image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਤਿਗੁਰ ਨਾਨਕ ਸਾਹਿਬ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ
ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਮੀ ਸਚਾ ਢੋਆ
ਫਿਰਿ ਬਾਬਾ ਆਇਆ ਕਰਤਾਰ ਪੁਰਿ ਭੇਖੁ ਉਦਾਸੀ ਸਗਲ ਉਤਾਰਾ
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ
ਸਤਿਗੁਰੂ ਨਾਨਕ ਸਾਹਿਬ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਲੇਖ ਭਾਈ ਗੁਰਦਾਸ ਜੀ ਦੀ ਉਕਤ ਪਹਿਲੀ ਵਾਰ ਦੀ 27ਵੀਂ ਅਤੇ 38ਵੀਂ ਪੌੜੀ ਤੇ ਆਧਾਰਿਤ ਹੈ । ਅੱਜ ਜਦੋਂ ਸਮੁੱਚਾ ਸਿੱਖ ਪੰਥ, ਵਿਸ਼ਵ ਭਰ ਦੇ ਧਰਮਾਂ ਵਿੱਚੋਂ ਨਿਆਰੇ, ਸੁਤੰਤਰ ਤੇ ਸੰਪੂਰਣ ਸਿੱਖ ਧਰਮ ਦੇ ਬਾਨੀ ਸਤਿਗੁਰੂ ਨਾਨਕ ਸਾਹਿਬ ਦਾ 553ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ, ਐਨ ਉਸ ਵੇਲੇ ਦੂਜੇ ਪਾਸੇ ਆਰ।ਐੱਸ।ਐੱਸ। ਤੇ ਭਾਜਪਾ ਵੱਲੋਂ ਗੋਦੀ ਮੀਡੀਏ ਰਾਹੀਂ ਦਿਨ ਰਾਤ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿੱਖ ਧਰਮ, ਹਿੰਦੂ ਧਰਮ ਦੀ ਹੀ ਸ਼ਾਖ ਹੈ ਅਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਹਿੰਦੂ ਘਰ ਵਿੱਚ ਪੈਦਾ ਹੋਏ, ਇਸ ਕਰਕੇ ਸਿੱਖਾਂ ਦੀ ਕੋਈ ਅੱਡਰੀ ਹੋਂਦ ਹਸਤੀ ਨਹੀਂ ਹੈ, ਉਹ ਹਿੰਦੂ ਹੀ ਹਨ । (ਨੋਟ - ਵਿਸ਼ਵ ਭਰ ਦੇ ਇਤਿਹਾਸ ਵਿੱਚ ਅੱਜ ਤੱਕ ਹਿੰਦੂ ਧਰਮ ਦੀ ਕੋਈ ਪਰਿਭਾਸ਼ਾ ਹੀ ਨਹੀਂ ਹੈ ਅਤੇ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਹਿੰਦੂ ਧਰਮ ਨੂੰ ਧਰਮ ਵਜੋਂ ਮਾਨਤਾ ਨਹੀਂ ਦਿੱਤੀ ਅਤੇ ਸਭ ਤੋਂ ਵੱਧ ਦਿਲਚਸਪ ਗੱਲ ਇਹ ਹੈ ਕਿ ਹਿੰਦੂ ਸ਼ਬਦ ਹਿੰਦੂਆਂ ਦੇ ਕਿਸੇ ਵੀ ਧਰਮ ਗ੍ਰੰਥ ਵਿੱਚ ਨਹੀਂ ਹੈ, ਇਹ ਨਾਂਅ (ਹਿੰਦੂ) ਇਨ੍ਹਾਂ ਨੂੰ ਮੁਗਲਾਂ ਨੇ ਦਿੱਤਾ ਸੀ) ਵਿਸ਼ਵ ਦੇ ਇਤਿਹਾਸ ਵਿੱਚ ਕੁਝ ਹੋਰ ਵੀ ਧਰਮਾਂ ਦੇ ਬਾਨੀਆਂ ਦਾ ਜਨਮ ਜਿਸ ਧਰਮ ਵਿੱਚ ਹੋਇਆ ਉਨ੍ਹਾਂ ਨੇ ਉਸ ਦਾ ਤਿਆਗ ਕਰਕੇ ਆਪਣਾ ਨਵਾਂ ਧਰਮ ਚਲਾਇਆ ।
ਉਦਾਹਰਣ ਵਜੋਂ ਹਜ਼ਰਤ ਮੂਸਾ ਜੀ ਬੁੱਤ ਪ੍ਰਸਤਾਂ ਦੇ ਘਰ ਪੈਦਾ ਹੋਏ ਅਤੇ ਉਨ੍ਹਾਂ ਨੇ ਯਹੂਦੀ ਧਰਮ ਦੀ ਬੁਨਿਆਦ ਰੱਖੀ, ਜੋ ਬੁੱਤ ਪ੍ਰਸਤੀ ਦੇ ਸਖ਼ਤ ਉਲਟ ਹੈ । ਯਹੂਦੀਆਂ ਦੇ ਘਰ ਹਜ਼ਰਤ ਈਸਾ ਜੀ ਪੈਦਾ ਹੋਏ, ਜਿਨ੍ਹਾਂ ਨੇ ਈਸਾਈ ਧਰਮ ਦੀ ਬੁਨਿਆਦ ਰੱਖੀ । ਹਜ਼ਰਤ ਮੁਹੰਮਦ ਸਾਹਿਬ ਕੁਰੈਸ਼ੀਆ ਦੇ ਘਰ ਪੈਦਾ ਹੋਏ ਅਤੇ ਉਨ੍ਹਾਂ ਨੇ ਮੁਸਲਮਾਨ ਧਰਮ ਦੀ ਬੁਨਿਆਦ ਰੱਖੀ । ਜਦ ਇਹ ਸਾਰੇ ਇਕ ਦੂਜੇ ਨਾਲੋਂ ਵੱਖਰੇ ਧਰਮ ਦੀ ਨੀਂਹ ਰੱਖ ਸਕਦੇ ਹਨ ਤਾਂ ਅਸੀਂ ਵੀ ਨਿਰਸੰਦੇਹ ਆਖ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂ ਘਰ ਵਿੱਚ ਪੈਦਾ ਹੋ ਕੇ ਇਕ ਨਵੇਂ ਧਰਮ ਦੀ ਨੀਂਹ ਰੱਖੀ, ਜਿਸ ਨੂੰ ਅਸੀਂ ਸਿੱਖ ਧਰਮ ਤੇ ਨਿਰਮਲ ਪੰਥ ਕਹਿੰਦੇ ਹਾਂ । ਨਿਆਰੀ ਹੋਂਦ ਹੀ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਹੈ । ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਨੂੰ ਇਕ ਅਜਿਹਾ ਸੰਪੰਨ ਧਰਮ ਪ੍ਰਬੰਧ ਐਲਾਨਿਆ ਹੈ ਜਿਸ ਦੇ ਉਪਦੇਸ਼ ਅਕਾਲ ਪੁਰਖ ਪ੍ਰਮਾਤਮਾ ਦੀ ਸਿੱਧੀ ਉਪਜ ਹਨ (ਧੁਰ ਕੀ ਬਾਣੀ ਆਈ) ਗੁਰੂ ਨਾਨਕ ਸਾਹਿਬ ਨੇ ਆਰੀਅਨਾਂ ਦੇ ਨਾਲ-ਨਾਲ ਸਾਮੀ ਧਰਮ ਗ੍ਰੰਥਾਂ ਦੀ ਪ੍ਰਭਤਾ ਨੂੰ ਵੀ ਨਾ-ਮਨਜੂਰ ਕਰ ਦਿੱਤਾ : ਬ੍ਰਾਹਮਣੀ ਹਿੰਦੂ ਦੇਵਤਿਆਂ ਨੂੰ ਤਿਆਗ ਦਿੱਤਾ ਅਤੇ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਮਨੰੂ ਦੇ ਵਰਣ-ਆਸ਼ਰਮ ਵੰਡ ਵਾਲੇ ਮਨੂੰ ਸਿਮਰਤੀ ਦੇ ਵਿਧਾਨ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ (ਨੋਟ - ਵਰਣ-ਆਸ਼ਰਮ ਵੰਡ ਵਾਲੀ ਜਿਸ ਮਨੂੰ ਸਿਮਰਤੀ ਨੂੰ ਗੁਰੂ ਨਾਨਕ ਸਾਹਿਬ ਨੇ ਮੁੱਢੋਂ ਰੱਦ ਕਰਕੇ ਸਿੱਖ ਧਰਮ ਦੀ ਨੀਂਹ ਰੱਖੀ ਸੀ, ਅੱਜ ਉਸੇ ਮਨੂੰ ਸਿਮਰਤੀ ਨੂੰ ਆਰ।ਐੱਸ।ਐੱਸ। ਤੇ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਭਾਰਤ ਦੇ ਸੰਵਿਧਾਨ ਵਜੋਂ ਲਾਗੂ ਕਰਨਾ ਚਾਹੁੰਦੀ ਹੈ)
ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਸਥਾਪਨਾ ਕਰਨ ਵੇਲੇ ਧਰਮ ਅਤੇ ਰੂਹਾਨੀਅਤ ਬਾਰੇ ਰਵਾਇਤੀ ਭਾਰਤੀ ਪਰੰਪਰਾ ਨਾਲੋਂ ਇਕ ਵੱਖਰੀ ਤੇ ਨਿਵੇਕਲੀ ਲੀਹ ਤੋਰੀ, ਕਿਉਂਕਿ ਸਿੱਖ ਧਰਮ ਜਿਸ ਸਦਾਚਾਰ ਦੀ ਮੰਗ ਕਰਦਾ ਸੀ, ਉਹ ਨਾ ਤਾਂ ਜਾਤ-ਪਾਤੀ ਚੌਖਟੇ ਵਿੱਚ ਸੰਭਵ ਹੋ ਸਕਦਾ ਸੀ (ਵਰਣ-ਆਸ਼ਰਮ ਦੇ ਨੈਤਿਕ ਫਰਜ਼ ਅਜਿਹੇ ਆਚਰਨ ਦਾ ਨਿਖੇਧ ਕਰਦੇ ਹਨ) ਅਤੇ ਨਾ ਹੀ ਸ਼ਰੀਅਤ ਦੇ ਕੱਟੜ ਵਿਧਾਨ ਅੰਦਰ ਸੰਭਵ ਹੋ ਸਕਦਾ ਸੀ । ਇਸ ਕਰਕੇ ਸਿੱਖ ਧਰਮ ਦੇ ਇਸ ਅਸੂਲ ਨੂੰ ਅਮਲ ਅੰਦਰ ਸਕਾਰ ਕਰਨ ਲਈ ਤਤਕਾਲੀਨ ਦੋਨਾਂ ਮਜ਼੍ਹਬਾਂ (ਹਿੰਦੂ ਤੇ ਮੁਸਲਮਾਨ) ਨਾਲੋਂ ਵੱਖਰੇ ਤੀਸਰੇ ਪੰਥ ਦੀ ਸਥਾਪਨਾ ਅਤੀ ਜਰੂਰੀ ਸੀ । ਗੁਰੂ ਨਾਨਕ ਸਹਿਬ ਨੇ ਸਿੱਖ ਪੰਥ (ਨਿਰਮਲ ਪੰਥ) ਨੂੰ ਐਸੇ ਫਿਰਕੇ ਦੇ ਤੌਰ &lsquoਤੇ ਜਥੇਬੰਦ ਨਹੀਂ ਕੀਤਾ ਜੋ ਤਤਕਾਲੀਨ ਮੁਲਕ ਦੇ ਸਿਰਫ਼ ਧਰਮ ਦੇ ਪਰੰਪਰਾਈ ਤੌਰ ਤਰੀਕੇ ਅਨੁਸਾਰ ਚੱਲਦਾ ਰਹੇ, ਬਲਕਿ ਸਿੱਖ ਪੰਥ ਨੂੰ ਜਾਤ-ਪਾਤੀ ਸਮਾਜ ਬਦਲਣ, ਧਾਰਮਿਕ ਅਤੇ ਸਿਆਸੀ ਜਬਰ ਦਾ ਮੁਕਾਬਲਾ ਕਰਨ ਅਤੇ ਆਮ ਜਨਤਾ ਦੇ ਹੱਥ ਸਿਆਸੀ ਤਾਕਤ ਹਾਸਲ ਕਰਨ ਦਾ ਵਸੀਲਾ ਬਣਾਇਆ । ਪੰਥ ਦੀ ਜਥੇਬੰਦੀ ਤੇ ਇਸ ਦੇ ਸਮਾਜੀ ਤੇ ਸਿਆਸੀ ਨਿਸ਼ਾਨੇ ਦੇ ਇਕੋ ਸਿਧਾਂਤ ਦੇ ਅੰਗ ਹਨ । ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ : ਗੁਰ ਸੰਗਤਿ ਬਾਣੀ ਬਿਨਾਂ ਦੂਜੀ Eਟ ਨਹੀਂ ਹਰਿ ਰਾਈ, ਇਹ ਮੁਬਾਰਕ ਸ਼ਬਦ ਗੁਰੂ ਦੇ ਲੋਕਤੰਤਰ ਦਾ ਸੰਕਲਪ ਤਾਂ ਦੱਸਦੇ ਹੀ ਹਨ ਨਾਲੋ ਨਾਲ ਗੁਰੂ ਗ੍ਰੰਥ ਗੁਰੂ ਪੰਥ ਦਾ ਬੀਜ ਵੀ ਬੀਜਦੇ ਹਨ । ਉੱਤਮ ਕਿਰਦਾਰ ਵਾਲੇ ਸੱਚ ਦੇ ਧਾਰਨੀਆਂ ਦਾ ਪੰਥ ਚੱਲਣਾ ਸੀ, ਜਿਨ੍ਹਾਂ ਨੇ ਸੱਚ ਨੂੰ ਸੰਭਾਲਣਾ ਅਤੇ ਸਮਾਜ ਵਿੱਚ ਪ੍ਰਚੱਲਤ ਕਰਕੇ ਰੱਖਿਆ ਕਰਨੀ ਸੀ । ਇਉਂ ਇਹ ਇਕ ਦੂਜੇ ਦੇ ਪੂਰਕ ਹੋਏ (ਗੁਰੂ ਗ੍ਰੰਥ, ਗੁਰੂ ਪੰਥ) ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਮੀ ਸਚਾ ਢੋਆ, ਗੁਰੂ ਨਾਨਕ ਸਾਹਿਬ ਜਿਥੇ ਵੀ ਜਾਂਦੇ ਆਪਣਾ ਆਤਮ-ਸਰੂਪ ਗੁਰ ਸ਼ਬਦ, ਗੁਰ ਗਿਆਨ ਤੇ ਨਿਰੰਜਨੀ ਜੋਤਿ ਹੀ ਦੱਸਦੇ । ਸਾਰੇ ਮੁਲਕ ਦੀ ਯਾਤਰਾ ਕਰਕੇ ਹਰ ਦੇਸ਼ ਤੇ ਹਰ ਕੌਮ ਦੇ ਅਧਿਆਤਮਕ ਪਾਂਧੀਆਂ ਦੇ ਹਿਰਦੇ ਵਿੱਚ ਆਪਣੇ ਸ਼ਬਦ-ਸਿਧਾਂਤ ਦਾ ਅਲੇਖ ਬੀਜ ਬੀਜਿਆ (ਨੋਟ : ਸ। ਜਗਦੀਸ਼ ਸਿੰਘ ਢਿੱਲੋਂ ਨੇ ਗੁਰੂ ਨਾਨਕ ਦੀ ਜੀਵਨੀ ਬਾਬੇ ਤਾਰੇ ਚਾਰਿ ਚਕਿ ਦੇ ਸਿਰਲੇਖ ਹੇਠ 703 ਪੰਨੇ ਦੀ ਕਿਤਾਬ ਲਿਖੀ ਹੈ, ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਬਾਬਾ ਨਾਨਕ ਦੀਆਂ ਉਦਾਸੀਆਂ ਅਨੁਸਾਰ ਅੱਜ ਦੇ ਸਮੇਂ ਦੇ ਉਨ੍ਹਾਂ 79 ਦੇਸ਼ਾਂ ਦੀ ਸੂਚੀ ਦਿੱਤੀ ਹੈ, ਜਿਥੇ ਜਿਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਹਨ । ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਥਾਪੇ ਗੁਰਮੁੱਖ ਪੰਥ ਦੇ ਸਭ ਦਰ ਚਹੁੰ ਵਰਨਾਂ ਲਈ ਖੁੱਲੇ੍ਹ ਰੱਖੇ ਪਰ ਇਹ ਚੌਖਟ ਨਹੀਂ ਸਨ ਭਾਵ ਸਿੱਖੀ ਦੀ ਸਾਬਤ ਸੂਰਤ ਦਸਤਾਰ ਸਿਰਾਂ ਦੀ ਰਹਿਤ ਅਤੇ ਸਿੱਖੀ ਦੀ ਵਿਚਾਰਧਾਰਾ ਵਿੱਚ ਕੋਈ ਛੋਟ ਨਹੀਂ ਸੀ । ਗੁਰੂ ਨਾਨਕ ਦੀ ਚਰਨ ਪਾਹੁਲ ਲੈਣ ਤੋਂ ਬਾਅਦ ਹਰ ਕੋਈ ਨਾਨਕ ਨਾਮ ਲੇਵਾ ਸਿੱਖ ਸੀ । ਗੁਰੂ ਨਾਨਕ ਸਾਹਿਬ ਨੇ ਧਰਮਸ਼ਲਾਵਾਂ ਦਾ ਨਿਰਮਾਣ ਕਰਵਾਇਆ ਥਾਂ-ਥਾਂ ਗੁਰਮੁਖ ਮਾਰਗ ਦੀਆਂ ਸੰਗਤਾਂ ਥਾਪੀਆਂ, ਇਨ੍ਹਾਂ ਸੰਗਤਾਂ ਦੇ ਪ੍ਰਬੀਨ ਆਗੂ ਥਾਪੇ । ਸੱਚੇ ਪਾਤਸ਼ਾਹ ਨੇ ਇਉਂ ਆਪਣੇ ਹਲੇਮੀ ਰਾਜ ਦੀਆਂ ਅਨੇਕਾਂ ਸੰਸਥਾਵਾਂ ਕਾਇਮ ਕੀਤੀਆਂ (ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ, ਗੁ: ਗ੍ਰੰ: ਸਾ: ਪੰਨਾ 966) ਭਾਰਤ ਦੇ ਹਰ ਸੂਬੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਥਾਪੀਆਂ ਸੰਗਤਾਂ ਦੇ ਨਿਸ਼ਾਨ ਅੱਜ ਤੱਕ ਮਿਲਦੇ ਹਨ । ਮੱਕੇ, ਬਗਦਾਦ, ਤਿਬਤ, ਲੰਕਾ ਆਦਿ ਦੇਸ਼ਾਂ ਵਿੱਚ ਵੀ ਉਨ੍ਹਾਂ ਦੀਆਂ ਥਾਪੀਆਂ ਸੰਗਤਾਂ ਦੇ ਚਿੰਨ ਅਤੇ ਇਤਿਹਾਸਕ ਸਬੂਤ ਮਿਲਦੇ ਹਨ । ਕਾਬਲ ਤੋਂ ਕਾਮ ਰੂਪ ਤੱਕ ਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਗੁਰੂ ਨਾਨਕ ਸਾਹਿਬ ਨੇ, ਬੋਧੀ, ਜੈਨੀ, ਇਸਲਾਮੀ ਤੇ ਹਿੰਦੂ ਤੀਰਥ ਅਸਥਾਨਾਂ ਉੱਤੇ ਆਪਣੀ ਸਿੱਖੀ ਦੇ ਕੇਂਦਰ ਸਥਾਪਤ ਕੀਤੇ । ਬਾਬੇ ਨਾਨਕ ਦੀ ਸਿੱਖੀ ਤੇ ਬਾਬੇ ਨਾਨਕ ਦੇ ਮਾਰਗ ਨੂੰ ਲੋਕ ਗੁਰੂ-ਮੱਤ ਆਖਣ ਲੱਗ ਪਏ ਅਤੇ ਬਾਬੇ ਨਾਨਕ ਦੇ ਪੰਥ ਨੂੰ ਨਿਰਮਲ ਪੰਥ ਤੇ ਸੱਚਾ ਪੰਥ ਆਖਣ ਲੱਗ ਪਏ । ਇਉਂ ਗੁਰੂ ਨਾਨਕ ਸਾਹਿਬ ਨੇ ਹਿੰਦੂ ਮੱਤ ਤੇ ਮੁਸਲਮਾਨ ਮੱਤ ਤੋਂ ਵੱਖਰੇ ਨਵੇਂ ਧਰਮ ਤੇ ਨਵੇਂ ਤੀਸਰੇ ਪੰਥ ਦੀ ਸਥਾਪਨਾ ਕੀਤੀ । ਹੁਣ ਲੋੜ ਸੀ ਆਪਣੇ ਪੰਥ ਦਾ ਕੇਂਦਰ ਬਨਾਣ ਦੀ । ਕੇਂਦਰੀ ਸੰਸਥਾ ਨੂੰ ਸਥਾਈ ਰੂਪ ਦੇਣ ਲਈ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਨਗਰ ਵਸਾਇਆ । 
ਫਿਰਿ ਬਾਬਾ ਆਇਆ ਕਰਤਾਰਿ ਪੁਰ ਭੇਖੁ ਉਦਾਸੀ ਸਗਲ ਉਤਾਰਾ
ਪਹਿਰਿ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ
ਗੁਰੂ ਨਾਨਕ ਸਾਹਿਬ ਨੇ ਹਲੇਮੀ ਰਾਜ ਦੇ ਮਿਸ਼ਨ ਨੂੰ ਅਤੇ ਆਪਣੇ ਸੱਚ ਪ੍ਰਗਟਾਣ ਦੇ ਸਿਧਾਂਤ ਨੂੰ ਇਕ ਅਮਰ ਅਟੱਲ ਤੇ ਸਥਾਈ ਰੂਪ ਦੇਣ ਲਈ ਕਰਤਾਰ ਪੁਰ ਵਿਖੇ ਆਪਣੇ ਸਾਜੇ ਗੁਰਮੁਖ ਪੰਥ ਦੀਆਂ ਸਮਾਜਿਕ, ਸੱਭਿਆਚਾਰਕ ਤੇ ਅਧਿਆਤਮਕ ਸੰਸਥਾਵਾਂ ਬਣਾਈਆਂ, ਆਪਣੇ ਸਿਰਜੇ ਪੰਥ ਨੂੰ ਗੁਰੂ ਨਾਨਕ ਸਾਹਿਬ ਨੇ ਕੇਵਲ ਮੁਕਤੀ ਦਾ ਮਾਰਗ ਹੀ ਨਹੀਂ ਦੱਸਿਆ ਬਲਕਿ ਇਸ ਨੂੰ ਸਮਾਜ ਤੇ ਸੱਭਿਆਚਾਰ ਦੀ ਉਸਾਰੀ ਦੀਆਂ ਜਿੰਮੇਵਾਰੀਆਂ ਵੀ ਸੌਂਪੀਆਂ । ਕੋਈ ਧਰਮ, ਕੋਈ ਸਮਾਜਿਕ ਨਜ਼ਾਮ, ਮਰਯਾਦਾ, ਸਾਧਨਾਂ ਅਤੇ ਸ਼ੁੱਭ ਕਰਮਾਂ ਦੇ ਨੇਮ ਬਿਨਾਂ ਨਹੀਂ ਚੱਲ ਸਕਦਾ । ਗੁਰੂ ਨਾਨਕ ਸਾਹਿਬ ਨੇ ਧਰਮਸ਼ਾਲਾ, ਸੰਗਤ, ਪੰਗਤ ਤੇ ਗੁਰੂ ਕੇ ਲੰਗਰ ਦੀ ਮਰਯਾਦਾ ਨੂੰ ਐਸੇ ਨੇਮ ਵਿੱਚ ਪਰੋਇਆ ਕਿ ਉਨ੍ਹਾਂ ਦੀ ਪ੍ਰੇਰਨਾ ਨਾਲ ਉਨ੍ਹਾਂ ਦੇ ਨਿਕਟ ਵਰਤੀਆਂ ਦਾ ਜੀਵਨ ਵੀ ਉਵੇਂ ਹੀ ਚੱਲਦਾ ਗਿਆ ।
ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬੈਠ ਕੇ ਪਹਿਲਾਂ ਪੰਥ ਦੀ ਬੁਨਿਆਦ ਰੱਖਣ ਦਾ ਕੰਮ ਇਹ ਕੀਤਾ ਕਿ ਆਪਣੇ ਸਿਰਜੇ ਗੁਰਮੁੱਖ ਪੰਥ ਲਈ ਸ਼ੁੱਭ ਆਚਰਣ ਦੀ ਰਹਿਤ ਥਾਪੀ, ਉਨ੍ਹਾਂ ਦੇ ਗਿਆਨ ਤੇ ਅਧਿਆਤਮਕ ਸਾਧਨਾਂ ਲਈ ਨਿਤਨੇਮ ਤੇ ਨਿਤ ਕਰਮ ਦ੍ਰਿੜ ਕਰਵਾਏ ਜੋ ਅੱਜ ਤੱਕ ਸਾਰੇ ਸਿੱਖ ਪੰਥ ਲਈ ਮਰਯਾਦਾ ਦੇ ਪ੍ਰਮੁੱਖ ਨੇਮ ਬਣੇ ਹੋਏ ਹਨ । ਇਹ ਨੇਮ, ਇਹ ਨਿਤ ਕਰਮ ਹਰ ਸਿੱਖ ਲਈ ਜੁੱਗੋ ਜੁਗ ਅਟਲ ਰਹਿਣਗੇ ਅਰਥਾਤ, ਸਤਸੰਗਤ ਕੈਸੀ ਜਾਣੀਐ, ਜਿਥੇ ਇਕੋ ਜਾਮੁ ਵਖਾਣੀਐ (ਗੁ: ਗ੍ਰੰ: ਸਾ: ਪੰਨਾ 71) ਅਤੇ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਇ ਜੀਉ ਅਤੇ ਗੁਰੂ ਨਾਨਕ ਸਾਹਿਬ ਨੇ ਸੱਚ ਦੇ ਰਾਹ ਉੱਤੇ ਮੌਤ ਕਬੂਲਣ ਨੂੰ ਹੀ ਸਿੱਖੀ ਜੀਵਨ ਦਾ ਅਰੰਭ ਦੱਸਿਆ ਅਰਥਾਤ, ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੂ ਧਰੀਜੈ ॥ ਸਿਰ ਦੀਜੈ ਕਾਣਿ ਨ ਕੀਜੈ ॥ (ਗੁ: ਗ੍ਰੰ: ਸਾ: ਪੰਨਾ 1412)
ਭੁੱਲਾਂ ਚੁੱਕਾਂ ਦੀ ਖਿਮਾਂ-ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।
(ਬਾਕੀ ਅਗਲੇ ਹਫ਼ਤੇ)