲਾਤਕਾਰ ਤੋਂ ਸ਼ਬਾਨੋ ਬੀਬੀ ਦੇ ਜਬਰਜਨਾਹ ਤਕ ਸੈਂਕੜੇ ਕਹਾਣੀਆਂ ਹਨ ਜਿਥੇ ਘਰ ਦੇ ੧੧ ਜੀਅ ਵੀ ਮਾਰ ਦਿੱਤੇ ਜਾਂਦੇ ਹਨ ਅਤੇ ਇੱਕ ੩ ਸਾਲ ਦੇ ਬੱਚੇ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਅਤੇ ਜਦੋਂ ਇਹ ਬਲਾਤਕਾਰ ਕਰਨ ਵਾਲੇ ਰਾਖਸ਼ ਜਿਹਲਾਂ ਤੋਂ ਬਾਹਰ ਆਉਂਦੇ ਹਨ ਤਾਂ ਵੋਟਾਂ ਦੀ ਰਾਜਨੀਤੀ &lsquoਤੇ ਰੋਟੀਆਂ ਸੇਕਣ ਵਾਲੇ ਇਹ ਰਾਖਸ਼ ਲੋਕ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਵਿਚ ਲੱਡੂ ਪਾ ਕੇ ਦੋਸ਼ੀਆਂ ਦਾ ਸਵਾਗਤ ਕਰਦੇ ਹਨ ਤਾਂ ਕਿ ਮੰਦਰ ਅਤੇ ਮਸਜਿਦ ਦੇ ਨਾਮ &lsquoਤੇ ਕਾਇਮ ਇਹਨਾ ਦੀਆਂ ਕੁਰਸੀਆਂ ਕਾਇਮ ਰਹਿਣ।


ਇਸ ਦੇ ਨਾਲ ਹੀ ਭਾਰਤੀ ਰਾਜਨੀਤੀ ਦਾ ਅਤੇ ਨਿਆਂ ਪ੍ਰਣਾਲੀ ਦਾ ਇੱਕ ਕਰੂਪ ਚਿਹਰਾ ਇਹ ਵੀ ਹੈ ਕਿ ਲੰਬੇ ਸਮੇਂ ਤੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਰਾਜਨੀਤਕ ਆਗੂਆਂ ਨੂੰ ਤਾਂ ਛੱਡਿਆ ਨਹੀਂ ਜਾਂਦਾ ਪਰ ਦਿੱਲੀ ਦੇ ਦੰਗਿਆਂ ਵਿਚ ਜਿਹਨਾ ਨੇ ਸ਼ਰੇਆਮ ਸਿੱਖਾਂ ਨੂੰ ਦਿਨ ਦਿਹਾੜੇ ਤੇਲ ਪਾ ਕੇ ਸਾੜਿਆ ਉਹਨਾ ਨੂੰ ਪੈਰੋਲਾਂ ਵੀ ਮਿਲੀਆਂ ਅਤੇ ਲੰਬੀਆਂ ਸਜਾਵਾਂ ਵਿਚ ਮੁਆਫੀਆਂ ਵੀ ਮਿਲੀਆਂ। ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਯੂ ਕੇ ਤੋਂ ਭਾਰਤ ਗਏ ਜੱਗੀ ਜੌਹਲ ਨੂੰ ਪੰਜ ਸਾਲ ਹੋ ਗਏ ਹਨ ਜਿਹਲ ਵਿਚ ਪਰ ਹਾਲੇ ਤਕ ਅਦਾਲਤ ਨੇ ਉਸ ਦਾ ਕੇਸ ਵੀ ਸ਼ੁਰੂ ਨਹੀਂ ਕੀਤਾ ਭਾਰਤ ਵਿਚ ਹਿੰਦੂ ਬਹੁਗਿਣਤੀ ਲਈ ਅਤੇ ਘੱਟਗਿਣਤੀਆਂ ਲਈ ਕਾਨੂੰਨ ਵੱਖੋ ਵੱਖ ਹਨ।


ਸੌਦੇ ਵਾਲੇ ਸਾਧ ਨੂੰ ਜੂਨ ਦੇ ਮਹੀਨੇ ਵੀ ਇੱਕ ਮਹੀਨੇ ਦੀ ਪੈਰੋਲ ਦਿੱਤੀ ਗਈ ਸੀ ਕਿਓਂਕਿ ਉਦੋਂ ਹਰਿਆਣੇ ਦੀਆਂ ੪੬ ਨਗਰ ਪਾਲਕਾਂ ਦੀਆਂ ਚੋਣਾ ਸਨ। ਇਸੇ ਤਰਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਦੋ ਹਫਤੇ ਪਹਿਲਾਂ ੭ ਫਰਵਰੀ ਨੂੰ ਉਸ ਨੂੰ ਤਿੰਨ ਹਫਤਿਆਂ ਦੀ ਪੈਰੋਲ ਦਿੱਤੀ ਗਈ ਸੀ। ਹੁਣ ਜਦੋਂ ਸੌਦੇ ਵਾਲਾ ਯੂ.ਪੀ. ਦੇ ਬਾਗਪਤ ਵਿਚ ਡੇਰਾ ਬਰਨਾਵਾ ਆਸ਼ਰਮ ਤੋਂ ਅਤੇ ਹਿਸਾਰ ਤੋਂ ਆਨਲਾਈਨ 'ਸਤਿਸੰਗ' ਕਰਨ ਲੱਗਾ ਤਾਂ ਇਸ ਬਾਰੇ ਖਬਰਾਂ ਵਿਚ ਕਰਨਾਲ ਦੀ ਮੇਅਰ ਰੇਨੂ ਬਾਲਾ ਅਤੇ ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਤੋਂ ਬਿਨਾ ਅਨੇਕਾਂ ਹੋਰ ਭਾਜਪਾਈ ਚਿਹਰਿਆਂ ਨੂੰ ਮੀਡੀਏ ਸਾਧ ਦੇ ਪਰਮ ਸੇਵਕਾਂ ਵਜੋਂ ਉਭਾਰਿਆ ਗਿਆ। ਰੇਨੂ ਬਾਲਾ ਤਾਂ ਸੌਦੇ ਵਾਲੇ ਨੂੰ ਪਿਤਾ ਜੀ ਕਹਿ ਕੇ ਸੰਬੋਧਨ ਹੁੰਦੀ ਹੈ। ੧੫ ਅਕਤੂਬਰ ਨੂੰ ਰਿਹਾ ਹੋਇਆ ਸੌਦੇ ਵਾਲਾ ਹੁਣ ੪੦ ਦਿਨਾ ਦੀ ਪੈਰੋਲ ਤੇ ਹੈ ਅਤੇ ਉਸ ਦੀ ਰਿਹਾਈ ਮਗਰ ਭਾਜਪਾ ਦੇ ਰਾਜਨੀਤਕ ਲਾਭ ਸਫਾਈ ਦੇਖੇ ਜਾ ਸਕਦੇ ਹਨ। ਇਸ ਤਰਾਂ ਦੇ ਲੋਕ ਭਵਿੱਖ ਵਿਚ ਭਾਰਤ ਨੂੰ ਕਿਸ ਪਾਸੇ ਵਾਲ ਲੈ ਕੇ ਜਾਣਗੇ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਅੱਜ ਦੇ ਭਾਰਤੀ ਸਦਨ ਵਿਚ ਬਹੁ ਗਿਣਤੀ ਅਪ੍ਰਾਧੀ ਲੋਕਾਂ ਦੀ ਹੈ। ਜਿਸ ਦੇਸ਼ ਦੀ ਵਾਗ ਡੋਰ ਅਪ੍ਰਾਧੀ ਬਿਰਤੀ ਵਾਲੇ ਲੋਕਾਂ ਦੇ ਹੱਥਾਂ ਵਿਚ ਹੋਵੇਗੀ ਉਹ ਬਹੁਤੇ ਦਿਨ ਸਾਬਤ ਨਹੀਂ ਰਹਿ ਸਕਦਾ।


ਵਾਜਪਾਈ ਤੋਂ ਨੰਬਰ ਲੈ ਗਈ ਲਿਜ਼ ਟਰੱਸ

ਬਰਤਾਨੀਆਂ ਵਿਚ ਪਿਛਲੇ ਛੇ ਸਾਲਾਂ ਵਿਚ ਪੰਜ ਪ੍ਰਧਾਨ ਮੰਤਰੀ ਬਣੇ ਹਨ। ਲਿਜ਼ ਟਰੱਸ ਕੇਵਲ ੪੫ ਦਿਨ ਪ੍ਰਧਾਨ ਮੰਤਰੀ ਰਹੀ ਅਤੇ ਉਹ ਯੂ ਕੇ ਵਿਚ ਸਭ ਤੋਂ ਘੱਟ ਸਮਾਂ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਬਣਾ ਗਈ। ਸੰਨ ੧੯੯੬ ਵਿਚ ਭਾਰਤ ਦੇ ਅਟੱਲ ਬਿਹਾਰੀ ਵਾਜਪਾਈ ਆਪਣੇ ਰਾਜਨੀਤਕ ਦੌਰ ਵਿਚ ਪਹਿਲੀ ਵਾਰ ਸਿਰਫ ੧੩ ਦਿਨ ਹੀ ਪ੍ਰਧਾਨ ਮੰਤਰੀ ਰਿਹਾ ਸੀਫਿਰ ੧੯੯੮ ਵਿਚ ਉਸ ਦਾ ਕਾਰਜਕਾਲ ਇੱਕ ਸਾਲ ਤੇ ਇੱਕ ਮਹੀਨਾ ਚੱਲਿਆ ਪਰ ਸੰਨ ੧੯੯੯ ਨੂੰ ਉਸ ਦੀ ਪ੍ਰਧਾਨਗੀ ਹੇਠ ਭਾਜਪਾ ਨੇ ਪੰਜ ਸਾਲ ਰਾਜ ਕਰਨ ਦੀ ਟਰਮ ਪੂਰੀ ਕੀਤੀ ਸੀ।


ਬਰਤਾਨੀਆਂ ਦੀ ਰਾਜਨੀਤੀ ਸਬੰਧੀ ਸਾਲ ੨੦੨੨ ਪਾਰਟੀਗੇਟ ਦੇ ਮੁੱਦੇ ਨੂੰ ਲੈ ਕੇ ਹੋ ਹੱਲੇ ਵਾਲਾ ਸਾਲ ਰਿਹਾ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੇ ਦੋਸ਼ ਸੀ ਕਿ ਉਹ ਖੁਦ ਅਤੇ ਉਸ ਦੇ ਅਨੇਕਾਂ ਸਾਂਸਦ ੧੦ ਡਾਊਨਿੰਗ ਸਟਰੀਟ ਵਿਚ ਉਸ ਸਮੇਂ ਬੀਅਰ ਬੱਤੇ ਦੇ ਗੁਲਸ਼ਰੇ ਉਡਾਉਂਦੇ ਰਹੇ ਜਦੋਂ ਕਿ ਦੇਸ਼ ਵਿਚ ਕਰੋਨੇ ਦੀ ਬਿਮਾਰੀ ਕਰਕੇ ਲੌਕ ਡਾਊਨ ਲੱਗਿਆ ਹੋਇਆ ਸੀ। ਇਸੇ ਮੁੱਦੇ ਤੇ ਬੌਰਿਸ ਨੂੰ ਪ੍ਰਧਾਨ ਮੰਤਰੀ ਪਦ ਤੋਂ ਹੱਥ ਧੋਣੇ ਪਏ ਅਤੇ ਉਸ ਦੀ ਥਾਂ ਲਿਜ਼ ਟਰੱਸ ਨੇ ਲੈ ਲਈ ਜੋ ਕਿ ਵਿੱਤ ਮੰਤਰੀ ਰਿਸ਼ੀ ਸੂਨਿਕ ਨੂੰ ਹਰਾ ਕੇ ਦੇਸ਼ ਦੀ ਪ੍ਰਧਾਨ ਬਣੀ ਸੀ। ਉਸ ਸਮੇਂ ਸੂਨਿਕ ਨੂੰ ੬੦,੩੯੯ ਵੋਟ ਪਏ ਜਦ ਕਿ ਲਿਜ਼ ਟਰੱਸ ਨੂੰ ੮੧, ੩੨੬ ਵੋਟ ਮਿਲੇ ਸਨ। ੬ ਸਤੰਬਰ ਨੂੰ ਲਿਜ਼ ਟਰੱਸ ਨੇ ਪ੍ਰਧਾਨ ਮੰਤਰੀ ਪਦ ਦੀ ਸਹੁੰ ਹੀ ਚੁੱਕੀ ਸੀ ਕਿ ਦੋ ਦਿਨ ਬਾਅਦ ੯੬ ਸਾਲਾ ਮਹਾਂਰਾਣੀ ਅਲਿਜ਼ਬੈਥ ਦਾ ਦਿਹਾਂਤ ਹੋ ਗਿਆ ਸੀ


ਲਿਜ਼ ਟਰੱਸ ਦੀ ਰਾਜਨੀਤੀ ਵਿਚ ਭੂਚਾਲ ਉਸ ਸਮੇਂ ਆਇਆ ਜਦੋਂ ੨੩ ਸਤੰਬਰ ੨੦੨੨ ਉਸ ਦੇ ਵਿਤ ਮੰਤਰੀ ਕਵਾਜ਼ੀ ਕਵਾਰਟੈਕ ਨੇ ਮਿਨੀ ਬਜਟ ਪੇਸ਼ ਕੀਤਾ। ਇਸ ੪੫ ਅਰਬ ਦੀ ਟੈਕਸ ਕਟੌਤੀ ਦੇ ਐਲਾਨ ਨਾਲ ਹੀ ਆਰਥਿਕ ਬਜ਼ਾਰ ਡਾਵਾਂਡੋਲ ਹੋ ਗਿਆ ਅਤੇ ਡਾਲਰ ਦੇ ਮੁਕਾਬਲੇ ਪੌਂਡ ਦੀ ਕੀਮਤ ਬੁਰੀ ਤਰਾਂ ਨਾਲ ਡਿੱਗ ਪਈ। ਇਹ ਅਸਰ ਏਨਾ ਤਿੱਖਾ ਅਤੇ ਮਾਰੂ ਸਾਬਤ ਹੋਇਆ ਕਿ ਲਿਜ਼ ਟਰੱਸ ਦਾ ਆਪਣਾ ਹੀ ਮੰਤਰੀ ਮੰਡਲ ਉਸ ਦੇ ਵਿਰੁਧ ਹੋ ਗਿਆ ਅਤੇ ਕੇਵਲ ਤਿੰਨ ਹਫਤੇ ਮਗਰੋਂ ਹੀ ਚਾਂਸਲਰ ਕਵਾਜ਼ੀ ਕਵਾਰਟੈਕ ਨੂੰ ਇਨਕਮ ਟੈਕਸ ਦੇ ਮੁੱਦੇ ਤੇ ਯੂ ਟਰਨ ਲੈਣਾ ਪਿਆਆਪਣੀ ਰਾਜਨੀਤੀ ਵਿਚ ਆਏ ਤੂਫਾਨ ਕਾਰਨ ਲਿਜ਼ ਟਰੱਸ ਨੇ ੧੪ ਅਕਤੂਬਰ ੨੦੨੨ ਨੂੰ ਆਪਣੇ ਚਾਂਸਲਰ ਦੀ ਛੁੱਟੀ ਕਰਕੇ ਜੇਰੇਮੀ ਹੰਟ ਨੂੰ ਚਾਂਸਲਰ ਬਣਾ ਦਿੱਤਾ। ਇਹ ਪਲਟੀ ਵੀ ਉਸ ਸਮੇਂ ਕੰਮ ਨਾ ਆਈ ਜਦੋਂ ੧੯ ਅਕਤੂਬਰ ੨੦੨੨ ਨੂੰ ਵਿੱਤ ਮੰਤਰੀ ਸੁਏਲਾ ਬ੍ਰੇਵਮੈਨ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ। ਸੁਏਲਾ ਨੇ ਆਪਣੇ ਅਸਤੀਫੇ ਦਾ ਕਾਰਨ ਨਵੀਂ ਸਰਕਾਰ ਦੇ ਕੰਮ ਕਾਜ ਕਰਨ ਦੇ ਤਰੀਕੇ ਨੂੰ ਲੈ ਕੇ ਦੱਸਿਆ। ਸੁਏਲਾ ਦੇ ਅਸਤੀਫੇ ਤੋਂ ਅਗਲੇ ਹੀ ਦਿਨ ੨੦ ਅਕਤੂਬਰ ੨੦੨੨ ਨੂੰ ਲਿਜ਼ ਟਰੱਸ ਨੇ ਪ੍ਰਧਾਨ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ।


ਕੀ ਕਰੋੜਪਤੀ ਬਣੇਗਾ ਪ੍ਰਧਾਨ ਮੰਤਰੀ!

ਰਿਸ਼ੀ ਸੁਨਿਕ &ndash- ਬੌਰਿਸ ਜੌਹਨਸਨ ਦੇ ਅਸਤੀਫੇ ਮਗਰੋਂ ਲਿਜ਼ ਟਰੱਸ ਦੇ ਮੁਕਾਬਲੇ ਰਿਸ਼ੀ ਸੁਨਿਕ ਦੀ ਬੇਸ਼ਕ ਹਾਰ ਹੋਈ ਸੀ ਪਰ ਉਸ ਦਾ ਇਹ ਦਾਅਵਾ ਬੜੀ ਛੇਤੀ ਸੱਚ ਸਾਬਤ ਹੋਇਆ ਕਿ ਲਿਜ਼ ਟਰੱਸ ਦੀਆਂ ਆਰਥਿਕ ਨੀਤੀਆਂ ਦੇਸ਼ ਲਈ ਮਾਰੂ ਸਾਬਤ ਹੋਣ ਵਾਲੀਆਂ ਹਨ। ਸੰਨ ੨੦੨੦ ਵਿਚ ਰਿਸ਼ੀ ਚਾਂਸਲਰ ਬਣਿਆ ਅਤੇ ਉਸ ਦੇ ਸਿਰ ਸਿਹਰਾ ਰਿਹਾ ਸੀ ਕਿ ਕਰੋਨਾ ਮਹਾਂਮਾਰੀ ਵਿਚ ਉਸ ਨੇ ੨੫੦ ਬਿਲੀਅਨ ਪੌਂਡ ਦੀ ਰਾਸ਼ੀ ਨਾਲ ਮਹਾਂਮਾਰੀ ਦਾ ਸਾਹਮਣਾ ਕੀਤਾ। ਰਿਸ਼ੀ ਖੁਦ ਤਾਂ ਭਾਵੇਂ ਦਾਰੂ ਨਹੀਂ ਪੀਂਦਾ ਪਰ ਜਦੋਂ ਪਾਰਟੀਗੇਟ ਦੇ ਮੁੱਦੇ ਤੇ ਪੁਲਸ ਵਲੋਂ ਜੁਰਮਾਨਾ ਲੱਗਾ ਤਾਂ ਬੌਰਿਸ ਨਾਲ ਉਸ ਦਾ ਨਾਮ ਵੀ ਆਇਆ ਸੀ। ਰਿਸ਼ੀ ਦੀ ਬਣੀ ਹੋਈ ਰਾਕਜਨੀਤਕ ਸਾਖ ਨੂੰ ਉਸ ਵੇਲੇ ਵੱਡਾ ਧੱਕਾ ਲੱਗਾ ਜਦੋਂ ਦੇਸ਼ ਦੀ ਮਹਾਂਰਾਣੀ ਤੋਂ ਵੀ ਅਮੀਰ ਉਸ ਦੀ ਪਤਨੀ ਅਕਸ਼ਤਾ ਮੂਰਤੀ ਤੇ ਟੈਕਸ ਨਾ ਭਰਨ ਦਾ ਦੋਸ਼ ਲੱਗਾ ਸੀ


ਰਿਸ਼ੀ ਦੇ ਮਾਤਾ ਪਿਤਾ ਭਾਰਤੀ ਮੂਲ ਦੇ ਹਨ ਜੋ ਕਿ ਪੂਰਬੀ ਅਫਰੀਕਾ ਤੋਂ ਆ ਕੇ ਯੂ ਕੇ ਵਸੇ। ਉਸ ਦੇ ਪਿਤਾ ਡਾਕਟਰ ਅਤੇ ਮਾਤਾ ਇੱਕ ਫਾਰਮੇਸੀ ਚਲਾਉਂਦੇ ਸਨ। ਸੰਨ ੧੯੮੦ ਵਿਚ ਰਿਸ਼ੀ ਦਾ ਜਨਮ ਸਾਊਥੈਂਪਟਨ ਵਿਚ ਹੋਇਆ। ਉਹ ਹਿੰਦੂ ਧਰਮ ਦੀਆਂ ਮਾਨਤਾਵਾਂ ਦਾ ਧਾਰਨੀ ਹੈ ਅਤੇ ਹਫਤੇ ਵਿਚ ਇੱਕ ਵਾਰ ਮੰਦਰ ਜਾਂਦਾ ਹੈਰਿਸ਼ਿ ਸੁਨਿਕ ਅਤੇ ਅਕਸ਼ਤਾ ਮੂਰਤੀ ਦੀਆਂ ਦੋ ਬੇਟੀਆਂ ਹਨ। ਬਰਤਾਨਵੀ ਸਾਂਸਦ ਵਿਚ ਉਹ ਸਭ ਤੋਂ ਅਮੀਰ ਐਮ ਪੀ ਹੈ। ਰਿਸ਼ੀ ਨੇ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਦਾ ਸਾਥ ਇਹ ਕਹਿ ਕੇ ਛੱਡ ਦਿੱਤਾ ਸੀ ਕਿ ਬੁਨਿਆਦੀ ਤੌਰ ਆਰਥਿਕ ਨੀਤੀਆਂ ਪ੍ਰਤੀ ਉਸ ਦਾ ਤਾਲ ਮੇਲ ਬੌਰਿਸ ਨਾਲ ਨਹੀਂ ਬੈਠਦਾ।

ਇਮੀਗ੍ਰੇਸ਼ਨ ਨੀਤੀਆਂ ਪ੍ਰਤੀ ਰਿਸ਼ੀ ਦੀ ਸੋਚ ਕਰੜੀ ਮੰਨੀ ਗਈ ਹੈ।

ਬਚਪਨ ਵਿਚ ਉਸ ਨੂੰ ਆਪਣੀ ਛੋਟੀ ਭੈਣ ਅਤੇ ਭਰਾ ਨਾਲ ਨਸਲਵਾਦ ਦਾ ਸਾਹਮਣਾ ਵੀ ਕਰਨਾ ਪਿਆ ਸੀ।

ਪ੍ਰਧਾਨ ਮੰਤਰੀ ਪੱਦ ਲਈ ਲਿਜ਼ ਟਰੱਸ ਦੇ ਮੁਕਾਬਲੇ ਉਸ ਦੇ ਪੱਛੜ ਜਾਣ ਮਗਰ ਉਸ ਦੇ ਕਣਕ ਵੰਨੇ ਰੰਗ ਜਾਂ ਉਸ ਦੇ ਪਿਤਾ ਪੁਰਖੀ ਪਿਛੋਕੜ ਦਾ ਪ੍ਰਭਾਵ ਹੋਣਾ ਵੀ ਮੰਨਿਆਂ ਗਿਆ ਸੀਕੁਝ ਰਾਜਸੀ ਪੰਡਤਾਂ ਦਾ ਮੰਨਣਾ ਹੈ ਕਿ ਰਿਸ਼ੀ ਸੁਨਿਕ ਅਰਥ ਵਿਵਸਥਾ ਸਬੰਧੀ ਬੇਸ਼ਕ ਇੱਕ ਕਾਮਯਾਬ ਚਾਂਸਲਰ ਦੀ ਭੂਮਿਕਾ ਨਿਭਾ ਸਕਦੇ ਹਨ ਪਰ ਉਸ ਕੋਲ ਬੌਰਿਸ ਜੌਹਨਸਨ ਵਾਂਗੂੰ ਕਰੜੇ ਹੋ ਕੇ ਫੈਸਲੇ ਲੈਣ ਦਾ ਦਿਲ ਗੁਰਦਾ ਨਹੀਂ ਹੈ। ਇਸ ਵੇਲੇ ਸਾਬਕਾ ਉੱਪ ਪ੍ਰਧਾਨ ਮੰਤਰੀ ਡੌਮਨਿਕ ਰਾਬ, ਵਾਤਾਵਰਣ ਸੈਕਟਰੀ ਅਤੇ ਅਨੇਕਾਂ ਅਹਿਮ ਸਾਂਸਦ ਉਸ ਦੀ ਹਿਮਾਇਤ ਤੇ ਹਨ। ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਦੀ ਚੋਣ ਵਿਚ ਹਿੱਸਾ ਲੈਣ ਲਈ ੩੫੭ ਟੋਰੀ ਸਾਂਸਦ ਮੈਂਬਰਾਂ ਵਿਚੋਂ ਘੱਟੋ ਘੱਟ ੧੦੦ ਮੈਂਬਰਾਂ ਦੀਆਂ ਨਾਮਜ਼ਦਗੀਆਂ ਦੀ ਲੋੜ ਪਵੇਗੀ। ਰਿਸ਼ੀ ਦੇ ਇਸ ਦੌੜ ਵਿਚ ਕਾਮਯਾਬ ਹੋਣ ਦੇ ਕਾਫੀ ਮੌਕੇ ਹਨ।

ਜਦੋਂ ਬੌਰਿਸ ਜੌਹਨਸਨ ਨੇ ਆਪਣਾ ਨਾਮ ਪ੍ਰਧਾਨ ਮੰਤਰੀ ਦੌੜ ਵਿਚੋਂ ਵਾਪਸ ਲੈ ਲਿਆ ਤਾਂ ਪੈਨੀ ਮੋਰਡੈਂਟ ਤੋਂ ਇਲਾਵਾ ਕਿਸੇ ਹੋਰ ਦੇ ਰਿਸ਼ੀ ਸੁਨਿਕ ਖਿਲਾਫ ਖੜ੍ਹਨ ਦੀ ਸੰਭਾਵਨਾ ਕਰੀਬ ਕਰੀਬ ਖਤਮ ਹੀ ਹੋ ਗਈ ਸੀ੪੯ ਸਾਲਾ ਪੈਨੀ ਮੋਰਡੈਂਟ ਉੱਤਰੀ ਪੋਰਟਮਾਊਥ ਤੋਂ ਐਮ ਪੀ ਹੈ ਉਹ ਹਊਸ ਆਫ ਕਾਮਨਜ਼ ਦੀ ਲੀਡਰ ਹੈ। ਜਿਸ ਵੇਲੇ ਸੋਮਵਾਰ ੨੪ ਅਕਤੂਬਰ ਬਾਅਦ ਦੁਪਹਿਰ ਪੈਨੀ ਮੋਰਡੈਂਟ ਨੇ ਆਪਣਾ ਨਾਮ ਵੀ ਪ੍ਰਧਾਨਗੀ ਤੋਂ ਵਾਪਿਸ ਲੈ ਲਿਆ ਤਾਂ ਰਿਸ਼ੀ ਸੁਨਿਕ ਦਾ ਪ੍ਰਧਾਨ ਮੰਤਰੀ ਬਣਨਾ ਤਹਿ ਹੋ ਗਿਆ। ਬਤਾਨਵੀ ਇਤਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਇੱਕ ਰੰਗਦਾਰ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੈ ਜਿਸ ਦੇ ਮਾਪੇ ਭਾਰਤੀ ਪਿਛੋਕੜ ਦੇ ਹਨਉਹ ਵੀ ਸਮਾਂ ਸੀ ਜਦੋਂ ਫਿਰੰਗੀ ਦੇ ਬਸਤੀਵਾਦੀ ਰਾਜ ਵਿਚ ਕਈ ਪੱਬਾਂ ਕਲੱਬਾਂ ਵਿਚ ਕੁੱਤੇ ਅਤੇ ਭਾਰਤੀਆਂ ਨੂੰ ਵੜਨ ਦੀ ਇਜਾਜ਼ਤ ਨਹੀਂ ਸੀ ਅਤੇ ਉਹਨਾ ਦੇ ਬਾਹਰ ਇਹ ਲਿਖਿਆ ਮਿਲਦਾ ਸੀ Dogs and Indians are not allowed ਪਰ ਸਮੇਂ ਦਾ ਗੇੜ ਦੇਖੋ ਕਿ ਅੱਜ ਬੁਰੀ ਤਰਾਂ ਲੁੜਕ ਰਹੇ ਅਰਥਚਾਰੇ ਨੇ ਬਰਤਾਨਵੀ ਸਾਂਸਦ ਨੂੰ ਇੱਕ ਐਸੇ ਵਿਅਕਤੀ ਦੀ ਪ੍ਰਧਾਨਗੀ ਕਬੂਲ ਕਰਨ ਲਈ ਮਜ਼ਬੂਰ ਕਰ ਦਿਤਾ ਹੈ ਜੋ ਭਾਰਤੀ ਮੂਲ ਦਾ ਹੈ। ਇਹ ਵੀ ਗੱਲ ਗੌਰ ਕਰਨ ਵਾਲੀ ਹੈ ਕਿ ਜਿਥੇ ਭਾਰਤ ਦੇ ਫਿਰਕੂ ਅਤੇ ਜਾਤੀ ਪਾਤੀ ਪ੍ਰਬੰਧ ਨੇ ਦੇਸ਼ ਨੂੰ ਮੁੜ ਪੁੱਠੇ ਪੈਰੀਂ ਤੋਰਨਾ ਸ਼ੁਰੂ ਕਰ ਦਿੱਤਾ ਹੈ ਉਥੇ ਲੋਕ ਰਾਜ ਦਾ ਪੰਘੂੜਾ ਆਖੇ ਜਾਂਦੇ ਅੱਜ ਦੇ ਬਰਤਾਨੀਆ ਨੇ ਰੰਗ ਨਸਲ ਅਤੇ ਧਰਮ ਤੋਂ ਉਪਰ ਉੱਠ ਕੇ ਦੇਸ਼ ਦੇ ਹਰ ਨਾਗਰਿਕ ਨੂੰ ਤਰੱਕੀ ਕਰਨ ਦੇ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਹਨ। ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਰਿਸ਼ੀ ਸੁਨਿਕ ਦੇ ਦਾਦਾ ਰਾਮਦਾਸ ਸੁਨਿਕ ਅਣਵੰਡੇ ਪੰਜਾਬ ਦੇ ਗੁਜਰਾਂਵਾਲਾ ਨਾਲ ਸਬੰਧਤ ਸਨ ਅਤੇ ਨਾਨਾ ਰਘੁਬੀਰ ਬੈਰੀ ਵੀ ਪੰਜਾਬੀ ਸਨ।

ਕੁਲਵੰਤ ਸਿੰਘ ਢੇਸੀ