image caption: ਕੁਲਵੰਤ ਸਿੰਘ ਢੇਸੀ

ਕੈਦੀਆਂ ਦੀ ਰਿਹਾਈ ਲਈ ਕੌਮੀ ਯੋਜਨਾ ਦੀ ਲੋੜ

 ਆਸ਼ਿਆਂ ਜਲ ਗਯਾ, ਗੁਲਿਸਤਾਂ ਜਲ ਗਯਾ, ਹਮ ਕਫਸ ਸੇ ਨਿਕਲ ਕਰ ਕਿਧਰ ਜਾਏਂਗੇ

ਇਤਨੇ ਮਾਨੂਸ ਸਯਾਦ ਸੇ ਹੋ ਗਏ, ਅਬ ਰਿਹਾਈ ਮਿਲੇਗੀ ਤੋ ਮਰ ਜਾਏਂਗੇ

  • ਕੈਦੀਆਂ ਦੀ ਰਿਹਾਈ ਲਈ ਕੌਮੀ ਯੋਜਨਾ ਦੀ ਲੋੜ

  • ਨਾਸੂਰ ਬਣੇ ਦੁਖਾਂਤਾਂ ਤੋਂ ਪੰਥ ਮੁੜ ਝੜਾਈਆਂ ਵਲ

  • ਯੂ ਕੇ ਦੇ ਸ਼ਾਹੀ ਪਰਿਵਾਰ ਦੀ ਬੋ ਮਿਜ਼ਾਜ ਦਾ ਮੁੱਦਾ

  • ਹੈਵਾਨੀਅਤ ਦੀ ਹੱਦਾਂ ਟੱਪ ਗਿਆ ਹੈ ਆਦਮੀ

  • ਇੰਗਲੈਂਡ ਹੁਣ ਇਸਾਈ ਦੇਸ਼ ਨਹੀਂ ਰਿਹਾ

ਜਦੋਂ ਤੋਂ ਰਾਜੀਵ ਗਾਂਧੀ ਦੇ ਕਤਲ ਨਾਲ ਸਬੰਧਤ ਲੋਕਾਂ ਦੀ ਰਿਹਾਈ ਹੋਈ ਹੈ ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਦੋਵੇਂ ਅਦਾਰੇ ਹਰਕਤ ਵਿਚ ਆਏ ਵਿਖਾਈ ਦੇ ਰਹੇ ਹਨ। ਇਹਨਾ ਅਦਾਰਿਆਂ ਦੇ ਆਗੂਆਂ ਵਲੋਂ ਇਹ ਮੁੱਦਾ ਵਾਰ ਵਾਰ ਉਭਾਰਿਆ ਜਾ ਰਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਵਿਚ ਸਿੱਖਾਂ ਨਾਲ ਦੂਜੇ ਦਰਜੇ ਦਾ ਸਲੂਕ ਕਿਓਂ ਕੀਤਾ ਜਾਂਦਾ ਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਹੁਣ ਇੱਕ ਦਸਤਖਤੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਬੰਦੀ ਸਿੰਘਾਂ ਦੇ ਮੁੱਦੇ ਨੂੰ ਵੱਡੀ ਪੱਧਰ ਤੇ ਉਭਾਰਿਆ ਜਾ ਸਕੇ। ਸਿੱਖ ਸਮਾਜ ਵਿਚ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਪੰਥ ਅਤੇ ਪੰਜਾਬ ਦੇ ਮੁੱਦੇ ਤਾਂ ਇਹਨਾ ਆਗੂਆਂ ਨੂੰ ਉਸ ਸਮੇਂ ਹੀ ਚੇਤੇ ਆਉਂਦਾ ਹਨ ਜਦੋਂ ਅਕਾਲੀ ਦਲ ਸਤਾਹੀਣ ਹੋ ਜਾਂਦਾ ਹੈ। ਇਸ ਸਬੰਧੀ ਅਕਾਲੀ ਦਲ ਦੇ ਆਗੂਆਂ ਦਾ ਕਿਰਦਾਰ ਹਮੇਸ਼ਾਂ ਹੀ ਸਵਾਲਾਂ ਦਾ ਘੇਰੇ ਵਿਚ ਰਿਹਾ ਹੈ ਪਰ ਜਿਥੋਂ ਤਕ ਬੰਦੀ ਸਿੱਖਾਂ ਦਾ ਸਵਾਲ ਹੈ ਉਸ ਮੁੱਦੇ ਤੇ ਕੌਮ ਜਿੰਨਾ ਵੀ ਵਜ਼ਨ ਦੇ ਸਕੇ ਘੱਟ ਹੈ।


ਭਾਰਤ ਦੀ ਰਾਸ਼ਟਰਪਤੀ ਬੀਬੀ ਦਰੋਪਦੀ ਮੁਰਮੂ ਵਲੋਂ ਸੰਵਿਧਾਨ ਦਿਵਸ ਤੇ ਜੋ ਭਾਸ਼ਣ ਦਿੱਤਾ ਗਿਆ ਉਸ ਵਿਚ ਭਾਰਤੀ ਨਿਆਂ ਪ੍ਰਕਿਰਿਆ ਦੀ ਕਾਰਜਸ਼ੈਲੀ ਤੇ ਸਵਾਲ ਕੀਤਾ ਗਿਆ ਸੀ ਕਿ ਭਾਰਤ ਵਿਚ ਅਨੇਕਾਂ ਲੋਕ ਵਰ੍ਹਿਆਂ ਬੱਧੀ ਨਿਆਂ ਦੀ ਉਡੀਕ ਵਿਚ ਜੇਲ੍ਹਾ ਵਿਚ ਡੱਕੇ ਰਹਿੰਦੇ ਹਨ। ਜਿਥੋਂ ਤਕ ਭਾਰਤ ਦੇ ਰਾਸ਼ਟਰਪਤੀ ਦੇ ਪੱਦ ਦੀ ਸੰਵਿਧਾਨਕ ਸ਼ਕਤੀ ਦਾ ਸਵਾਲ ਹੈ ਉਸ ਬਾਰੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਭਾਰਤ ਦਾ ਰਾਸ਼ਟਰਪਤੀ ਤਾਂ ਮਹਿਜ਼ ਰੱਬੜ ਦੀ ਮੋਹਰ ਹੁੰਦਾ ਹੈ ਕਿਓਂਕਿ ਉਸ ਕੋਲ ਕੋਈ ਸਿੱਧੀਆਂ ਕਾਰਜਕਾਰੀ ਸ਼ਕਤੀਆਂ ਨਹੀਂ ਹੁੰਦੀਆਂ ਪਰ ਤਾਂ ਵੀ ਜੇਕਰ ਦੇਸ਼ ਦੇ ਰਾਸ਼ਟਰਪਤੀ ਵਲੋਂ ਵੱਡੇ ਮੰਚ &lsquoਤੇ ਦੇਸ਼ ਦੀ ਨਿਆਂ ਪ੍ਰਣਾਲੀ ਤੇ ਸਵਾਲ ਕੀਤਾ ਜਾਂਦਾ ਹੈ ਤਾਂ ਉਸ ਦਾ ਕੋਈ ਨਾ ਕੋਈ ਪ੍ਰਤੀਕਰਮ ਤਾਂ ਹੋਣਾ ਹੀ ਚਾਹੀਦਾ ਹੈ।


ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਸਾਡੇ ਪੇਂਡੂ ਸਮਾਜ ਵਿਚ ਡਾਕਟਰਾਂ, ਸਿੱਖਿਆ ਦੇਣ ਵਾਲੇ ਗੁਰੂਆਂ ਅਤੇ ਨਿਆਂਪਾਲਕ ਵਕੀਲਾਂ ਨੂੰ ਰੱਬ ਕਰਕੇ ਜਾਣਿਆ ਜਾਂਦਾ ਹੈ । ਰਾਸ਼ਟਰਪਤੀ ਨੇ ਆਪਣੀ ਵਕਾਲਤ ਅਤੇ ਰਾਜਪਾਲ ਦੇ ਸੇਵਾਕਾਲ ਦੌਰਾਨ ਦੇਖਿਆ ਸੀ ਕਿ ਭਾਰਤ ਵਿਚ ਅਨੇਕਾਂ ਲੋਕ ਤਾਂ ਬਹੁਤ ਛੋਟੇ ਛੋਟੇ ਅਪ੍ਰਾਧਾਂ ਲਈ ਵੀ ਵਰ੍ਹਿਆਂ ਬੱਧੀ ਜੇਲਾਂ ਵਿਚ ਫਸੇ ਰਹਿੰਦੇ ਹਨ। ਰਾਸ਼ਟਰਪਤੀ ਨੇ ਭਾਰਤ ਵਿਚ ਸਾਢੇ ਪੰਜ ਲੱਖ ਤੋਂ ਵੱਧ ਅਪ੍ਰਾਧੀਆਂ ਦੇ ਜਿਹਲਾਂ ਵਿਚ ਹੁੰਦਿਆਂ ਹੋਇਆਂ ਹੋਰ ਜਿਹਲਾਂ ਬਨਾਉਣ ਦੇ ਮੁੱਦੇ ਤੇ ਵੀ ਸਵਾਲ ਚੁੱਕਿਆ ਕਿ ਅਪ੍ਰਾਧਕ ਮਾਮਲੇ ਤੇ ਵੀ ਦੇਸ਼ ਨੂੰ ਅਗਾਂਹਵਧੂ ਨਜ਼ਰੀਆ ਰੱਖਣ ਦੀ ਲੋੜ ਹੈ ਨਾ ਕਿ ਨਾਂਹ ਪੱਖੀ ਤੇ ਸਜ਼ਾਯਾਫਤਾ ਲੋਕਾਂ ਨੂੰ ਤੱਤਕਾਲ ਨਿਆਂ ਮਿਲਣਾ ਚਾਹੀਦਾ ਹੈ। ਉਹਨਾ ਨੇ ਵੱਧ ਰਹੇ ਅਪ੍ਰਾਧਾਂ ਪ੍ਰਤੀ ਵੀ ਆਂਕੜੇ ਪੇਸ਼ ਕੀਤੇ ਹਨ ਕਿ ਸੰਨ ੨੦੨੦ ਵਿਚ ਅਪ੍ਰਾਧੀਆਂ ਦੀ ਜੋ ਗਿਣਤੀ ੧ ਕਰੋੜ ੩੯ ਲੱਖ ਸੀ ਉਹ ਸੰਨ ੨੦੨੧ ਵਿਚ ਵੱਧ ਕੇ ੧ ਕਰੋੜ ੪੭ ਲੱਖ ਹੋ ਗਈ ਜੋ ਕਿ ਬਹੁਤ ਵੱਡਾ ਵਾਧਾ ਹੈ।

ਰਾਸ਼ਟਰਪਤੀ ਦੇ ਨਿਆਂ ਪ੍ਰਣਾਲੀ ਦੀ ਸੁਸਤੀ ਤੇ ਕੀਤੇ ਸਵਾਲ &lsquoਤੇ ਕੁਝ ਪ੍ਰਤੀਕਰਮ ਵੀ ਹੁੰਦਾ ਦਿਖਾਈ ਦੇ ਰਿਹਾ ਹੈ ਜਦੋਂ ਕਿ ਜੇਲ੍ਹ ਅਧਿਕਾਰੀਆਂ ਨੂੰ ਦੋ ਹਫਤੇ ਦੇ ਅੰਦਰ ਅੰਦਰ ਹੁਣ ਕੈਦੀਆਂ ਦਾ ਬਿਓਰਾ ਕਾਨੂੰਨੀ ਸੇਵਾ ਅਥਾਰਟੀ ਨੂੰ ਭੇਜਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਤਾਂ ਕਿ ਕੈਦੀਆਂ ਦੀ ਰਿਹਾਈ ਲਈ ਇੱਕ ਕੌਮੀ ਯੋਜਨਾ ਬਣਾਈ ਜਾ ਸਕੇ। ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸਮੂਹ ਪੰਥਕ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਦਸਤਖਤੀ ਮੁਹਿੰਮ ਦੇ ਨਾਲ ਨਾਲ ਬੰਦੀ ਸਿੱਖਾਂ ਦੇ ਮੁੱਦੇ ਨੂੰ ਦੇਸ਼ ਵਿਆਪੀ ਬਨਾਉਣ ਲਈ ਮਨੁੱਖੀ ਹੱਕਾਂ ਲਈ ਵਾ ਵੇਲਾ ਕਰਨ ਵਾਲੀਆਂ ਕੌਮੀ ਸੰਸਥਾਵਾਂ ਨੂੰ ਨਾਲ ਲੈ ਕੇ ਲਗਾਤਾਰ ਜ਼ਿੰਮੇਵਾਰ ਧਿਰਾਂ ਨੂੰ ਯਾਦ ਪੱਤਰ ਦਿੰਦੇ ਰਹਿਣ।


ਸੰਨ ਚੁਰਾਸੀ ਦੇ ਨਾਸੂਰ ਬਣੇ ਦੁਖਾਂਤਾਂ ਤੋਂ ਮੁੜ ਚੜ੍ਹਦੀ ਕਲਾ ਵਲ ਵਧ ਰਿਹਾ ਹੈ ਪੰਥ

ਜੂਨ ੧੯੮੪ ਨੂੰ ਭਾਰਤੀ ਫੋਜ ਵਲੋਂ ਦਰਬਾਰ ਸਹਿਬ ਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਸਮੂਹ ਲਈ ਇੱਕ ਐਸਾ ਦੁਖਾਂਤ ਸੀ ਜੋ ਕਿ ਨਾਸੂਰ ਬਣ ਗਿਆ। ੩੧ ਅਕਤੂਬਰ ੧੯੮੪ ਨੂੰ ਜਦੋਂ ਇੰਦਰਾਂ ਗਾਂਧੀ ਦਾ ਕਤਲ ਹੋਇਆ ਤਾਂ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਭਾਰਤੀ ਕਾਂਗਰਸ ਵਲੋਂ ਗਿਣਮਿਥ ਕੇ ਕੀਤਾ ਗਿਆ ਸਿੱਖ ਕਤਲੇਆਮ ਇੱਕ ਹੋਰ ਵੱਡਾ ਦੁਖਾਂਤ ਸੀ ਜਿਸ ਨੂੰ ਸਿੱਖ ਕਦੀ ਵੀ ਭੁਲਾ ਨਹੀਂ ਸਕਦੇ। ਇਹ ਹੀ ਕਾਰਨ ਹੈ ਜਦੋਂ ਕਿਧਰੇ ਸਿੱਖ ਕਤਲੇਆਮ ਨਾਲ ਜੁੜੇ ਨਾਵਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਦਾ ਸਿੱਖ ਸਮਾਜ ਵਿਚ ਤਿੱਖਾ ਪ੍ਰਤੀਕਰਮ ਹੁੰਦਾ ਹੈ। ਇੰਦੌਰ ਦੇ ਸਿੰਘ ਸਭਾ ਗੁਰਦਵਾਰਾ ਵਿਚ ਸਿੱਖਾਂ ਦੇ ਕਾਤਲ ਕਮਲਨਾਥ ਨੂੰ ਜਦੋ ਗੁਰਦਵਾਰਾ ਕਮੇਟੀ ਨੇ ਸਤਕਾਰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਵਿਰੋਧ ਵਿਚ ਜਿਸ ਵੇਲੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਬੇਬਾਕੀ ਨਾਲ ਗੁਰਦਵਾਰੇ ਦੀ ਸਟੇਜ ਤੋਂ ਵਿਰੋਧ ਕੀਤਾ ਤਾਂ ਭਾਈ ਕਾਨਪੁਰੀ ਦੇ ਇਸ ਵਿਰੋਧ ਨੂੰ ਸਿੱਖ ਭਾਈਚਾਰੇ ਨੇ ਕੌਮਾਂਤਰੀ ਪੱਧਰ &lsquoਤੇ ਸਲਾਹਿਆ। ਇਸੇ ਤਰਾਂ ਕਦੀ ਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ ਨੂੰ ਵੀ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਹਿਲਾਦ ਸਿੰਘ ਨੇ ਸ੍ਰੀ ਸਾਹਿਬ ਤੇ ਸਿਰੋਪਾਓ ਦਿੱਤਾ ਸੀ ਤਾਂ ਸਮੂਹ ਸਿੱਖ ਸਮਾਜ ਵਲੋਂ ਵਿਰੋਧ ਹੋਇਆ ਸੀ।

ਹੁਣ ਜਦੋਂ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੇ ਜਾਂਬਾਜ਼ੀ ਦੇ ਭਾਸ਼ਣ ਦੇਣੇ ਸ਼ੁਰੂ ਕੀਤੇ ਤਾਂ ਨਾ ਕੇਵਲ ਪੰਜਾਬ ਸਗੋਂ ਦੁਨੀਆਂ ਭਰ ਦੇ ਸਿੱਖਾਂ ਵਿਚ ਉਸ ਦਾ ਆਸ਼ਾਵਾਦੀ ਪ੍ਰਤੀਕਰਮ ਹੋਇਆ ਹੈ। ਭਾਈ ਅੰਮ੍ਰਿਤਪਾਲ ਵਲੋਂ ਅੰਮ੍ਰਿਤ ਛਕਣ ਲਈ ਸਿੱਖ ਸਮੂਹ ਨੂੰ ਪ੍ਰੇਰਨ ਨਾਲ ਜਿਥੇ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਉਥੇ ਸ਼ਿਵ ਸੈਨਾ ਵਰਗੇ ਫਿਰਕੂ ਲੋਕਾਂ ਵਲੋਂ ਇਸ ਦਾ ਤਿੱਖਾ ਵਿਰੋਧ ਵੀ ਕੀਤਾ ਜਾ ਰਿਹਾ ਹੈ।

ਪੰਜਾਬ ਦੀ ਨੌਜਵਾਨੀ ਜਿਸ ਤੇਜੀ ਨਾਲ ਨਸ਼ਿਆਂ ਵਿਚ ਗਰਕਦੀ ਜਾ ਰਹੀ ਸੀ ਉਸ ਬਰਬਾਦੀ ਤੋਂ ਬਚਣ ਦੀ ਹੁਣ ਉਮੀਦ ਜਗੀ ਹੈ ਅਤੇ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਸਾਜਿਸ਼ ਦਾ ਸ਼ਿਕਾਰ ਨਹੀਂ ਹੁੰਦੇ ਤਾਂ ਇਸ ਤਰਾਂ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਸਿੱਖ ਪੰਥ ਬੜੀ ਤੇਜੀ ਨਾਲ ਚੜ੍ਹਦੀ ਕਲਾ ਵਲ ਵਧੇਗਾ । ਅੰਮ੍ਰਿਤ ਸੰਚਾਰ ਦੀ ਇਸ ਲਹਿਰ ਨੂੰ ਰੋਕਣ ਲਈ ਵਿਰੋਧੀਆਂ ਕੋਲ ਇੱਕੋ ਇੱਕ ਹਥਿਆਰ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਹਿੰਸਕ ਸਾਜਸ਼ ਦਾ ਸ਼ਿਕਾਰ ਬਣਾ ਲੈਣ। ਭਾਈ ਅੰਮ੍ਰਿਤਪਾਲ ਗਰਮ ਲਹੂ ਵਾਲਾ ਨੌਜਵਾਨ ਹੈ ਜਿਸ ਦੀ ਜ਼ਮੀਰ ਨੂੰ ਭਾਰਤੀ ਹਾਕਮਾਂ ਵਲੋਂ ਕੀਤੇ ਗਏ ਜ਼ੁਲਮ ਬਹੁਤ ਟੁੰਬਦੇ ਹਨ ਅਤੇ ਇਹ ਗੱਲ ਉਹ ਵਾਰ ਵਾਰ ਕਹਿੰਦਾ ਹੈ ਕਿ ਸਿੱਖ ਕੌਮ ਭਾਰਤ ਵਿਚ ਗੁਲਾਮ ਹੈ। ਦੂਸਰੇ ਪਾਸੇ ਰਾਜਨੀਤਕ ਤੌਰ ਤੇ ਜਿਥੇ ਅਕਾਲੀ ਦਲ ਤੇ ਪੰਜਾਬ ਕਾਂਗਰਸ ਅਰਸ਼ ਤੋਂ ਫਰਸ਼ ਤੇ ਡਿੱਗੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਵਾਅਦੇ ਵੀ ਵਫਾ ਕਰਦੇ ਨਜ਼ਰ ਨਹੀਂ ਆ ਰਹੇ ਤਾਂ ਪੰਜਾਬ ਦੇ ਲੋਕ ਨੇੜਲੇ ਭਵਿੱਖ ਵਿਚ ਮੁੜ ਕਿਸੇ ਨਵੇਂ ਰਾਜਸੀ ਬਦਲ ਦੀ ਭਾਲ ਵਿਚ ਸੇਧ ਲੈ ਸਕਦੇ ਹਨ। ਹੁਣ ਦੇਖਣਾ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਚਲਾਈ ਗਈ ਅੰਮ੍ਰਿਤ ਸੰਚਾਰ ਦੀ ਲਹਿਰ ਕੀ ਅੱਗੇ ਜਾ ਕੇ ਕਿਸੇ ਰਾਜਸੀ ਇਨਕਲਾਬ ਦਾ ਨਾਅਰਾ ਵੀ ਦਿੰਦੀ ਹੈ ਜਾਂ ਇਸ ਦਾ ਕਾਰਜ ਕੇਵਲ ਧਾਰਮਕ ਰਹਿੰਦਾ ਹੈ। ਜੋ ਵੀ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਿਵਾਇਤੀ ਸਿੱਖ ਆਗੂਆਂ ਤੋਂ ਨਿਰਾਸ਼ ਹੋ ਚੁੱਕੇ ਸਿੱਖ ਸਮਾਜ ਲਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਇਕ ਆਸ ਦੀ ਕਿਰਨ ਹੈ।

ਬਰਤਾਨੀਆਂ ਦੇ ਸ਼ਾਹੀ ਪਰਿਵਾਰ ਵਿਚ ਨਸਲਵਾਦੀ ਬੋ ਮਿਜ਼ਾਜ ਦਾ ਮੁੱਦਾ ਫੇਰ ਭੜਕਿਆ

ਇਸ ਸਬੰਧੀ ਕਿੰਗ ਚਾਰਲਸ ਦੇ ਛੋਟੇ ਬੇਟੇ ਅਤੇ ਨੂੰਹ ਰਾਣੀ ਦੀ ਇੱਕ ਇੰਟਰਵਿਊ ਨੇ ਵੱਡਾ ਧਮਾਕਾ ਕੀਤਾ ਸੀ ਜਦੋਂ ਹੈਰੀ ਅਤੇ ਮੇਘਨ ਨੇ ਅਮਰੀਕਾ ਵਿਚ ਓਪਰਾ ਵੈਨਫਰੇ ਨੂੰ ਦਿੱਤੀ ਆਪਣੀ ਇੰਟਰਵਿਊ ਵਿਚ ਇਹ ਖੁਲਾਸਾ ਕੀਤਾ ਸੀ ਕਿ ਰਾਇਲ ਪਰਿਵਾਰ ਉਹਨਾ ਦੇ ਬੇਟੇ ਆਰਚੀ ਦੇ ਰੰਗ ਨੂੰ ਲੈ ਕੇ ਸਵਾਲ ਜਵਾਬ ਕਰਦਾ ਰਿਹਾ ਸੀ। ਹੁਣ ਇੱਕ ਹੋਰ ਨਵਾਂ ਧਮਾਕਾ ਉਸ ਸਮੇ ਹੋਇਆ ਜਦੋਂ ਕਿ ਭੂਤਪੂਰਵ ਮਹਾਂਰਾਣੀ ਅਲਿਜ਼ਬੈਥ ਦੀ ਨੇੜੇ ਦੀ ਦੋਸਤ ਅਤੇ ਰਾਜਕੁਮਾਰ ਵਿਲੀਅਮ ਦੀ ਗੌਡ ਮਦਰ ਆਖੀ ਜਾਣ ਵਾਲੀ ੮੬ ਸਾਲਾ ਲੇਡੀ ਸੂਜ਼ਨ ਹਸੀ ਨਾਮ ਦੀ ਔਰਤ ਦਾ ਨਾਮ ਨਸਲਵਾਦੀ ਟਿਪਣੀਆਂ ਕਾਰਨ ਸੁਰਖੀਆਂ ਵਿਚ ਆਇਆ। ਮੰਗਲਵਾਰ ੨੯ ਨਵੰਬਰ ਨੂੰ ਹੋਏ ਇੱਕ ਚੈਰਿਟੀ ਸਮਾਰੋਹ ਵਿਚ ਲੇਡੀ ਸੂਜ਼ਨ ਨੇ ਅੰਗੋਜ਼ੀ ਫੁਲਾਨੀ ਨਾਮ ਦੀ ਇੱਕ ਸਿਆਹ ਫਾਮ ਔਰਤ ਨਾਲ ਜਿਸ ਤਰਾਂ ਦਾ ਵਿਵਹਾਰ ਕੀਤਾ ਉਸ ਨੂੰ ਨਸਲਵਾਦੀ ਤਰਜ਼ ਦਾ ਕਿਹਾ ਗਿਆ ਸੀ। ਘਰੇਲੂ ਹਿੰਸਾ ਸਬੰਧੀ ਚੈਰਿਟੀ ਦੀ ਬਾਨੀ ਫੁਲਾਨੀ ਨੇ ਕਿਹਾ ਹੈ ਕਿ ਉਸ ਨੂੰ ਸਮਾਰੋਹ ਵਿਚ ਗਿਆਂ ਮਸੀਂ ਪੰਜ ਮਿੰਟ ਹੀ ਹੋਏ ਸਨ ਕਿ ਇੱਕ ਔਰਤ ਉਸ ਦੇ ਕੇਸਾਂ ਦੀਆਂ ਮੀਢੀਆਂ ਨੂੰ ਪਾਸੇ ਕਰਕੇ ਉਸ ਦੇ ਨਾਮ ਦੀ ਤਖਤੀ ਪੜ੍ਹਨ ਦੀ ਕੋਸ਼ਿਸ਼ ਕਰਦੀ ਰਹੀਲੇਡੀ ਸੁਜ਼ਨ ਦੀ ਇਸ ਹਰਕਤ ਤੇ ਅੰਗੋਜ਼ੀ ਫੁਲਾਨੀ ਇੱਕ ਕਦਮ ਪਿੱਛੇ ਹਟ ਜਾਂਦੀ ਹੈ ਤਾਂ ਸੂਜ਼ਨ ਉਸ ਨੂੰ ਸਵਾਲ ਕਰਦੀ ਹੈ ਕਿ ਤੂੰ ਕਿੱਥੋਂ ਆਈ ਏਂ? ਕਿਓਂਕਿ ਇਹ ਸਮਾਰੋਹ ਚੈਰਿਟੀ ਸਬੰਧੀ ਸੀ ਸੋ ਫੁਲਾਨੀ ਕਹਿੰਦੀ ਹੈ ਕਿ ਮੈਂ ਸਿਸਟਰ ਸਪੇਸ ਤੋਂ ਆਈ ਹਾਂ ਜੋ ਕਿ ਉਸ ਦੀ ਚੈਰਿਟੀ ਦਾ ਨਾਮ ਹੈਇਸ ਪਿੱਛੋਂ ਲੇਡੀ ਸੂਜ਼ਨ ਫਿਰ ਪੁੱਛਦੀ ਹੈ ਕਿ ਤੂੰ ਆਈ ਕਿੱਥੋਂ ਹੈਂ ਤਾਂ ਫੂਲਾਨੀ ਕਹਿੰਦੀ ਹੈ ਕਿ ਮੈਂ ਹੈਕਨੀ ਤੋਂ ਆਈ ਹਾਂ ਜਿਥੇ ਕਿ ਇਹ ਚੈਰਿਟੀ ਐਫਰੋ ਕੈਰਬੀਅਨ ਲੋਕਾਂ ਨਾਲ ਸਬੰਧਤ ਹੈ। ਇਸ ਪਿੱਛੋਂ ਲੇਡੀ ਸੂਜ਼ਨ ਫਿਰ ਪੁੱਛਦੀ ਹੈ ਕਿ ਤੂੰ ਅਫਰੀਕਾ ਦੇ ਕਿਹੜੇ ਇਲਾਕੇ ਚੋਂ ਆਈ ਹੈਂ ਤਾਂ ਫੁਲਾਨੀ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ। ਲੇਡੀ ਨੇ ਫਿਰ ਪੁੱਛਿਆ ਕਿ ਪਿੱਛੋਂ ਤੁਸੀਂ ਕਿਥੇ ਦੇ ਹੋ ਅਤੇ ਤੇਰੀ ਨੈਸ਼ਨੈਲਿਟੀ ਕੀ ਹੈ? ਇਸ ਤੇ ਫੁਲਾਨੀ ਨੇ ਕਿਹਾ ਕਿ ਮੈਂ ਤਾਂ ਇਥੋਂ ਦੀ ਹੀ ਹਾਂ ਅਤੇ ਮੇਰੀ ਨੈਸ਼ਨੈਲਿਟੀ ਬ੍ਰਿਟਿਸ਼ ਹੈ। ਇਸ ਗੱਲ ਨੇ ਏਨੀ ਤੂਲ ਫੜ ਲਈ ਕਿ ਲੇਡੀ ਸੂਜ਼ਨ ਹਸੀ ਨੂੰ ਆਪਣੀ ੬੦ ਸਾਲਾਂ ਦੀ ਨੌਕਰੀ ਤੋਂ ਤਤਕਾਲ ਅਸਤੀਫਾ ਦੇਣਾ ਪਿਆ। ਕੁਝ ਲੋਕਾਂ ਦਾ ਕਹਿਣਾ ਕਿ ਲੇਡੀ ਸੂਜ਼ਨ ਵਲੋਂ ਕੀਤੇ ਸਵਾਲਾਂ ਪਿੱਛੇ ਭਾਵਨਾ ਨਸਲਵਾਦੀ ਨਹੀਂ ਸੀ ਸਗੋਂ ਮਹਿਜ਼ ਉਤਸਕਤਾ ਸੀ ਕਿ ਉਹ ਫੁਲਾਨੀ ਦੇ ਪਿਛੋਕੜ ਬਾਰੇ ਜਾਣ ਸਕੇ ਜਦ ਕਿ ਫੁਲਾਨੀ ਦਾ ਕਹਿਣਾ ਹੈ ਕਿ ਜਦੋਂ ਇੱਕ ਹੀ ਸਵਾਲ ਤੁਹਾਡੇ ਤੋਂ ਸੱਤ ਅੱਠ ਵਾਰ ਪੁੱਛਿਆ ਜਾਵੇ ਤਾਂ ਤੁਸੀਂ ਕੀ ਮਹਿਸੂਸ ਕਰੋਗੇ?

ਇਸ ਵੇਲੇ ਜਦੋਂ ਯੂਰਪ ਦੀ ਰਾਜਨੀਤੀ ਵਿਚ ਸੱਜੇ ਪੱਖੀ ਰੂਝਾਨ ਜੋਰ ਫੜਦੇ ਜਾ ਰਹੇ ਹਨ ਤਾਂ ਬਰਤਾਨੀਆਂ ਵਿਚ ਨਸਲੀ ਇੱਕਸੁਰਤਾ ਲਈ ਰੋਇਲ ਫੈਮਿਲੀ ਅਤੇ ਪ੍ਰਮੁਖ ਰਾਜਨੀਤਕ ਜਾਂ ਸਮਾਜਕ ਵਿਅਕਤੀਆਂ ਨੂੰ ਰੋਲ ਮਾਡਲ ਬਣਨ ਦੀ ਲੋੜ ਹੈ


ਔਰਤਾਂ ਦੀਆਂ ੧੦੧ ਲਾਸ਼ਾਂ ਨਾਲ ਖੇਹ ਖਰਾਬੀ ਕਰਨ ਵਾਲਾ ਹੈਵਾਨ

ਜਦੋਂ ਕਿਸੇ ਮਨੁੱਖ ਦੇ ਸਿਰ ਤੇ ਕਾਮ ਦਾ ਭੂਤ ਸਵਾਰ ਹੋ ਜਾਵੇ ਤਾਂ ਉਹ ਇਸ ਹੱਦ ਤਕ ਵੀ ਗਿਰ ਸਕਦਾ ਹੈ ਕਿ ਸੁਣਨ ਵਾਲਾ ਸੁੰਨ ਹੋ ਜਾਂਦਾ ਹੈ। ਹੈਵਾਨੀਅਤ ਦੀਆਂ ਐਸੀਆਂ ਹੀ ਘਟਨਾਵਾਂ ਨੂੰ ਅੰਜਾਮ ਦਿੱਤਾ ਇੰਗਲੈਂਡ ਵਿਚ ਰਹਿੰਦੇ ਡੇਵਿਡ ਫੁਲਰ ਨਾਮ ਦੇ ਵਿਅਕਤੀ ਨੇ। ਕੈਂਟ ਹਸਪਤਾਲ ਦੇ ਮੁਰਦਾਘਰ ਵਿਚ ਇਲੈਕਟਰੀਸ਼ਨ ਵਜੋਂ ਕੰਮ ਕਰਨ ਵਾਲੇ ੬੮ ਸਾਲਾ ਡੇਵਿਡ ਫੁਲਰ ਨੂੰ ਸੰਨ ੨੦੨੧ ਵਿਚ ਅਦਾਲਤ ਨੇ ਦੋ ਔਰਤਾਂ ਦੇ ਕਤਲ ਸਬੰਧੀ ਉਮਰ ਕੈਦ ਦੀ ਲਮਕਵੀਂ ਸਜ਼ਾ ਦਿੱਤੀ ਸੀ। ਫੁਲਰ ਨੇ ਸੰਨ ੨੦੦੮ ਤੋਂ ੨੦੨੦ ਦੇ ਦਰਮਿਆਨ ਟਨਬਰਿਜ ਵੈਲਜ਼,ਕੈਂਟ ਅਤੇ ਸਸੈਕਸ ਦੇ ਹਸਪਤਾਲਾਂ ਦੇ ਮੁਰਦਾਘਰਾਂ ਵਿਚ ੭੮ ਔਰਤਾਂ ਦੀਆਂ ਲਾਸ਼ਾਂ ਨਾਲ ਵਿਭਚਾਰਕ ਖੇਹ ਖਰਾਬੀ ਕਰਨ ਦੇ ਦੋਸ਼ ਸਵੀਕਾਰ ਕੀਤੇ ਸਨ। ਇਸ ਸਾਲ ਨਵੰਬਰ ਵਿਚ ਉਸ ਨੇ ਹਸਪਤਾਲਾਂ ਦੇ ਮੁਰਦਾਘਾਟਾਂ ਵਿਚ ੨੩ ਹੋਰ ਔਰਤਾਂ ਦੀਆਂ ਲਾਸ਼ਾਂ ਨਾਲ ਹੈਵਾਨਗੀ ਦੇ ਦੋਸ਼ ਸਵੀਕਾਰੇ ਸਨ। ਉਸ ਦੀ ਹੈਵਾਨੀਅਤ ਦਾ ਸ਼ਿਕਾਰ ਹੋਈਆਂ ਔਰਤਾਂ ਵਿਚ ਇੱਕ ੯ ਸਾਲ ਦੀ ਬੱਚੀ ਦੀ ਅਤੇ ਇੱਕ ਸੌ ਸਾਲ ਦੀ ਔਰਤ ਦੀ ਲਾਸ਼ ਵੀ ਸ਼ਾਮਲ ਸੀਨੈਸ਼ਨਲ ਹੈਲਥ ਸਰਵਿਸ ਦੇ ਇੱਕ ਅਦਾਰੇ ਨੇ ਕਿਹਾ ਹੈ ਕਿ ਫੁਲਰ ਦੀਆਂ ਕਾਲੀਆਂ ਕਰਤੂਤਾਂ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਜਿਹਨਾ ਰਿਸ਼ਤੇਦਾਰਾਂ ਨੂੰ ਮਾਨਸਿਕ ਪੀੜਾ ਵਿਚੀਂ ਨਿਕਲਣਾ ਪਿਆ ਹੈ ਉਹ ਸਾਢੇ ਬੱਤੀ ਹਜ਼ਾਰ ਤੱਕ ਦੇ ਇਵਜਾਨੇ ਦਾ ਦਾਅਵਾ ਕਰ ਸਕਦੇ ਹਨ। ਡੇਵਿਡ ਫੁਲਰ ਇੱਕ ਇਲੈਕਟਰੀਸ਼ਨ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਏਨਾ ਲੰਬਾ ਸਮਾਂ ਬਿਨਾ ਕਿਸੇ ਦੇ ਧਿਆਨ ਵਿਚ ਆਇਆਂ ਇਹ ਕੁਕਰਮ ਕਿਵੇਂ ਕਰਦਾ ਰਿਹਾ।


ਇੰਗਲੈਂਡ ਨੂੰ ਇਸਾਈ ਦੇਸ਼ ਕਹਿਣ ਤੇ ਸਵਾਲ ਖੜ੍ਹਾ ਹੋ ਗਿਆ

ਮੰਗਲਵਾਰ ੨੯ ਨਵੰਬਰ ਨੂੰ ਬਰਤਾਨੀਆਂ ਦੀ ਮਰਦਮ ਸ਼ੁਮਾਰੀ ਪ੍ਰਤੀ ਜੋ ਅੰਕੜੇ ਜਨਤਕ ਹੋਏ ਹਨ ਉਹਨਾ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਇੰਗਲੈਂਡ ਅਤੇ ਵੇਲਜ਼ ਵਿਚ ਇਸਾਈਆਂ ਦੀ ਗਿਣਤੀ ਹੁਣ ਅੱਧੀ ਵਸੋਂ ਤੋਂ ਵੀ ਘੱਟ ਰਹਿ ਗਈ ਹੈ। ੨੦੨੧ ਨੂੰ ਦਸ ਸਾਲਾ ਮਰਦਮ ਸ਼ੁਮਾਰੀ ਨੇ ਇਹ ਸਿੱਧ ਕੀਤਾ ਸੀ ਕਿ ਇੰਗਲੈਂਡ ਵਿਚ ਮੁਸਲਮਾਨਾ ਦੀ ਅਬਾਦੀ ਵਿਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਇਸਾਈਆਂ ਤੋਂ ਬਾਅਦ ਕਿਸੇ ਹੋਰ ਧਰਮ ਨੂੰ ਇੰਗਲੈਂਡ ਵਿਚ ਦੂਜੇ ਨੰਬਰ ਤੇ ਸਥਾਪਤ ਨਹੀਂ ਕੀਤਾ ਗਿਆ ਸੀਇਸ ਸਬੰਧੀ ਯੋਰਕ ਦੇ ਆਰਚ ਬਿਸ਼ਪ ਸਟੀਫਨ ਕੋਟਰੇਲ ਨੇ ਕਿਹਾ ਹੈ ਕਿ ਧਰਮ ਨਿਰਪੇਖਤਾ ਦੇ ਸੰਕਲਪ ਨੂੰ ਹਾਵੀ ਹੁੰਦੇ ਦੇਖਦਿਆਂ ਇਸਾਈਆਂ ਦੀ ਘਟ ਰਹੀ ਅਬਾਦੀ ਦੇ ਅੰਕੜੇ ਦੇਖ ਕੇ ਤਾਂ ਬਹੁਤੀ ਹੈਰਾਨੀ ਨਹੀਂ ਹੋਈ ਪਰ ਯੂਰਪ ਵਿਚ ਹੋ ਰਹੀ ਜੰਗ ਅਤੇ ਮਹਿੰਗਾਈ ਅਤੇ ਮੰਦਵਾੜੇ ਦੀਆਂ ਚਣੌਤੀਆਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਰੂਹਾਨੀਅਤ ਦੀ ਬਹੁਤ ਲੋੜ ਹੈ। ਅੱਜ ਦੇ ਹਾਲਾਤਾਂ ਨੂੰ ਦੇਖਦਿਆਂ ਲੋੜਵੰਦਾਂ ਨੂੰ ਭੋਜਨ ਅਤੇ ਵਸਤਰ ਵਗੈਰਾ ਮੁਹੱਈਆ ਕਰਵਾਉਣ ਲਈ ਸਾਨੂੰ ਤਤਪਰ ਹੋਣ ਦੀ ਲੋੜ ਹੈ ਅਤੇ ਸਾਨੂੰ ਉਮੀਦ ਹੈ ਕਿ ਕਰਿਸਮਿਸ ਨੂੰ ਲੱਖਾਂ ਲੋਕੀ ਅਰਦਾਸ ਕਰਨ ਲਈ ਗਿਰਜਿਆਂ ਵਿਚ ਅਉਣਗੇ। ਇੰਗਲੈਂਡ ਅਤੇ ਵੇਲਜ਼ ਵਿਚ ੪੬% ਲੋਕ ਭਾਵ ਕਿ ੨੭.੫ ਮਿਲੀਅਨ ਲੋਕਾਂ ਨੇ ਆਪਣੇ ਆਪ ਨੂੰ ਇਸਾਈ ਘੋਸ਼ਿਤ ਕੀਤਾ ਹੈ। ਦੇਸ਼ ਦੇ ਉਹਨਾ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਜੋ ਕਿ ਆਪਣੇ ਆਪ ਨੂੰ ਧਰਮ ਨਿਰਲੇਪ ਦੱਸਦੇ ਹਨ ਅਤੇ ਇਹਨਾ ਲੋਕਾਂ ਦੀ ਗਿਣਤੀ ੩੭% ਭਾਵ ਕਿ ੨੨ ਮਿਲੀਅਨ ਹੈ। ਮੁਸਲਮਾਨ ਦੇਸ਼ ਦੀ ਅਬਾਦੀ ਦਾ ਸਾਢੇ ਛੇ ਪ੍ਰਤੀਸ਼ਤ ਹਨ ਅਤੇ ਉਹਨਾ ਦੀ ਗਿਣਤੀ ੪੦ ਲੱਖ ਦੇ ਕਰੀਬ ਹੈ ਜਦ ਕਿ ਹਿੰਦੂਆਂ ਦੀ ੧੦ ਲੱਖ ਅਤੇ ਸਿੱਖਾਂ ਦੀ ੫ ਲੱਖ ੨੪,੦੦੦ ਹੈ।

ਕੁਲਵੰਤ ਸਿੰਘ ਢੇਸੀ